Friday, May 02, 2014

ਪੁੱਡਾ ਮੈਦਾਨ 'ਚ ਹੋਈ 'ਮਜ਼ਦੂਰ ਦਿਵਸ ਕਾਨਫਰੰਸ'

ਹਜ਼ਾਰਾਂ ਮਜ਼ਦੂਰਾਂ ਨੇ ਦਿੱਤੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਲੁਧਿਆਣਾ:ਮਈ, 2014: (ਗੁਰਜੀਤ//ਪੰਜਾਬ ਸਕਰੀਨ):
ਅੱਜ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਪੂਰੀ ਦੁਨੀਆਂ ਵਿੱਚ ਮਜ਼ਦੂਰਾਂ ਨੇ ਰੈਲੀਆਂ-ਸਭਾਵਾਂ ਆਦਿ ਆਯੋਜਿਤ ਕਰਕੇ ''ਅੱਠ ਘੰਟੇ ਦਿਹਾੜੀ'' ਦਾ ਕਨੂੰਨ ਬਣਵਾਉਣ ਲਈ ਘੋਲ ਦੌਰਾਨ ਸ਼ਹੀਦ ਹੋਏ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਲੁਧਿਆਣੇ ਦੇ ਪੁੱਡਾ ਮੈਦਾਨ ਵਿੱਚ ਵੀ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਕਾਰਖਾਨਾ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਕੁੱਲ ਹਿੰਦ ਨੇਪਾਲੀ ਏਕਤਾ ਮੰਚ ਵੱਲੋਂ ਸਾਂਝੇ ਰੂਪ ਵਿੱਚ ਮਜ਼ਦੂਰਾਂ ਦਾ ਵੱਡਾ ਇਕੱਠ ਕਰਕੇ ''ਮਜ਼ਦੂਰ ਦਿਵਸ ਕਾਨਫਰੰਸ'' ਕੀਤੀ ਗਈ। ''ਮਈ ਦਿਵਸ ਦੇ ਸ਼ਹੀਦ ਅਮਰ ਰਹਿਣ'', ''ਦੁਨੀਆਂ ਦੇ ਮਜ਼ਦੂਰੋ ਇੱਕ ਹੋ ਜਾਓ'' ''ਇਨਕਲਾਬ ਜਿੰਦਾਬਾਦ'' ਆਦਿ ਅਸਮਾਨ ਗੂੰਜਵੇਂ ਨਾਅਰੇ ਬੁਲੰਦ ਕਰਦੇ ਹੋਏ ਹਜ਼ਾਰਾਂ ਮਜ਼ਦੂਰ ਕਾਨਫਰੰਸ ਵਿੱਚ ਸ਼ਾਮਲ ਹੋਏ। ਜੱਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਇਨਕਲਾਬੀ ਸੁਰਖ ਫਰੇਰਾ ਝੁਲਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਲਾਮੀ ਦਿੱਤੀ। ਮਜ਼ਦੂਰ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰਿਆ ਗਿਆ। ਇਸ ਤੋਂ ਬਾਅਦ ਇਨਕਲਾਬੀ ਸੱਭਿਆਚਾਰਕ ਮੰਚ, ਦਸਤਕ ਨੇ ਇਨਕਲਾਬੀ ਗੀਤਾਂ ਰਾਹੀਂ ਸ਼ਹੀਦਾਂ ਦੇ ਰਾਹ 'ਤੇ ਚੱਲਣ ਦਾ ਸੁਨੇਹਾ ਦਿੱਤਾ। ਰਾਜਵਿੰਦਰ, ਪ੍ਰਧਾਨ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ, ਲਖਵਿੰਦਰ, ਕਨਵੀਨਰ, ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ, ਛਿੰਦਰ ਪਾਲ, ਕਨਵੀਨਰ, ਨੌਜਵਾਨ ਭਾਰਤ ਸਭਾ, ਤੇਗ ਬਹਾਦੁਰ ਸਾਹੀ, ਪ੍ਰਧਾਨ, ਕੁੱਲ ਹਿੰਦ ਨੇਪਾਲੀ ਏਕਤਾ ਮੰਚ ਅਤੇ ਹੋਰ ਆਗੂਆਂ ਵੱਲੋਂ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ।
ਸਾਥੀ ਰਾਜਵਿੰਦਰ ਨੇ ਕਿਹਾ ਕਿ ਅਜਿਹਾ ਵੀ ਸਮਾਂ ਸੀ ਜਦੋਂ ਸੰਸਾਰ ਵਿੱਚ ਕੰਮ ਦੇ ਘੰਟਿਆਂ ਸਬੰਧੀ ਕੋਈ ਕਨੂੰਨ ਨਹੀਂ ਸੀ। ਵੱਖ-ਵੱਖ ਦੇਸ਼ਾਂ ਵਿੱਚ ਮਜ਼ਦੂਰਾਂ ਨੇ ਕੰਮ ਦੇ ਕੰਮ ਤੈਅ ਕਰਾਉਣ ਲਈ ਘੋਲ ਕੀਤੇ। ਭਾਰਤ ਵਿੱਚ ਵੀ 1862 ਵਿੱਚ ਇਸ ਸਬੰਧੀ ਹੜਤਾਲ ਕੀਤੀ ਸੀ। 1 ਮਈ 1886 ਨੂੰ ਇਸ ਸਬੰਧੀ ਸਾਰੇ ਅਮਰੀਕਾ ਵਿੱਚ ਵੱਡੀ ਹੜਤਾਲ ਦੀ ਸ਼ੁਰੂਆਤ ਹੋਈ। ਹੜਤਾਲ 'ਤੇ ਬੈਠੇ ਨਿਹੱਥੇ ਮਜ਼ਦੂਰਾਂ ਨੂੰ ਪੁਲਸ ਅਤੇ ਗੁੰਡਿਆਂ ਨੇ ਕਤਲ ਕੀਤਾ। ਮਜ਼ਦੂਰ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਫਾਂਸੀਆਂ 'ਤੇ ਲਟਕਾ ਦਿੱਤਾ ਗਿਆ, ਕਈ ਨੂੰ ਲੰਮੀਆਂ ਜੇਲਾਂ ਕੱਟਣੀਆਂ ਪਈਆਂ। ਪਰ ਇਹ ਜ਼ਬਰ ਜੁਲਮ ਮਜ਼ਦੂਰ ਘੋਲ ਨੂੰ ਦਬਾ ਨਹੀਂ ਸਕਿਆ। ਅੱਗੇ ਚੱਲ ਕੇ ਸਾਰੇ ਸੰਸਾਰ ਵਿੱਚ ਹਾਕਮਾਂ ਨੂੰ ''ਅੱਠ ਘੰਟੇ ਦਿਹਾੜੀ'' ਦਾ ਕਨੂੰਨ ਬਣਾਉਣਾ ਪਿਆ। ਸਾਥੀ ਰਾਜਵਿੰਦਰ ਨੇ ਕਿਹਾ ਕਿ ਅੱਜ ਮਜ਼ਦੂਰਾਂ ਦੀ ਜੱਥੇਬੰਦ ਤਾਕਤ ਨਾ ਹੋਣ ਕਰਕੇ ਅੱਠ ਘੰਟੇ ਦਿਹਾੜੀ ਦੇ ਕਨੂੰਨੀ ਹੱਕ ਸਮੇਤ ਬਹੁਤੇ ਕਨੂੰਨੀ ਹੱਕ ਵੀ ਲਾਗੂ ਨਹੀਂ ਹੋ ਰਹੇ। ਮਜ਼ਦੂਰਾਂ ਨੂੰ ਆਪਣੇ ਇਨਕਲਾਬੀ ਵਿਰਸੇ ਤੋਂ ਸਿੱਖਣਾ ਚਾਹੀਦਾ ਹੈ ਅਤੇ ਜੱਥੇਬੰਦ ਤਾਕਤ ਦੇ ਦਮ 'ਤੇ ਆਪਣੇ ਹੱਕ ਹਾਸਿਲ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। 
          ਨੌਜਵਾਨ ਭਾਰਤ ਸਭਾ ਦੇ ਕਨਵੀਨਰ ਛਿੰਦਰਪਾਲ ਨੇ ਕਿਹਾ ਕਿ ਇਹ ਝੂਠ ਕਿ ਸਰਮਾਏਦਾਰਾ ਪ੍ਰਬੰਧ ਵਿੱਚ ਵੋਟਾਂ ਰਾਹੀਂ ਲੋਕਾਂ ਦੀ ਜਿੰਦਗੀ ਸੁਧਰ ਸਕਦੀ ਹੈ, ਅੱਜ ਕਾਫ਼ੀ ਹੱਦ ਤੱਕ ਲੋਕਾਂ ਸਾਹਮਣੇ ਨੰਗਾ ਹੋ ਚੁੱਕਾ ਹੈ। ਇਹ ਸਾਬਤ ਹੋ ਚੁੱਕਾ ਹੈ ਕਿ ਸਰਮਾਏਦਾਰਾ ਪ੍ਰਬੰਧ ਵਿੱਚ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਸਗੋਂ ਹਰ ਥਾਂ 'ਤੇ ਸਰਮਾਏ ਦਾ ਹੀ ਜ਼ੋਰ ਚੱਲਦਾ ਹੈ। ਉਹਨਾਂ ਕਿਹਾ ਕਿ ਮਈ ਦਿਵਸ ਦਾ ਇਤਿਹਾਸ ਗਵਾਹ ਹੈ ਕਿ ਮਜ਼ਦੂਰ ਇੱਕਮੁੱਠ ਹੋ ਕੇ ਹੀ ਸਰਮਾਏ ਦੀ ਤਾਕਤ ਦਾ ਮੁਕਾਬਲਾ ਕਰ ਸਕਦੇ ਹਨ।
          ਕੁੱਲ ਹਿੰਦ ਨੇਪਾਲੀ ਏਕਤਾ ਮੰਚ ਦੇ ਆਗੂ ਤੇਗ ਬਹਾਦੁਰ ਸਾਹੀ ਨੇ ਕਿਹਾ ਕਿ ਮਜ਼ਦੂਰਾਂ ਨੂੰ ਧਰਮ, ਜਾਤ, ਨਸਲ, ਦੇਸ਼, ਭਾਸ਼ਾ ਆਦਿ ਦੇ ਨਾਂ 'ਤੇ ਵੰਡਿਆਂ ਜਾਂਦਾ ਹੈ। ਪਰ ਕੁੱਲ ਸੰਸਾਰ ਦੇ ਮਜ਼ਦੂਰਾਂ ਦੇ ਹਿੱਤ ਇੱਕ ਹੀ ਹਨ। ਹਰ ਦੇਸ਼ ਵਿੱਚ ਮਜ਼ਦੂਰਾਂ ਨੂੰ ਧਨ-ਦੌਲਤ 'ਤੇ ਕਾਬਜ਼ ਜਮਾਤਾਂ ਵੱਲੋਂ ਦਬਾਇਆ ਜਾਂਦਾ ਰਿਹਾ ਹੈ। ਉਹਨਾਂ ਕਿਹਾ ਕਿ ਮਈ ਦਿਵਸ ਸਾਰੇ ਸੰਸਾਰ ਦੇ ਮਜ਼ਦੂਰਾਂ ਨੂੰ ਇੱਕ ਹੋ ਜਾਣ ਦਾ ਹੋਕਾ ਦਿੰਦਾ ਹੋਇਆ ਹਰ ਤਰਾਂ ਦੀ ਲੁੱਟ-ਖਸੁੱਟ, ਦਾਬੇ, ਬੇਇਨਸਾਫ਼ੀ ਖਿਲਾਫ਼ ਉੱਠ ਖਲੋਣ ਦੀ ਸਿੱਖਿਆ ਦਿੰਦਾ ਹੈ। 
          ਮੰਚ ਸੰਚਾਲਨ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਕਨਵੀਨਰ ਲਖਵਿੰਦਰ ਨੇ ਕੀਤਾ। ਉਹਨਾਂ ਕਿਹਾ ਕਿ ਕੌਮਾਂਤਰੀ ਮਜ਼ਦੂਰ ਦਿਵਸ ਕੋਈ ਰਸਮ ਪੂਰਤੀ ਨਾ ਹੋ ਕੇ ਮਜ਼ਦੂਰਾਂ ਦੇ ਹਕੀਕੀ ਘੋਲ ਨੂੰ ਅੱਗੇ ਵਧਾਉਣ ਦਾ ਸੰਕਲਪ ਲੈਣ ਦਾ ਦਿਨ ਹੈ। ਇਸੇ ਰੂਪ ਵਿੱਚ ਹੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਭੇਂਟ ਕੀਤੀ ਜਾ ਸਕਦੀ ਹੈ।
          ਵੱਖ-ਵੱਖ ਟੋਲੀਆਂ ਵੱਲੋਂ ਪੇਸ਼ ਕੀਤੇ ਗਏ ਇਨਕਲਾਬੀ ਗੀਤਾਂ ਨੇ ਪੁੱਡਾ ਮੈਦਾਨ ਵਿੱਚ ਹੋਈ ਇਸ 'ਮਜ਼ਦੂਰ ਦਿਵਸ ਕਾਨਫਰੰਸ' ਦੇ ਇਨਕਲਾਬੀ ਰੰਗ ਨੂੰ ਹੋਰ ਗਾੜਾ ਕਰਨ ਵਿੱਚ ਖੂਬ ਭੂਮੀਕਾ ਅਦਾ ਕੀਤੀ। 
          ਕਾਨਫਰੰਸ ਦੀ ਸਮਾਪਤੀ ਵੇਲੇ ਇਲਾਕੇ ਦੀਆਂ ਗਲੀਆਂ-ਮੁਹੱਲਿਆਂ ਵਿੱਚੋਂ ਇਨਕਲਾਬੀ ਨਾਅਰੇ ਬੁਲੰਦ ਕਰਦੇ ਹੋਏ ਮਜ਼ਦੂਰਾਂ-ਨੌਜਵਾਨਾਂ ਨੇ ਪੈਦਲ ਰੈਲੀ ਕੱਢੀ। 


*ਗੁਰਜੀਤ ਕਾਰਖਾਨਾ ਮਜ਼ਦੂਰ ਯੂਨੀਅਨਪੰਜਾਬ ਦੇ ਸਕੱਤਰ ਹਨ।

No comments: