Saturday, May 17, 2014

ਹੁਣ ਤੱਕ ਦੀ ਸੱਭ ਤੋਂ ਮਹਿੰਗੀ ਅਤੇ ਨਖਿਧ ਚੋਣ-2014

  Sat, May 17, 2014 at 7:23 PM
                                               ਦੇਸ਼ 'ਤੇ ਪਏ ਆਰਥਿਕ ਬੋਝ ਦਾ ਪਵਨ ਕੁਮਾਰ ਕੌਸ਼ਲ ਵੱਲੋਂ ਵਿਸ਼ੇਸ਼ ਵਿਸ਼ਲੇਸ਼ਣ 
Courtesy image 
ਪਵਨ ਕੁਮਾਰ ਕੌਸ਼ਲ
ਪੂੰਜੀਵਾਦੀ ਵਿਸ਼ਵ ਦੀ ਕਹੀ ਜਾਂਦੀ ਸੱਭ ਤੋਂ ਵੱਡੀ ਭਾਰਤੀ ਜਮਹੂਰੀਅਤ ਦੀਆਂ ਹੁਣੇ ਖਤਮ ਹੋਈਆਂ ਚੋਣਾਂ ਹੁਣ ਤੱਕ ਦੀਆਂ ਸੱਭ ਤੋਂ ਮਹਿੰਗੀਆਂ ਚੋਣਾ ਸਾਬਤ ਹੋਈਆਂ ਹਨ ਜਿਸ ਅੰਦਰ ਦੇਸ਼ ਦੇ ਇਜ਼ਾਰੇਦਾਰ ਘਰਾਂਣਿਆਂ ਅਤੇ ਬਲੈਕੀਆਂ ਨੇ ਆਪਣੇ ਹਿੱਤਾਂ ਨੂੰ ਮੁੱਖ ਰਖਦਿਆਂ ਦੇਸ਼ ਦੀਆਂ ਸਤ੍ਹਾ ਧਾਰੀ ਜਮਾਤਾਂ ਨੂੰ ਦਿਲ ਖੋਲਕੇ ਪੈਸੇ ਮੁਹਈਆ ਕੀਤੇ।ਇਸ ਚੋਣ ਤੇ ਹੋਇਆ ਖਰਚਾ ਵਿਸ਼ਵ ਦੀ ਸੱਭ ਤੋਂ ਮਹਿੰਗੀ ਅਮਰੀਕਨ ਰਾਸ਼ਟਰਪਤੀ ਦੀ 2012 ਵਿੱਚ ਹੋਈ ਚੋਣ ਨੂੰ ਵੀ ਮਾਤ ਦੇ ਗਿਆ ਜਿਸ ਉੱਪਰ ਕੋਈ 7 ਅਰਬ ਡਾਲਰ ਖਰਚ ਹੋਏ ਸਨ।ਚੋਣ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਬੀ ਜੇ ਪੀ ਦੀ ਇੱਕਲੀ ਚੋਣ ਪ੍ਰਚਾਰ ਮੁਹਿੰਮ ਜਿਸ ਵਿੱਚ ਇਲੈਕਟਰੋਨਿਕ ਮੀਡੀਆ (ਟੀ ਵੀ ਚੈਨਲ) ਅਤੇ ਪ੍ਰਿੰਟ ਮੀਡੀਆ( ਅੱਖਬਾਰ) ਸ਼ਾਮਲ ਹਨ ਉਪੱਰ ਹੀ ਕੋਈ 5000 ਕਰੋੜ ਖਰਚ ਹੋਏ ਹਨ ਜਿਹੜੇ ਅਮਰੀਕਨ ਰਾਸ਼ਟਰਪਤੀ ਬਰਾਕ ਓਬਾਮਾ ਸਾਰੀ ਚੋਣ ਮੁਹਿੰਮ ਦੇ ਬਰਾਬਰ ਬਣਦੇ ਹਨ।ਵਿਸ਼ਲੇਸ਼ਕਾਂ ਮੁਤਾਬਕ ਬੀ ਜੇ ਪੀ ਦੀ ਪੂਰੀ ਮੁਹਿੰਮ ਉਪੱਰ 10000 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ।ਹਰੇਕ ਉਮੀਦਵਾਰ ਦਾ ਖਰਚਾ ਜਿਸਦੀ ਹੱਦ ਕਾਨੂੰਨੀ ਤੌਰ ਤੇ 70 ਲੱਖ ਰੁਪਏ ਮਿੱਥੀ ਗਈ ਹੈ ਇਸਤੋਂ ਅਲੱਗ ਹੈ।
   ਦੇਸ਼ ਦੀਆਂ ਪਾਰਟੀਆਂ ਵਲੋਂ ਕੁੱਲ ਮਿਲਾ ਕੇ 30500 ਕਰੋੜ ਰੁਪਏ ਖਰਚ ਕਰਨ ਦਾ ਅੰਦਾਜ਼ਾ ਹੈ।ਸਰਕਾਰੀ ਖਜ਼ਾਨੇ ਉਪੱਰ 3426 ਕਰੋੜ ਰੁਪਏ ਦੇ ਬੋਝ ਦਾ ਅਨੁਮਾਨ ਲਗਾਇਆ ਗਿਆ ਹੈ ਜਿਹੜਾ 2009 ਦੀਆਂ ਚੋਣਾ ਨਾਲੋਂ 131% ਤੋਂ ਵੱਧ ਬਣਦਾ ਹੈ।1952 ਵਿੱਚ ਹੋਈਆਂ ਪਹਿਲੀਆਂ ਲੋਕ ਸਭਾ ਚੋਣਾ ਅੰਦਰ ਪ੍ਰਤੀ ਵੋਟਰ ਖਰਚਾ 60 ਪੈਸੇ ਸੀ, 2009 ਵਿੱਚ ਇਹ ਖਰਚਾ 12 ਰੁਪਏ ਪ੍ਰਤੀ ਵੋਟਰ ਅਤੇ 2014 ਵਿੱਚ ਇਹ ਖਰਚਾ ਵੱਧਕੇ 17 ਰੁਪਏ ਪ੍ਰਤੀ ਵੋਟਰ ਹੋ ਗਿਆ।ਵਿਕਾਸ ਦੇ ਪੂੰਜੀਵਾਦੀ ਮਾਡਲ ਅਧੀਨ ਅਜਿਹੀਆਂ ਚੋਣਾ ਅੰਦਰ ਜਿਥੇ ਪ੍ਰਚਾਰ ਦੇ ਸਾਰੇ ਸਾਧਨਾਂ ਉਪੱਰ ਹਾਕਮ ਜਮਾਤਾਂ ਦੀ ਸਰਦਾਰੀ ਕਾਇਮ ਹੋਵੇ ਉਥੇੇ ਮਜ਼ਦੂਰ ਜਮਾਤ ਦੇ ਕਿਸੇ ਨੁਮਾਂਇਦੇ ਲਈ ਅਜਿਹੀਆਂ ਚੋਣਾਂ ਵਿੱਚ ਭਾਗ ਲੈ ਸਕਣਾ ਕਿਵੇਂ ਸੰਭਵ ਹੋ ਸਕਦਾ ਹੈ?
   ਮੌਜੂਦਾ ਲੋਕ ਸਭਾ ਚੋਣਾ ਅੰਦਰ ਕਾਂਗਰਸ ਪਾਰਟੀ ਦੀਆਂ ਲੋਕ ਵਿਰੋਧੀ ਸਾਮਰਾਜਵਾਦੀ ਵਿਸ਼ਵੀਕਰਨ,ਤੇ ਸਾਮਰਾਜਵਾਦ ਪੱਖੀ ਨੀਤੀਆਂ ਕਾਰਨ ਦੇਸ਼ ਅੰਦਰ ਭਸ਼ਿਟਾਚਾਰ, ਮਹਿੰਗਾਈ ਅਤੇ ਬੇਰੁਜਗਾਰੀ ਦਾ ਬੋਲਬਾਲਾ ਹੋਣ ਕਾਰਨ ਇਸਨੂੰ ਕੇਵਲ 44 ਸੀਟਾਂ ਹਾਸਲ ਕਰਕੇ ਭਾਰੀ ਨਿਮੋਸ਼ੀ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ।ਇਸਦੇ ਨਾਲ ਹੀ ਕਿਸੇ ਸਮੇਂ ਲੋਕ ਸਭਾ ਅੰਦਰ ਰਹੀ ਵਿਰੋਧੀ ਪਾਰਟੀ ਅਤੇ ਲੰਬੇ ਸਮੇਂ ਤੱਕ ਕੇਰਲਾ, ਪੱਛਮੀ ਬੰਗਾਲ ਅਤੇ ਤ੍ਰਿਪੁਰਾ ਸੂਬਿਆਂ ਅੰਦਰ ਸਤ੍ਹਾ ਤੇ ਕਾਬਜ਼ ਰਹੀਆਂ ਅਤੇ ਯੂ ਪੀ ਏ ਸਰਕਾਰ ਦੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਨੂੰ ਆਪਣੇ ਅਧੀਨ ਰਾਜਾਂ ਅੰਦਰ ਲਾਗੂ ਕਰਨ ਅਤੇ ਯੂ ਪੀ ਏ ਸਰਕਾਰ ਸਮਰਥਨ ਕਰਨ ਵਾਲੀਆਂ ਖੱਬੀਆਂ ਪਾਰਟੀਆਂ ਸੀ ਪੀ ਆਈ(ਐਮ), ਸੀ ਪੀ ਆਈ ਅਤੇ ਇਨ੍ਹਾਂ ਦੀਆਂ ਸਹਿਯੋਗੀ ਪਾਰਟੀਆਂ ਨੂੰ ਵੀ ਕੇਵਲ 11 ਸੀਟਾਂ ਲੈਕੇ ਨਮੋਸ਼ੀ ਭਰਿਆ ਸਬਰ ਕਰਨਾ ਪੈ ਰਿਹਾ ਹੈ।
   ਭਾਰਤੀ ਬੁਰਜੂਆਜ਼ੀ ਪਾਰਲੀਮਾਨੀ ਜਮਹੂਰੀਅਤ ਅੰਦਰ ਹੁਣ ਤੱਕ ਜਿਹੜੀਆਂ ਪਾਰਟੀਆਂ ਸਤ੍ਹਾ ਉਪੱਰ ਕਾਬਜ਼ ਰਹੀਆਂ ਹਨ ਉਹ ਦੇਸ਼ ਦੀ ਘੱਟ ਗਿਣਤੀ (ਬੁਰਜੂਆ ਜਮਾਤ) ਦੀ ਹੀ ਨੁਮਾਇੰਦਗੀ ਹੀ ਕਰਦੀਆਂ ਆ ਰਹੀਆਂ ਹਨ।ਅੱਜ ਤੱਕ ਕੋਈ ਵੀ ਸਤ੍ਹਾ ਤੇ ਕਾਬਜ਼ ਪਾਰਟੀ 1952 ਤੋਂ ਲੈਕੇ ਹੁਣ ਤੱਕ ਕੁੱਲ ਵੋਟਾਂ ਦਾ ਅਤੇ ਨਾਂ ਹੀ ਪੋਲ ਹੋਈਆਂ ਵੋਟਾਂ ਦਾ ਬਹੂ-ਮੱਤ(50%ਤੋਂ ਉਪੱਰ) ਲੈ ਸਕੀਆਂ ਹਨ।ਮੌਜ਼ੂਦਾ ਲੋਕ ਸਭਾ ਚੋਣਾ ਦੀ ਗੱਲ ਕਰੀਏ ਤਾਂ ਭਾਰਤ ਦੀ ਕੋਈ 125 ਕਰੋੜ ਅਬਾਦੀ ਦੇ ਵੋਟਰਾਂ ਦੀ ਗਿਣਤੀ 81.45 ਕਰੋੜ ਵਿੱਚੋਂ 54 ਕਰੋੜ (66.38%) ਦੇ ਲੱਗ-ਪੱਗ ਵੋਟਾਂ ਪੋਲ ਹੋਈਆਂ।ਬੀ ਜੇ ਪੀ ਪੋਲ ਹੋਈਆਂ ਵੋਟਾਂ ਦਾ 38.9% ਵੋਟਾਂ ਲੈਕੇ 283 ਸੀਟਾਂ ਤੇ ਕਾਬਜ਼ ਹੋ ਗਈ।ਵੋਟਾਂ ਦੀ ਇਹ ਪ੍ਰਤੀਸ਼ਤ ਕੁੱਲ ਵੋਟਾਂ 81.45 ਕਰੋੜ ਦਾ ਕੇਵਲ 25.8% ਬਣਦਾ ਹੈ।ਕਾਂਗਰਸ ਪਾਰਟੀ ਪੋਲ ਹੋਈਆਂ ਵੋਟਾਂ ਦੇ 23.4% ਨਾਲ 44 ਸੀਟਾਂ ਪ੍ਰਾਪਤ ਕਰ ਸਕੀ ਜਿਹੜਾ ਕੁੱਲ ਵੋਟਾਂ ਦਾ 15.5% ਹੀ ਬਣਦਾ ਹੈ।
   ਕਾਂਗਰਸ ਪਾਰਟੀ ਦੀ ਘੱਟ ਗਿਣਤੀ ਸਰਕਾਰ ਹੋਣ ਦੇ ਬਾਵਜੂਦ ਉਹ ਦੇਸ਼ ਦੀ ਬਹੂ-ਗਿਣਤੀ ਜਨਤਾ ਉਪੱਰ ਲੋਕ ਵਿਰੋਧੀ ਤੇ ਸਾਮਰਾਜਵਾਦ ਪੱਖੀ ਨੀਤੀਆਂ ਹੀ ਠੋਸਦੀ ਆਈ ਹੈ।ਸਾਨੂੰ ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਬੀ ਜੇ ਪੀ ਦੇ ਭਾਰਤੀ ਰਾਜ ਦੀ ਸਤ੍ਹਾ ਤੇ ਕਾਬਜ਼ ਹੋਣ ਨਾਲ ਦੇਸ਼ ਅੰਦਰ ਲੋਕ ਪੱਖੀ ਨੀਤੀਆਂ ਲਾਗੂ ਹੋਣ ਦਾ ਦੌਰ ਸ਼ੁਰੂ ਹੋ ਜਾਵੇਗਾ।ਬੀ ਜੇ ਪੀ ਦਾ ਜਮਾਤੀ ਖਾੱਸਾ ਕਾਂਗਰਸ ਪਾਰਟੀ ਨਾਲੋਂ ਕੋਈ ਵਖੱਰਾ ਨਹੀ।ਇਸਦੀਆਂ ਨੀਤੀਆਂ ਵੀ ਸਾਮਰਾਜਵਾਦੀ ਵਿਸ਼ਵੀਕਰਨ ਅਤੇ ਸਾਮਰਾਜਵਾਦ ਪੱਖੀ ਹੀ ਹਨ।ਇਹ ਨਹੀਂ ਭੁਲਣਾ ਚਾਹੀਦਾ ਕਿ ਪੂੰਜੀਵਾਦੀ (ਬੁਰਜੂਆ) ਪਾਰਲੀਮਾਨੀ ਪ੍ਰਬੰਧ ਅਧੀਨ ਘੱਟ ਗਿਣਤੀ  ਬਹੁ-ਗਿਣਤੀ ਉਪੱਰ ਰਾਜ ਕਰਦੀ ਹੈ ਅਰਥਾਤ ਸਰਮਾਏਦਾਰ ਜਮਾਤ ਮਿਹਨਤਕਸ਼ ਜਮਾਤ ਉਪੱਰ ਰਾਜ ਕਰਦੀ ਭਾਵ ਸਰਮਾਏਦਾਰ ਜਮਾਤ ਲਈ ਜਮਹੂਰੀਅਤ ਅਤੇ ਮਿਹਨਤਕਸ਼ ਮਜ਼ਦੂਰ ਜਮਾਤ ਲਈ ਡਿਕਟੇਟਰਸ਼ਿਪ ਹੁੰਦੀ ਹੈ।
 ਕਾਰਲ ਮਾਰਕਸ ਦੇ ਕਥਨ ਅਨੁਸਾਰ, “ ਫਿਰ ਵੀ ਅਸੀਂ ਏਥੇ ਰਾਜਨੀਤਕ ਸੱਟੇਬਾਜ਼ਾਂ ਦੇ ਦੋ ਵੱਡੇ ਗੁਟ ਦੇਖਦੇ ਹਾਂ, ਜਿਹੜੇ ਵਾਰੋ ਵਾਰੀ ਸਤ੍ਹਾ ਤੇ ਕਾਬਜ਼ ਹੁੰਦੇ ਹਨ ਅਤੇ ਸੱਭ ਤੋਂ ਭਰਿਸ਼ਟ ਸਾਧਨਾਂ ਰਾਂਹੀ ਸੱਭ ਤੋਂ ਭਰਿਸ਼ਟ ਉਦੇਸ਼ਾਂ/ਮੰਤਵਾਂ ਲਈ ਲੁੱਟ ਕਰਦੇ ਹਨ।ਇਨ੍ਹਾਂ ਦੋਵਾਂ ਰਾਜਨੀਤਕ ਗੁਟਾਂ ਅੱਗੇ ਦੇਸ਼ ਸ਼ਕਤੀ ਹੀਣ ਰਹਿੰਦਾ ਹੈ।ਜਿਹੜੇ ਇਸਦੇ (ਦੇਸ਼) ਸੇਵਕ ਹੋਣ ਦਾ ਪਾਖੰਡ ਕਰਦੇ ਹਨ, ਅਸਲ ਵਿੱਚ ਇਸ ਉਪੱਰ ਹਾਵੀ ਹੁੰਦੇ ਹਨ ਅਤੇ ਇਸਨੂੰ ਲੁੱਟ ਦੇ ਹਨ”(“ਸਿਵਿਲ ਵਾਰ ਇਨ ਫਰਾਂਸ”)
ਪਵਨ ਕੁਮਾਰ ਕੌਸ਼ਲ    9855004500
ਵਾਰਡ ਨ:- 8, ਕੌਸ਼ਲ ਸਟਰੀਟ ਦੋਰਾਹਾ

No comments: