Sunday, May 04, 2014

ਜਾਰੀ ਹੈ ਜੁਰਮ ਦੇ ਖਿਲਾਫ਼ ਪੁਲਿਸ ਦੀ ਜ਼ੋਰਦਾਰ ਜੰਗ

ਭੁੱਕੀ, ਸ਼ਰਾਬ ਅਤੇ ਖਤਰਨਾਕ ਗਿਰੋਹ ਕਾਬੂ 
ਲੁਧਿਆਣਾ: 4 ਮਈ 2014:(ਪੰਜਾਬ ਸਕਰੀਨ ਬਿਊਰੋ):

ਖਤਰਨਾਕ ਗਿਰੋਹ ਕਾਬੂ: ਲੁਧਿਆਣਾ ਪੁਲਿਸ ਵੱਲੋਂ ਜੁਰਮ ਦੇ ਖਿਲਾਫ਼ ਜੰਗ  ਲਗਾਤਾਰ ਜਾਰੀ ਹੈ। ਇਸ ਮਾਮਲੇ ਵਿੱਚ ਇੱਕ ਹੋਰ ਕਾਰਗੁਜ਼ਾਰੀ ਦਿਖਾਉਂਦਿਆਂ ਜ਼ਿਲਾ ਪੁਲਸ ਨੇ 36 ਤੋਂ ਵੱਧ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਹੋਰ ਖਤਰਨਾਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ਦੇ ਸਰਗਰਮ ਮੈਂਬਰਾਂ ਨੂੰ ਕਾਬੂ ਕਰਦਿਆਂ ਇਸ ਗਿਰੋਹ ਦੇ ਸਰਗਨੇ ਸਮੇਤ 4 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਕਬਜ਼ੇ ਵਿਚੋਂ 17 ਮੋਬਾਈਨ ਫੋਨ, 7 ਗੈਸ ਸਿਲੰਡਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਇਸ ਗਿਰੋਹ ਦੇ 2 ਹੋਰ ਤੇਜ਼ ਤਰਾਰ ਮੈਂਬਰਾਂ ਦੀ ਸਰਗਰਮੀ ਨਾਲ ਤਲਾਸ਼ ਕੀਤੀ ਜਾ ਰਹੀ ਹੈ। ਇਸ ਸੰਬੰਧ ਵਿਚ ਥਾਣਾ ਸਲੇਮ ਟਾਬਰੀ 'ਚ ਮਾਮਲਾ ਦਰਜ ਕੀਤਾ ਗਿਆ ਹੈ।
ਕਾਬੂ ਕੀਤੇ ਗਏ ਦੋਸ਼ੀਆਂ ਵਿਚ ਪਿੰਡ ਭੱਟੀਆਂ ਦੀ ਚਿੱਟੀ ਕਾਲੋਨੀ ਦਾ ਸੰਨੀ, ਭਗਤ ਸਿੰਘ ਕਾਲੋਨੀ ਦਾ ਦੀਦਾ ਅਤੇ ਸਰੂਪ ਨਗਰ ਦਾ ਰਾਜ ਕੁਮਾਰ ਤੇ ਜਗਜੀਤ ਸਿੰਘ ਹੈ। ਸੰਨੀ ਇਸ ਸ਼ਾਤਰ ਗਿਰੋਹ ਦਾ ਸਰਗਨਾ ਹੈ। ਇਹ ਸਾਰੇ ਦੋਸ਼ੀ 18 ਤੋਂ 20 ਸਾਲ ਦੇ ਵਿਚਕਾਰ ਦੀ ਉਮਰ ਦੇ ਹਨ ਅਤੇ ਨਸ਼ੇ ਦੇ ਆਦੀ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਨਸ਼ੇ ਦੇ ਲਈ ਹੀ ਇਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਰਾਤ ਦੇ ਹਨੇਰੇ ਵਿੱਚ ਇਹ ਮਜਦੂਰਾਂ ਕੋਲੋਂ ਉਹਨਾਂ ਡਕ ਸਲੰਡਰ ਅਤੇ ਹੋਰ ਕੀਮਤੀ ਸਮਾਂ ਵੀ ਖੋਹ ਲਿਆ ਕਰਦੇ ਸਨ। ਫਰਾਰ ਦੋਸ਼ੀਆਂ ਵਿਚ ਸਰੂਪ ਨਗਰ ਦਾ ਬੌਬੀ ਅਤੇ ਆਕਾਸ਼ ਹੈ। ਥਾਣਾ ਮੁਖੀ ਇੰਸਪੈਕਟਰ ਕੇਵਲ ਕ੍ਰਿਸ਼ਨ ਨੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀਆਂ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਸ਼ਨੀਵਾਰ ਰਾਤ ਨੂੰ ਪੁਰਾਣੀ ਸਬਜ਼ੀ ਮੰਡੀ ਦੇ ਕੋਲੋਂ ਕਾਬੂ ਕੀਤਾ ਗਿਆ। ਪੁੱਛਗਿੱਛ ਵਿਚ ਇਨ੍ਹਾਂ ਨੇ ਆਪਣੇ ਅਪਰਾਧ ਕਬੂਲ ਕਰਦੇ ਹੋਏ 3 ਦਰਜਨ ਤੋਂ ਵੱਧ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਿਚ ਆਪਣਾ ਸ਼ਾਮਲ ਹੋਣਾ ਕਬੂਲਿਆ ਹੈ।
ਇਹ ਗਿਰੋਹ ਪਿਛਲੇ ਡੇਢ ਸਾਲ ਤੋਂ ਅਮਨ ਨਗਰ, ਭੌਰਾ ਕਾਲੋਨੀ, ਪੀਰੂਬੰਦਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿੰਦਾ ਆ ਰਿਹਾ ਸੀ। ਇਹ ਗਿਰੋਹ ਬੰਦ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਅਤੇ ਲੁੱਟੇ ਗਏ ਮਾਲ ਨੂੰ ਅੱਗੇ ਸਰੂਪ ਨਗਰ ਦੇ ਬੌਬੀ ਨੂੰ ਵੇਚ ਦਿੰਦੇ ਸਨ। ਇੰਸਪੈਕਟਰ ਨੇ ਦੱਸਿਆ ਕਿ ਬੌਬੀ ਅਤੇ ਆਕਾਸ਼ ਸਨੈਚਿੰਗ ਦੀਆਂ ਕਈ ਵਾਰਦਾਤਾਂ ਵਿਚ ਪੁਲਸ ਨੂੰ ਲੁੜੀਂਦੇ ਹਨ। ਛੇਤੀ ਹੀ ਇਹਨਾਂ ਦੋਵਾਂ ਦੇ ਫੜੇ ਜਾਣ ਨਾਲ ਹੋਰ ਮਾਲ ਵੀ ਬਰਾਮਦ ਹੋਵੇਗਾ। ਫਿਲਹਾਲ ਫੜੇ ਗਏ ਦੋਸ਼ੀਆਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।
ਸ਼ਰਾਬ ਬਰਾਮਦ: ਲੁਧਿਆਣਾ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ਼ ਚਲਾਈ ਗਈ ਜਬਰ੍ਦਸ੍ਤ ਮੁਹਿੰਮ ਦੇ ਬਾਵਜੂਦ ਲੋਕ ਸ਼ਰਾਬ ਅਤੇ ਹੋਰ ਨਸ਼ੀਲੀਆਂ ਚੀਜ਼ਾਂ ਦੇ ਧੰਦੇ ਤੋਂ ਬਾਜ਼ ਨਹੀਂ ਆ ਰਹੇ। ਥਾਣਾ ਦਰੇਸੀ ਦੀ ਪੁਲਿਸ ਪਾਰਟੀ ਨੇ ਰਕੇਸ਼ ਕੁਮਾਰ ਨਾਂਅ ਦੇ ਇਕ ਬੰਦੇ ਨੂੰ ਮੁਖ਼ਬਰ ਦੀ ਸੂਹ ਦੇ ਅਧਾਰ 'ਤੇ 10 ਬੋਤਲਾਂ ਨਾਜਾਇਜ਼ ਦੇਸ਼ੀ ਸ਼ਰਾਬ ਸਮੇਤ ਕਾਬੂ ਕੀਤਾ ਹੈ। ਇਹ ਵਿਅਕਤੀ ਇਕੱਠੀ ਸ਼ਰਾਬ ਲਿਆ ਕੇ ਸ਼ਰਾਬ ਦੇ ਸ਼ੌਕੀਨਾਂ ਨੂੰ ਇਕ ਇਕ ਬੋਤਲ ਕਰਕੇ ਵੇਚਦਾ ਸੀ। ਲੋਕ ਸਸਤੀ ਸ਼ਰਾਬ ਮਿਲਦੀ ਵੇਖ ਕੇ ਝਟਪਟ ਖਰੀਦ ਵੀ ਲੈਂਦੇ ਸਨ।  
10 ਕਿਲੋ ਭੁਕੀ ਵੀ ਫੜੀ: ਪੁਲਿਸ ਸਖਤੀ ਦੇ ਬਾਵਜੂਦ ਸ਼ਰਾਬ ਦੇ ਨਾਲ ਨਾਲ ਭੁੱਕੀ ਦਾ "ਕਾਰੋਬਾਰ" ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਲੁਧਿਆਣਾ ਦੇ ਹੀ ਥਾਣਾ ਮੋਤੀ ਨਗਰ ਦੀ ਪੁਲਿਸ ਪਾਰਟੀ ਨੇ ਮੁੰਡੀਆਂ ਕਲਾਂ ਦੇ ਰਹਿਣ ਵਾਲੇ ਹਰਜੀਤ ਸਿੰਘ ਨੂੰ 10 ਕਿਲੋਗ੍ਰਾਮ ਭੁੱਕੀ ਸਮੇਤ ਕਾਬੂ ਕੀਤਾ ਹੈ। ਸ਼ਰਾਬ ਮਹਿੰਗੀ ਹੋਣ ਤੋਂ ਬਾਅਦ ਭੁੱਕੇ ਦਾ ਰੁਝਾਨ ਬਹੁਤ ਹੀ ਤੇਜ਼ੀ ਨਾਲ ਵਧ ਰਿਹਾ ਹੈ। ਸਹਾਇਕ ਥਾਣੇਦਾਰ ਰਾਮਪਾਲ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਯਾਰਡ ਚੌਂਕ ਨੇੜੇ ਇਕ ਸਵਿਫ਼ਟ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਕਾਰ ਡਰਾਈਵਰ ਨੇ ਕਾਰ ਵਾਪਸ ਮੋੜ ਕੇ ਭੱਜਣ ਦਾ ਯਤਨ ਕੀਤਾ। ਪੁਲਿਸ ਮੁਲਾਜ਼ਮਾਂ ਨੇ ਫੁਰਤੀ ਨਾਲ ਕਾਰਵਾਈ ਕਰਦਿਆਂ ਇਸ ਨੂੰ ਕਾਬੂ ਕਰ ਲਿਆ। ਕਾਰ ਦੀ ਤਲਾਸ਼ੀ ਲੈਣ 'ਤੇ ਇਸ ਪਾਸੋਂ 10 ਕਿਲੋਗ੍ਰਾਮ ਭੁੱਕੀ ਦਾ ਥੈਲਾ ਮਿਲਿਆ। ਪੁਲਿਸ ਨੇ ਇਸ ਦੇ ਵਿਰੁਧ ਕੇਸ ਦਰਜ ਕਰਕੇ ਇਸ ਨੂੰ ਗਿ੍ਫ਼ਤਾਰ ਕਰ ਲਿਆ ਹੈ। 

No comments: