Sunday, May 11, 2014

ਲੁਧਿਆਣਾ ਵਿੱਚ ਮਾਂ ਨੇ ਹੀ ਕੀਤਾ ਨਿਸ਼ਾ ਦਾ ਕਤਲ

ਪੁਲਿਸ ਅਧਿਕਾਰੀ ਡਾਕਟਰ ਸੰਦੀਪ ਗਰਗ ਨੇ ਕੀਤਾ ਵਿਸਥਾਰਤ ਖੁਲਾਸਾ
ਲੁਧਿਆਣਾ: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਕਸੂਰ ਉਸਦੀ ਪਰਵਿਰਸ਼ ਦਾ ਸੀ ਜਾਂ ਸਮਾਜ ਦੇ ਚੜ੍ਹੇ ਭੜਕਾਊ ਰੰਗ ਦਾ ਕਿ ਉਸ ਕੁੜੀ ਨੂੰ ਕਈ ਕਈ ਘੰਟੇ ਘਰੋਂ ਬਾਹਰ ਘੁੰਮਣ ਦੀ ਭੈੜੀ ਆਦਤ ਪੈ ਗਈ। ਉਸਨੂੰ ਕਈ ਵਾਰ ਰੋਕਿਆ ਗਿਆ ਪਰ ਹਰ ਵਾਰ ਨਾਕਾਮੀ ਮਿਲੀ। ਸਮਾਜ ਦੀਆਂ ਗੱਲਾਂ ਤੋਂ ਤੰਗ ਆਏ ਪਰਿਵਾਰ ਨੂੰ ਇਸਦਾ ਹੱਲ ਉਸਦੀ ਮੌਤ ਚੋਂ ਨਜਰ ਆਇਆ। ਇਸ ਕਸੂਰ ਬਦਲੇ ਇੱਕ 
ਦਿਨ ਉਸ ਮੁਟਿਆਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪਹਿਲਾਂ ਉਸਦਾ ਗਲਾ ਘੁੱਟਿਆ ਗਿਆ ਫਿਰ ਇਸਨੂੰ ਆਤਮ ਦਾਹ ਦਾ ਰੰਗ ਦੇਣ ਲਈ ਲਾਸ਼ ਨੂੰ ਬਾਥਰੂਮ ਵਿੱਚ ਲਿਜਾ ਕੇ ਅੱਗ ਲਾ ਦਿੱਤੀ ਗਈ। ਬਾਥਰੂਮ ਦੀਆਂ ਕੰਧਾਂ 'ਤੇ ਨਾ ਅੱਗ ਦੇ ਨਿਸ਼ਾਨ ਸਨ ਤੇ ਹੀ ਉਥੋਂ ਮਾਚਿਸ ਅਤੇ ਮਿੱਟੀ ਦਾ ਤੇਲ ਮਿਲਿਆ। ਜਦੋਂ ਪੁਲਿਸ ਨੇ ਜਾਂਚ ਪ੍ਰਕ੍ਰਿਆ ਸ਼ੁਰੂ ਕੀਤੀ ਤਾਂ ਕਾਤਲ ਉਸਦੀ ਸੱਕੀ ਮਾਂ ਨਿਕਲੀ। ਪੁਲਸ ਨੇ ਇਸ ਕਲਯੁਗੀ ਮਾਂ ਨੂੰ ਆਪਣੀ ਹੀ ਧੀ ਦੇ ਕਤਲ ਦੇ ਦੋਸ਼ 'ਚ ਗ੍ਰਿਫਤਾਰ ਕਰਕੇ ਮੀਡੀਆ ਸਾਹਮਣੇ ਵੀ ਲਿਆਂਦਾ। ਚੇਤੇ ਰਹੇ ਕਿ ਬੀਤੀ 21 ਅਪ੍ਰੈਲ ਨੂੰ ਆਪਣੇ ਘਰ ਦੇ ਬਾਥਰੂਮ 'ਚ ਸ਼ੱਕੀ ਹਾਲਾਤ 'ਚ ਸੜ ਕੇ ਮਰਨ ਵਾਲੀ ਈ. ਡਬਲਯੂ. ਐੱਸ. ਕਾਲੋਨੀ ਨਿਵਾਸੀ ਲੜਕੀ ਨਿਸ਼ਾ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਥਾਣਾ ਡਵੀਜ਼ਨ ਨੰ.7 ਦੀ ਪੁਲਸ ਨੇ ਮ੍ਰਿਤਕਾ ਦੀ ਮਾਂ ਨੂੰ ਆਪਣੀ ਬੇਟੀ ਦਾ ਕਥਿਤ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਥਾਣਾ ਮੁਖੀ ਡਾ. ਸੰਦੀਪ ਗਰਗ ਆਈ.ਪੀ.ਐੱਸ. ਨੇ ਪੂਰੇ ਵਿਸਥਾਰ ਨਾਲ ਦੱਸਿਆ ਕਿ ਪੁਲਸ ਨੇ ਮੁਕੱਦਮੇ ਦੀ ਪੂਰੀ ਡੂੰਘਾਈ ਨਾਲ ਕੀਤੀ ਤਫਤੀਸ਼ ਦੌਰਾਨ ਅਤੇ ਘਟਨਾ ਵਾਲੀ ਥਾਂ 'ਤੇ ਸਾਹਮਣੇ ਆਏ ਸਬੂਤਾਂ ਦੇ ਆਧਾਰ 'ਤੇ ਜਦੋਂ ਮ੍ਰਿਤਕਾ ਦੀ ਮਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਮੰਨਿਆ ਕਿ ਆਪਣੀ ਬੇਟੀ ਦਾ ਕਥਿਤ ਕਤਲ ਉਸਨੇ ਖੁਦ ਹੀ ਕੀਤਾ ਸੀ, ਜਿਸ ਤੋਂ ਬਾਅਦ ਉਸਨੇ ਆਪਣੀ ਬੇਟੀ ਦੀ ਲਾਸ਼ ਨੂੰ ਮਕਾਨ ਦੀ ਉਪਰਲੀ ਮੰਜ਼ਿਲ 'ਤੇ ਬਣੇ ਬਾਥਰੂਮ 'ਚ ਰੱਖ ਕੇ ਉਸ 'ਤੇ ਕਥਿਤ ਮਿੱਟੀ ਦਾ ਤੇਲ ਪਾ ਕੇ ਜਲਾਉਣ ਦੀ ਕੋਸ਼ਿਸ਼ ਕੀਤੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਕਥਿਤ ਦੋਸ਼ਣ ਨਿਰਮਲਾ ਪਤਨੀ ਮਾਨ ਸਿੰਘ ਵਾਸੀ ਈ. ਡਬਲਯੂ. ਐੱਸ. ਕਾਲੋਨੀ ਨੂੰ ਆਪਣੀ ਬੇਟੀ ਦਾ ਕਤਲ ਕਰਨ, ਸਬੂਤ ਮਿਟਾਉਣ ਅਤੇ ਜੁਰਮ ਨੂੰ ਛੁਪਾਉਣ ਦੀ ਕਥਿਤ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ਣ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਉਸਦੇ ਹੋਰ ਸਾਥੀਆਂ ਬਾਰੇ ਪਤਾ ਲਗਾਇਆ ਜਾ ਸਕੇ। 
ਸਬੰਧਾਂ ਦੀ ਪੁਸ਼ਟੀ ਨਹੀਂ ਪਰ ਬੇਟੀ ਦਾ ਘੁੰਮਣਾ-ਫਿਰਨਾ ਨਹੀਂ ਸੀ ਪਸੰਦ: ਥਾਣਾ ਮੁਖੀ ਡਾਕਟਰ ਸੰਦੀਪ ਗਰਗ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਪੁੱਛਗਿੱਛ 'ਚ ਮ੍ਰਿਤਕਾ ਦੀ ਮਾਂ ਨੇ ਮੰਨਿਆ ਕਿ ਉਸਨੂੰ ਆਪਣੀ ਬੇਟੀ ਦਾ ਬਾਹਰ ਘੁੰਮਣਾ-ਫਿਰਨਾ ਬਿਲਕੁੱਲ ਵੀ ਪਸੰਦ ਨਹੀਂ ਸੀ ਪਰ ਉਹ ਕਈ ਕਈ ਘੰਟੇ ਬਾਹਰ ਰਹਿੰਦੀ ਸੀ। ਦੱਸਣਾ ਕੀਤੇ ਹੋਰ ਪਹੁੰਚਨਾ ਕੀਤੇ ਹੋਰ ਉਸਦੀ ਆਦਤ ਵਿੱਚ ਸ਼ਾਮਲ ਹੋ ਚੁੱਕਿਆ ਸੀ। ਇਸ ਕਾਰਨ ਘਰ 'ਚ ਅਕਸਰ ਲੜਾਈ-ਝਗਡ਼ਾ ਅਤੇ ਕਲੇਸ਼ ਰਹਿੰਦਾ ਸੀ। ਇਸਦੇ ਨਾਲ ਹੀ ਉਸਨੇ ਇਹ ਵੀ ਦੱਸਿਆ ਕਿ ਉਸਦਾ ਪਤੀ ਦਮੇ ਦੀ ਬੀਮਾਰੀ ਤੋਂ ਪੀੜਤ ਹੈ ਪਰ ਇਸ ਚਿੰਤਾ ਅਤੇ ਸਮਸਿਆ ਦੇ ਬਾਵਜੂਦ ਉਸਦੀ ਲੜਕੀ ਬੇਪ੍ਰਵਾਹ ਹੋ ਕੇ ਬਾਹਰ ਘੁੰਮਦੀ-ਫਿਰਦੀ ਰਹਿੰਦੀ ਸੀ। ਬਾਰ ਬਾਰ ਰੋਕਣ ਦਾ ਵੀ ਉਸਤੇ ਕੋਈ ਅਸਰ ਨਹੀਂ ਸੀ। ਘਟਨਾ ਵਾਲੇ ਦਿਨ ਵੀ ਉਹ ਬਾਹਰ ਤੋਂ ਫੋਨ ਕਰਕੇ ਆਈ, ਜਿਸ ਕਾਰਨ ਇਕ ਵਾਰ ਫਿਰ ਮਾਂ-ਧੀ ਵਿਚਕਾਰ ਝਗੜਾ ਹੋਇਆ।  ਝਗੜੇ ਵਿੱਚ ਗੁੱਸਾ ਆਉਣਾ ਵੀ ਸੁਭਾਵਿਕ ਸੀ ਅਤੇ ਗੁੱਸਾ ਸੱਤਵੇਂ ਅਸਮਾਨ ਤੇ ਪੁੱਜ ਗਿਆ। ਇਸ ਗੁੱਸੇ ਦੌਰਾਨ ਹੀ ਉਸਨੇ ਆਪਣੀ ਬੇਟੀ ਦਾ ਕਤਲ ਕਰ ਦਿੱਤਾ। ਜਦੋਂ ਪੁਲਿਸ ਉਸਨੂੰ ਮੀਡੀਆ ਸਾਹਮਣੇ ਲਿਆਈ ਉਸ ਵੇਲੇ ਨਿਯਮਾਂ ਮੁਤਾਬਿਕ ਉਸਦਾ ਚੇਹਰਾ ਬਾਕਾਇਦਾ ਚੁੰਨੀ ਨਾਲ ਢਕਿਆ ਹੋਇਆ ਸੀ ਪਰ ਉਸਦੀਆਂ ਅੱਖਾਂ ਦੱਸ ਰਹੀਆਂ ਸਨ ਕਿ ਉਸਨੂੰ ਸ਼ਰਮ ਵੀ ਆ ਰਹੀ ਸੀ ਅਤੇ ਪਛਤਾਵਾ ਵੀ ਹੋ ਰਿਹਾ ਸੀ। ਹੋਲੀ ਹੋਲੀ ਤੁਰਦੀ ਉਹ ਮਹਿਲਾ ਪੁਲਿਸ ਦੇ ਨਾਲ ਜਾ ਕੇ ਪੁਲਿਸ ਦੀ ਗੱਡੀ ਵਿੱਚ ਬੈਠ ਗਈ। ਬੇਟੀ ਦੀ ਪਰਵਰਿਸ਼ ਵਿੱਚ ਰਹੀ ਕਮੀ ਅਤੇ ਬੇਟੀ ਤੇ ਆਏ ਗੁੱਸੇ ਨੇ ਨਾ ਸਿਰਫ ਨਿਸ਼ਾ ਦੀ ਜਾਨ ਲੈ ਲਈ ਬਲਕਿ ਨਿਰਮਲਾ ਅਤੇ ਉਸਦੇ ਪਰਿਵਾਰ ਦੀ ਜ਼ਿੰਦਗੀ ਲਈ ਵੀ ਕਈ ਮੁਸੀਬਤਾਂ ਖੜੀਆਂ ਕਰ ਦਿੱਤੀਆਂ।   

No comments: