Friday, April 04, 2014

ਹਰ ਕੰਮ ਲਈ ਪੈਸੇ ਦਾ ਲੈਣ-ਦੇਣ ਪੂਰੇ ਜੋਰਾਂ ਤੇ ਹੈ

ਮਿਹਨਤਕਸ਼ ਜਨਤਾ ਨੂੰ ਸੰਘਰਸ਼ਾਂ ਤੇ ਟੇਕ ਰੱਖਣ ਦਾ ਸੱਦਾ
ਲੁਧਿਆਣਾ 4 ਅਪ੍ਰੈਲ (*ਪ੍ਰਕਾਸ਼ ਸਿੰਘ ਹਿੱਸੋਵਾਲ//ਪੰਜਾਬ ਸਕਰੀਨ):
ਬੇਰੁਜਗਾਰੀ, ਮਹਿੰਗਾਈ, ਲਾਅ-ਕਾਨੂੰਨੀ, ਭ੍ਰਿਸ਼ਟਾਚਾਰ ਨਾਲ ਜੂਝ ਰਹੀ ਮਿਹਨਤਕਸ਼ ਜਨਤਾ ਨੂੰ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਟਰੇਡ ਯੂਨੀਅਨ ਆਗੂ ਅਤੇ ਸਾਬਕਾ ਵਿਧਾਇਕ ਸ੍ਰੀ ਤਰਸੇਮ ਜੋਧਾਂ ਨੇ ਸਥਾਨਕ ਚਤਰ ਸਿੰਘ ਪਾਰਕ ਵਿਖੇ ਮਜ਼ਦੂਰਾਂ ਦੀ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਵੋਟਾਂ ਮੰਗਣ ਆਉਣ ਵਾਲੇ ਆਗੂਆਂ ਤੋਂ ਦੇਸ਼ ਅਤੇ ਸੂਬੇ ਨੂੰ ਨਸ਼ਾ ਮੁਕਤ ਕਰਨ, ਸਿਹਤ ਅਤੇ ਸਿੱਖਿਆ ਸਹੂਲਤਾਂ ਯਕੀਨੀ ਬਣਾਉਣ, ਪ੍ਰਦੂਸ਼ਣ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ, ਬੇਰੁਜਗਾਰੀ ਦੂਰ ਕਰਨ ਅਤੇ ਹੋਰ ਸਮੱਸਿਆਵਾਂ ਹੱਲ ਕਰਵਾਉਣ ਲਈ ਸਵਾਲ-ਜਵਾਬ ਜਰੂਰ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਜਾਦੀ ਤੋਂ ਬਾਅਦ ਹੁਣ ਤੱਕ ਫਿਰਕਾਪ੍ਰਸਤ, ਮੌਕਾਪ੍ਰਸਤ ਅਤੇ ਭ੍ਰਿਸ਼ਟ ਪਾਰਟੀਆਂ ਦੇ ਆਗੂ ਲੋਕਾਂ ਨੂੰ ਵੋਟ ਬਦਲੇ ਪੈਸੇ, ਹਰ ਪ੍ਰਕਾਰ ਦੇ ਨਸ਼ੇ, ਕਪੜੇ, ਭਾਂਡੇ, ਆਟਾ ਅਤੇ ਹੋਰ ਲਾਲਚ ਦੇ ਕੇ ਭਰਮਾਉਂਦੇ ਆਏ ਹਨ, ਪਰ ਲੋਕਾਂ ਨੂੰ ਇਹਨਾਂ ਪਾਰਟੀਆਂ ਤੋਂ ਨਿਰਾਸ਼ਾ ਤੋਂ ਬਿਨਾਂ ਹੋਰ ਕੁੱਝ ਵੀ ਪੱਲੇ ਨਹੀਂ ਪਿਆ । ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਕੋਈ ਧਿਆਨ ਨਹੀਂ ਦਿੰਦੀਆਂ, ਸਗੋਂ ਦੇਸ਼ ਦੀ ਪੂੰਜੀ, ਜਲ, ਜੰਗਲ ਤੇ ਜਮੀਨ ਨੂੰ ਦੇਸੀ-ਵਿਦੇਸ਼ੀ ਲੁਟੇਰਿਆਂ ਹੱਥ ਲੁਟਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਦੌਰ ਵਿੱਚ ਮਜ਼ਦੂਰਾਂ ਦੀ ਉਜਰਤ ਘੱਟ ਹੋਣ ਨਾਲ ਉਨ੍ਹਾਂ ਦਾ ਗੁਜਾਰਾ ਬਹੁਤ ਮੁਸ਼ਕਿਲ ਹੋ ਗਿਆ ਹੈ । ਉਨ੍ਹਾਂ ਭੱਠਾ ਮਜ਼ਦੂਰਾਂ ਦੀ ਉਜਰਤ ਵਿੱਚ ਵਾਧਾ ਕਰਵਾਉਣ, ਭਠਿਆਂ ਤੇ ਕਿਰਤ ਕਾਨੂੰਨ ਲਾਗੂ ਕਰਕੇ ਉਨ੍ਹਾਂ ਲਈ ਪੀਣ ਵਾਲਾ ਸਾਫ ਪਾਣੀ, ਬਾਥਰੂਮ, ਰਿਹਾਇਸ਼ ਅਤੇ ਹੋਰ ਸਮੱਸਿਆਵਾਂ ਦੇ ਹੱਲ ਲਈ ਚੱਲ ਰਹੇ ਸੰਘਰਸ਼ ਦੀ ਗੱਲ ਕਰਦਿਆਂ ਕਿਹਾ ਕਿ ਕਿਰਤ ਵਿਭਾਗ ਅਤੇ ਪ੍ਰਸਾਸ਼ਨ ਨੂੰ ਮਜ਼ਦੂਰਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਕਰਸ਼ਾਹੀ ਦਾ ਕੰਮ ਲੋਕਾਂ ਦੀ ਸੇਵਾ ਕਰਨਾ ਅਤੇ ਉਨ੍ਹਾਂ ਦੇ ਮਸਲੇ ਹੱਲ ਕਰਨਾ ਹੈ ਨਾ ਕਿ ਸਿਰਫ ਤੇ ਸਿਰਫ ਆਪਣੇ ਅਕਾਵਾਂ ਦੀ ਆਓ ਭਗਤ ਕਰਨਾ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰ ਕਾਨੂੰਨ ਨਾਮ ਦੀ ਕੋਈ ਚੀਜ ਨਹੀਂ ਹੈ। ਹਰ ਕੰਮ ਲਈ ਪੈਸੇ ਦਾ ਲੈਣ-ਦੇਣ ਪੂਰੇ ਜੋਰਾਂ ਤੇ ਹੈ ਅਤੇ ਪੁਲੀਸ ਦੇ ਸਿਆਸੀਕਰਨ ਹੋਣ ਨਾਲ ਅਕਾਲੀ-ਭਾਜਪਾ ਗਠਜੋੜ ਦੇ ਆਗੂ ਪੁਲੀਸ ਦੀ ਨਜਾਇਜ ਵਰਤੋਂ ਕਰ ਰਹੇ ਹਨ। ਘੱਟੋ-ਘੱਟ ਉਜ਼ਰਤ ਦਾ ਕਾਨੂੰਨ ਲਾਗੂ ਨਹੀਂ ਕੀਤਾ ਜਾ ਰਿਹਾ। ਬਾਲ ਮਜ਼ਦੂਰੀ ਅਤੇ ਬੇਰੁਜਗਾਰੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ । ਹਰ ਵਿਭਾਗ ਵਿੱਚ ਠੇਕੇਦਾਰੀ ਪ੍ਰਥਾ ਬੜੀ ਤੇਜੀ ਨਾਲ ਲਾਗੂ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੀ ਅੰਨੀ ਲੁੱਟ ਕੀਤੀ ਜਾ ਰਹੀ ਹੈ । ਉਨ੍ਹਾਂ ਮਿਹਨਤਕਸ਼ ਜਨਤਾ ਨੂੰ ਸੰਘਰਸ਼ਾਂ ਤੇ ਟੇਕ ਰੱਖਣ ਅਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ । 

ਇਸ ਮੌਕੇ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ (ਸੀਟੂ) ਦੇ ਜ਼ਿਲਾ ਸਕੱਤਰ ਪ੍ਰਕਾਸ਼ ਸਿੰਘ ਹਿੱਸੋਵਾਲ, ਸੂਬਾਈ ਆਗੂਆਂ ਚਰਨਜੀਤ ਸਿੰਘ ਹਿਮਾਂਯੂਪੁਰਾ, ਦਰਸ਼ਨ ਸਿੰਘ ਕੰਗਣਵਾਲ ਅਤੇ ਰਣਜੀਤ ਸਿੰਘ ਸਾਇਆਂ ਕਲਾਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਭੱਠਾ ਮਜ਼ਦੂਰਾਂ ਦੇ ਚੱਲ ਰਹੇ ਹੱਕੀ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਜਦੋਂ ਤੱਕ ਭੱਠਾ ਮਜ਼ਦੂਰਾਂ ਦੀ ਉਜ਼ਰਤ ਵਿੱਚ ਵਾਧਾ ਨਹੀਂ ਕੀਤਾ ਜਾਂਦਾ ਅਤੇ ਕਿਰਤ ਕਾਨੂੰਨ ਲਾਗੂ ਨਹੀਂ ਕੀਤੇ ਜਾਂਦੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ । ਉਨ੍ਹਾਂ ਕਿਹਾ ਕਿ ਇਸ ਦੌਰਾਨ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਂਵਾਰੀ ਭੱਠਾ ਮਾਲਕਾਂ ਅਤੇ ਪ੍ਰਸ਼ਾਸ਼ਨ ਸਿਰ ਹੋਵੇਗੀ । ਉਨ੍ਹਾਂ  ਭੱਠਾ ਮਜ਼ਦੂਰਾਂ ਨੂੰ ਆਗਾਮੀ ਚੋਣਾਂ ਵਿੱਚ ਫਿਰਕਾਪ੍ਰਸਤ, ਭ੍ਰਿਸ਼ਟ ਅਤੇ ਮੌਕਾਪ੍ਰਸਤ ਪਾਰਟੀਆਂ ਦਾ ਵਿਰੋਧ ਕਰਨ ਅਤੇ ਵੋਟਾਂ ਲਈ ਨਸ਼ੇ ਵੰਡਣ ਵਾਲੇ ਲੋਕਾਂ ਦਾ ਵਿਰੋਧ ਕਰਨ ਦਾ ਵੀ ਸੱਦਾ ਦਿੱਤਾ । 
ਇਸ ਮੌਕੇ ਰੈਲੀ ਨੂੰ ਜ਼ਿਲਾ ਆਗੂਆਂ ਪਰਵਿੰਦਰ ਕੁਮਾਰ, ਦਰਬਾਰਾ ਸਿੰਘ, ਨਿਰਮਲ ਸਿੰਘ, ਰਜਿੰਦਰ ਕੁਮਾਰ ਰਾਜੀ, ਗੁਲਜਾਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ । 
*ਪ੍ਰਕਾਸ਼ ਸਿੰਘ ਹਿੱਸੋਵਾਲ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ (ਸੀਟੂ) ਦੇ ਜ਼ਿਲਾ ਸਕੱਤਰ

No comments: