Wednesday, April 23, 2014

ਸੰਦੀਪ ਕੌਰ ਰਿਐਤ ਨੇ ਦੱਸੇ ਵਿਦਿਆਰਥਣਾਂ ਨੂੰ ਕਾਰੋਬਾਰੀ ਤਰੱਕੀ ਦੇ ਗੁਰ

MTSM ਕਾਲਜ ਵਿੱਚ ਕਰਾਇਆ ਗਿਆ ਯਾਦਗਾਰੀ ਸੈਮੀਨਾਰ
ਲੁਧਿਆਣਾ: 22 ਅਪ੍ਰੈਲ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਜ਼ਿੰਦਗੀ ਦੇ ਰਸਤਿਆਂ ਤੇ ਕਦੇ ਕੋਈ ਔਕੜ ਨਾ ਆਵੇ ਇਹ ਹੋ ਨਹੀਂ ਸਕਦਾ। ਕਿਸੇ ਨੇ ਸਚ ਆਖਿਆ ਹੈ ਕਿ ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ। ਜਿਹੜੇ ਹਿੰਮਤ ਵਾਲੇ ਲੋਕ ਇਹਨਾਂ ਔਕੜਾਂ ਦਾ ਸਾਹਮਣਾ ਮੁਸਕਰਾ ਕੇ ਕਰ ਜਾਂਦੇ ਹਨ ਓਹ ਸਮੇਂ ਦੇ ਸ਼ਾਹਸਵਾਰ ਬਣ ਜਾਂਦੇ ਹਨ। ਅੱਜ ਅਸੀਂ ਚਰਚਾ ਕਰ ਰਹੇ ਇੱਕ ਅਜਿਹੀ ਹੀ ਸ਼ਖਸੀਅਤ ਦੀ ਜਿਸ  ਜ਼ਿੰਦਗੀ ਵਿੱਚ ਆਈ ਹਰ ਔਕੜ ਨੂੰ ਇੱਕ ਚੁਨੌਤੀ ਵਾਂਗ ਤਾਂ ਲਿਆ ਪਰ ਮੁਸਕਰਾ ਕੇ। ਇਸ ਸ਼ਖਸੀਅਤ ਨਾਲ ਇੱਕ ਛੋਟੀ ਜਿਹੀ ਮੁਲਾਕਾਤ ਹੋਈ ਇੱਕ ਸੈਮੀਨਾਰ ਵਿੱਚ। ਅਕਾਲ ਸਪਰਿੰਗ ਫਰਮ ਦੀ ਐਮਡੀ ਸੰਦੀਪ ਕੌਰ ਰਿਐਤਬੜੀ ਹੀ ਸਾਦਗੀ ਨਾਲ ਆਪਣੀ ਸਫਲਤਾ ਦੇ ਗੁਰ ਦੂਜਿਆਂ ਨੂੰ ਦੱਸ ਰਹੀ ਸੀ। ਅਜਿਹੇ ਮਿਹਨਤ ਨਾਲ ਕਮਾਏ ਗੁਰ ਦੂਜਿਆਂ ਨੂੰ ਦੱਸਣਾ ਤਾਂਕਿ ਓਹ ਵੀ ਉਸ ਵਾਂਗ ਸਫਲ ਬਣ ਸਕਣ---ਅਜਿਹਾ ਅੱਜ ਦੇ ਸਵਾਰਥੀ ਯੁਗ ਵਿੱਚ ਸੰਭਵ ਹੀ ਨਹੀਂ ਲੱਗਦਾ ਪਰ ਇਹ ਸਭਕੁਝ ਅੱਖਾਂ ਦੇ ਸਾਹਮਣੇ ਸਾਕਾਰ ਸੀ। ਛੋਟੇ ਵੱਡੇ ਸਭ ਪੂਰੀ ਤਰਾਂ ਧਿਆਨ ਮਗਨ ਹੋ ਕੇ ਸੁਣ ਰਹੇ ਸਨ। ਭਾਸ਼ਣ ਅੰਗ੍ਰੇਜ਼ੀ ਵਿੱਚ ਸੀ ਪਰ ਵਿੱਚ ਵਿੱਚ ਹਿੰਦੀ ਪੰਜਾਬੀ ਦਾ ਤੜਕਾ ਕਾਰੋਬਾਰੀ ਹਿਸਾਬ ਕਿਤਾਬ ਨਾਲ ਪੜ੍ਹਾਈ ਦੇ ਇਸ ਰੁੱਖੇ ਜਹੇ ਲੱਗਦੇ ਵਿਸ਼ੇ ਨੂੰ ਬੜਾ ਰੌਚਕ ਬਣਾ ਰਿਹਾ ਸੀ।  ਗੰਭੀਰ ਗੱਲਾਂ ਨੂੰ ਛੋਟੀਆਂ ਛੋਟੀਆਂ ਕਹਾਣੀਆਂ ਨਾਲ ਬੜੇ ਸਹਿਜੇ ਸਮਝਾਇਆ ਜਾ ਰਿਹਾ ਸੀ। ਕਦੇ ਅਚਾਨਕ ਹੀ ਹਾਸਾ ਛਣਕਦਾ ਤੇ ਕਦੇ ਬਿਲਕੁਲ ਖਾਮੋਸ਼ੀ--ਜਿਵੇਂ ਸੂਈ ਡਿੱਗਣ ਦੀ ਆਵਾਜ਼ ਵੀ ਸੁਣੀ ਜਾ ਸਕੇ। ਕਾਰੋਬਾਰੀ ਦੁਨੀਆ ਵਿੱਚ ਕੁੜੀਆਂ ਨੂੰ ਆਪਣੇ ਕਮਾਲ ਦਿਖਾਉਣ ਦਾ ਸੱਦਾ ਆਪਣਾ ਰੰਗ ਦਿਖਾ ਰਿਹਾ ਸੀ।  ਵਿਦਿਆਰਥਣਾਂ  ਦੇ ਨਾਲ ਨਾਲ ਅਧਿਆਪਕਾਵਾਂ ਦੇ ਚਿਹਰਿਆਂ ਤੇ ਵੀ ਇੱਕ ਨਵੀਂ ਚਮਕ ਉਭਰ ਰਹੀ ਸੀ। ਇਸ ਭਾਸ਼ਣ ਵਿੱਚ ਕਿਤਾਬੀ ਸਿਧਾਂਤਾਂ ਦੇ ਨਾਲ ਨਾਲ ਤਜਰਬੇ ਦੇ ਨਿਚੋੜ ਵੀ ਸਨ। ਆਪਣੇ ਪਿਤਾ ਦੇ ਸਦੀਵੀ ਵਿਛੋੜੇ ਤੋਂ ਬਾਅਦ ਖੁਦ ਨੂੰ ਸੰਭਾਲਣ ਅਤੇ ਅਚਾਨਕ ਹੀ ਸੰਕਟਾਂ ਵਿੱਚ ਘਿਰ ਗਈ ਆਪਣੀ ਫਰਮ ਨੂੰ ਸੰਭਾਲ ਕੇ ਫਿਰ ਸਿਖਰਾਂ ਵੱਲ ਲੈ ਜਾਣ ਜਾਦੂਈ ਢੰਗ ਤਰੀਕਿਆਂ ਦੀ ਚਰਚਾ ਸੀ। ਐਮਬੀਏ ਦੀਆਂ ਵਿਦਿਆਰਥਣਾਂ ਇਸ ਭਾਸ਼ਣ ਵਿੱਚ ਕਿਸੇ ਬਹੁਤ ਹੀ ਦਿਲਚਸਪ ਫਿਲਮ ਵਾਂਗ ਮਗਨ ਸਨ। ਫੋਟੋ ਖਿਚਣ ਲਈ ਕੈਮਰੇ ਦੀ ਫਲੈਸ਼ ਵਾਲੀ ਤਿੱਖੀ ਰੌਸ਼ਨੀ ਵੀ ਉਹਨਾਂ ਦਾ ਧਿਆਨ ਭੰਗ ਕਰਦੀ ਜਾਪਦੀ। ਐਲ ਐਮ ਏ ਐਵਾਰਡ ਅਤੇ ਕਈ ਹੋਰ ਮਾਣ ਸਨਮਾਣ ਹਾਸਲ ਕਰ ਚੁੱਕੀ ਸੰਦੀਪ ਦੇ ਚਿਹਰੇ ਤੇ ਉਹ ਆਤਮ ਵਿਸ਼ਵਾਸ ਨਜਰ ਆ ਰਿਹਾ ਸੀ ਜਿਹੜਾ ਇਮਾਨਦਾਰੀ ਨਾਲ ਕੀਤੀ ਮਿਹਨਤ ਮਗਰੋਂ ਮਿਲੀ ਸਫਲਤਾ ਨਾਲ ਆਉਂਦਾ ਹੈ। ਉਸਦੀਆਂ ਅੱਖਾਂ ਵਿੱਚ ਉਹ ਚਮਕ ਸੀ ਜਿਹੜੀ ਕਿਰਤ ਕਮਾਈ ਨਾਲ ਆਉਂਦੀ ਹੈ। ਫਰਮ ਦੀ ਐਮਡੀ ਹੋਣ ਦੇ ਬਾਵਜੂਦ ਬਾਕੀ ਦੇ  ਵਾਂਗ ਤਨਦੇਹੀ ਨਾਲ ਮਿਹਨਤ ਕਰਨ ਵਾਲੀ ਸੰਦੀਪ ਕੌਰ ਰਿਐਤ ਨੇ ਇਸ ਸੈਮੀਨਾਰ ਵਿੱਚ ਕਈ ਗੱਲਾਂ ਦੱਸੀਆਂ।
ਕਾਲਜ ਦੀ ਪ੍ਰਿੰਸੀਪਲ ਡਾਕਟਰ ਪ੍ਰਵੀਨ ਕੌਰ ਚਾਵਲਾ ਨੇ ਇਸ ਸੈਮੀਨਾਰ ਵਿੱਚ ਆਉਣ ਲਈ ਅਤੇ ਵਿਦਿਆਰਥਣਾਂ ਨੂੰ ਮਾਰਗ ਦਰਸ਼ਨ ਦੇਣ ਲਈ ਉਹਨਾਂ ਦਾ ਧੰਨਵਾਦ ਕੀਤਾ। 

No comments: