Tuesday, April 01, 2014

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਪਰਮਜੀਤ ਸਿੰਘ ਗਿੱਲ ਦਾ ਤਬਾਦਲਾ

ਸੰਜੀਵ ਕਾਲੜਾ ਨੂੰ ਨਿਯੁਕਤ ਕੀਤਾ ਲੁਧਿਆਣਾ ਦਾ ਨਵਾਂ ਪੁਲਿਸ ਕਮਿਸ਼ਨਰ 
ਲੁਧਿਆਣਾ, 1 ਅਪ੍ਰੈਲ 2014: (ਪੰਜਾਬ ਸਕਰੀਨ ਬਿਊਰੋ): 
ਲੁਧਿਆਣਾ ਵਿੱਚ ਹਿੰਸਾ ਦੀਆਂ ਵਾਰਦਾਤਾਂ ਤੋਂ ਬਾਅਦ  ਆਲੋਚਨਾ ਦਾ ਨਿਸ਼ਾਨਾ ਬਣੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਪਰਮਜੀਤ ਸਿੰਘ ਗਿੱਲ ਦਾ ਤਬਾਦਲਾ ਕਰਕੇ ਉਨ੍ਹਾਂ ਦੀ ਥਾਂ 'ਤੇ ਆਈ. ਜੀ ਸ੍ਰੀ ਸੰਜੀਵ ਕਾਲੜਾ ਨੂੰ ਨਿਯੁਕਤ ਕੀਤਾ ਗਿਆ ਹੈ। ਇਹ ਕਦਮ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਚੋਣ ਕਮਿਸ਼ਨਰ ਦੇ ਹੁਕਮਾਂ 'ਤੇ ਚੁੱਕਿਆ। ਇਸ ਮਸਲੇ ਤੇ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਫੂਲਕਾ ਨੇ ਆਵਾਜ਼ ਉਠਾਈ ਸੀ। ਆਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਕਮਿਸ਼ਨਰ ਨੂੰ ਬਦਲੇ ਜਾਣ ਦੀ ਮੰਗ ਪੂਰੇ ਜੋਰ ਨਾਲ ਉਠਾਈ ਸੀ।  
ਕਮਿਸ਼ਨਰ ਦੱਸਣਯੋਗ ਹੈ ਕਿ ਸੱਤਾਧਾਰੀ ਧਿਰ ਤੋਂ ਬਾਗ਼ੀ ਹੋ ਕੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਆਜ਼ਾਦ ਤੌਰ 'ਤੇ ਚੋਣ ਮੈਦਾਨ 'ਚ ਉਤਰੇ ਸਿਮਰਜੀਤ ਸਿੰਘ ਬੈਂਸ ਵੱਲੋਂ ਪੁਲਿਸ ਦੀਆਂ ਧੱਕੇਸ਼ਾਹੀਆਂ ਵਿਰੁੱਧ ਚੋਣ ਕਮਿਸ਼ਨ ਨੂੰ ਕੁਝ ਦਿਨ ਪਹਿਲਾਂ ਦਿੱਲੀ ਜਾ ਕੇ ਵੀ ਸ਼ਿਕਾਇਤ ਕੀਤੀ ਸੀ ਜਿਸਦਾ ਗੰਭੀਰ ਨੋਟਿਸ ਲੈਂਦਿਆਂ ਚੋਣ ਕਮਿਸ਼ਨਰ ਨੇ ਪੰਜਾਬ ਸਰਕਾਰ ਨੂੰ ਪੁਲਿਸ ਕਮਿਸ਼ਨਰ ਦਾ ਤੁਰੰਤ ਤਬਾਦਲਾ ਕਰਕੇ ਰਿਪੋਰਟ ਦੇਣ ਲਈ ਕਿਹਾ ਸੀ। ਅੱਜ ਦੇਰ ਸ਼ਾਮ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਸ. ਐਸ. ਐਸ ਚੰਨੀ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਸ. ਗਿੱਲ ਨੂੰ ਤੁਰੰਤ ਚਾਰਜ ਛੱਡਣ ਦੇ ਹੁਕਮ ਦਿੱਤੇ ਗਏ ਹਨ।  ਇਸੇ ਤਰਾਂ ਲੁਧਿਆਣਾ ਤੋਂ ਲੋਕ ਸਭਾ ਹਲਕੇ ਦੇ ਆਪ ਉਮੀਦਵਾਰ ਐਡਵੋਕੇਟ ਐਚ. ਐਸ ਫ਼ੁਲਕਾ ਦਾ ਵੀ ਪੁਲਿਸ ਕਮਿਸ਼ਨਰ ਗਿੱਲ ਨਾਲ ਤਕਰਾਰ ਹੋ ਗਿਆ ਸੀ ਅਤੇ ਗਿੱਲ ਵੱਲੋਂ ਸ. ਫ਼ੂਲਕਾ ਨੂੰ ਦਫ਼ਤਰ ਤੋਂ ਬਾਹਰ ਜਾਣ ਲਈ ਕਹਿ ਦਿੱਤਾ ਗਿਆ ਸੀ।
ਬੈਂਸ ਭਰਾਵਾਂ ਵੱਲੋਂ ਕਮਿਸ਼ਨਰ ਦੇ ਤਬਾਦਲੇ ਦਾ ਸੁਆਗਤ ਕੀਤਾ ਗਿਆ ਹੈ। ਇਸ ਤਬਾਦਲੇ ਨੂੰ ਸੰਘਰਸ਼ ਦੀ ਜਿੱਤ ਕਰਾਰ ਦਿੱਤਾ ਜਾ ਰਿਹਾ ਹੈ। ਆਜ਼ਾਦ ਉਮੀਦਵਾਰ ਸ: ਸਿਮਰਜੀਤ ਸਿੰਘ ਬੈਂਸ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਚੋਣ ਕਮਿਸ਼ਨਰ ਵੱਲੋਂ ਪੁਲਿਸ ਕਮਿਸ਼ਨਰ ਦਾ ਤਬਾਦਲਾ ਕਰਨ 'ਤੇ ਚੋਣ ਕਮਿਸ਼ਨਰ ਸ੍ਰੀ ਸੰਪਤ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ 'ਚ ਕਿਸੇ ਵੀ ਅਧਿਕਾਰੀ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਧੱਕੇਸ਼ਾਹੀ ਕਰਨ ਵਾਲੇ ਅਧਿਕਾਰੀਆਂ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇਗਾ। ਕਈ ਹੋਰਾਂ ਨੇ ਵੀ ਇਸਨੂੰ ਜੀ ਆਇਆਂ ਆਖਿਆ ਹੈ।

No comments: