Thursday, May 15, 2014

ਇੱਕ ਵਾਰ ਫੇਰ ਇੰਨਕ਼ਲਾਬੀ ਜੋਸ਼ ਨਾਲ ਉੱਠੀ ਲੋਕ ਹੱਕ ਦੀ ਆਵਾਜ਼

Wed, May 14, 2014 at 5:05 PM
ਸ਼ਹੀਦ ਕਾਮਰੇਡ ਗੁਰਮੇਲ ਹੂੰਝਣ ਅਤੇ ਜੋਗਿੰਦਰ ਸਿੰਘ ਦਾ 25ਵਾਂ ਸ਼ਹੀਦੀ ਸਮਾਗਮ 
ਲੁਧਿਆਣਾ: 14 ਮਈ 2014: (ਪੰਜਾਬ ਸਕਰੀਨ ਬਿਊਰੋ): 
ਭਾਰਤੀ ਕਮਿਉਨਿਸਟ ਪਾਰਟੀ ਨੇ ਪੰਜਾਬ ਅੰਦਰ ਨਸ਼ਾ ਮਾਫ਼ੀਆ, ਰੇਤ ਮਾਫ਼ੀਆ ਅਤੇ ਜ਼ਮੀਨ ਮਾਫ਼ੀਆ ਨੂੰ ਪਰਫ਼ੁਲੱਤ ਕਰਨ ਦੇ ਲਈ ਅਕਾਲੀ ਭਾਜਪਾ ਸਰਕਾਰ ਦੀ ਭਰਪੂਰ ਨਿਖੇਧੀ ਕੀਤੀ ਹੈ। ਸਰਾਭਾ ਨਗਰ ਵਿਖੇ ਹੋਏ ਗੋਲੀ ਕਾਂਡ ਵਿੱਚ ਸਾਰੇ ਦੋਸ਼ੀਆਂ ਦਾ ਬਰੀ ਹੋਣਾ ਪੁਲਿਸ ਦੀ ਨਾਕਾਮੀ ਅਤੇ ਸਰਕਾਰ ਦੀ ਅਜਿਹੇ ਕਾਨੂੰਨੀ ਮਸਲਿਆਂ ਵਿੱਚ ਨੰਗੀ ਚਿੱਟੀ ਦਖ਼ਲਅੰਦਾਜੀ ਨੂੰ ਦਰਸਾਉਂਦਾ ਹੈ। ਭਾਵੇਂ ਦੋਨਾਂ ਗੁੱਟਾ ਵਿੱਚ ਸਮਝੌਤਾ ਹੋ ਗਿਆ ਹੋਵੇ ਪਰ ਜਨਤਕ ਗੋਲੀਬਾਰੀ ਜਿੱਸ ਵਿੱਚ ਆਮ ਲੋਕਾਂ ਦਾ ਜੀਵਨ ਖ਼ਤਰੇ ਵਿੱਚ ਪੈ ਗਿਆ ਹੋਵੇ ਨੂੰ ਇਸ ਢੰਗ ਦੇ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ। ਇਹ ਗੱਲਾਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਲਈ ਖਾਲਿਸਤਾਨੀ ਅੱਤਵਾਦੀਆਂ ਦੇ ਵੱਖਵਾਦੀ ਮਨਸੂਬਿਆਂ ਦੇ ਵਿੱਰੁਧ ਲੜਦੇ ਹੋਏ ਭਾਰਤੀ ਕਮਿਉਨਿਸਟ ਪਾਰਟੀ ਦੇ ਸਿਰਕੱਢ ਆਗੂ ਸ਼ਹੀਦ ਕਾਮਰੇਡ ਗੁਰਮੇਲ ਹੂੰਝਣ ਅਤੇ ਕਾਮਰੇਡ ਜੋਗਿੰਦਰ ਸਿੰਘ ਦੀ 25ਵੀਂ ਬਰਸੀ ਦੇ ਮੌਕੇ ਤੇ ਬੀਬੀ ਹਰਬੰਸ ਕੌਰ ਦੀ ਪਰਧਾਨਗੀ ਹੇਠ ਉਹਨਾ ਦੇ ਪਿੰਡ ਪੰਧੇਰ ਖੇੜੀ ਵਿੱਚ ਸੈਂਕੜੇ ਇਸਤ੍ਰੀਆਂ ਸਮੇਤ ਹਜ਼ਾਰਾਂ ਲੋਕਾਂ ਦੀ ਬਹੁਤ ਵੱਡੀ ਹਾਜ਼ਰੀ ਵਿੱਚ ਵੱਖ ਵੱਖ ਬੁਲਾਰਿਆਂ ਨੇ ਕਹੀ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੋਕਾਂ ਨੇ ਭਾਰੀ ਗਿਣਤੀ ਵਿੱਚ ਇੱਕਤਰ ਹੋ ਕੇ ਉਹਨਾ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਦੇਸ਼, ਪੰਜਾਬ ਅਤੇ ਸਮਾਜ ਨੂੰ ਦਰਪੇਸ਼ ਅਜੋਕੇ ਮਸਲਿਆਂ ਦੇ ਲਈ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਲਿਆ। ਇਸ ਮੌਕੇ ਤੇ ਬੋਲਦਿਆਂ ਪਾਰਟੀ ਦੇ ਸੂਬਾਈ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਇਸ ਕਿਸਮ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਸਦਕਾ ਅੱਜ ਪੰਜਾਬ ਦੀ ਸ਼ਾਨ ਮੁੜ ਬਹਾਲ ਹੋਈ ਹੈ ਅਤੇ ਸੂਬਾ ਅੱਤਵਾਦ ਤੋਂ ਰਹਿਤ ਅਮਨ ਦੀ ਰਾਹ ਤੇ ਚਲ ਰਿਹਾ ਹੈ ਭਾਵੇਂ ਕਿ ਕੁੱਝ ਸ਼ਕਤੀਆਂ ਵਲੋਂ ਉਸ ਤ੍ਰਾਸਦੀ ਭਰੇ ਮਾਹੌਲ ਨੂੰ ਫ਼ੇਰ ਤੋਂ ਲਿਆਉਣ ਦੀਆਂ ਕੁਚਾਲਾਂ ਜਾਰੀ ਹਨ। ਅਫ਼ਸੋਸ ਦੀ ਗੱਲ ਤਾਂ ਇਹ ਕਿ ਇਸ ਕਿਸਮ ਦੀਆਂ ਸ਼ਕਤੀਆਂ ਨੂੰ ਸਰਕਾਰ ਵਲੋਂ ਨਾ ਕੇਵਲ ਨੱਥ ਵੀ ਨਹੀਂ ਪਾਈ ਜਾ ਰਹੀ ਹੈ ਬਲਕਿ ਇਸਦੇ ਇੱਕ ਹਿੱਸੇ ਵਲੋਂ ਸ਼ਹਿ ਵੀ ਦਿੱਤੀ ਜਾ ਰਹੀ ਹੈ। ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਧਰਮ ਤੇ ਰਾਜਨੀਤੀ ਨੂੰ ਰਲਗੱਢ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਕਾਲੀ ਤੇ ਭਾਜਪਾ ਦੋਵੇਂ ਫ਼ਿਰਕਾਪ੍ਰਸਤ ਇੱਕਠੇ ਹੋ ਗਏ ਹਨ ਜੋ ਕਿ ਧਰਮ ਨਿਰਪੱਖ ਸ਼ਕਤੀਆਂ ਦੇ ਲਈ ਵੱਡੀ ਚੁਣੌਤੀ ਹਨ। ਉਹਨਾਂ ਨੇ ਕਿਹਾ ਕਿ ਕਮਿਉਨਿਸਟਾਂ ਨੂੰ ਇੱਕ ਵਾਰ ਫੇਰ ਦੋ ਧਾਰੀ ਲੜਾਈ ਲੜਨੀ ਪੈ ਰਹੀ ਹੈ। ਇੱਕ ਪਾਸੇ ਤਾਂ ਫ਼ਿਰਕਾਪ੍ਰਸਤ ਸ਼ਕਤੀਆਂ ਦੇ ਨਾਲ ਤੇ ਦੂਜੇ ਪਾਸੇ ਕੇਂਦਰੀ ਤੇ ਸੂਬਾਈ ਸਰਕਾਰਾਂ ਦੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਦੇ ਖ਼ਿਲਾਫ਼। ਪਿਛਲੇ ਕੁਝ ਸਾਲਾਂ ਤੋਂ ਵਿਸ਼ਵ ਵਪਾਰ ਸੰਗਠਨ (ਡਬਲਯੂ ਟੀ ਉ) ਅਤੇ ਕੋਮਾਂਤ੍ਰੀ ਮਾਲੀ ਸੰਸਥਾਵਾਂ ਦੀਆਂ ਹਦਾਇਤਾਂ ਹੇਠ ਦੇਸ਼ ਵਿੱਚ ਨਵੀਂ ਆਰਥਿਕ ਨੀਤੀ ਅਪਣਾਏ ਜਾਣ ਤੋਂ ਬਾਦ ਇੱਕ ਇੱਕ ਕਰ ਕੇ ਮਿਹਨਤਕਸ਼ ਲੋਕਾਂ ਤੋਂ ਸਾਰੇ ਹੱਕ ਖੋਏ ਜਾ ਰਹੇ ਹਨ। ਲੇਬਰ ਕਾੱਨਾਂ ਵਿੱਚ ਅਖੌਤੀ ਸੁਧਾਰ, ਜਿਹੜੇ ਕੇ ਅਸਲ ਵਿੱਚ ਉੱਚ ਧਨੀ ਵਰਗ ਦੇ ਲਈ ਹਨ, ਇਸਦੀ ਜੀTਂਦੀ ਜਾਗਦੀ ਮਿਸਾਲ ਹੈ। ਸਰਕਾਰੀ ਖੇਤਰ ਨੂੰ ਬੜੇ ਸਾਜ਼ਿਸ਼ੀ ਢੰਗ ਦੇ ਨਾਲ ਸਮਾਪਤ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਖੇਤਰ ਵਿੱਚ ਖ਼ੁਦ ਮਜ਼ਦੂਰਾਂ ਦੇ ਨਾਲ ਸਬੰਧਤ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਹਰ ਕੰਮ ਨੂੰ ਆਊਟ ਸੋਰਸ ਕਰ ਕੇ ਮਜਦੂਰਾਂ ਨੂੰ ਠੇਕੇ ਤੇ ਕੱਚੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਥੇ ਵੀ ਉਹਨਾਂ ਨੂੰ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ। ਨਿਰਯਾਤ ਦੇ ਲਈ ਵਿਸ਼ੇਸ਼ ਆਰਥਿਕ ਖੇਤਰ ਉਸਾਰਨ ਦੇ ਨਾਂ ਹੇਠ ਮਜ਼ਦੂਰਾਂ ਤੋਂ ਯੂਨੀਅਨ ਬਨਾਉਣ ਦੇ ਹੱਕ ਵੀ ਖੋਹੇ ਜਾ ਰਹੇ ਹਨ। ਛੋਟੇ ਉਦਯੋਗਪਤੀਆਂ ਤੋਂ ਵੀ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ ਤੇ ਸਾਰੇ ਕਾਨੂੰਨ ਇਜਾਰੇਦਾਰਾਂ ਅਤੇ ਵਿਦੇਸ਼ੀ ਬਹੁਕੌਮੀ ਕੰਪਨੀਆਂ ਦੇ ਹੱਕ ਵਿੱਚ ਬਣਾਏ ਜਾ ਰਹੇ ਹਨ। ਪਾਰਟੀ ਦੇ ਜ਼ਿਲਾ ਸਕੱਤਰ ਕਾਮਰੇਡ ਕਰਤਾਰ ਸਿੰਘ ਬੁਆਣੀ ਨੇ ਬੋਲਦਿਆਂ ਕਿਹਾ ਕਿ ਸਾਰੇ ਦੇਸ਼ ਵਿੱਚ ਜਨਤਕ ਵੰਡ ਪ੍ਰਣਾਲੀ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ ਹੈ। ਇਸ ਕਰ ਕੇ ਗਰੀਬ ਲੋਕਾਂ ਵਿੱਚ ਕੁਪੋਸ਼ਣ ਵੱਧ ਰਿਹਾ ਹੈ। ਉਦਯੋਗਿਕ ਵਿਕਾਸ  ਦੀ ਦਰ ਘਟ ਗਈ ਹੈ। ਕਿਸਾਨੀ ਦਾ ਬੁਰਾ ਹਾਲ ਹੈ। ਪੰਜਾਬ ਸਮੇਤ ਦੇਸ਼ ਅੰਦਰ ਪਿਛਲੇ ਦਸ ਸਾਲਾਂ ਦੌਰਾਨ 2 ਲੱਖ ਤੋਂ ਵੀ ਵੱਧ ਕਿਸਾਨ ਆਤਮ ਹਤਿਆ ਕਰ ਚੁੱਕੇ ਹਨ। ਖੇਤ ਮਜ਼ਦੂਰ ਤਾਂ ਦਰਿਦਰਤਾ ਦੀ ਜ਼ਿੰਦਗੀ ਵੱਲ ਨੂੰ ਧੱਕੇ ਜਾ ਰਹੇ ਹਨ। ਪੈਸੇ ਦੀ ਅੰਨ੍ਹੀ ਦੌੜ ਵਾਲੇ ਇਸ ਮਾਹੌਲ ਵਿੱਚ ਘੋਟਾਲਿਆਂ ਦੀ ਇੰਤਹਾ ਹੋ ਗਈ ਹੈ। ਬੁਲਾਰਿਆਂ ਨੇ ਸੱਦਾ ਦਿੱਤਾ ਕਿ ਅੱਜ ਫ਼ਿਰ ਕੁਰਬਾਨੀਆਂ ਭਰੇ ਸੰਘਰਸ਼ ਕਰਨ ਦੀ ਲੋੜ ਹੈ। ਇਹਨਾਂ ਤੋਂ ਇਲਾਵਾ ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਲ ਸਨ ਸਾਬਕਾ ਮੰਤਰੀ ਪੰਜਾਬ ਸ਼੍ਰੀ ਮਲਕੀਤ ਦਾਖਾ, ਸ: ਤੇਜ ਪਰਕਾਸ਼ ਸਿੰਘ, ਕਾਮਰੇਡ ਗੁਲਜ਼ਾਰ ਗੋਰੀਆ,  ਡਾ ਅਰੁਣ ਮਿੱਤਰਾ, ਕਾਮਰੇਡ ਓ ਪੀ ਮਹਿਤਾ, ਕਾਮਰੇਡ ਡੀ ਪੀ ਮੌੜ, ਕਾਮਰੇਡ ਕੁਲਵੰਤ ਸਿੰਘ, ਸ: ਲਖਬੀਰ ਸਿੰਘ ਲੱਖਾ, ਕਾਮਰੇਡ ਬਲਦੇਵ  ਸਿੰਘ ਲਤਾਲਾ, ਕਾਮਰੇਡ ਸਿਕੰਦਰ ਸਿੰਘ ਜੜਤੌਲੀ, ਕਾ. ਭਗਵਾਨ ਸਿੰਘ, ਕਾ. ਅਮਰ ਸਿੰਘ ਭੱਟੀਆਂ, ਡਾ ਗੁਲਜ਼ਾਰ ਪੰਧੇਰ, ਕਾ. ਮੇਵਾ ਸਿੰਘ ਰਾਏਕੋਟ, ਕਾ. ਪਰਮਜੀਤ ਸਿਹੋੜਾ, ਕਾ. ਗੁਰਨਾਮ ਗਿੱਲ, ਪ੍ਰਿੰਂ ਜਗਜੀਤ ਸਿੰਘ, ਕਾ. ਸ਼ਿੰਗਾਰਾ ਸਿੰਘ, ਕਾ. ਗੁਲਜ਼ਾਰ ਗੋਰੀਆ ਨੇ ਮੰਚ ਸੰਚਾਲਨ ਕੀਤਾ। ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ। ਇਸ ਮੌਕੇ ਤੇ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਬੀਬੀ ਸ਼ਰਨਜੀਤ ਕੌਰ ਵਲੋਂ ਪੁਰਸਕਾਰ ਦਿੱਤੇ ਗਏ। ਲੋਕ ਸੰਗੀਤ ਮੰਡਲੀ ਵਲੋਂ ਸਭਿਆਚਾਰਕ ਪਰੋਗਰਾਮ ਪੇਸ਼ ਕੀਤਾ ਗਿਆ।    

No comments: