Wednesday, April 02, 2014

ਅਕਾਲੀ ਆਗੂ ਅਦਾਲਤੀਵਾਲ ਸੈਂਕੜੇ ਸਾਥੀਆਂ ਸਮੇਤ 'ਆਪ' ਵਿਚ ਸ਼ਾਮਲ

Wed, Apr 2, 2014 at 6:38 PM
ਅਕਾਲੀ ਨੀਤੀਆਂ ਤੋਂ ਦੁਖੀ ਅਤੇ ਕੇਜਰੀਵਾਲ ਤੋਂ ਪ੍ਰਭਾਵਿਤ ਹੋਏ ਅਦਾਲਤੀਵਾਲ 
ਲੁਧਿਆਣਾ, 2 ਅਪ੍ਰੈਲ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਇਸ ਦੇ ਸੀਨੀਅਰ ਅਤੇ ਪੁਰਾਣੇ ਆਗੂ ਹਰਜੀਤ ਸਿੰਘ ਅਦਾਲਤੀਵਾਲ ਨੇ ਸੈਂਕੜੇ ਸਾਥੀਆਂ ਸਮੇਤ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਸ. ਅਦਾਲਤੀਵਾਲ ਨੇ ਇਹ ਐਲਾਨ 'ਆਪ' ਦੇ ਸੀਨੀਅਰ ਆਗੂਆਂ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਅਤੇ ਡਾ. ਧਰਮਵੀਰ ਗਾਂਧੀ ਦੀ ਹਾਜਰੀ ਵਿਚ ਕੀਤਾ। 'ਆਪ' ਆਗੂਆਂ ਨੇ ਸ. ਅਦਾਲਤੀਵਾਲ ਅਤੇ ਉਹਨਾਂ ਦੇ ਸਾਥੀ ਆਗੂਆਂ ਨੂੰ ਪਾਰਟੀ ਵਿਚ ਜੀ ਆਇਆਂ ਕਿਹਾ ਅਤੇ ਇਸ ਨੂੰ 'ਆਪ' ਦੀ ਵਧ ਰਹੀ ਹਰਮਨਪਿਆਰਤਾ ਕਰਾਰ ਦਿੱਤਾ। ਜਿਕਰਯੋਗ ਹੈ ਕਿ ਸ. ਅਦਾਲਤੀਵਾਲ ਪਿਛਲੇ 36 ਸਾਲਾਂ ਤੋਂ ਅਕਾਲੀ ਦਲ ਦੀ ਸੇਵਾ ਕਰਦੇ ਆ ਰਹੇ ਸਨ ਅਤੇ ਪਾਰਟੀ ਛੱਡਣ ਵੇਲੇ ਉਹ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਸਨ ਅਤੇ ਉਹ ਲੋਕਾਂ ਵਿਚ ਵੱਡਾ ਅਧਾਰ ਰੱਖਦੇ ਹਨ। ਉਹ ਪੰਜਾਬ ਸਟੇਟ ਬੈਕਵਰਡ ਕਲਾਸਿਸ ਕਮਿਸ਼ਨ ਦੇ ਵਾਈਸ ਚੇਅਰਮੈਨ ਰਹਿ ਚੁੱਕੇ ਹਨ ਅਤੇ ਕੰਬੋਜ ਬਰਾਦਰੀ ਦੀ ਸਭ ਤੋਂ ਵੱਡੀ ਜਥੇਬੰਦੀ 'ਕੰਬੋਜ ਆਰਗੇਨਾਈਜ਼ੇਸ਼ਨ ਆਫ ਇੰਡੀਆ' ਦੇ ਬਾਨੀ ਪ੍ਰਧਾਨ ਵੀ ਰਹਿ ਚੁੱਕੇ ਹਨ। ਉਹਨਾਂ ਦੇ ਜਨਤਕ ਆਧਾਰ ਦਾ ਅੰਦਾਜਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਉਹ ਅਕਾਲੀ ਦਲ ਦੇ ਹੱਕ ਵਿਚ ਵਿਸ਼ਾਲ ਇਕੱਠ ਆਯੋਜਿਤ ਕਰਦੇ ਰਹੇ ਹਨ। ਬਿਨਾਂ ਸ਼ੱਕ ਅਕਾਲੀ ਦਲ ਲਈ ਇਹ ਇਕ ਵੱਡੀ ਸੱਟ ਹੈ। ਸ. ਅਦਾਲਤੀਵਾਲ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਅਕਾਲੀ ਦਲ ਦੀਆਂ ਪੰਜਾਬ ਵਿਰੋਧੀ ਨੀਤੀਆਂ ਕਾਰਨ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ ਅਤੇ ਉਹ ਉਹਨਾਂ ਦੀ ਅਗਵਾਈ ਵਾਲੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿਚ ਜਿਤਾਉਣ ਲਈ ਦਿਨ-ਰਾਤ ਇਕ ਕਰ ਦੇਣਗੇ।

No comments: