Saturday, May 10, 2014

ਲੁਧਿਆਣਾ ਪੁਲਿਸ ਨੇ ਫੜੀ 42 ਬੋਤਲਾਂ ਦੇਸੀ ਸ਼ਰਾਬ

Sat, May 10, 2014 at 2:43 PM
ਸ਼ਾਲਾਂ ਦੀ ਦੁਕਾਨ ਅਤੇ ਪ੍ਰਿੰਟਿੰਗ ਪ੍ਰੈਸ ਤੋਂ ਰਾਬ ਵੇਚਣ ਤੱਕ 
ਲੁਧਿਆਣਾ: 10 ਮਈ 2014: (ਪੰਜਾਬ ਸਕਰੀਨ ਬਿਊਰੋ):

ਨਾ ਤਾਂ ਸ਼ਾਲਾਂ ਦਾ ਸ਼ਰਾਬ ਨਾਲ ਕੋਈ ਸੰਬੰਧ ਹੈ ਅਤੇ ਨਾ ਹੀ ਪ੍ਰਿੰਟਿੰਗ ਪ੍ਰੈਸ ਦਾ ਪਰ ਇਹਨਾਂ ਇਜ਼ੱਤ ਵਾਲੇ ਕਾਰੋਬਾਰਾਂ ਨੂੰ ਕਰਦਿਆਂ ਦੋ ਵਿਅਕਤੀ ਸ਼ਰਾਬ ਦੀ ਸਮਗਲਿੰਗ ਕਰਨ ਲੱਗ ਪਏ। ਪੰਜਾਂ ਦਰਿਆਵਾਂ ਦੀ ਇਸ ਧਰਤੀ ਤੇ ਵਗੇ ਨਸ਼ਿਆਂ ਦੇ ਛੇਵੇਂ ਦਰਿਆ ਨੇ ਇਸ ਧਰਤੀ ਦਾ ਸ਼ਾਇਦ ਕੋਈ ਘਰ ਨਹੀਂ ਛੱਡਿਆ। ਹਰ ਵਿਅਕਤੀ ਇਸ ਮਾਰੂ ਹੜ੍ਹ ਦੀ ਮਾਰ ਵਿੱਚ ਆ ਗਿਆ। ਕੋਈ ਖੁਦ ਨਸ਼ਿਆਂ ਵਿੱਚ ਡੁੱਬ ਗਿਆ ਅਤੇ ਕੋਈ ਬਾਕੀਆਂ ਨੂੰ ਡੁਬਾਉਣ ਤੁਰ ਪਿਆ। ਨਸ਼ਿਆਂ ਦੀ ਮਾਰ ਦਾ ਇਹ ਨਵਾਂ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਜ਼ਿਲਾ ਪੁਲਸ ਨੇ ਸ਼ਰਾਬ ਦੀ ਸਮੱਗਲਿੰਗ ਕਰਨ ਦੇ ਦੋਸ਼ ਵਿਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਦੇਸੀ ਸ਼ਰਾਬ ਦੀਆਂ 42 ਬੋਤਲਾਂ ਜ਼ਬਤ ਕੀਤੀਆਂ। ਇਨ੍ਹਾਂ ਵਿਚ ਇਕ ਨੌਜਵਾਨ ਸ਼ਾਲਾਂ ਦੀ ਦੁਕਾਨ ਚਲਾਉਂਦਾ ਹੈ ਅਤੇ ਦੂਸਰਾ  ਪ੍ਰਿੰਟਿੰਗ ਪ੍ਰੈਸ।ਅਮਿਤ ਕੁਮਾਰ ਦੀ ਮੌਚਪੁਰੇ ਬਾਜ਼ਾਰ ਵਿੱਚ ਸ਼ਾਲਾਂ ਦੀ ਦੁਕਾਨ ਹੈ ਅਤੇ ਡਿੰਪਲ ਸਹਿਗਲ ਦੀ ਪ੍ਰਿੰਟਿੰਗ ਪ੍ਰੈੱਸ ਦੀ ਦੁਕਾਨ ਹੈ। ਇਨ੍ਹਾਂ ਖਿਲਾਫ ਥਾਣਾ ਸਲੇਮ ਟਾਬਰੀ ਵਿਚ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਸਬ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਰਾਜ ਕੁਮਾਰ ਦੀ ਪੁਲਸ ਪਾਰਟੀ ਨੇ ਸ਼ਿਵਪੁਰੀ, ਗੰਦੇ ਨਾਲੇ ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ ਤੇ ਜਦੋਂ ਐਕਟਿਵਾ ਸਵਾਰ 2 ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਬੈਗ 'ਚੋਂ 42 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ। ਇਹਨਾਂ ਦੋਸ਼ੀਆਂ ਦੀ ਪਛਾਣ ਹਰਗੋਬਿੰਦ ਨਗਰ ਦੇ ਅਮਿਤ ਕੁਮਾਰ (32) ਤੇ ਡਿੰਪਲ ਸਹਿਗਲ (26) ਦੇ ਰੂਪ ਵਿਚ ਹੋਈ। ਸ਼ਹਿਰ ਦੇ ਬਾਹਰੀ ਹਿੱਸਿਆਂ 'ਚ ਪੈਂਦੇ ਠੇਕਿਆਂ ਤੋਂ ਸ਼ਰਾਬ ਸਸਤੇ ਭਾਅ ਲਿਆਉਣਾ ਅਤੇ ਪਰਚੂਨ ਵਿੱਚ ਵੀ ਬਾਜ਼ਾਰ ਨਾਲੋਂ ਸਸਤੀਆਂ ਦਰਾਂ ਤੇ ਵੇਚ ਦੇਣਾ ਇਹਨਾਂ ਦਾ ਰੂਟੀਨ  ਬਣ ਗਿਆ। ਦੋਸ਼ੀ ਪਿਛਲੇ 6 ਮਹੀਨਿਆਂ ਤੋਂ ਇਸ ਗੋਰਖਧੰਦੇ ਵਿਚ ਲੱਗੇ ਹੋਏ ਸਨ। ਸਸਤੀ ਸ਼ਰਾਬ ਖਰੀਦ ਕੇ ਸਸਤੀ ਕੀਮਤ 'ਤੇ ਵੇਚ ਕੇ ਵੀ ਇਹਨਾਂ ਨੂੰ ਕਾਫੀ ਮੁਨਾਫਾ ਬਚ ਜਾਂਦਾ। ਇੱਕ ਦਿਨ ਇਹੀ ਮੁਨਾਫਾ ਇਹਨਾਂ ਨੂੰ ਸਲਾਖਾਂ ਪਿਛੇ ਲੈ ਜਾਵੇਗਾ ਇਸ ਬਾਰੇ ਸ਼ਾਇਦ ਉਹਨਾਂ ਕਦੇ ਨਹੀਂ ਸੀ ਸੋਚਿਆ। 

No comments: