Sunday, April 06, 2014

ਭਗਤ ਸਿੰਘ ਇੱਕ, ਸਮਾਜਵਾਦੀ ਇਨਕਲਾਬੀ ਅਤੇ ਮਾਰਕਸਵਾਦੀ !

ਅੰਗਰੇਜ਼ ਸਾਮਰਾਜ ਨੂੰ ਕਾਂਗਰਸ ਤੋਂ ਕੋਈ ਖਤਰਾ ਨਹੀ ਸੀ   -ਪਵਨ ਕੁਮਾਰ ਕੌਸ਼ਲ
ਖਤਰਾ ਸੀ ਤਾਂ ਕੇਵਲ ਭਗਤ ਸਿੰਘ ਅਤੇ ਉਸਦੀ ਇਨਕਲਾਬੀ ਸਰਗਰਮੀਆਂ ਤੋਂ
ਲੇਖਕ 
ਮਹਾਨ ਸਮਾਜਵਾਦੀ ਇਨਕਲਾਬੀ ਚੀ ਗੁਵਾਰਾ ਤੋਂ ਬਾਅਦ ਜੇਕਰ ਕਿਸੇ ਦੀ ਜ਼ੁਬਾਨ ਤੇ ਦੂਸਰਾ ਨਾ ਆਉਦਾ ਹੈ ਤਾਂ ਉਹ ਹੈ ਭਗਤ ਸਿੰਘ। ਭਗਤ ਸਿੰਘ ਭਾਰਤੀ ਉੱਪ-ਮਹਾਂਦੀਪ ਦੀ ਹੀ ਨਹੀ ਬਲਕਿ ਏਸ਼ੀਆ ਉੱਪ-ਮਹਾਂਦੀਪ ਦੀ ਇੱਕ ਵਿਲੱਖਣ ਸਖਸ਼ੀਅਤ ਸੀ ਜਿਸਨੇ ਛੋਟੀ ਉਮਰੇ ਉਹ ਕੁੱਝ ਕਰ ਦਿਖਾਇਆ ਜਿਸਦੀ ਮਿਸਾਲ ਅੱਜ ਵੀ ਨਹੀਂ ਮਿਲਦੀ। ਉਸਨੇ ਮਾਤਰ ਸਾਢੇ ਤੇਈ ਸਾਲ ਦੀ ਉਮਰ ਤੱਕ ਭਾਰਤ ਅੰਦਰ ਬਰਤਾਨਵੀ ਸਾਮਰਾਜ ਦੀਆਂ ਨੀਹਾਂ ਹਿਲਾ ਕਿ ਰੱਖ ਦਿਤੀਆਂ ਸਨ ਅਤੇ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਜਿਹੜੀ ਅੰਗਰੇਜ਼ ਸਾਮਰਾਜ ਤੋਂ ਭਾਰਤ ਲਈ ਡੋਮੀਨੀਅਨ ਸਟੇਟਸ ਲਈ ਲੇਲੜੀਆਂ ਕਢਦੀ ਸੀ ਨੂੰ ਭਾਰਤ ਲਈ ਪੂਰਨ ਸਵਰਾਜ ਦੀ ਮੰਗ ਕਰਨ ਲਈ ਮਜਬੂਰ ਕਰ ਦਿੱਤਾ। ਅੰਗਰੇਜ਼ ਸਾਮਰਾਜ ਨੂੰ ਕਾਂਗਰਸ ਤੋਂ ਕੋਈ ਖਤਰਾ ਨਹੀ ਸੀ ਜੇ ਸੀ ਤਾਂ ਉਹ ਸੀ ਭਗਤ ਸਿੰਘ ਅਤੇ ਉਸਦੀ ਇਨਕਲਾਬੀ ਜਥੇਬੰਦੀ ਦੀਆਂ ਇਨਕਲਾਬੀ ਗਤੀਵਿੱਧੀਆਂ ਤੋਂ। 28 ਸਤੰਬਰ 1907 ਨੂੰ ਜਨਮੇ ਇਸ ਭਾਰਤੀ ਮਹਾਨ ਯੋਧੇ ਨੂੰ 23 ਮਾਰਚ 1931 ਨੂੰ ਕੋਈ 23 ਸਾਲ 5 ਮਹੀਨੇ ਤੇ 25 ਦਿਨ ਦੀ ਉਮਰ ਵਿੱਚ ਉਸਦੇ ਦੋ ਹੋਰ ਸਾਥੀਆਂ ਰਾਜਗੁਰੁ ਤੇ ਸੁਖਦੇਵ ਸਮੇਤ ਫਾਂਸੀ ਤੇ ਲਟਕਾ ਦਿੱਤਾ ਗਿਆ।ਇਹ ਯਾਦ ਰਖਣ ਵਾਲੀ ਗਲ ਹੈ ਕਿ ਉਸ ਸਮੇਂ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਇਨ੍ਹਾਂ ਦੀ ਮੌਤ ਦੀ ਸਜਾ ਦਾ ਮੁਕਤ ਕਰਵਾਉਣਾ ਤਾਂ ਇੱਕ ਪਾਸੇ ਰਿਹਾ ਸਜਾ ਨੂੰ ਘੱਟਾਉਣ ਲਈ ਵੀ ਕੋਈ ਚਾਰਾਜੋਈ ਨਹੀਂ ਕੀਤੀ ਸਿਰਫ ਚਿੰਤਾ ਇਸ ਗਲ ਦੀ ਸੀ ਕਿ ਭਗਤ ਸਿੰਘ ਅਤੇ ਇਸਦੇ ਸਾਥੀਆਂ ਨੂੰ ਫਾਂਸੀ ਤੇ ਲਟਕਾਉਣ ਤੋਂ ਪਿਛੋਂ ਦੇਸ਼ ਦੇ ਹਾਲਾਤ ਨਾਂ ਵਿਗੜ ਜਾਣ।
ਭਗਤ ਸਿੰਘ ਇੱਕ ਰੱਜਦੇ-ਪੁੱਜਦੇ ਪਰੀਵਾਰ ਵਿਚੋਂ ਸੀ। ਉਸਦਾ ਦਾਦਾ ਇੱਕ ਤਕੜਾ ਜਿੰਮੀਦਾਰ ਸੀ। ਉਸ ਅੰਦਰ ਦੇਸ਼ ਭਗਤੀ ਕੁੱਟ-ਕੁੱਟ ਕੇ ਭਰੀ ਹੋਈ ਸੀ। ਭਗਤ ਸਿੰਘ ਦੀ ਦਾਦੀ ਵੀ ਇੱਕ ਦਲੇਰ ਔਰਤ ਸੀ। ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਉਸਦੇ ਚਾਚਿਆਂ ਸਰਦਾਰ ਅਜੀਤ ਸਿੰਘ ਅਤੇ ਸਰਦਾਰ ਸਵਰਨ ਸਿੰਘ ਦੇ ਦੇਸ਼ ਪ੍ਰਤੀ ਪਿਆਰ ਦੀ ਭਾਵਨਾ ਸਾਰੇ ਪੰਜਾਬ ਅੰਦਰ ਇੱਕ ਮਿਸਾਲ ਸੀ। ਸਖਤ ਤੋਂ ਸਖਤ ਸਜਾਵਾਂ, ਜੇਲ੍ਹਾਂ ਅਤੇ ਜਲਾਵਤਨੀਆਂ ਉਨ੍ਹਾਂ ਦੀ ਦੇਸ਼ ਭਗਤੀ ਪ੍ਰਤੀ ਜਜ਼ਬੇ ਨੂੰ ਘਟਾ ਨਹੀਂ ਸਕੀਆਂ ਸਗੋਂ ਹੋਰ ਦ੍ਰਿੜ ਹੁੰਦਾ ਗਿਆ।ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਨੇ ਘਰ ਦੇ ਸਾਰੇ ਸੁੱਖ ਆਰਾਮ ਛੱਡ ਕੇ ਪੰਜਾਬ ਨੂੰ ਰਾਜਨੀਤਕ ਤੌਰ ਮੁਕੱਤੀ ਪ੍ਰਾਪਤ ਕਰਨ ਲਈ ਲਾਮਬੰਦ ਕਰਨਾ ਸ਼ੁਰੂ ਕਰ ਦਿਤਾ।
ਭਾਰਤ ਦੀ ਆਜ਼ਾਦੀ ਬਾਰੇ ਵਿਸ਼ੇਸ਼ ਲਿਖਤ ਪੰਜਾਬ ਸਕਰੀਨ  ਹਿੰਦੀ ਵਿੱਚ 
ਜਤਿੰਦਰ ਸਨਿਆਲ ਨੇ ਆਪਣੀ ਕਿਤਾਬ “ਸਰਦਾਰ ਭਗਤ ਸਿੰਘ” ਵਿੱਚ ਲਿਖਿਆ ਹੈ, “ਭਗਤ ਸਿੰਘ ਜਮਾਤ ਦੇ ਕਮਰੇ ਵਿੱਚ ਰਹਿਣ ਨਾਲੋਂ ਬਾਹਰ ਰਹਿਣਾ ਜਿਆਦਾ ਪੰਸਦ ਕਰਦਾ ਸੀ। ਭਗਤ ਸਿੰਘ ਨੂੰ ਉਸਦੇ ਵੱਡੇ ਭਰਾ ਜਗਤ ਸਿੰਘ ਜਿਸਦੀ 11 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ, ਨਾਲ ਬੰਗਾ ਜਿਲ੍ਹਾ ਲਾਇਲਪੁਰ ਦੇ ਪ੍ਰਾਇਮਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਸੀ। ਇਸਤੋਂ ਬਾਅਦ ਭਗਤ ਸਿੰਘ ਦੇ ਪਿਤਾ ਲਹੌਰ ਨੇੜੇ ਨਵਾਂਕੋਟ ਆ ਗਏ ਬਾਅਦ ਵਿੱਚ ਭਗਤ ਸਿੰਘ ਨੂੰ ਵੀ ਡੀ. ਏ. ਵੀ. ਸਕੂਲ ਲਹੋਰ ਵਿੱਚ ਦਾਖਲ ਕਰਵਾ ਦਿੱਤਾ ਗਿਆ”।
ਜਦੋਂ ਭਗਤ ਸਿੰਘ ਕੇਵਲ 14 ਸਾਲਾਂ ਦਾ ਸੀ ਤਾਂ ਦੇਸ਼ ਦੀ ਸੇਵਾ ਲਈ ਉਸ ਅੰਦਰਲੇ ਜੋਸ਼ ਨੇ ਉਸਨੂੰ ਪੰਜਾਬ ਅੰਦਰ ਕੰਮ ਕਰਦੀਆਂ ਕੁੱਝ ਇਨਕਲਾਬੀ ਜਥੇਬੰਦੀਆਂ ਦੇ ਸੰਪਰਕ ਵਿੱਚ ਲੈ ਆਦਾਂ।ਕੁਲਦੀਪ ਨਈਅਰ ਆਪਣੀ ਕਿਤਾਬ, “ਭਗਤ ਸਿੰਘ ਦੇ ਇਨਕਲਾਬੀ ਤਜਰਬੇ” ਵਿੱਚ ਲਿਖਦਾ ਹੈ ਕਿ, “ਗਾਂਧੀ ਨੇ ਨਵੰਬਰ 1930 ਨਾ-ਮਿਲਵਰਤਨ ਲਹਿਰ ਦਾ ਸੱਦਾ ਕਾਂਗਰਸ ਪਾਰਟੀ ਦੀ ਇੱਕ ਸਭਾ ਵਿੱਚ ਦਿੱਤਾ।ਇਸ ਸੱਦੇ ਤੇ ਤੱਤਕਾਲ ਵਿਦਿਆਰਥੀਆਂ ਨੇ ਪੜਾਈ ਨੂੰ ਅਲਵਦਾ ਆਖੀ, ਵਕੀਲਾਂ ਨੇ ਅਦਾਲਤਾਂ ਦਾ ਤਿਆਗ ਕਰ ਦਿੱਤਾ, ਡਾਕਟਰ ਕਲਿਨਿਕ ਵਿੱਚ ਜਾਣੋ ਹੱਟ ਗਏ ਤੇ ਸਰਕਾਰੀ ਕਰਮਚਾਰੀ ਆਪਣੀਆਂ ਨੌਕਰੀਆਂ ਦਾ ਤਿਆਗ ਕਰਕੇ ਸਾਰੇ ਗਾਂਧੀ ਪਿੱਛੇ ਲਾਮਬੰਦ ਹੋ ਗਏ”।ਇਸ ਤਰ੍ਹਾਂ ਭਾਰਤ ਅੰਦਰ ਗਾਂਧੀ ਦੀ ਨਾ-ਮਿਲਵਰਤਨ ਲਹਿਰ ਨੂੰ ਲਾ-ਮਿਸਾਲ ਹੁੰਗਾਰਾ ਮਿਲਿਆ ਅਤੇ ਇਉਂ ਜਾਪਣ ਲਗਾ ਕਿ ਲਹਿਰ ਏਸੇ ਤਰ੍ਹਾਂ ਅਗੇ ਵੱਧਦੀ ਰਹੀ ਤਾਂ ਦੇਸ਼ ਜਲਦੀ ਹੀ ਅਜ਼ਾਦ ਹੋ ਜਾਵੇਗਾ।ਪ੍ਰੰਤੂ ਗਾਂਧੀ ਅਤੇ ਇਸ ਦੀ ਕਾਂਗਰਸ ਪਾਰਟੀ ਦੀ ਨੀਯਤ ਸਾਫ ਨਹੀਂ ਸੀ, ਇਸੇ ਦੌਰਾਨ 12 ਫਰਵਰੀ 1921 ਨੂੰ ਅੰਗਰੇਜ਼ੀ ਰਾਜ ਵਿਰੁਧ ਪਰਦਰਸ਼ਨ ਕਰ ਰਹੇ ਲੋਕ ਜਦੋਂ ਉੱਤਰ ਪ੍ਰਦੇਸ਼ ਦੇ ਚੌਰਾ-ਚੌਰੀ ਪਿੰਡ ਨੇੜਲੇ ਪੁਲਿਸ ਥਾਣੇ ਕੋਲੋਂ ਦੀ ਲੰਘ ਰਹੇ ਸਨ ਤਾਂ ਪੁਲਿਸ ਵਾਲਿਆਂ ਦੀ ਜਿਆਦਤੀ ਕਾਰਨ ਪੁਲਿਸ ਅਤੇ ਪਰਦਰਸ਼ਨਕਾਰੀਆਂ ਵਿੱਚ ਝੱੜਪ ਹੋ ਗਈ, ਪੁਲਿਸ ਦੀਆਂ ਗੋਲੀਆਂ ਨਾਲ ਕਈ ਲੋਕ ਮਾਰੇ ਗਏ ਅਤੇ ਗੁਸੇ'ਚ ਆਏ ਪਰਦਰਸ਼ਨ ਕਾਰੀਆਂ ਨੇ ਥਾਣੇ ਨੂੰ ਅੱਗ ਲਗਾ ਦਿੱਤੀ ਜਿਸ ਵਿੱਚ ਕਈ ਪੁਲਿਸ ਕਰਮਚਾਰੀ ਮਾਰੇ ਗਏ।ਏਸੇ ਰੋਸ ਵਝੌਂ ਗਾਂਧੀ ਨੇ ਸਿਖਰ ਤੇ ਪੁੱਜੀ ਨਾ-ਮਿਲਵਰਤਨ ਲਹਿਰ ਵਾਪਸ ਲੈ ਲਈ ਅਤੇ ਪੁਲਿਸ ਦੀ ਨਿਖੇਧੀ ਵਿੱਚ ਕੁੱਝ ਵੀ ਨਹੀਂ ਕਿਹਾ।ਭਗਤ ਸਿੰਘ ਨੇ ਮਹਿਸੂਸ ਕੀਤਾ ਕਿ ਭਾਰਤ ਨੇ ਅੰਗਰੇਜ਼ ਸਾਮਰਾਜ ਨੂੰ ਗੋਡੇ ਟੇਕਣ ਲਈ ਮਜਬੂਰ ਕਰਨ ਦਾ ਇੱਕ ਵਧੀਆ ਮੌਕਾ ਗੁਆ ਲਿਆ।
ਕੁਲਦੀਪ ਨਈਅਰ ਇਸੇ ਕਿਤਾਬ ਵਿੱਚ ਅਗੇ ਲਿਖਦਾ ਹੈ ਕਿ “ਭਗਤ ਸਿੰਘ ਨੇ ਆਪਣੇ ਪਿਤਾ ਨੂੰ ਇਹ ਵੀ ਕਿਹਾ ਕਿ ਉਹ ਗਾਂਧੀ ਦੀ ਨਾ ਤਾਂ ਰਾਜਸੀ ਪੈਂਤੜੇਬਾਜ਼ੀ ਤੇ ਨਾ ਹੀ ਨੈਤਿਕ ਪਹੁੰਚ ਸਮਝ ਸਕਿਆ ਹੈ ਕਿਉਂਕਿ ਉਸਨੇ ਇੱਕ ਵੱਡੀ ਮੁਹਿੰਮ ਨੂੰ ਇੱਕ ਹੀ ਝਟਕੇ ਨਾਲ ਟੁਕੜੇ-ਟੁਕੜੇ ਕਰ ਦਿੱਤਾ ਹੈ”।

Video ਰਵਾਇਤੀ ਸ਼ਰਧਾਂਜਲੀਆਂ 'ਤੇ ਭਾਰੂ ਰਿਹਾ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਰੰਗ-ਵੀਡੀਓ 

ਭਗਤ ਸਿੰਘ ਨੇ ਨਾ-ਮਿਲਵਰਤਨ ਲਹਿਰ ਦੇ ਗਾਂਧੀ ਦੀ ਇਸ ਪੈਂਤੜਬਾਜੀ ਨਾਲ ਫੇਲ ਹੋ ਜਾਣ ਤੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਹੋਰ ਰਸਤਾ ਲੱਭਣਾ ਸ਼ੁਰੂ ਕਰ ਦਿੱਤਾ।ਲੈਨਿਨ ਦੀ ਅਗਵਾਈ ਵਿੱਚ ਹੋਏ ਰੂਸੀ ਇਨਕਲਾਬ ਤੋਂ ਪ੍ਰਭਾਵਤ ਹੋਕੇ ਭਗਤ ਸਿੰਘ ਨੇ ਲੈਨਿਨ ਅਤੇ ਹੋਰ ਸਮਾਜਵਾਦੀ ਇਨਕਲਾਬੀਆਂ ਨੂੰ ਪੜਿਆ ਅਤੇ ਅੰਗਰੇਜ਼ ਸਾਮਰਾਜ ਵਿੱਰੁਧ ਬਣਾਈ “ਹਿੰਦੁਸਤਾਨ ਰੀਪਬਲਿਕਨ ਐਸੋਸੀਏਸ਼ਨ” ਦੇ ਨਾਂ ਨਾਲ ਸੋਸਲਿਸ਼ਟ ਸ਼ਬਦ ਲਗਾਕੇ “ਹਿੰਦੁਸਤਾਨ ਸੋਸਲਿਸ਼ਟ ਰੀਪਬਲਿਕਨ ਐਸੋਸੀਏਸ਼ਨ” ਕਰ ਦਿੱਤਾ।ਭਗਤ ਸਿੰਘ ਦੇ ਵਿਚਾਰਾਂ ਵਿੱਚ ਇਹ ਇੱਕ ਗੁਣਾਤਮਕ ਤਬਦੀਲੀ ਸੀ ਜਿਸਨੇ ਉਸਨੂੰ ਇੱਕ ਸਮਾਜਵਾਦੀ ਇਨਕਲਾਬੀ ਬਣਾ ਦਿੱਤਾ ਸੀ।ਭਗਤ ਸਿੰਘ ਨੇ ਆਪਣੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰ ਦਿੱਤਾ ਜਿਸ ਕਾਰਨ ਉਸਦੇ ਬਹੁਤ ਸਾਰੇ ਸਾਥੀ ਪੁਲਿਸ ਨੇ ਗ੍ਰਿਫਤਾਰ ਕਰ ਲਏ ਤਾਂ ਭਗਤ ਸਿੰਘ ਪੰਜਾਬ ਛੱਡ ਕੇ ਕਾਨ੍ਹਪੁਰ ਚਲਾ ਗਿਆ ਅਤੇ ਏਥੋਂ ਹੀ ਉਸਦਾ ਜੀਵਨ ਭਾਰਤੀ ਇਨਕਲਾਬੀ ਲਹਿਰ ਦਾ ਇੱਕ ਹਿੱਸਾ ਬਣ ਗਿਆ ਅਤੇ ਫਾਂਸੀ ਲਗਣ ਤੱਕ ਇਸੇ ਕਾਜ਼ ਨੂੰ ਸਮਰਪਤ ਰਿਹਾ।
23 ਮਾਰਚ 2014 ਨੂੰ ਹੋਏ ਕੁਝ ਸਮਾਗਮਾਂ ਦੀ ਇੱਕ ਸੰਖੇਪ ਰਿਪੋਰਟ 
ਆਪਣੇ ਗਿਆਨ ਵਿੱਚ ਹੋਰ ਵਾਧਾ ਕਰਨ ਲਈ ਭਗਤ ਸਿੰਘ ਨੇ ਲਾਲਾ ਲਾਜਪਤ ਰਾਏ ਵਲੋਂ ਚਲਾਏ ਜਾਂਦੇ ਨੈਸ਼ਨਲ ਕਾਲਜ ਵਿੱਚ ਦਾਖਲਾ ਲੈ ਲਿਆ। ਏਥੇ ਹੀ ਉਸਦਾ ਸੰਪਰਕ ਭਗਵਤੀ ਚਰਨ ਅਤੇ ਸੁਖਦੇਵ ਨਾਲ ਹੋਇਆ। ਇਨ੍ਹਾਂ ਤਿਨਾਂ ਨੇ ਕੁੱਝ ਹੋਰ ਸਾਥੀਆਂ ਨਾਲ ਮਿਲਕੇ ਰੂਸੀ ਇਨਕਲਾਬ ਦੀ ਤਰਜ਼ ਤੇ ਸਟੱਡੀ ਸਰਕਲ (ਇਨਕਲਾਬ ਸੰਬਧੀ ਸਿਖਿਆ ਦਾ ਦਾਇਰਾ) ਕਾਇਮ ਕਰ ਲਿਆ ਅਤੇ ਕੀਮਤੀ ਤੇ ਇਨਕਲਾਬੀ ਸਾਹਿਤ ਦੀ ਪ੍ਰਾਪਤੀ ਲਈ ਦਵਾਰਕਾ ਦਾਸ ਲਾਇਬਰੇਰੀ ਦੀ ਮਦਦ ਪ੍ਰਾਪਤ ਸੀ।ਭਗਤ ਸਿੰਘ ਨੇ ਇਟਲੀ, ਰੂਸ, ਆਇਰਲੈਂਡ ਅਤੇ ਹੋਰ ਦੇਸ਼ਾਂ ਦੇ ਇਨਕਲਾਬੀ ਸਮਿਆਂ ਦਾ ਡੂੰਘਾ ਅਧਿਐਨ ਕੀਤਾ ਇਸਦੇ ਨਾਲ ਹੀ ਉਹ ਯੂ ਪੀ, ਬੰਗਾਲ ਅਤੇ ਭਾਰਤ ਦੇ ਹੋਰ ਹਿਸਿਆਂ ਦੀਆਂ ਇਨਕਲਾਬੀ ਜਥੇਬੰਦੀਆਂ ਨਾਲ ਗੁਪਤ ਮੀਟਿੰਗਾ ਰਾਂਹੀ ਸੰਪਰਕ ਵਿੱਚ ਰਹਿੰਦਾ ਸੀ।
1926,27 ਅਤੇ 28 ਦੇ ਤਿੰਨ ਸਾਲ ਭਗਤ ਸਿੰਘ ਲਈ ਬਹੁਤ ਕਠਨ, ਬੇਅਰਾਮੀ ਅਤੇ ਨੱਠ ਭੱਜ ਵਾਲੇ ਸਨ। ਕਾਕੋਰੀ ਕਾਂਡ ਵਿੱਚ ਚਾਰ ਸਾਥੀਆਂ ਨੂੰ ਫਾਂਸੀ ਤੇ ਲਟਕਾ ਦੇਣਾ ਅਤੇ ਹੋਰਾਂ ਨੂੰ ਸਖਤ ਸਜਾਵਾਂ ਦੇ ਦੇਣ ਨੇ ਭਗਤ ਸਿੰਘ ਅੰਦਰਲੀ ਇਨਕਲਾਬੀ ਅੱਗ ਨੂੰ ਹੋਰ ਭੜਕਾ ਦਿੱਤਾ। ਖਿੰਡੇ ਸਾਥੀਆਂ ਨੂੰ ਇਕੱਠੇ ਕਰਨ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਉਨ੍ਹਾਂ ਨਾਲ ਸੰਪਰਕ ਬਣਾਏ ਗਏ ਇਹ ਸਰਗਰਮੀਆਂ ਅਜੇ ਸ਼ੁਰੂ ਹੀ ਕੀਤੀਆਂ ਗਈਆ ਸਨ ਕਿ ਕਿਸੇ ਨੇ 6 ਅਕਤੂਬਰ 1926 ਨੂੰ ਲਹੌਰ ਦੇ ਭੀੜ ਭੜਕੇ ਵਾਲੇ ਇਲਾਕੇ ਵਿੱਚ ਰਾਮਲੀਲਾ ਜਲੂਸ ਉੱਪਰ ਬੰਬ ਸੁੱਟ ਦਿੱਤਾ।ਪੰਜਾਬ ਪੁਲਿਸ ਨੇ ਇਸ ਦੀ ਜਿੰਮੇਵਾਰੀ ਇਨਕਲਾਬੀ ਜਥੇਬੰਦੀਆਂ ਉੱਪਰ ਪਾ ਦਿੱਤੀ ਅਤੇ ਇਸਦਾ ਨਿਸ਼ਾਨਾ ਭਗਤ ਸਿੰਘ ਨੂੰ ਬਣਾਇਆ ਗਿਆ।ਭਗਤ ਸਿੰਘ ਨੂੰ ਗ੍ਰਿਫਤਾਰ ਕਰਕੇ ਬੋਰਸਟਲ ਜੇਲ੍ਹ ਵਿੱਚ ਬੰਦ ਕਰ ਦਿੱਤਾ।ਭਗਤ ਸਿੰਘ ਆਪਣੀ ਗ੍ਰਿਫਤਾਰੀ ਉੱਪਰ ਬਹੁਤ ਹੈਰਾਨ ਸੀ ਕਿ ਉਸਨੂੰ ਕਿਸ ਕਾਰਨ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਉਸਦਾ ਇਸ ਘਟਨਾ ਨਾਲ ਦੂਰ ਦਾ ਵੀ ਕੋਈ ਸੰਬਧ ਨਹੀਂ ਸੀ।ਫਿਰ ਵੀ ਉਸ ਉੱਪਰ ਮਾਸੂਮ ਲੋਕਾਂ ਨੂੰ ਮਾਰਨ ਦੇ ਘਿਨਾਉਣੇ ਇਲਜ਼ਾਮ ਲਗਾ ਦਿਤੇ। ਲੰਬਾ ਸਮਾਂ ਜੇਲ੍ਹ ਵਿੱਚ ਬੰਦ ਰਖਣ ਪਿਛੋਂ ਜਦੋਂ ਉਸਨੂੰ ਜੱਜ ਅਗੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਜੱਜ ਨੇ ਭਗਤ ਸਿੰਘ ਨੂੰ ਜਮਾਨਤ ਤੇ ਰਿਹਾ ਕਰਨ ਲਈ 60000 ਰੁਪਏ ਦੀ ਜਮਾਨਤ ਦੀ ਮੰਗ ਕੀਤੀ। ਰਿਹਾ ਹੋਣ ਪਿਛੋਂ ਕੰਮ ਵਿੱਚ ਤੇਜੀ ਲਿਆਉਣ ਲਈ ਭਗਤ ਸਿੰਘ ਨੇ 1927 ਵਿੱਚ ਮਹੱਤਵ ਪੂਰਨ ਸਾਥੀਆਂ ਦੀ ਇੱਕ ਮੀਟਿੰਗ ਕਾਨ੍ਹਪੁਰ ਕੀਤੀ ਜਿਸ ਵਿੱਚ ਜਥੇਬੰਦੀ ਨੂੰ ਇਨਕਲਾਬੀ ਅਤੇ ਕਮਿਊਨਿਸਟ ਲੀਹਾਂ ਤੇ ਉਸਾਰਨ ਨੂੰ ਪਹਿਲ ਦਿੱਤੀ ਗਈ।
ਭਗਤ ਸਿੰਘ ਦੇ ਸਾਥੀ ਜਤਿੰਦਰ ਸਨਿਆਲ ਨੇ ਆਪਣੀ ਪੁਸਤਕ, “ਸਰਦਾਰ ਭਗਤ ਸਿੰਘ” ਵਿੱਚ ਜ਼ਿਕਰ ਕੀਤਾ, “ਵਿਸ਼ਵ ਅੰਦਰ ਗਰੀਬੀ ਦੇ ਸਵਾਲ ਤੇ ਉਸਦੇ ਅਧਿਐਨ ਨੇ ਉਸਨੂੰ ਯਕੀਨ ਕਰਾ ਦਿੱਤਾ ਸੀ ਕਿ ਭਾਰਤ ਦੀ ਅਜ਼ਾਦੀ ਕੇਵਲ ਰਾਜਨੀਤਕ ਅਜ਼ਾਦੀ ਵਿੱਚ ਹੀ ਨਹੀ ਪ੍ਰੰਤੂ ਜੰਤਾ ਦੀ ਆਰਥਕ ਅਜ਼ਾਦੀ ਵਿੱਚ ਹੈ, ਇਸ ਲਈ ਨੌਜਵਾਨ ਭਾਰਤ ਸਭਾ ਦੀਆਂ ਗਤੀ ਵਿਧੀਆਂ ਨੂੰ ਪੂਰਨ ਤੌਰ ਤੇ ਕਮਿਊਨਿਸਟ ਸਿਧਾਂਤ ਉੱਪਰ ਨਿਯੋਜਿਤ ਕੀਤਾ ਗਿਆ ।ਅਸਲ ਵਿੱਚ ਇਹ ਪੂਰਨ ਤੌਰ ਤੇ ਮਜਦੂਰਾਂ ਤੇ ਕਿਸਾਨਾ ਦੀ ਜਥੇਬੰਦੀ ਸੀ ਜਿਸ ਲਈ ਦੇਸ਼ ਦੇ ਨੌਜਵਾਨਾ ਦੀ ਇਸ ਸੇਵਾ ਲਈ ਲੋੜ ਸੀ।ਭਾਰਤ ਦੀਆਂ ਸਮਸਿਆਵਾਂ ਸੰਬਧੀ ਡੂੰਘਾ ਅਧਿਐਨ ਜਿਹੜਾ ਵਿਸ਼ਵ ਦੀਆਂ ਸਮਸਿਆਵਾਂ ਨਾਲ ਮੇਲ ਖਾਂਦਾ ਸੀ, ਨੇ ਉਸਦੇ ਵਿਚਾਰ ਵਿੱਚ ਤਬਦੀਲੀ ਲੈ ਆਂਦੀ ਅਤੇ ਨੈਸ਼ਨਲ ਕਾਲਜ ਲਹੌਰ ਵਿੱਚ ਪੜਦੇ ਸਮੇਂ ਉਹ ਹੌਲੀ ਹੌਲੀ ਸਮਾਜਵਾਦੀ ਬਣ ਗਿਆ ਅਤੇ ਰੂਸ ਵੱਲ ਵੇਖਣਾ ਸ਼ੁਰੂ ਕਰ ਦਿੱਤਾ ਜਿਹੜਾ ਉਸਦੇ ਆਦਰਸ਼ਾਂ ਦੇ ਸੱਭ ਤੋਂ ਵਧੇਰੇ ਨਜ਼ਦੀਕ ਸੀ”। ਸਤੰਬਰ 1928 ਵਿੱਚ ਦਿੱਲੀ ਵਿੱਖੇ ਕੀਤੀ ਇੱਕ ਮੀਟਿੰਗ ਵਿੱਚ ਲੋਕਾਂ ਅੰਦਰ ਇਨਕਲਾਬ ਪ੍ਰਤੀ ਜਾਗਰੂਕਤਾ ਲਿਆਉਣ ਅਤੇ ਵਿਆਕੱਤੀਗਤ ਐਕਸ਼ਨਾਂ ਨੂੰ ਪਿੱਛੇ ਛੱਡ ਕੇ ਜਨਤੱਕ ਐਕਸ਼ਨਾਂ ਉੱਪਰ ਜੋਰ ਦਿੱਤਾ ਗਿਆ।
ਭਗਤ ਸਿੰਘ ਦੇ ਜੀਵਨ ਵਿੱਚ ਫੈਸਲਾਕੁਨ ਨਿਰਣਾ ਕਰਨ ਦੀ ਇਤਿਹਾਸਕ ਘਟਨਾ ਸੀ ਸਾਈਮਨ ਕਮਿਸ਼ਨ ਦਾ ਭਾਰਤ ਆਉਣਾ।ਭਾਰਤ ਦੀਆਂ ਵੱਖ-ਵੱਖ ਥਾਂਵਾ ਤੇ ਜਾਣ ਤੋਂ ਬਾਅਦ ਸਾਈਮਨ ਕਮਿਸ਼ਨ ਨੇ 30 ਅਕਤੂਬਰ ਨੂੰ ਲਹੌਰ ਪੁੱਜਣਾ ਸੀ।ਲਹੌਰ ਵਿੱਚ ਸਾਈਮਨ ਕਮਿਸ਼ਨ ਦੇ ਬਾਈਕਾਟ ਦੇ ਸੰਬਧ ਵਿੱਚ ਇੱਕ ਬੜੇ ਵੱਡੇ ਪ੍ਰਦਰਸ਼ਨ ਦਾ ਪ੍ਰਬੰਧ ਕੀਤਾ ਗਿਆ ਸੀ।ਪ੍ਰਦਰਸ਼ਨਕਾਰੀਆਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਣ ਲਈ ਸਾਡੀ ਸਰਕਾਰ ਵਾਂਗੂ ਅੰਗਰੇਜ਼ ਸਰਕਾਰ ਨੇ ਸਾਰੇ ਸ਼ਹਿਰ ਵਿੱਚ ਦਫ਼ਾ 144 ਲਗਾਈ ਹੋਈ ਸੀ ਅਤੇ ਪੁਲਿਸ ਕੋਲ ਪ੍ਰਦਰਸ਼ਨਕਾਰੀਆਂ ਉੱਪਰ ਤਸ਼ਦਦ ਕਰਨ ਦੇ ਸਾਰੇ ਅਧਿਕਾਰ ਸਨ।ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦਰਮਿਆਨ ਟਕਰਾਅ ਸਮੇਂ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੌਰਾਨ ਲਾਲਾ ਲਾਜਪਤ ਰਾਏ ਅਤੇ ਉਨ੍ਹਾਂ ਦੇ ਬਹੁੱਤ ਸਾਰੇ ਸਾਥੀ ਜ਼ਖਮੀ ਹੋ ਗਏ ਅਤੇ ਲਾਲਾ ਲਾਜਪਤ ਰਾਏ ਦੀ 17 ਨਵੰਬਰ ਨੂੰ ਮੌਤ ਹੋ ਜਾਣ ਕਾਰਨ ਲੋਕਾਂ ਅੰਦਰ ਮਾਯੂਸੀ ਅਤੇ ਮਾਤਮ ਛਾ ਗਿਆ।ਸੀਨੀਅਰ ਸੁਪਰਡੰਟ ਸਕਾਟ ਨੂੰ ਲਾਲਾ ਜੀ ਦੀ ਮੌਤ ਦਾ ਜਿਮੰਵਾਰ ਠਹਿਰਾਇਆ ਗਿਆ।ਲੋਕਾਂ ਵਿੱਚ ਆਈ ਭਾਰੀ ਮਾਯੂਸੀ ਅਤੇ ਭੈ ਨੂੰ ਦੂਰ ਕਰਨ ਲਈ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦੀ ਯੋਜਨਾ ਬਣਾਈ ਅਤੇ 17 ਦਸੰਬਰ 1928 ਨੂੰ ਠਾਣੇ ਸਾਮ੍ਹਣੇ ਸਕਾਟ ਦੇ ਭਲੇਖੇ ਸਾਂਡਰਸ ਨੂੰ ਗੋਲੀਆਂ ਮਾਰਕੇ ਮਾਰ ਦਿੱਤਾ ਗਿਆ ਅਤੇ ਦੂਸਰੀ ਸਵੇਰ ਹਿੰਦੁਸਤਾਨ ਸੋਸਲਿਸ਼ਟ ਰੀਪਬਲਕਿਨ ਐਸੋਸਇੇਸ਼ਨ ਦੇ ਨਾਂ ਹੇਠ ਲਾਲ ਅੱਖਰਾਂ ਵਿੱਚ ਲਿਖੇ, “ਸਾਂਡਰਸ ਮਾਰਿਆ ਗਿਆ ਲਾਲਾਜੀ ਦੀ ਮੌਤ ਦਾ ਬਦਲਾ ਲੈ ਲਿਆ ਗਿਆ” ਪੋਸਟਰ ਕੰਧਾਂ ਤੇ ਲੱਗੇ ਮਿਲੇ। ਇਸ ਐਕਸ਼ਨ ਨੂੰ ਭਗਤ ਸਿੰਘ, ਰਾਜਗੁਰੂ ਅਤੇ ਚੰਦਰ ਸ਼ੇਖਰ ਅਜ਼ਾਦ ਨੇ ਅੰਜਾਮ ਦਿੱਤਾ। ਸਾਂਡਰਸ ਨੂੰ ਮਾਰਨ ਤੋਂ ਬਾਅਦ ਤਿੰਨੋ ਜਣੇ ਜਦੋਂ ਦੋ ਸਾਈਕਲਾਂ ਉਪੱਰ ਜਾ ਰਹੇ ਸਨ ਤਾਂ ਉਨ੍ਹਾਂ ਦਾ ਪਿੱਛਾ ਕਰਨ ਲਈ ਚਨਣ ਸਿੰਘ ਮਗਰ ਭੱਜਿਆ ਤਾਂ ਉਸਨੂੰ ਪਿੱਛੇ ਮੁੜਨ ਲਈ ਕਿਹਾ ਜਦੋਂ ਉਹ ਨਾ ਮੁੜਿਆ ਤਾਂ ਉਸਨੂੰ ਵੀ ਗੋਲੀ ਮਾਰ ਦਿੱਤੀ। ਤਿੰਨੋ ਸਾਥੀ ਡੀ ਏ ਵੀ ਕਾਲਜ ਦੇ ਬੋਰਡਿੰਗ ਹਾਊਸ ਚਲੇ ਗਏ ਅਤੇ ਛੇਤੀ ਹੀ ਉਥੋਂ ਨਿਕਲ ਗਏ। ਉਹ ਅਜੇ ਗਏ ਹੀ ਸਨ ਕਿ ਉਥੇ ਪੁਲਿਸ ਦੀ ਭਾਰੀ ਗਾਰਦ ਨੇ ਉਸ ਏਰੀਏ ਨੂੰ ਘੇਰਾ ਪਾ ਲਿਆ ਪ੍ਰੰਤੂ ਇਹ ਤਿੰਨੇ ਸਾਥੀ ਪੁਲਿਸ ਨੂੰ ਚੱਕਮਾ ਦੇਕੇ ਲਹੌਰ ਤੌਂ ਬਾਹਰ ਨਿਕਲ ਗਏ।
1929 ਵਿੱਚ ਬੰਬਈ ਦੇ ਮਜ਼ਦੂਰਾਂ ਦੀ ਬੇਹਤਰ ਜੀਵਨ ਲੋੜਾਂ ਤੇ ਹੋਰ ਮੰਗਾਂ ਲਈ ਸੰਘਰਸ਼ ਚੱਲ ਰਿਹਾ ਸੀ। ਸੰਘਰਸ਼ ਨੂੰ ਕੁਚਲਣ ਲਈ ਅਤੇ ਮਜ਼ਦੂਰਾਂ ਦੇ ਟਰੇਡ ਯੂਨੀਅਨ ਹੱਕਾਂ ਨੂੰ ਖੋਹਣ ਲਈ ਅੰਗਰੇਜ਼ ਸਾਮਰਾਜਵਾਦ ਅਸੈਬੰਲੀ ਅੰਦਰ ਦੋ ਬਿਲ, ਟਰੇਡ ਡਿਸਪਿਊਟ ਬਿਲ ਅਤੇ ਪਬਲਕਿ ਸੇਫਟੀ ਬਿਲ ਨਾਂ ਦੇ ਬਿਲ ਜਿਹੜੇ 8 ਅਪ੍ਰੈਲ 1929 ਨੂੰ ਅਸੈਬੰਲੀ ਅੰਦਰ ਰਖੇ ਜਾਣੇ ਸਨ, ਲਿਆਊਣਾ ਚਾਹੁੰਦਾ ਸੀ ਜਿਸਦਾ ਭਾਰਤਵਰਸ਼ ਅੰਦਰ ਤਿੱਖਾ ਵਿਰੋਧ ਸੀ।ਇਸ ਦਿਨ ਸਿਕਿਊਰਿਟੀ ਨੂੰ ਭੁਲੇਖਾ ਦੇ ਕੇ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਅਸੈਬੰਲੀ ਹਾਲ ਅੰਦਰ ਦਾਖਲ ਹੋ ਗਏ।ਅੰਗਰੇਜ਼ ਸਾਮਰਾਜ ਦੇ ਬੋਲੇ ਕੰਨਾ ਤੱਕ ਆਵਾਜ਼ ਪਹੁੰਚਾਉਣ ਲਈ ਅਤੇ ਚੇਤਾਵਨੀ ਦੇਣ ਲਈ ਬਿਨਾ ਕਿਸੇ ਨੂੰ ਨੁਕਸਾਨ ਪਹੁੰਚਾਇਆਂ ਖਾਲੀ ਥਾਂ ਉੱਪਰ ਦੋ ਬੰਬ ਸੁੱਟ ਦਿੱਤੇ।ਦੋਵਾਂ ਨੇ ਉੱਚੀ ਅਵਾਜ਼ ਵਿੱਚ, “ਇਨਕਲਾਬ,ਜਿੰਦਾ ਬਾਦ!ਸਾਮਰਾਜਵਾਦ, ਮੁਰਦਾਵਾਦ!” ਦੇ ਨਾਹਰੇ ਲਗਾਏ ਅਤੇ ਹਿੰਦੁਸਤਾਨ ਸੋਸਲਿਸ਼ਟ ਐਸੋਸੀਏਸ਼ਨ ਦੇ ਨਾਂ ਹੇਠ ਪਰਚੇ ਜਿਨ੍ਹਾਂ ਉੱਪਰ ਲਿਖਿਆ ਹੋਇਆ ਸੀ, “ਬੋਲੇ ਕੰਨਾ ਤੱਕ ਅਵਾਜ਼ ਪਹੁੰਚਾਉਣ ਲਈ ਉੱਚੀ ਅਵਾਜ਼ ਦੀ ਲੋੜ ਹੁੰਦੀ ਹੈ”ਹਾਲ ਵਿੱਚ ਸੁੱਟੇ ਇਸ ਤੋਂ ਤੁਰੰਤ ਬਾਅਦ ਪੁਲਿਸ ਨੇ ਇਨ੍ਹਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ।ਭਗਤ ਸਿੰਘ ਅਤੇ ਇਸਦੇ ਸਾਥੀਆਂ ਉੱਪਰ ਮੁਕਦਮੇ ਦੀ ਕਾਰਵਾਈ ਕੇਂਦਰੀ ਜੇਲ੍ਹ ਲਹੌਰ ਵਿੱਚ ਕੀਤੀ ਗਈ।ਕਾਰਵਾਈ ਹਰ ਰੋਜ਼ ਇਨਕਲਾਬ ਜਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ ਦੇ ਨਾਹਰਿਆਂ ਨਾਲ ਸ਼ੁਰੂ ਹੁੰਦੀ।
ਭਗਤ ਸਿੰਘ ਬੜਾ ਦੂਰ ਅੰਦੇਸ਼ੀ ਅਤੇ ਬੌਧਿਕ ਪੱਖ ਤੋਂ ਬੜਾ ਪਰਪਕ ਸੀ ਹਰ ਇੱਕ ਘਟਨਾ ਦਾ ਬਹੁਤ ਬਾਰੀਕੀ ਨਾਲ ਅਧਿਐਨ ਕਰਦਾ ਸੀ ਅਤੇ ਉਸਤੋਂ ਨਿਕਲਣ ਵਾਲੇ ਸਿਟਿਆਂ ਪ੍ਰਤੀ ਬਹੁਤ ਗੰਭੀਰ ਹੁੰਦਾ ਸੀ।ਕੁਲਦੀਪ ਨਈਅਰ ਮੁਤਾਬਕ ਭਗਤ ਸਿੰਘ ਨੇ ਜੇਲ੍ਹ ਅੰਦਰ ਚਾਰ ਕਿਤਾਬਾਂ “ਭਾਰਤ ਵਿੱਚ ਇਨਕਲਾਬੀ ਲਹਿਰ ਦਾ ਇਤਿਹਾਸ” “ਸਮਾਜਵਾਦ ਦਾ ਆਦਰਸ਼” “ਆਤਮ ਕਥਾ” ਅਤੇ “ਮੌਤ ਦੇ ਬੂਹੇ ਤੇ”ਲਿਖੀਆਂ ਸਨ ਜਿਹੜੀਆਂ ਪ੍ਰਾਪਤ ਨਹੀਂ ਹੋ ਸਕੀਆਂ (ਭਗਤ ਸਿੰਘ ਦੇ ਇਨਕਲਾਬੀ ਤਜ਼ਰਬੇ)।ਭਗਤ ਸਿੰਘ ਦੇ ਮਨੁੱਖਤਾ ਪ੍ਰਤੀ ਸਿਨੇਹ ਬਾਰੇ ਕੁਲਦੀਪ ਨਈਅਰ ਆਪਣੀ ਇਸੇ ਕਿਤਾਬ, ਵਿੱਚ ਲਿਖਦਾ ਹੈ, “ਅਸੀਂ ਮਨੁੱਖੀ ਜੀਵਨ ਨੂੰ ਪੂਜਨੀਕ ਸਮਝਦੇ ਹਾਂ, ਆਦਮੀ ਦਾ ਜੀਵਨ ਸਾਡੇ ਲਈ ਪਵਿੱਤਰ ਹੈ, ਅਸੀਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਮਨੁੱਖਤਾ ਦੀ ਸੇਵਾ ਲਈ ਆਪਣੇ ਜੀਵਨ ਲੇਖੇ ਲਾ ਦੇਵਾਂਗੇ” ਕਤਲਾਂ ਬਾਰੇ ਭਗਤ ਸਿੰਘ ਨੇ ਕਿਹਾ, “ਇਹ ਕਤਲ ਸਿਆਸੀ ਮਹੱਤਵ ਰਖਦੇ ਹਨ ਕਿਉਂਜੋ ਇਹ ਉਹ ਵਾਤਾਵਰਣ ਅਤੇ ਮਾਨਸਿਕਤਾ ਸਿਰਜਦੇ ਹਨ ਜੋ ਆਖਰੀ ਸੰਘਰਸ਼ ਲਈ ਜਰੂਰੀ ਹੁੰਦੇ ਹਨ, ਇਨ੍ਹਾਂ ਦਾ ਇਹੋ ਉਦੇਸ਼ ਹੈ”
ਭਗਤ ਸਿੰਘ ਕਿਹੋ ਜਿਹਾ ਰਾਜ ਚਾਹੁੰਦਾ ਸੀ ਅਤੇ ਉਸਦੀ ਦੂਰ ਅੰਦੇਸ਼ੀ ਦਾ ਉਸਦੇ ਇਨ੍ਹਾਂ ਵਿਚਾਰਾਂ ਤੋਂ ਪਤਾ ਲਗਦਾ ਹੈ, ਉਸਨੂੰ ਇਸ ਗੱਲ ਦੀ ਸ਼ੰਕਾ ਸੀ ਕਿ ਕਾਂਗਰਸ ਦੀਆਂ ਨੀਤੀਆਂ ਕਾਰਨ ਦੇਸ਼ ਦੀ ਵੰਡ ਨਾਂ ਹੋ ਜਾਵੇ।ਉਸਦੀ ਸ਼ੰਕਾ ਜਾਇਜ਼ ਸੀ।ਨਈਅਰ ਨੇ ਇਸੇ ਕਿਤਾਬ ਵਿੱਚ ਲਿਖਿਆ ਹੈ ਕਿ “ਭਗਤ ੰਿਸੰਘ ਨੂੰ ਡਰ ਸੀ ਕਿ ਜੇ ਲਾਲਾ ਲਾਜਪਤ ਰਾਏ ਵਾਲਾ ਵੰਡ ਵਾਲਾ ਵਿਚਾਰ ਅਸਲੀਅਤ ਬਣ ਗਿਆ ਤਾਂ ਇਹ ਦੇਸ਼ ਲਈ ਤਬਾਹਕੁਨ ਹੋਵੇਗਾ।ਦੇਸ਼ ਵਿੱਚ ਖੂਨ-ਖਰਾਬਾ ਹੋਵੇਗਾ ਤੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਇਹ ਮੁਲਕ ਸਦੀਵੀ ਯੁੱਧ ਵਿੱਚ ਉਲਝੇ ਰਹਿਣਗੇ।ਉਨ੍ਹਾਂ ਦਾ ਸਾਰਾ ਧਿਆਨ ਤੇ ਸਾਧਨ ਇੱਕ ਦੂਜੇ ਨਾਲ ਲੜਨ ਲਈ ਹਥਿਆਰ ਇਕੱਤਰ ਕਰਨ ਵੱਲ ਕੇਂਦ੍ਰਿਤ ਹੋਣਗੇ”।ਇਸੇ ਕਿਤਾਬ ਵਿੱਚ ਅੱਗੇ ਲਿਖਿਆ ਹੈ ਕਿ ਭਗਤ ਸਿੰਘ ਨੇ ਇੱਕ ਵਾਰ ਅਪਣੀ ਮਾਂ ਨੂੰ ਲਿਖਿਆ ਸੀ ਕਿ, “ਮਾਂ ਮੈਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਕਿ ਮੇਰਾ ਦੇਸ਼ ਇੱਕ ਦਿਨ ਸੁਤੰਤਰ ਹੋ ਜਾਵੇਗਾ।ਪਰ ਮੈਨੂੰ ਡਰ ਹੈ ਕਿ ਉਹ ਕੁਰਸੀਆਂ ਜਿਹੜੀਆਂ ਗੋਰੇ ਸਾਹਿਬ ਖਾਲੀ ਕਰਨਗੇ, ਉਹਨਾਂ ਤੇ ਕਾਲੇ ਬਾਬੂ ਬੈਠ ਜਾਣਗੇ, ਜੇ ਸਿਰਫ ਹਾਕਮ ਹੀ ਬਦਲੇ ਤਾਂ ਲੋਕਾਂ ਦੀ ਹਾਲਤ ਵਿੱਚ ਕੋਈ ਫ਼ਰਕ ਨਹੀਂ ਪਵੇਗਾ”। ਉਸਦਾ ਪੱਕਾ ਵਿਸ਼ਵਾਸ਼ ਸੀ ਕਿ ਰਾਜ ਭਾਗ ਦੇ ਪੁਰਾਣੇ ਢਾਂਚੇ ਨੂੰ ਤਬਾਹ ਕੀਤੇ ਬਿਨਾ ਕੋਈ ਤਬਦੀਲੀ ਸੰਭਵ ਨਹੀ।ਉਸ ਅਨੁਸਾਰ ਸਮੁਚਾ ਢਾਂਚਾ ਹੀ ਵਿਕਾਸ ਦੇ ਰਾਹ ਵਿੱਚ ਰੋੜਾ ਹੈ।ਫ਼ਿਲਾਸਫਰਾਂ ਨੇ ਸੰਸਾਰ ਦੀ ਵੱਖ-ਵੱਖ ਢੰਗ ਨਾਲ ਵਿਆਖਿਆ ਕੀਤੀ ਹੈ ਪ੍ਰੰਤੂ ਅਸਲ ਮਨੋਰਥ ਤਾਂ ਇਸਨੂੰ ਤਬਦੀਲ ਕਰਨ ਦਾ ਹੈ ਤੇ ਇਹ ਕਾਰਜ ਇਨਕਲਾਬ ਹੀ ਕਰ ਸਕਦਾ ਹੈ।
ਭਗਤ ਸਿੰਘ ਨੂੰ ਫਾਂਸੀ ਦੇਣ ਤੋਂ ਕੁੱਝ ਸਮਾਂ ਪਹਿਲਾਂ ਸ਼ਾਇਦ 4 ਅਕਤੂਬਰ 1930 ਦਾ ਦਿਨ ਸੀ, ਭਾਈ ਰਣਧੀਰ ਸਿੰਘ ਇੱਕ ਅਜ਼ਾਦੀ ਘੁਲਾਟੀਆ ਅਤੇ ਉਸੇ ਜੇਲ੍ਹ ਵਿੱਚ ਨਜ਼ਰਬੰਦ ਸੀ, ਭਗਤ ਸਿੰਘ ਦੀ ਕੈਦ ਕੋਠੜੀ ਵਿੱਚ ਭਗਤ ਸਿੰਘ ਨੂੰ ਰੱਬ ਦੀ ਹੋਂਦ ਬਾਰੇ ਨਿਸ਼ਚਾ ਕਰਵਾ ਦੇਣ ਦਾ ਯਤਨ ਕਰਨ ਲਈ ਆਇਆ, ਇਸਤੇ ਭਗਤ ਸਿੰਘ ਦਾ ਜਵਾਬ ਸੀ,”ਜਿਵੇਂ ਤੁਹਾਡਾ ਨਿਸ਼ਚਾ ਹੈ, ਕਿ ਇਸ ਪ੍ਰਕਿਰਤੀ ਵਿੱਚ ਕੋਈ ਸਰਵ-ਵਿਆਪਕ, ਸਰਬ ਗਿਆਤਾ ਤੇ ਸਰਬ ਸ਼ਕਤੀਮਾਨ ਪ੍ਰਮਾਤਮਾਂ ਹੈ ਜਿਸਨੇ ਸੰਸਾਰ ਜਾਂ ਧਰਤੀ ਦੀ ਰਚਨਾ ਕੀਤੀ ਹੈ, ਤਾਂ ਕ੍ਰਿਪਾ ਕਰਕੇ ਦਸੋ ਕਿ ਉਸਨੇ ਇਹ ਰਚਨਾ ਕਿਉਂ ਕੀਤੀ ਜਿਸ ਵਿੱਚ ਦੁੱਖ ਹੀ ਦੁੱਖ ਹਨ, ਜੋ ਨਿਰੰਤਰ ਅਣਗਿਣਤ ਦੁਖਾਂਤਾਂ ਦਾ ਸਮੂਹ ਹੈ ਤੇ ਇਸ ਵਿੱਚ ਇੱਕ ਮਨੁੱਖ ਵੀ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੈ।ਉਸਨੇ ਬਰਤਾਨਵੀ ਲੋਕਾਂ ਦੇ ਮਨ ਵਿੱਚ ਭਾਰਤ ਨੂੰ ਸੁਤੰਤਰਾ ਦੇਣ ਦਾ ਜਜ਼ਬਾ ਕਿਉਂ ਪੈਦਾ ਨਹੀਂ ਕੀਤਾ?” (ਭਗਤ ਸਿੰਘ ਦੇ ਇਨਕਲਾਬੀ ਤਜਰਬੇ ਵਿੱਚੋਂ) ਇਸ ਪ੍ਰਤੀ ਆਪਣੇ ਵਿਸ਼ਵਾਸ਼ ਦੀ ਸਪਸ਼ਟਤਾ ਤੇ ਦ੍ਰਿੜ ਇਰਾਦੇ ਦਾ ਪ੍ਰਗਟਾਵਾ ਦਿਖਤਉਣ ਲਈ ਭਗਤ ਸਿੰਘ ਨੇ 5-6 ਅਕਤੂਬਰ 1930 ਨੂੰ ਇੱਕ ਵੱਡਾ ਲੇਖ “ਮੈਂ ਨਾਸਤਿਕ ਕਿਉਂ ਹਾਂ?” ਲਿਖ ਕੇ ਧਰਮ ਦੇ ਠੇਕੇਦਾਰਾਂ ਦੀਆਂ ਅੱਖਾਂ ਖੋਲ ਦਿੱਤੀਆਂ।ਇਸ ਲੇਖ ਵਿੱਚ ਉਹ ਲਿਖਦਾ ਹੈ,” ਤੁਹਾਡੇ ਵਿਸਵਾਸ ਅਨੁਸਾਰ ਜੇ ਕੋਈ ਸਰਵਸਕਤੀਮਾਨ, ਸਰਵਵਿਆਪਕ ਤੇ ਸਰਵਗਿਆਤਾ ਰੱਬ ਹੈ, ਤਾਂ ਦੁਨੀਆ ਜਾਂ ਧਰਤੀ ਨੂੰ ਜਿਸਨੇ ਸਾਜਿਆ ਸੀ। ਮੈਨੂੰ ਇਹ ਦੱਸਣ ਦੀ ਮਿਹਰਬਾਨੀ ਕਰੋ ਕਿ ਉਸਨੇ ਧਰਤੀ ਸਾਜੀ ਹੀ ਕਿਉਂ? ਉਹ ਧਰਤੀ ਜੋ ਦੁੱਖਾਂ, ਆਫਤਾਂ, ਅਣਗਿਣਤ ਅਨੰਤ ਦੁਖਾਂਤਾਂ ਨਾਲ ਭਰੀ ਪਈ ਹੈ। ਜਿੱਥੇ ਇਕ ਵੀ ਜੀ ਪੂਰੀ ਤਰ੍ਹਾਂ ਸੁਖੀ ਨਹੀਂ ਹੈ”।ਇਸੇ ਲੇਖ ਵਿੱਚ ਅਗੇ ਜਾਕੇ ਲਿਖਿਆ ਹੈ, “ਮੈਂ ਤੁਹਾਨੂੰ ਦੱਸਦਾ ਹਾਂ: ਹਿੰਦੋਸਤਾਨ ਉੱਤੇ ਜੇ ਬਰਤਾਨਵੀ ਹਕੂਮਤ ਹੈ, ਤਾਂ ਇਹ ਰੱਬ ਦੀ ਮਰਜੀ ਕਾਰਣ ਨਹੀਂ ਹੈ; ਸਗੋਂ ਇਸ ਕਾਰਣ ਹੈ ਕਿ ਸਾਡੇ ਵਿਚ ਇਸ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਹੈ। ਉਹ ਰੱਬ ਦੀ ਮਦਦ ਨਾਲ ਸਾਨੂੰ ਗੁਲਾਮ ਨਹੀਂ ਰੱਖ ਰਹੇ; ਸਗੋਂ ਉਨ੍ਹਾਂ ਨੇ ਬੰਦੂਕਾਂ, ਤੋਪਾਂ, ਬੰਬਾਂ, ਗੋਲੀਆਂ, ਪੁਲਿਸ, ਫੌਜ ਦੀ ਮਦਦ ਨਾਲ ਸਾਨੂੰ ਗੁਲਾਮ ਬਣਾਇਆ ਹੋਇਆ ਹੈ ਅਤੇ ਸਾਡਾ ਕਸੂਰ ਕੀ ਹੈ ਕਿ (ਮਨੁੱਖੀ) ਸਮਾਜ ਵਿਰੁੱਧ ਸਭ ਤੋਂ ਵੱਧ ਘਿਣਾਉਣਾ ਗੁਨਾਹ ਇਹ ਕਰ ਰਹੇ ਹਨ ਤੇ ਇਕ ਕੌਮ ਹੱਥੋਂ ਦੂਜੀ ਕੌਮ ਲੁੱਟੀ ਜਾ ਰਹੀ ਹੈ। ਕਿੱਥੇ ਹੈ ਰੱਬ? ਉਹ ਕੀ ਕਰ ਰਿਹਾ ਹੈ? ਕੀ ਉਹ ਮਨੁੱਖਤਾ ਦੀਆਂ ਇੰਨ੍ਹਾਂ ਸਾਰੀਆਂ ਦੁੱਖ ਤਕਲੀਫਾਂ ਦਾ ਮਜਾ ਲੈ ਰਿਹਾ ਹੈ? ਉਹ ਨੀਰੋ ਹੈ, ਉਹ ਚੰਗੇਜ ਖਾਂ ਹੈ। ਰੱਬ ਮੁਰਦਾਬਾਦ!

ਭਗਤ ਸਿੰਘ ਅੱਗੇ ਕਹਿੰਦਾ ਹੈ,”ਮਿਹਰਬਾਨੀ ਕਰਕੇ ਇਹ ਨਾ ਆਖੋ ਕਿ ਇਹ ਉਸਦਾ ਨੇਮ ਹੈ: ਜੇ ਉਹ ਕਿਸੇ ਨੇਮ ਦੇ ਵੱਸ ਹੈ, ਤਾਂ ਉਹ ਸਰਵਸਕਤੀਮਾਨ ਨਹੀਂ। ਤਾਂ ਫੇਰ ਉਹ ਵੀ ਸਾਡੇ ਵਰਗਾ ਗੁਲਾਮ ਹੈ। ਮਿਹਰਬਾਨੀ ਕਰਕੇ ਇਹ ਵੀ ਨਾ ਆਖੋ ਕਿ ਉਹ ਉਸਦਾ ਸ਼ੁਗਲ ਹੈ। ਨੀਰੋ ਨੇ ਤਾਂ ਇੱਕੋ ਰੋਮ ਸਾੜ ਕੇ ਸਵਾਹ ਕੀਤਾ ਸੀ। ਉਸ ਨੇ ਗਿਣਤੀ ਦੇ ਬੰਦੇ ਜਾਨੋਂ ਮਾਰੇ ਸਨ। ਉਸਦੇ ਹੱਥੋਂ ਬਹੁਤ ਘੱਟ ਦੁਖਾਂਤ ਵਾਪਰੇ। ਇਹ ਸਭ ਉਸ ਨੇ ਅਪਣੇ ਮਜੇ ਲਈ ਕੀਤਾ ਤੇ ਇਤਿਹਾਸ ਵਿਚ ਉਹਨੂੰ ਕਿਹੜੀ ਥਾਂ ਹਾਸਿਲ ਹੈ? ਇਤਿਹਾਸਕਾਰ ਉਹਦਾ ਜਿਕਰ ਕਿਹੜੇ ਨਾਵਾਂ ਨਾਲ ਕਰਦੇ ਹਨ? ਸਾਰੇ ਵਿਹੁਲੇ ਵਿਸੇਸਣ ਉਹਦੇ ਲਈ ਵਰਤੇ ਜਾਂਦੇ ਹਨ। ਜਾਲਿਮ, ਬੇਰਹਿਮ, ਸੈਤਾਨ ਨੀਰੋ ਦੀ ਨਿਖੇਧੀ ਕਰਨ ਲਈ ਲਾਹਨਤਾਂ ਨਾਲ ਸਫਿਆਂ ਦੇ ਸਫੇ ਕਾਲੇ ਕੀਤੇ ਪਏ ਹਨ। ਇਕ ਚੰਗੇਜ ਖਾਨ ਨੇ ਮਜਾ ਲੈਣ ਲਈ ਕੁਝ ਹਜਾਰ ਲੋਕਾਂ ਦੀ ਜਾਨ ਲਈ ਸੀ ਅਤੇ ਅੱਜ ਅਸੀਂ ਉਹਦੇ ਨਾਂ ਤਕ ਨੂੰ ਨਫਰਤ ਕਰਦੇ ਹਾਂ। ਤਾਂ ਫੇਰ ਤੁਸੀਂ ਅਪਣੇ ਸਰਵਸਕਤੀਮਾਨ ਅਨੰਤ ਨੀਰੋ ਨੂੰ ਕਿਵੇਂ ਵਾਜਿਬ ਠਹਿਰਾਓਗੇ; ਜੋ ਅਜੇ ਵੀ ਹਰ ਦਿਨ, ਹਰ ਘੜੀ ਤੇ ਹਰ ਪਲ ਅਣਗਿਣਤ ਕਤਲ ਕਰੀ ਜਾ ਰਿਹਾ ਹੈ?”
ਧਰਮ ਬਾਰੇ ਵੀ ਭਗਤ ਸਿੰਘ ਬੜਾ ਸਪਸ਼ਟ ਸੀ ਉਹ ਧਰਮ ਨੂੰ ਇੱਕ ਬਿਮਾਰੀ ਸਮਝਦਾ ਸੀ ਜੋ ਭੈਅ ਦੀ ਉਪਜ ਹੈ। ਉਹ ਮਾਰਕਸ ਦੇ ਕਥਨ, “ਮਨੁੱਖ ਧਰਮ ਬਣਾਉਦਾਂ ਹੈ ਨਾ ਕਿ ਧਰਮ ਮਨੁੱਖ ਨੂੰ” ਯਾਦ ਰਖਦਾ ਸੀ।ਉਸ ਅਨੁਸਾਰ, “ਇਹ ਧਰਮ ਹੀ ਹੈ ਜੋ ਲੋਕਾਂ ਨੂੰ ਸਤਿਥੀ ਜਿਉਂ ਦੀ ਤਿਉਂ ਰਖਣ ਦੇ ਹਮਾਇਤੀ ਬਣਾਉਦਾਂ ਹੈ ਅਤੇ ਇਹੋ ਧਰਮ ਅਨੁਸਾਰ ਰੱਬੀ ਹੁੱਕਮ ਹੈ”
ਭਗਤ ਸਿੰਘ ਸਮਾਜਵਾਦੀ ਇਨਕਲਾਬ ਲਈ ਸਮਰਪਤ ਇੱਕ ਸਖਸ਼ੀਅਤ ਸੀ ਉਹ ਭਾਰਤ ਅੰਦਰ ਮਜ਼ਦੂਰਾਂ, ਕਿਸਾਨਾ ਤੇ ਹੋਰ ਮਿਹਨਤਕਸ਼ ਜਨਤਾ ਦੇ ਰਾਜ ਦੀ ਸਥਾਪਨਾ ਚਾਹੁੰਦਾ ਸੀ।ਉਸਦਾ ਇਹ ਪੱਕਾ ਵਿਸ਼ਵਾਸ਼ ਸੀ ਕਿ ਅਜ਼ਾਦੀ ਸਮਝੌਤੇ ਰਾਂਹੀ ਨਹੀ ਸਗੋਂ ਇੱਕ ਇਨਕਲਾਬੀ ਸੰਘਰਸ਼ ਰਾਂਹੀ ਪ੍ਰਾਪਤ ਕੀਤੀ ਜਾਂਦੀ ਹੈ।ਬੰਬ ਦੀ ਫਿਲਾਸਫੀ ਵਿੱਚ ਭਗਤ ਸਿੰਘ ਨੇ ਲਿਖਿਆ ਹੈ, “ਰਾਸ਼ਟਰੀ ਅਜ਼ਾਦੀ ਕਦੇ ਵੀ ਸਮਝੌਤੇ ਜਾਂ ਸੌਦੇਬਾਜੀ ਨਾਲ ਨਹੀਂ ਮਿਲਦੀ।ਜਿਤਨੀ ਜਲਦੀ ਅਸੀਂ ਸਮਝ ਜਾਈਏ ਕਿ ਅਜ਼ਾਦੀ ਤੇ ਗੁਲਾਮੀ ਵਿਚਾਲੇ ਕੋਈ ਸਮਝੌਤਾ ਨਹੀਂ ਹੋ ਸਕਦਾ, ਉਤਨਾ ਹੀ ਬਿਹਤਰ ਹੈ” ਫਾਂਸੀ ਤੇ ਲਟਕਾਉਣ ਲਈ ਲਿਜਾਏ ਜਾਣ ਤੋ ਪਹਿਲਾਂ ਵੀ ਭਗਤ ਸਿੰਘ ਲੈਨਿਨ ਦੀ ਕਿਤਾਬ ਪੜ ਰਿਹਾ ਸੀ। ਇਨਕਲਾਬ ਬਾਰੇ ਭਗਤ ਸਿੰਘ ਨੇ 8 ਮਈ 1929 ਨੂੰ ਮੁਕਦਮੇਂ ਦੀ ਪੇਸ਼ੀ ਦੌਰਾਨ ਆਪਣੇ ਬਿਆਨ ਵਿੱਚ ਕਿਹਾ ਸੀ, “ਇਨਕਲਾਬ ਤੋਂ ਸਾਡਾ ਮਤਲਬ ਅੰਤ ਵਿੱਚ ਸਮਾਜ ਦੀ ਐਸੀ ਵਿਵਸਥਾ ਦੀ ਉਸਾਰੀ ਹੈ ਜਿਸਨੂੰ ਕਿਸੇ ਦੇ ਵਿਰੋਧ ਦਾ ਡਰ ਨਾ ਰਹੇ ਤੇ ਜਿਸ ਵਿੱਚ ਪ੍ਰੋਲੋਤਾਰੀਆਂ ਦੀ ਪ੍ਰਭੂਸਤਾ ਹੋਵੇ ਅਤੇ ਵਿਸ਼ਵ ਸੰਘ ਮਨੁੱਖਤਾ ਨੂੰ ਪੂੰਜੀਵਾਦ ਦੀ ਗੁਲਾਮੀ ਤੇ ਸਾਮਰਾਜੀ ਯੁੱਧਾਂ ਦੇ ਦੁਖਾਂਤ ਤੋਂ ਅਜ਼ਾਦ ਕਰਵਾ ਸਕੇ”।
ਭਗਤ ਸਿੰਘ ਅਤੇ ਉਸ ਦੇ ਸਾਥੀਆਂ ਵਿਰੁੱਧ ਮੁਕਦਮਾਂ ਤੇ ਉਸਦੀ ਸੁਣਵਾਈ ਇੱਕ ਮਹਿਜ਼ ਖਾਨਾਂ ਪੂਰਤੀ ਹੀ ਸੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਸਾਡੀ ਆਪਣੀ ਕਾਨੂੰਨੀ ਪ੍ਰਣਾਲੀ ਕੰਮ ਕਰਦੀ ਹੈ।ਭਗਤ ਸਿੰਘ ਅਤੇ ਉਸਦੇ ਸਾਥੀਆਂ ਉਨ੍ਹਾਂ ਉੱਪਰ ਚਲਾਏ ਮੁਕਦੱਮੇਂ ਦੇ ਫੈਸਲੇ ਤੋਂ ਪਹਿਲੋਂ ਹੀ ਜਾਣੂ ਸਨ, ਬੁਰਜੂਆ ਨਿਆ ਪ੍ਰਣਾਲੀ ਅੰਦਰ ਇਨਸਾਫ ਨਾਲੋਂ ਫੈਸਲੇ ਨੂੰ ਵੱਧ ਮਹਤੱਤਾ ਦਿੱਤੀ ਜਾਂਦੀ ਹੈ।
7 ਅਕਤੂਬਰ 1930 ਨੂੰ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਫਾਂਸੀ ਦੀ ਸਜਾ ਦੇ ਕਾਲੇ ਵਾਰੰਟ ਕੱਢ ਦਿੱਤੇ ਗਏ।ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ 23 ਮਾਰਚ 1931 ਦੇ ਦਿਨ ਫਾਂਸੀ ਤੇ ਲਟਕਾਉਣ ਸਮੇਂ ਵੀ ਅੰਗਰੇਜ਼ ਸਾਮਰਾਜ ਨੇ ਆਪਣੇ ਬਣਾਏ ਕਾਨੂੰਨਾਂ ਦੀਆਂ ਧਜੀਆਂ ਉਡਾ ਦਿੱਤੀਆਂ।ਚੋਰੀ ਛਿਪੇ ਉਨ੍ਹਾਂ ਨੂੰ ਫਾਂਸੀ ਤੇ ਲਟਕਾਇਆ ਗਿਆ ਅਤੇ ਅੱਧ ਜਲੀਆਂ ਲਾਸ਼ਾਂ ਨੂੰ ਹਸੈਨੀਵਾਲਾ ਵਿਖੇ ਲਿਜਾ ਕੇ ਸਤਲੁਜ ਤੇ ਦੇ ਕੰਢੇ ਸਸਕਾਰ ਕਰ ਦਿੱਤਾ।
ਅੱਜ ਵੀ ਸਾਡੇ ਦੇਸ਼ ਦੇ ਲੋਕਾਂ ਦੀ ਹਾਲਤ ਭਗਤ ਸਿੰਘ ਦੇ ਆਪਣੀ ਮਾਂ ਨੂੰ ਕਹੇ ਸ਼ਬਦਾਂ ਨਾਲ ਮੇਲ ਖਾਂਦੀ ਹੈ। ਲਾਲਾ ਲਾਜਪਤ ਰਾਏ ਦੇ ਦੋ ਕੌਮਾਂ ਦੇ ਸਿਧਾਂਤ ਪ੍ਰਤੀ ਭਗਤ ਸਿੰਘ ਵਲੋਂ ਜ਼ਾਹਰ ਕੀਤੇ ਸ਼ੰਕੇ ਅੱਜ ਵੀ ਪੂਰੀ ਤਰ੍ਹਾਂ ਢੁੱਕ ਰਹੇ ਹਨ। 1947 ਤੋਂ ਬਾਅਦ ਦੋਵੇਂ ਮੁਲਕ ਆਪਸ ਵਿੱਚ ਹਥਿਆਰਬੰਦ ਲੜਾਈਆਂ ਕਰ ਰਹੇ ਹਨ ਅਤੇ ਸਾਮਰਾਜੀ ਮੁਲਕਾਂ ਤੋਂ ਆਮ ਜਨਤਾ ਦੀ ਖੂਨ ਪਸੀਨੇ ਦੀ ਕਮਾਈ ਦੀ ਕੀਮਤ ਉਤੇ ਹਥਿਆਰ ਖਰੀਦ ਰਹੇ ਹਨ।ਅੱਜ ਲੋੜ ਹੈ ਦੇਸ਼ ਦੇ ਨੌਜਵਾਨਾਂ ਨੂੰ ਭਗਤ ਸਿੰਘ ਦੇ ਸਮਾਜਵਾਦੀ ਇਨਕਲਾਬ ਦੇ ਸਪਨੇ ਪੂਰਾ ਕਰਨ ਲਈ ਅੱਗੇ ਆਉਣ ਦੀ ਤਾਂ ਜੋ ਮੌਜੂਦਾ ਵੱਡੀ ਸਰਮਾਏਦਾਰੀ (ਇਜ਼ਾਰੇਦਾਰਾਂ) ਦੀ ਅਗਵਾਈ ਹੇਠ ਰਾਜ ਕਰਦੀਆਂ ਸਰਮਾਏਦਾਰ ਤੇ ਜਗੀਰਦਾਰ ਜਮਾਤਾਂ ਦੇ ਸਭ ਤੋਂ ਭਰਿਸ਼ਟ ਤੇ ਲੁਟੇਰੇ ਆਰਥਕ ਪ੍ਰਬੰਧ ਨੂੰ ਬਦਲਕੇ ਮਜਦੂਰਾਂ ਕਿਸਾਨਾਂ ਤੇ ਮਿਹਨਤਕਸ਼ ਲੋਕਾਂ ਦਾ ਲੁੱਟ-ਖਸੁੱਟ ਰਹਿਤ ਰਾਜ ਸਥਾਪਤ ਕੀਤਾ ਜਾ ਸਕੇ।
ਅਖੀਰ ਵਿੱਚ ਇਨ੍ਹਾਂ ਬਹਾਦਰ ਤੇ ਇਨਕਲਾਬੀ ਯੋਧਿਆਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਣਾ ਲੈਦੇਂ ਹੋਏ ਉਨ੍ਹਾਂ ਪਲਾਂ ਨੂੰ ਯਾਦ ਕਰੀਏ ਜਦੋਂ ਫਾਂਸੀ ਦੇ ਰਸੇ ਗਲਾਂ ਪਾਉਣ ਤੋਂ ਪਹਿਲੋਂ ਤਿੰਨੇ ਸਾਥੀਆਂ ਨੇ ਇੱਕ ਦੂਸਰੇ ਦੀਆਂ ਬਾਹਾਂ'ਚ ਬਾਹਾਂ ਪਾ ਕੇ ਕ੍ਰਾਂਤੀਕਾਰੀ ਗੀਤ ਗਾਉਂਦੇ ਹੋਏ ਫਾਂਸੀ ਦੇ ਰਸਿਆਂ ਵੱਲ ਵੱਧੇ!! 
ਕਭੀ ਵੁਹ ਦਿਨ ਭੀ ਆਏਂਗੇ ਕਿ ਜਬ ਆਜ਼ਾਦ ਹਮ ਹੋਂਗੇ।
ਯਿਹ ਅਪਨੀ ਜ਼ਮੀਨ ਹੋਗੀ ਯਿਹ ਅਪਨਾ ਆਸਮਾਨ ਹੋਗਾ।

ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ।
ਵਤਨ ਪਰ ਮਰਨੇ ਵਾਲੋਂ ਕਾ ਯਹੀ ਨਾਮੋਂ ਨਿਸ਼ਾਨ ਹੋਗਾ।

ਪਵਨ ਕੁਮਾਰ ਕੌਸ਼ਲ, 98550-04500
ਵ-ਨੰ:8, ਗੋਬਿੰਦਪੁਰਾ, ਕੌਸ਼ਲ ਗਲੀ, ਦੋਰਾਹਾ-141421, ਜਿਲ੍ਹਾ ਲੁਧਿਆਣਾ

No comments: