Friday, May 02, 2014

ਸ਼ਹਿਰ 'ਚੋਂ ਚੋਣ ਸਮੱਗਰੀ ਉਤਾਰਨ ਲਈ 10 ਤੋਂ ਵਿਸ਼ੇਸ਼ ਮੁਹਿੰਮ

ਰਾਜਸੀ ਪਾਰਟੀਆਂ, ਗੈਰ ਸਰਕਾਰੀ ਸੰਗਠਨ, ਵਿਦਿਅਕ ਅਦਾਰੇ, ਨਗਰ ਨਿਗਮ ਅਤੇ ਹੋਰ ਸੰਸਥਾਵਾਂ ਦੇਣ ਸਹਿਯੋਗ-DC
ਲੁਧਿਆਣਾ, 2 ਮਈ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਲੰਘੀ 30 ਅਪ੍ਰੈੱਲ ਨੂੰ ਲੋਕ ਸਭਾ ਹਲਕਾ ਲੁਧਿਆਣਾ ਲਈ ਵੋਟਾਂ ਪਾਉਣ ਦਾ ਕੰਮ ਸ਼ਾਂਤੀ ਪੂਰਨ ਤਰੀਕੇ ਨਾਲ ਸਿਰੇ ਚੜ ਗਿਆ ਹੈ। ਇਨ੍ਹਾਂ ਦਿਨਾਂ ਦੌਰਾਨ ਰਾਜਸੀ ਅਤੇ ਚੋਣ ਸਰਗਰਮੀਆਂ ਆਪਣੀ ਚਰਮ ਸੀਮਾ 'ਤੇ ਹੋਣ ਕਾਰਨ ਸ਼ਹਿਰ ਦਾ ਮੁਹਾਂਦਰਾ ਵੀ ਚੋਣ ਰੰਗ ਵਿੱਚ ਰੰਗਿਆ ਪ੍ਰਤੀਤ ਹੋ ਰਿਹਾ ਸੀ। ਵੱਖ-ਵੱਖ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਪ੍ਰਚਾਰ ਲਈ ਵਰਤੀ ਗਈ ਚੋਣ ਸਮੱਗਰੀ ਨਾਲ ਸ਼ਹਿਰ ਦੀਆਂ ਕੰਧਾਂ, ਛੱਤਾਂ ਅਤੇ ਰਸਤੇ ਕਾਫੀ ਬਦਰੰਗ ਨਜ਼ਰ ਆ ਰਹੇ ਹਨ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲਾ ਪ੍ਰਸਾਸ਼ਨ ਨੇ ਸ਼ਹਿਰ ਵਿੱਚ ਵਿਸ਼ੇਸ਼ ਸਫਾਈ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਜਿਸ ਤਹਿਤ ਚੋਣਾਂ ਨਾਲ ਸੰਬੰਧਤ ਸਾਰੇ ਪੋਸਟਰ, ਬੈਨਰ, ਹੋਰਡਿੰਗ ਅਤੇ ਫਲੈਕਸ ਵਗੈਰਾ ਉਤਾਰੇ ਜਾਣਗੇ ਅਤੇ ਸ਼ਹਿਰ ਨੂੰ ਮੁੜ ਤੋਂ ਸੁੰਦਰ ਦਿੱਖ ਪ੍ਰਦਾਨ ਕੀਤੀ ਜਾਵੇਗੀ। ਇਸ ਲਈ ਰਾਜਸੀ ਧਿਰਾਂ, ਗੈਰ ਸਰਕਾਰੀ ਸੰਗਠਨਾਂ, ਵਿਦਿਅਕ ਅਦਾਰਿਆਂ ਅਤੇ ਹੋਰ ਸੰਸਥਾਵਾਂ ਤੋਂ ਸਹਿਯੋਗ ਲਿਆ ਜਾਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਇਹ ਮੁਹਿੰਮ 10 ਮਈ ਤੋਂ ਲੈ ਕੇ 15 ਮਈ, 2014 ਤੱਕ ਚੱਲੇਗੀ। ਉਨ੍ਹਾਂ ਕਿਹਾ ਕਿ ਚੋਣ ਮੁਹਿੰਮ ਦੌਰਾਨ ਜੋ ਚੋਣ ਸਮੱਗਰੀ ਸ਼ਹਿਰ ਦੀਆਂ ਕੰਧਾਂ, ਛੱਤਾਂ ਅਤੇ ਹੋਰ ਹਿੱਸਿਆਂ 'ਤੇ ਲਗਾਈ ਗਈ ਹੈ, ਉਹ ਸਾਰੀ ਉਤਾਰੀ ਜਾਵੇਗੀ। ਇਸ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਰਾਜਸੀ ਪਾਰਟੀਆਂ, ਵੱਖ-ਵੱਖ ਉਮੀਦਵਾਰਾਂ, ਗੈਰ ਸਰਕਾਰੀ ਸੰਗਠਨਾਂ, ਵਿਦਿਅਕ ਅਦਾਰਿਆਂ, ਨਗਰ ਨਿਗਮ ਅਤੇ ਹੋਰ ਸੰਸਥਾਵਾਂ ਤੋਂ ਸਹਿਯੋਗ ਲਿਆ ਜਾਵੇਗਾ, ਤਾਂ ਜੋ ਸ਼ਹਿਰ ਨੂੰ ਮੁੜ ਤੋਂ ਆਮ ਵਰਗੀ ਸੋਹਣੀ ਦਿੱਖ ਪ੍ਰਦਾਨ ਕੀਤੀ ਜਾ ਸਕੇ। ਸ੍ਰੀ ਅਗਰਵਾਲ ਨੇ ਉਪਰੋਕਤ ਧਿਰਾਂ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਮਿਤੀ 10 ਤੋਂ 15 ਮਈ ਤੱਕ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਆਪਣੇ ਨੇੜੇ-ਤੇੜੇ ਦੇ ਇਲਾਕੇ ਨੂੰ ਸਾਫ਼ ਕਰਨ ਦਾ ਹੰਭਲਾ ਮਾਰਨ ਅਤੇ ਇਸ ਮੁਹਿੰਮ ਨੂੰ ਸਫ਼ਲ ਕਰਨ 'ਚ ਸਹਿਯੋਗ ਕਰਨ। 

No comments: