Tuesday, April 29, 2014

ਨਸ਼ਿਆਂ ਤੋਂ ਬਾਅਦ ਵੀ ਤਣਿਆ ਰਹੇਗਾ ਬੇਲਨ ਬ੍ਰਿਗੇਡ ਦਾ ਵੇਲਣਾ

ਔਰਤਾਂ ਵੱਲੋਂ ਨਸ਼ਿਆਂ ਦੇ ਖਿਲਾਫ਼ ਜੰਗ ਹੋਰ ਤੇਜ਼ ਕਰਨ ਦਾ ਐਲਾਨ 
ਲੁਧਿਆਣਾ, 29 ਅਪ੍ਰੈਲ (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਨਸ਼ਾ ਭਾਵੇਂ ਅਫੀਮ ਦਾ ਹੋਵੇ, ਭਾਵੇਂ ਭੁੱਕੀ ਦਾ ਅਤੇ ਭਾਵੇਂ ਸ਼ਰਾਬ ਦਾ-ਚੋਣਾਂ ਵਿੱਚ ਇਹ ਸਾਰੇ ਨਸ਼ੇ  ਜਾਂਦੇ ਸਨ।  ਪਹਿਲੀ ਵਾਰ ਹੋ ਰਿਹਾ ਹੈ ਕਿ ਨਸ਼ਿਆਂ ਦਾ ਨਾਮ ਲੈਣ ਵੇਲੇ ਇੱਕ ਸਹਿਮ ਜਿਹਾ ਦਿਖਾਈ ਦੇਂਦਾ ਹੈ। ਸਭ ਤੋਂ ਸਸਤੇ ਸਮਝੇ ਜਾਂਦੇ ਨਸ਼ੇ ਭੁੱਕੀ ਦੀ ਕੀਮਤ ਚਾਰ ਹਜ਼ਾਰ ਕਿੱਲੋ ਨੂੰ ਪੁੱਜ ਗਈ ਹੈ। ਜੇ ਕੋਈ ਐਡਵਾਂਸ ਵੀ ਪੈਸੇ ਦੇਵੇ ਤਾਂ ਨਸ਼ਿਆਂ ਦੇ "ਕਾਰੋਬਾਰੀ" ਆਖਦੇ ਨੇ ਨਾ ਬਈ ਐਵੇਂ ਕਿਤੇ ਬੇਲਨ ਬ੍ਰਿਗੇਡ ਦੇਖ ਲਊਗਾ। ਇਸੇ ਤਰਾਂ ਸ਼ਰਾਬ ਦਾ ਰੁਝਾਣ ਵੀ ਇਸ ਵਾਰ ਬਹੁਤ ਘਟਿਆ। 
ਲੋਕਸਭਾ ਚੋਣਾਂ ਦੌਰਾਨ ਨਸ਼ਿਆਂ ਪ੍ਰਤੀ ਮਹਿਲਾਵਾਂ ਨੂੰ ਜਾਗਰੂਕ ਕਰਨ ਵਾਲੀ ਸੰਸਥਾ ਬੇਲਨ ਬ੍ਰਿਗੇਡ ਨੇ ਹੁਣ ਫਿਰ ਚੇਤਾਵਨੀ ਦਿੱਤੀ ਹੈ ਕਿ ਚੋਣਾਂ ਤੋਂ ਬਾਅਦ ਵੀ ਉਹ ਸਰਗਰਮ ਰਹੇਗੀ ਅਤੇ ਨਸ਼ਾ ਵੇਚਣ ਵਾਲਿਆਂ ਅਤੇ ਨਸ਼ਾਖੋਰਾਂ ਨੂੰ ਸਬਕ ਸਿਖਾ ਕੇ ਰਹੇਗੀ। ਐਨ.ਜੀ.ਓ. ਨਵਕਿਰਣ ਵੂਮੈਨ ਵੈਲਫੇਅਰ ਐਸੋਸੀਏਸ਼ਨ ਅਤੇ ਬੇਲਨ ਬ੍ਰਿਗੇਡ ਦੀ ਕੌਮੀ ਪ੍ਰਧਾਨ ਆਰਕੀਟੈਕਟ ਅਨੀਤਾ ਸ਼ਰਮਾ ਨੇ ਦੱਸਿਆ ਕਿ ਸਿਹਤਮੰਦ ਅਤੇ ਨਿਰੋਲ ਸਮਾਜ ਲਈ ਨਸ਼ਾ ਵਿਰੋਧੀ ਅਭਿਆਨ ਸ਼ੁਰੂ ਕੀਤਾ ਗਿਆ ਸੀ। ਇਨਾਂ ਲੋਕ ਸਭਾ ਚੋਣਾਂ ਦਾ ਐਲਾਨ ਹੁੰਦੇ ਹੀ ਮਹਿਲਾਵਾਂ ਨੂੰ ਜਾਗਰੂਕ ਕਰਨ ਲਈ ਸੰਸਥਾ ਨੇ ਆਪਣਾ ਫਰਜ਼ ਨਿਭਾਇਆ ਅਤੇ ਮਹਿਲਾ ਮਤਦਾਤਾਵਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਸੰਗਠਨ ਵਲੋਂ ਲੁਧਿਆਣਾ ਤੋਂ ਇਲਾਵਾ ਜਲੰਧਰ, ਅੰਮ੍ਰਿਤਸਰ, ਹੋਸ਼ਿਆਰਪੁਰ, ਕਪੂਰਥਲਾ, ਸੰਗਰੂਰ, ਨਵਾਂਸ਼ਹਿਰ ਅਤੇ ਫਤਿਹਗੜ ਸਾਹਿਬ 'ਚ ਮੀਡਿਆ ਦੇ ਜਰੀਏ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਦਰਜਨਾਂ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕੀਤੀਆਂ।
ਇਸ ਸੰਦਰਭ 'ਚ ਮਹਿਲਾਵਾਂ ਨੂੰ ਵੋਟਾਂ ਪਾਉਣ ਲਈ ਅਤੇ ਨਸ਼ਾ ਵਿਰੋਧ ਲਈ ਜਾਗਰੂਕ ਕਰਨ ਵਾਸਤੇ 4-5 ਮੀਟਿੰਗਾਂ ਰੋਜ਼ਾਨਾ ਕੀਤੀਆਂ ਗਈਆਂ, ਜਿਸ ਦੌਰਾਨ ਮਹਿਲਾਵਾਂ ਅਤੇ ਨੌਜਵਾਨਾ ਨੂੰ ਨਸ਼ਿਆਂ ਦੇ ਬੁਰੇ ਨਤੀਜਿਆਂ ਪ੍ਰਤੀ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਨਸ਼ੇ ਸਭ ਤੋਂ ਗੰਭੀਰ ਸਮਸਿਆ ਹੈ, ਜੋ ਸਮਾਜ ਵਿਚ ਤੇਜੀ ਨਾਲ ਫੈਲ ਰਹੀ ਹੈ। ਇਸ ਦੇ ਸੇਵਨ ਨਾਲ ਵਿਅਕਤੀ ਕਮਜ਼ੋਰ ਅਤੇ ਸੁੱਸਤ ਬਣ ਜਾਂਦਾ ਹੈ ਅਤੇ ਉਹ ਜੀਵਨ ਦਾ ਵਾਸਤਵਿਕ ਉਦੇਸ਼ ਭੁੱਲ ਜਾਂਦਾ ਹੈ। ਯਾਦ ਰਹੇ ਕਿ ਭਾਰਤ ਵਿਸ਼ਵ ਵਿਚ ਸਭ ਤੋਂ ਵਧੇਰੇ ਨੌਜਵਾਨਾ ਦਾ ਦੇਸ਼ ਹੈ।
ਸ਼੍ਰੀਮਤੀ ਅਨੀਤਾ ਸ਼ਰਮਾ ਨੇ ਕਿਹਾ ਕਿ ਅਨਪੜ੍ਹਤਾ ਅਤੇ ਜਾਗਰੂਕਤਾ ਦੀ ਘਾਟ ਕਾਰਣ ਮਹਿਲਾ ਨਸ਼ਿਆਂ ਦੀ ਵਾਸਤਵਿਕਤਾ ਨਹੀਂ ਸਮਝ ਪਾਉਂਦੀਆਂ ਅਤੇ ਜਦੋਂ ਤੱਕ ਸਮਝਦੀਆਂ ਹਨ, ਘਰ ਤਬਾਹ ਹੋ ਚੁੱਕਾ ਹੁੰੰਦਾ ਹੈ। ਦੇਰ ਹੋਣ ਕਾਰਣ ਨਸ਼ੇੜੀ ਦਾ ਸਰੀਰ ਅੰਦਰ ਤੋਂ ਖੋਖਲਾ ਹੋ ਜਾਂਦਾ ਹੈ। ਨਸ਼ਿਆਂ ਕਾਰਣ ਵਧੇਰੇ ਯੁਵਾ ਆਪਣਾ ਜੀਵਨ ਖੋਹ ਚੁੱਕੇ ਹਨ। ਸਿਰਫ਼ ਲੁਧਿਆਣਾ ਦੇ ਪਿੰਡ ਜਾਂਗਪੁਰ ਵਿਚ ਪਿਛਲੇ ਦੋ ਵਰ੍ਹਿਆਂ ਦੌਰਾਨ 20 ਤੋਂ ਵੱਧ ਨੌਜਵਾਨ ਨਸ਼ਿਆਂ ਕਾਰਣ  ਹਥ ਧੋ ਚੁੱਕੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਨਸ਼ਿਆਂ ਦੀ ਵੰਡ ਨੂੰ ਨੁਕੇਲ ਪਾਉਣ ਲਈ ਬੇਲਨ ਬ੍ਰਿਗੇਡ ਨੇ ਤਿੱਖੀ ਮੁਹਿੰਮ ਛੇੜੀ ਅਤੇ ਉਮੀਦਵਾਰਾਂ ਵਿਚ ਨਸ਼ਿਆਂ ਨੂੰ ਲੈਕੇ ਡਰ ਅਤੇ ਸਹਿਮ ਦੀ ਸਥਿਤੀ ਪੈਦਾ ਕੀਤੀ। ਲੋਕਾਂ ਨੇ ਸਹੁੰ ਵੀ ਚੁੱਕੀ ਕਿ ਚੋਣ ਮੌਸਮ ਵਿਚ ਉਹ ਨਸ਼ਿਆਂ ਨੂੰ ਨਹੀਂ ਸਵੀਕਾਰਣਗੇ। ਹੁਣ ਜੇਕਰ ਕੋਈ 30 ਅਪ੍ਰੈਲ ਨੂੰ ਚੋਣ ਜੰਗ ਵਿਚ ਨਸ਼ੇ ਵੰਡੇਗਾ ਤਾਂ ਬੇਲਨ ਬ੍ਰਿਗੇਡ ਉਨਾਂ ਦਾ ਡੱਟ ਕੇ ਵਿਰੋਧ ਕਰੇਗੀ। ਬੇਲਨ ਬ੍ਰਿਗੇਡ ਨੇ ਡੀਜੀਪੀ ਪੰਜਾਬ ਅਤੇ ਮੁੱਖ ਚੋਣ ਅਧਿਕਾਰੀ ਤੋਂ ਲਿਖਿਤ ਤੌਰ 'ਤੇ ਮੰਗ ਕੀਤੀ ਹੈ ਕਿ ਯੁਵਾ ਵਰਗ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਏ ਅਤੇ ਚੋਣਾਂ ਵਿਚ ਨਸ਼ਿਆਂ ਦੀ ਵੰਡ ਨੂੰ ਨੁਕੇਲ ਪਾਉਣ ਲਈ ਠੋਸ ਕਦਮ ਚੁੱਕੇ ਜਾਣ।
ਇਸ ਪ੍ਰੈਸ ਕਾਨਫਰੰਸ ਵਿੱਚ ਸਭ ਤੋਂ ਪਹਿਲਾਂ ਪਹੁੰਚੀ ਸਵਿਤਾ ਕਾਲੜਾ ਨੇ ਕਿਹਾ ਕਿ ਇਹ ਸਭ ਕੋਈ ਆਸਾਨ ਨਹੀਂ ਸੀ। ਸਾਨੂੰ ਪਤਾ ਸੀ ਅਸੀਂ ਮੁਸ਼ਕਿਲ ਰਸਤਾ ਚੁਣਿਆ ਹੈ ਪਰ ਅਸੀਂ ਇਸ ਤੇ ਕਿਮ ਰਹਾਂਗੇ। ਇਹ ਪੁਛੇ ਜਾਣ ਤੇ ਕਿ ਜਦ ਸਰਕਾਰਾਂ ਹੀ ਸ਼ਰਾਬ ਦੀਆਂ ਦੁਕਾਨਾਂ ਤੋਂ ਹੁੰਦੀ ਕਮਾਈ ਵੱਲ ਝਾਕ ਰੱਖਦੀਆਂ ਹੋਣ ਤਾਂ ਇਹ ਜੰਗ ਕਾਮਯਾਬ ਕਿਵੇਂ ਹੋ ਸਕਦੀ ਹੈ। ਇਸਦੇ ਜੁਆਬ ਵਿੱਚ ਸਵਿਤਾ ਸ਼ਰਮਾ ਨੇ ਆਖਿਆ ਅਸੀਂ ਦੇਸ਼ ਅਤੇ ਸਮਾਜ ਨੂੰ ਖੋਖਲਾ ਕਰਨ ਵਾਲੀ ਅਜਿਹੀ ਕਮਾਈ ਨਹੀਂ ਚੱਲਣ ਦਿਆਂਗੇ।  ਲੋਕਾਂ ਦੀ ਸ਼ਕਤੀ ਸਰਕਾਰਾਂ ਤੋਂ ਵਧ ਹੁੰਦੀ ਹੈ ਅਸੀਂ ਉਸ ਸ਼ਕਤੀ ਨੂੰ ਹੀ ਜਾਗਰੂਕ ਕਰ ਰਹੇ ਹਾਂ। ਹੁਣ ਦੇਖਣਾ ਹੈ ਕਿ ਸਮਾਜ ਇਸ ਲੰਮੀ ਲੜਾਈ ਲਈ ਕਿੰਨੀ ਜਲਦੀ ਇਸ ਕਾਫ਼ਿਲੇ ਨਾਲ ਤੁਰਦਾ ਹੈ। 
ਵਧੇਰੇ ਜਾਣਕਾਰੀ ਲਈ ਬੇਲਨ ਬ੍ਰਿਗੇਡ ਦੀ ਮੁਖੀ ਅਨੀਤਾ ਸ਼ਰਮਾ ਨਾਲ 94174-23238 ਇਸ ਨੰਬਰ 'ਤੇ ਸੰਪਰਕ ਕੀਰਤ ਜਾ ਸਕਦਾ ਹੈ। 

No comments: