Monday, May 12, 2014

ਗੜ੍ਹਚਿਰੋਲੀ; ਨਕਸਲੀਆਂ ਵਲੋਂ ਬਾਰੂਦੀ ਸੁਰੰਗ ਨਾਲ ਹਮਲਾ

ਹਮਲੇ ਦਾ ਸ਼ਿਕਾਰ ਹੋਏ ਜਵਾਨ ਵਿਸ਼ੇਸ਼ ਫੋਰਸ C-60 ਨਾਲ ਸਬੰਧਿਤ
ਨਾਗਪੁਰ: 11 ਮਈ 2014: ਨਕਸਲੀ ਸੰਗਠਨਾਂ ਦੀਆਂ ਸਰਗਰਮੀਆਂ ਵਿੱਚ ਤੇਜ਼ੀ ਜਾਰੀ ਹੈ। ਹੁਣ ਨਵਾਂ ਹਮਲਾ ਹੋਇਆ ਹੈ ਮਹਾਰਾਸ਼ਟਰ ਦੇ ਗੜ੍ਹਚਿਰੋਲੀ ਜਿਲ੍ਹੇ ਵਿਚ।  ਨਕਸਲੀਆਂ ਵਲੋਂ ਬਾਰੂਦੀ ਸੁਰੰਗ ਨਾਲ ਕੀਤੇ ਗਏ ਹਮਲੇ ਵਿਚ 7 ਪੁਲਿਸ ਮੁਲਾਜ਼ਮ ਮਾਰੇ ਗਏ ਹਨ ਅਤੇ ਦੋ ਹੋਰ ਜ਼ਖ਼ਮੀ ਹੋ ਗਏ ਹਨ। ਹਮਲਾ ਸਵੇਰੇ ਪਾਉਣੇ ਕੁ ਦਸ ਵਜੇ ਉਸ ਸਮੇਂ ਕੀਤਾ ਜਦੋਂ ਪੁਲਿਸ ਪਾਰਟੀ ਜਿਲ੍ਹੇ ਦੇ ਚਾਮੋਰਸ਼ੀ ਤਾਲੁਕਾ ਵਿਚ ਦੋ ਪਿੰਡਾਂ ਵਿਚਕਾਰ ਪੈਂਦੇ ਜੰਗਲ ਵਿਚ ਤਲਾਸ਼ੀ ਆਪਰੇਸ਼ਨ ਲਈ ਜਾ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਪੁਲਿਸ ਮੁਲਾਜ਼ਮ ਮਹਾਰਾਸ਼ਟਰ ਦੀ ਨਕਸਲੀਆਂ ਵਿਰੋਧੀ ਆਪਰੇਸ਼ਨਾਂ ਦੇ ਵਿਸ਼ੇਸ਼ ਬਲ ਸੀ-60 ਨਾਲ ਸਬੰਧਤ ਸਨ ਅਤੇ ਧਮਾਕਾ ਉਸ ਸਮੇਂ ਹੋਇਆ ਜਦੋਂ ਉਨ੍ਹਾਂ ਦੀ ਮੋਟਰ ਗੱਡੀ ਜਿਲ੍ਹੇ ਦੇ ਮੁਰਮੁਰੀ-ਚਮੂਰੀ ਐਕਸਿਸ ਵਿਚਕਾਰੋਂ ਲੰਘ ਰਹੀ ਸੀ। ਇਕ ਸੀਨੀਅਰ ਪੁੁਲਿਸ ਅਧਿਕਾਰੀ ਨੇ ਦੱਸਿਆ ਕਿ ਨਕਸਲੀ ਹਮਲੇ ਵਿਚ ਸਾਡੇ 7 ਜਵਾਨ ਮਾਰੇ ਗਏ ਹਨ। ਜ਼ਖ਼ਮੀਆਂ ਨੂੰ ਜਹਾਜ਼ ਰਾਹੀਂ ਨਾਗਪੁਰ ਪਹੁੰਚਾਇਆ ਗਿਆ ਹੈ ਜਦਕਿ ਘਟਨਾ ਵਾਲੀ ਥਾਂ ਨੂੰ ਹੋਰ ਪੁਲਿਸ ਬਲ ਭੇਜੇ ਗਏ ਹਨ। ਬਾਰੂਦੀ ਸੁਰੰਗ ਦੇ ਇਸ ਧਮਾਕੇ ਪਿੱਛੋਂ ਪੁਲਿਸ ਅਤੇ ਨਕਸਲੀਆਂ ਵਿਚਕਾਰ ਗੋਲੀਆਂ ਦਾ ਵਟਾਂਦਰਾ ਵੀ ਹੋਇਆ। ਪੁਲਿਸ ਨੇ ਦੱਸਿਆ ਕਿ ਜੰਗਲੀ ਇਲਾਕੇ ਵਿਚ ਗੋਲੀਬਾਰੀ ਖਬਰਾਂ ਆਉਣ ਤੱਕ ਵੀ ਜਾਰੀ ਸੀ। ਇਸ ਹਮਲੇ ਨਾਲ ਇਹ ਸੁਆਲ ਇੱਕ ਵਾਰ ਫੇਰ ਉਭਰ ਕੇ ਸਾਹਮਣੇ ਆਇਆ ਹੈ ਕਿ ਆਖਿਰ ਪੁਲਿਸ ਵੱਲੋਂ ਗਸ਼ਤ ਅਤੇ ਤਲਾਸ਼ੀ ਲੈ ਨਿਸਚਿਤ ਰੂਟ ਅਤੇ ਸਮੇਂ ਦੀ ਖਬਰ ਨਕਸਲੀ ਸੰਗਠਨਾਂ ਤੱਕ ਕੌਣ ਪਹੁੰਚਾਉਂਦਾ ਹੈ?

No comments: