Friday, May 02, 2014

ਚੌੜਾ ਬਾਜ਼ਾਰ ਲੁਧਿਆਣਾ ਵਿੱਚ ਫਿਰ ਅੱਗ ਦੀ ਕਰੋਪੀ

ਸ਼ਾਰਟ ਸਰਕਟ ਨੇ ਲਿਆਂਦੀ ਕਈ ਦੁਕਾਨਦਾਰਾਂ ਲਈ ਤਬਾਹੀ 
ਲੁਧਿਆਣਾ: 2 ਮਈ 2014: 
ਸ਼ਹਿਰ ਦੇ ਚੌੜਾ ਬਜ਼ਾਰ 'ਚ ਇਕ ਵਾਰ ਫੇਰ ਅੱਗ ਨੇ ਆਪਣੀ ਕਰੋਪੀ ਦਿਖਾਈ ਅਤੇ ਇਸ ਆਧੁਨਿਕ ਯੁਗ ਦੇ ਬਿਜਲੀ ਪ੍ਰਬੰਧਾਂ ਉੱਪਰ ਸੁਆਲੀਆ ਨਿਸ਼ਾਨ ਲਾਏ। ਸ਼ੁੱਕਰਵਾਰ ਦੀ ਸਵੇਰ ਨੂੰ ਕੱਪੜਿਆਂ  ਦੀਆਂ ਚਾਰ ਦੁਕਾਨਾਂ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਿਆਂ ਦਾ ਨੁਕਸਾਨ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਜਦੋਂ ਬਜ਼ਾਰ 'ਚ ਸਵੇਰ ਦੇ ਸਾਢੇ ਕੁ ਸੱਤ ਵਜੇ ਦੇ ਕਰੀਬ ਸਫਾਈ ਕਰਮਚਾਰੀ ਸਫਾਈ ਕਰਨ ਲਈ ਗਏ ਤਾਂ ਉਨ੍ਹਾਂ ਨੇ ਅੱਗ ਲੱਗੀ ਦੇਖੀ, ਜਿਸ ਤੋਂ ਬਾਅਦ ਉਨ੍ਹਾਂ ਇਸ ਦੀ ਸੂਚਨਾ ਦੁਕਾਨਾਂ ਦੇ ਮਾਲਕਾਂ ਨੂੰ ਦਿੱਤੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ 12 ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ ਬੁਝਾਉਣ 'ਚ ਲੱਗ ਗਈਆਂ। ਅੱਗ ਫੈਲਣ ਦੇ ਡਰ ਕਾਰਨ ਨੇੜਲੀਆਂ ਦੁਕਾਨਾਂ ਨੂੰ ਖਾਲੀ ਕਰਵਾ ਲਿਆ ਗਿਆ। ਕਾਫੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੁਕਾਨਾਂ ਨੂੰ ਲੱਗੀ ਅੱਗ ਬੁਝਾਈ ਪਰ ਇਸ ਸਮੇਂ ਤੱਕ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ। ਇਸਦੇ ਨਾਲ ਹੀ ਸੁਆਹ ਗਿਆ ਸੀ ਕਾਰੋਬਾਰੀ ਸਮਾਂ ਅਤੇ ਇਸ ਸਮਾਂ ਦੇ ਸਿਰ ਸਜਾਏ ਚੰਗੇਰੇ ਭਵਿੱਖ ਦੇ ਸੁਪਨੇ। ਇਨ੍ਹਾਂ ਚਾਰ ਦੁਕਾਨਾਂ 'ਚੋਂ ਦਸ਼ਮੇਸ਼ ਗਾਰਮੈਂਟਸ 'ਚ 7 ਲੱਖ ਦਾ ਸਟਾਕ ਪਿਆ ਹੋਇਆ ਸੀ, ਜਦੋਂ ਕਿ ਦੂਜੀ ਦੁਕਾਨ ਚਾਰ ਲੱਖ ਦਾ ਸਮਾਨ ਅਤੇ ਕੁਝ ਕੈਸ਼ ਪਿਆ ਹੋਇਆ ਸੀ। ਤੀਜੀ ਦੁਕਾਨ 7 ਲੱਖ ਦਾ ਸਮਾਨ ਅਤੇ ਚੌਥੀ ਦੁਕਾਨ 'ਚ ਵੀ ਲੱਖਾਂ ਦਾ ਸਮਾਨ ਪਿਆ ਹੋਇਆ ਸੀ, ਜੋ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਿਆ। ਫਿਲਹਾਲ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਪਰ ਮੁਢਲੇ ਤੌਰ ਤੇ ਸ਼ਾਰਟ ਸਰਕਿਟ ਦੀ ਹੀ ਚਰਚਾ ਸੁਣਾਈ ਦਿੱਤੀ।  
ਸ਼ਹਿਰ ਦੇ ਸਭ ਤੋਂ ਵਧ ਭੀੜਭਾੜ ਵਾਲੇ ਇਲਾਕੇ ਚੌੜਾ ਬਾਜ਼ਾਰ ਵਿਚ ਦੇਖਦੇ ਹੀ ਦੇਖਦੇ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਤੇ ਤਬਾਹੀ ਸ਼ੁਰੂ ਕਰ ਦਿੱਤੀ। ਕਰਾਕਰੀ ਤੇ ਗਾਰਮੈਂਟ ਦੀਆਂ 4 ਦੁਕਾਨਾਂ ਨੂੰ ਅੱਗ ਨੇ ਦੇਖਦੇ ਹੀ ਦੇਖਦੇ ਆਪਣੀ ਲਪੇਟ ਵਿਚ ਲੈ ਲਿਆ। ਅੱਗ ਲੱਗਣ ਨਾਲ ਇਹਨਾਂ ਦੁਕਾਨਾਂ ਵਿਚ ਪਈ ਲੱਖਾਂ ਦੀ ਨਕਦੀ ਤੇ ਲੱਖਾਂ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ। ਸੂਚਨਾ ਮਿਲਦੇ ਹੀ ਪਹੁੰਚੀ ਕੋਤਵਾਲੀ ਦੀ ਪੁਲਸ ਨੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਦੀ ਸਹਾਇਤਾ ਨਾਲ ਕਰੀਬ 3 ਘੰਟੇ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾਇਆ ਗਿਆ। ਅੱਗ ਲੱਗਣ ਦਾ ਪਤਾ ਅੱਜ ਸਵੇਰੇ ਕਰੀਬ 7.30 ਵਜੇ ਉਸ ਵੇਲੇ ਲੱਗਾ ਜਦ ਦੁਕਾਨਾਂ ਦੇ ਸਾਹਮਣੇ ਸਥਿਤ ਗੁਰਦੁਆਰੇ ਵਿਚ ਰਹਿਣ ਵਾਲੇ ਸੇਵਾਦਾਰ ਨੇ ਇਕ ਦੁਕਾਨ ਤੋਂ ਧੂੰਆਂ ਨਿਕਲਦਾ ਦੇਖਿਆ ਅਤੇ ਪੁਲਸ ਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਇਸਦੀ ਸੂਚਨਾ ਦਿੱਤੀ। ਇਸ ਨਾਲ ਫਿਰ ਸਾਫ਼ ਹੋਇਆ ਕਿ ਵਿਕਾਸ ਅਤੇ ਤਕਨੀਕ ਦੇ ਇਸ ਯੁਗ ਵਿੱਚ ਵੀ ਅੱਗ ਦੇ ਸ਼ੁਰੂ ਹੁੰਦਿਆਂ ਹੀ ਇਸਦਾ ਸਮੇਂ ਸਿਰ ਪਤਾ ਲੱਗਣ ਜਾਂ ਇਸ ਦੀ ਰੋਕਥਾਮ ਦੇ ਪ੍ਰਬੰਧਨ ਵਿੱਚ ਅਜੇ ਵੀ ਕਾਫੀ ਕਮੀ ਹੈ। ਅੱਗ ਲੱਗਣ ਸਬੰਧੀ ਸਾਰੀਆਂ ਦੁਕਾਨਾਂ ਦੇ ਮਾਲਕਾਂ ਨੂੰ ਆਸ-ਪਾਸ ਦੇ ਦੁਕਾਨਦਾਰਾਂ ਨੇ ਫੋਨ ਕਰਕੇ ਸੂਚਨਾ ਦਿੱਤੀ। ਪਹਿਲੀ ਦੁਕਾਨ ਦਸਮੇਸ਼ ਗਾਰਮੈਂਟ ਦੇ ਮਾਲਕ ਰੁਪਿੰਦਰ ਸਿੰਘ ਨਿਵਾਸੀ ਗੁਰੂ ਅਰਜਨ ਦੇਵ ਨਗਰ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਵੀਰਵਾਰ ਰਾਤ ਕਰੀਬ 8.30 'ਤੇ ਉਹ ਆਪਣੀ ਰੈਡੀਮੇਡ ਗਾਰਮੈਂਟ ਦੀ ਸ਼ਾਪ ਬੰਦ ਕਰਕੇ ਘਰ ਗਏ ਸਨ। ਉਨ੍ਹਾਂ ਦੀ ਦੁਕਾਨ ਦੇ ਨਾਲ ਹੀ ਉਨ੍ਹਾਂ ਦਾ ਗੋਦਾਮ ਹੈ। ਅੱਗ ਲੱਗਣ ਸਬੰਧੀ ਉਨ੍ਹਾਂ ਨੂੰ ਅੱਜ ਸਵੇਰੇ ਹੋਰ ਦੁਕਾਨਦਾਰਾਂ ਨੇ ਫੋਨ 'ਤੇ ਜਾਣਕਾਰੀ ਦਿੱਤੀ। ਅੱਗ ਲੱਗਣ ਨਾਲ ਉਸਦਾ ਕਰੀਬ 7 ਲੱਖ ਦਾ ਸਾਮਾਨ ਤੇ ਗੱਲੇ ਵਿਚ ਪਈ 30 ਹਜ਼ਾਰ ਦੀ ਨਕਦੀ ਸੜ ਕੇ ਸਵਾਹ ਹੋ ਗਈ। ਦੂਜੀ ਦੁਕਾਨ ਦੇ ਮਾਲਕ ਪੰਜਾਬ ਮਾਤਾ ਨਗਰ ਦੇ ਰਹਿਣ ਵਾਲੇ ਫਤਿਹ ਸਿੰਘ ਨੇ ਦੱਸਿਆ ਕਿ ਉਸਦੀ ਕਰਾਕਰੀ ਦੀ ਦੁਕਾਨ ਹੈ। ਅੱਗ ਲੱਗਣ ਨਾਲ ਦੁਕਾਨ ਵਿਚ ਪਈ ਕਰੀਬ 1 ਲੱਖ 40 ਹਜ਼ਾਰ ਰੁਪਏ ਦੀ ਨਕਦੀ ਤੇ ਕਰੀਬ 4 ਲੱਖ ਰੁਪਏ ਦਾ ਸਾਮਾਨ ਸੜ ਗਿਆ। ਤੀਜੀ ਦੁਕਾਨ ਦੇ ਮਾਲਕ ਗੁਰਜਿੰਦਰ ਸਿੰਘ ਨਿਵਾਸੀ ਦਮੋਰੀਆ ਪੁਲ ਨੇ ਦੱਸਿਆ ਕਿ ਅੱਗ ਲੱਗਣ ਨਾਲ ਉਸਦੀ ਗਾਰਮੈਂਟ ਦੀ ਦੁਕਾਨ ਵਿਚ ਪਿਆ ਕਰੀਬ 6 ਲੱਖ ਰੁਪਏ ਦਾ ਰੈਡੀਮੇਡ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ। ਇਕ ਹੋਰ ਦੁਕਾਨ ਦੇ ਮਾਲਕ ਗੁਲਸ਼ਨ ਨੇ ਦੱਸਿਆ ਕਿ ਅੱਗ ਲੱਗਣ ਨਾਲ ਉਸਦੀ ਗੁਲਸ਼ਨ ਰੈਡੀਮੇਡ ਨਾਮਕ ਦੁਕਾਨ ਵਿਚ ਪਿਆ ਲੱਖਾਂ ਦਾ ਸਾਮਾਨ ਸੜ ਗਿਆ। ਮੁਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਟ ਸਰਕਟ ਦੱਸਿਆ ਜਾਂਦਾ ਹੈ।  ਇਨ੍ਹਾਂ ਦੁਕਾਨਾਂ ਦੇ ਉਪਰੋਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ ਅਤੇ ਉਥੇ ਹੋਇਆ ਸ਼ਾਟ ਸਰਕਟ ਹੀ ਅੱਗ ਦਾ ਕਾਰਨ ਮੰਨਿਆ ਜਾ ਰਿਹਾ ਹੈ। ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਨਗਰ ਨਿਗਮ ਮੇਅਰ ਸ: ਹਰਚਰਨ ਸਿੰਘ ਗੋਹਲਵੜੀਆ ਵੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਫਾਇਰ ਬਿ੍ਗੇਡ ਅਮਲੇ ਦੇ ਅਧਿਕਾਰੀਆਂ ਤੋਂ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਹੁਣ ਦੇਖਣਾ ਹੈ ਕਿ ਨੇੜ ਭਵਿੱਖ ਵਿੱਚ ਅੱਗ ਦੀ ਰੋਕਥਾਮ ਦੇ ਕੀ ਪ੍ਰਬੰਧ ਹੁੰਦੇ ਹਨ। 

No comments: