Wednesday, April 23, 2014

ਜੁਰਮ ਨਾਲ ਜਾਰੀ ਹੈ ਪੁਲਿਸ ਦੀ ਅਣਥੱਕ ਜੰਗ

ਫਿਰ ਵੀ ਨਹੀਂ ਘਟ ਰਿਹਾ ਜੁਰਮਾਂ ਦਾ ਸਿਲਸਿਲਾ 
ਲੁਧਿਆਣਾ: 22 ਅਪ੍ਰੈਲ 2014: (ਪੰਜਾਬ ਸਕਰੀਨ ਬਿਊਰੋ):
ਕਾਨੂੰਨ ਦੇ  ਅਤੇ ਪੁਲਿਸ ਦੀ ਸਖਤੀ ਦੇ ਬਾਵਜੂਦ ਜੁਰਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਵੀ ਕਈ ਥਾਵਾਂ 'ਤੇ ਵੱਖ ਵੱਖ ਘਟਨਾਵਾਂ ਹੋਈਆਂ ਹਨ। ਕਿਸੇ ਥਾਂ ਨਸ਼ਿਆਂ ਦੀ ਸਮਗਲਿੰਗ, ਕਿਸੇ ਥਾਂ ਕਤਲ ਅਤੇ ਕਿਸੇ ਥਾਂ ਕੁਝ ਹੋਰ। ਲੱਗਦਾ ਹੈ ਜੁਰਮਾ ਦੀ ਦੁਨਿਆ ਵਿੱਚ ਖੌਫ਼ ਪੈਦਾ ਕਰਨ ਲਈ ਸਮਾਜ ਸਿਆਸਤ ਅਤੇ ਪੁਲਿਸ ਨੂੰ ਇੱਕ ਵਾਰ ਫੇਰ ਰਲ ਮਿਲ ਕੇ ਹੰਭਲਾ ਮਾਰਨਾ ਪਵੇਗਾ। 
ਜਗਰਾਓਂ: ਚੋਣਾਂ ਦੇ ਦਿਨਾਂ ਵਿੱਚ ਨਸ਼ਿਆਂ ਦੀ ਬਰਾਮਦੀ ਕਈ ਥਾਵਾਂ ਤੋਂ ਜਾਰੀ ਹੈ। ਇਸੇ ਮੁਹਿੰਮ ਅਧੀਨ ਜਗਰਾਓਂ ਵਿੱਚ ਵੀ ਸ਼ਰਾਬ ਬਰਾਮਦ ਹੋਈ ਹੈ। ਪੁਲਸ ਨੇ ਨਸ਼ਿਆਂ ਵਿਰੁਧ ਆਪਣੀ ਕਾਰਵਾਈ ਨੂੰ ਹੋਰ ਤੇਜ਼ ਕਰਦਿਆਂ ਵੱਖ-ਵੱਖ ਥਾਵਾਂ ਤੋਂ ਗਸ਼ਤ ਦੇ ਦੌਰਾਨ 43 ਹਜ਼ਾਰ ਮਿਲੀਲੀਟਰ ਸ਼ਰਾਬ ਨਾਲ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ 2 ਹੋਰ ਮੌਕੇ ਤੋਂ ਫਰਾਰ ਹੋਣ 'ਚ ਸਫ਼ਲ ਹੋ ਗਏ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਸਫੀਪੁਰ ਕੋਲੋਂ ਗਸ਼ਤ ਦੌਰਾਨ ਤਰਸੇਮ ਸਿੰਘ ਪੁੱਤਰ ਅਮਰ ਸਿੰਘ ਵਾਸੀ ਮਲਸੀਹਾਂ ਨੂੰ 20 ਹਜ਼ਾਰ 250 ਮਿਲੀਲੀਟਰ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਦਕਿ ਉਸ ਦਾ ਦੂਸਰਾ ਸਾਥੀ ਬਲਜੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਪਰਜੀਆਂ ਬਿਹਾਰੀਪੁਰ ਮੌਕੇ ਤੋਂ ਫਰਾਰ ਹੋ ਗਿਆ। ਇਸੇ ਤਰ੍ਹਾਂ ਪਿੰਡ ਰਾਮਗੜ੍ਹ ਭੁੱਲਰ ਦੌਰਾਨੇ ਗਸ਼ਤ 30 ਬੋਤਲਾਂ (22,500 ਮਿਲੀਲੀਟਰ) ਸ਼ਰਾਬ ਬਰਾਮਦ ਕੀਤੀ ਗਈ, ਜਦਕਿ ਸੁਖਚੈਨ ਅਲੀ ਉਰਫ਼ ਗੋਸਾ ਪੁੱਤਰ ਸਰਦਾਰ ਅਲੀ ਵਾਸੀ ਰਾਮਗੜ੍ਹ ਭੁੱਲਰ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧੀ ਥਾਣਾ ਸਦਰ ਜਗਰਾਓਂ ਵਿਖੇ ਕਥਿਤ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਹਨ। ਇਸ ਸੰਬੰਧ ਵਿਛ੍ਕ ਮੁਹਿੰਮ ਨੂੰ ਹੋਰ ਤੇਜ਼ ਵੀ ਕੀਤਾ ਗਿਆ ਹੈ। 
ਖੰਨਾ ਪੁਲਿਸ ਨੇ ਕਾਬੂ ਕੀਤੇ ਸ਼ਾਤਿਰ ਕਾਤਲ
ਦੋਰਾਹਾ: ਖੰਨਾ ਪੁਲਿਸ ਨੇ ਪਤੀ ਪਤਨੀ ਦੀਆਂ ਲਾਸ਼ਾਂ ਮਿਲਣ ਦੀ ਗੁੰਝਲ ਨੂੰ ਸੁਲਝਾ ਲਿਆ ਹੈ। ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਹਰਚਰਨ ਸਿੰਘ ਭੁੱਲਰ ਨੇ ਇਕ ਪ੍ਰੈੱਸ ਕਾਨਫਰੈਂਸ 'ਚ ਨਹਿਰ ਵਿਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ ਦੀ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਸਭ ਕੁਝ ਵਿਸਥਾਰ ਨਾਲ ਦਸਿਆ। ਉਹਨਾਂ ਇਸ ਮਾਮਲੇ ਵਿੱਚ ਦੋ ਕਥਿਤ ਕਾਤਲਾਂ ਨੂੰ ਗ੍ਰਿਫਤਾਰ ਕਰਨ ਮਗਰੋਂ ਵਾਰਦਾਤ ਵਿਚ ਵਰਤੇ ਹਥਿਆਰ ਅਤੇ ਕਾਰ ਨੂੰ ਵੀ ਬਰਾਮਦ ਕਰਨ ਦਾ ਦਾਅਵਾ ਵੀ ਕੀਤਾ ਹੈ। ਪ੍ਰੈੱਸ ਕਾਨਫਰੈਂਸ ਦੌਰਾਨ ਐੱਸ. ਐੱਸ. ਪੀ. ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਪੁਲਸ ਨੂੰ 10 ਅਪ੍ਰੈਲ 2014 ਨੂੰ ਸਰਹਿੰਦ ਨਹਿਰ ਦੇ ਗੁਰਥਲੀ ਪੁਲ ਦੇ ਨੇੜੇ ਇਕ ਮਰਦ ਅਤੇ ਔਰਤ ਦੀ ਲਾਸ਼ ਮਿਲੀ ਸੀ। ਉਥੇ ਦੋਨਾਂ ਦੀਆਂ ਲਾਸ਼ਾਂ ਨੂੰ ਪਲਾਸਟਿਕ ਦੇ ਥੈਲਿਆਂ ਵਿਚ ਲਪੇਟਿਆ ਹੋਇਆ ਸੀ। ਦੋਨਾਂ ਮ੍ਰਿਤਕਾਂ ਦੇ ਸਰੀਰ 'ਤੇ ਕਈ ਜ਼ਖਮ ਵੀ ਸਨ। ਉਸ ਸਮੇਂ ਪੁਲਸ ਨੇ ਅਣਪਛਾਤੇ ਹਮਲਾਵਰਾਂ 'ਤੇ ਮਾਮਲਾ ਦਰਜ ਕਰਦੇ ਹੋਏ ਕੇਸ ਟ੍ਰੇਸ ਕਰਨ ਲਈ ਪੁਲਸ ਦੇ ਕਾਬਲ ਅਧਿਕਾਰੀ ਐੱਸ. ਪੀ. (ਡੀ) ਰਾਜਵਿੰਦਰ ਸਿੰਘ ਸੋਹਲ ਦੀ ਅਗਵਾਈ ਵਿਚ ਇਕ ਟੀਮ ਦਾ ਗਠਨ ਕੀਤਾ ਗਿਆ। ਇਸ ਟੀਮ ਨੂੰ ਗਠਿਤ ਕਰਨ ਦੇ ਨਾਲ ਨਾਲ ਬਾਕੀ ਦੀ ਪੁਲਸ ਟੀਮ ਵਿਚ ਸੀ. ਆਈ. ਏ. ਸਟਾਫ ਦੇ ਇੰਚਾਰਜ ਬਲਜਿੰਦਰ ਸਿੰਘ ਨੂੰ ਸ਼ਾਮਲ ਕੀਤਾ ਸੀ, ਜਿਨ੍ਹਾਂ ਨੇ ਵੱਖ-ਵੱਖ ਪਹਿਲੂਆਂ 'ਤੇ ਕੰਮ ਕਰਦੇ ਹੋਏ ਆਖਰਕਾਰ ਦੋਨਾਂ ਕਥਿਤ ਕਾਤਲਾਂ ਨੂੰ ਕਾਬੂ ਕਰ ਲਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਦੌਰਾਨ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਵਲੋਂ 12 ਅਪ੍ਰੈਲ 2014 ਨੂੰ ਦੋਨਾਂ ਲਾਸ਼ਾਂ ਦੀ ਸ਼ਨਾਖਤ ਕਰ ਲਈ ਗਈ ਅਤੇ ਇਨ੍ਹਾਂ ਲੋਕਾਂ ਦੀ ਪਹਿਚਾਣ ਗੁਰਪਾਲ ਸਿੰਘ ਪੁੱਤਰ ਕਰਨੈਲ ਸਿੰਘ ਮੁਲਤਾਨੀਆ ਰੋਡ ਗਲੀ ਨੰ. 1 ਬਠਿੰਡਾ, ਗੁਰਪ੍ਰੀਤ ਕੌਰ ਪੁੱਤਰੀ ਅਵਤਾਰ ਸਿੰਘ ਨਿਵਾਸੀ ਬਠਿੰਡਾ ਦੇ ਰੂਪ ਵਿਚ ਹੋਈ। ਭੁੱਲਰ ਨੇ ਅੱਗੇ ਦੱਸਿਆ ਕਿ ਮ੍ਰਿਤਕ ਗੁਰਪਾਲ ਸਿੰਘ ਬਚਿੱਤਰ ਨਗਰ ਲੁਧਿਆਣਾ ਵਿਖੇ ਇਕ ਮਕਾਨ ਵਿਚ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਪਿਛਲੇ ਦੋ ਤਿੰਨ ਸਾਲਾਂ ਤੋਂ ਰਹਿ ਰਿਹਾ ਸੀ। ਇਹ ਮਕਾਨ ਕਥਿਤ ਦੋਸ਼ੀ ਅਰਪਿੰਦਰ ਸਿੰਘ ਉਰਫ ਸੋਨੂੰ ਨੇ ਗੁਰਪਾਲ ਸਿੰਘ ਨੂੰ ਲੈ ਕੇ ਦਿੱਤਾ ਸੀ, ਅਰਪਿੰਦਰ ਸਿੰਘ ਉਰਫ ਸੋਨੂੰ ਨੇੜਲੇ ਪਿੰਡ ਬੁਲਾਰਾ ਵਿਖੇ ਕੇ. ਡੀ. ਐੱਮ. ਨਾਂ ਦੇ ਬੈਨਰ ਨਾਲ ਇੱਕ ਨਰਸਰੀ ਚਲਾਉਂਦਾ ਸੀ। ਇਸਦੇ ਨਾਲ-ਨਾਲ ਪ੍ਰਾਪਰਟੀ ਡੀਲਿੰਗ ਦਾ ਕੰਮ ਵੀ ਕਰਦਾ ਸੀ।  ਇਸਦੇ ਚੱਲਦੇ ਗੁਰਪਾਲ ਸਿੰਘ ਦੀ ਕਥਿਤ ਦੋਸ਼ੀ ਨਾਲ ਗਹਿਰੀ ਦੋਸਤੀ ਹੋ ਗਈ। ਐੱਸ. ਐੱਸ. ਪੀ. ਨੇ ਦੱਸਿਆ ਕਿ ਮ੍ਰਿਤਕ ਗੁਰਪਾਲ ਸਿੰਘ ਪ੍ਰਾਪਰਟੀ ਦੇ ਕੰਮ ਵਿਚ ਹੋਰ ਵਧੇਰੇ ਪੈਸੇ ਲਗਾਉਣਾ ਚਾਹੁੰਦਾ ਸੀ ਜਿਸਦੇ ਚੱਲਦੇ ਉਹ ਅਕਸਰ ਕਥਿਤ ਦੋਸ਼ੀ ਸੋਨੂੰ ਨਾਲ ਗੱਲਬਾਤ ਵੀ ਕਰਦਾ ਰਹਿੰਦਾ ਸੀ। ਇਸੇ ਦੌਰਾਨ ਸੋਨੂੰ ਨੇ ਆਪਣੇ ਦੋਸਤ ਸਰਬਜੀਤ ਉਰਫ ਸਾਬਾ ਦੀ ਅਜੀਤ ਸਿੰਘ ਦੇ ਰੂਪ 'ਚ ਪਹਿਚਾਣ ਕਰਵਾਉਂਦੇ ਹੋਏ ਉਸਦੀ ਪਤਨੀ ਮਾਇਆ ਰਾਣੀ ਦੀ 121 ਗਜ਼ ਮਕਾਨ ਦੀ ਮਲਕੀਅਤ ਦੱਸਦੇ ਹੋਏ ਮ੍ਰਿਤਕ ਗੁਰਪਾਲ ਦੇ ਨਾਲ ਫਰਜ਼ੀ ਇਕਰਾਰਨਾਮਾ ਕਰਵਾਉਂਦੇ ਹੋਏ ਮ੍ਰਿਤਕ ਤੋਂ ਬਿਆਨੇ ਦੇ ਰੂਪ ਵਿਚ 8 ਲੱਖ ਰੁਪਏ ਵੀ ਲੈ ਲਏ। ਭੁੱਲਰ ਨੇ ਦੱਸਿਆ ਕਿ ਉਪਰੋਕਤ ਮਕਾਨ ਦਾ ਅਸਲੀ ਮਾਲਕ ਦੀਪਕ ਪੁੱਤਰ ਜਵਾਹਰ ਲਾਲ ਨਿਵਾਸੀ ਮਾਡਲ ਟਾਊਨ ਮਲੇਰਕੋਟਲਾ ਹੈ। ਉਥੇ ਕਾਫੀ ਸਮੇਂ ਤਕ ਕਥਿਤ ਦੋਸ਼ੀਆਂ ਨੇ ਮਕਾਨ ਦੀ ਰਜਿਸਟਰੀ ਨਹੀਂ ਕਰਵਾਈੇ। ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ 28 ਮਈ 2013 ਨੂੰ ਕਾਗਜ਼ ਖਰੀਦੇ, ਉਥੇ ਰਜਿਸਟਰੀ ਕਰਵਾਉਣ ਦੀ ਆਖਰੀ ਮਿਤੀ 01 ਨਵੰਬਰ 2013 ਨਿਯਤ ਕੀਤੀ ਗਈ। ਇਸ ਦੌਰਾਨ ਮ੍ਰਿਤਕ ਅਤੇ ਕਥਿਤ ਦੋਸ਼ੀਆਂ ਦੀ ਆਪਸ ਵਿਚ ਗਾਲੀ-ਗਲੋਚ ਵੀ ਹੋਈ। ਆਖਿਰ ਕਾਨੂੰਨ ਦੇ ਲੰਮੇ ਹੱਥ ਸਾਰੇ ਮਾਮਲੇ ਦੀ ਤਹਿ ਤੱਕ ਪੁੱਜਣ ਲੱਗ ਪਏ। 

ਖਤਰਾ ਲਗਾਤਾਰ ਵਧ ਰਿਹਾ ਸੀ। ਪੁਲਿਸ ਦਾ ਜਾਲ ਕਿਸੇ ਵੀ ਵੇਲੇ ਕੱਸਿਆ ਜਾ ਸਕਦਾ ਸੀ। ਆਪਣੇ ਆਪ ਨੂੰ ਜਾਲ਼ ਵਿਚ ਫਸਦਾ ਵੇਖ ਕਥਿਤ ਦੋਸ਼ੀਆਂ ਨੇ ਗੁਰਪਾਲ ਸਿੰਘ ਨੂੰ ਖਤਮ ਕਰਨ ਦੀ ਯੋਜਨਾ ਬਣਾ ਲਈ। ਇਸ ਯੋਜਨਾ ਅਧੀਨ 08 ਅਪ੍ਰੈਲ 2014 ਨੂੰ ਕੇ. ਡੀ. ਐੱਮ. ਨਰਸਰੀ ਵਿਚ ਮਕਾਨ ਵੇਚਣ ਦੀ ਗੱਲ ਕਹਿੰਦੇ ਹੋਏ ਅਸਲੀ ਬਿਆਨਾ ਲਿਆਉਣ ਨੂੰ ਵੀ ਕਿਹਾ ਜਦੋਂ ਮ੍ਰਿਤਕ ਕਰੀਬ 1.30 ਵਜੇ ਆਪਣੀ ਕਾਰ ਵਿਚ ਸਵਾਰ ਹੋ ਕੇ ਨਰਸਰੀ ਪਹੁੰਚਿਆ ਤਦ ਕਥਿਤ ਦੋਸ਼ੀਆਂ ਨੇ ਉਸਦੇ ਸਿਰ 'ਤੇ ਲੋਹੇ ਦੇ ਐਂਗਲ ਨਾਲ ਵਾਰ ਕਰਦੇ ਹੋਏ ਉਸ ਨੂੰ ਜਾਨੋਂ ਮਾਰ ਦਿੱਤਾ। ਜਦੋਂ ਇਸ ਜਾਲ ਦਾ ਸ਼ਿਕਾਰ ਹੋਇਆ ਵਿਅਕਤੀ ਕਾਫੀ ਦੇਰ ਤੱਕ ਆਪਣੇ ਘਰ ਨਾ ਪਰਤਿਆ ਤਾਂ ਮ੍ਰਿਤਕ ਦੀ ਪਤਨੀ ਨੇ ਆਪਣੇ ਪਤੀ ਦੇ ਮੋਬਾਈਲ 'ਤੇ ਫੋਨ ਕੀਤਾ। ਵਾਰ-ਵਾਰ ਫੋਨ ਆਉਣ 'ਤੇ ਕਥਿਤ ਦੋਸ਼ੀ ਸੋਨੂੰ ਨੇ ਮ੍ਰਿਤਕ ਦੀ ਪਤਨੀ ਨੂੰ ਦੱਸਿਆ ਕਿ ਉਸਦਾ ਪਤੀ ਇਕ ਹੋਰ ਪ੍ਰਾਪਰਟੀ ਡੀਲਰ ਦੇ ਨਾਲ ਮਕਾਨ ਵੇਚਣ ਦੀ ਗੱਲ ਕਰ ਰਿਹਾ ਹੈ। ਏਸ ਬਹਾਨੇ ਨਾਲ ਇਹਨਾਂ ਸਾਰੀਆਂ ਨੇ ਉਸਦੀ ਪਤਨੀ  ਨੂੰ ਵੀ ਉਥੇ ਹੀ ਬੁਲਾ ਲਿਆ। ਸੋਨੂੰ ਖੁਦ ਉਸਦੀ ਪਤਨੀ ਨੂੰ ਵੀ ਨਰਸਰੀ ਵਿਚ ਲੈ ਆਇਆ ਅਤੇ ਉਸਦਾ ਵੀ ਉਨ੍ਹਾਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਥਿਤ ਦੋਸ਼ੀ ਨੇ ਮ੍ਰਿਤਕ ਗੁਰਪਾਲ ਦੀ ਸ਼ਨਾਖਤ ਨੂੰ ਖਤਮ ਕਰਨ ਦੇ ਮੰਤਵ ਨਾਲ ਉਨ੍ਹਾਂ ਦੇ ਸਰੀਰ 'ਤੇ ਪਹਿਨੇ ਕੱਪੜੇ ਉਤਾਰਦੇ ਹੋਏ ਉਸਦੇ ਕਾਗਜ਼ਾਤ ਵੀ ਨਰਸਰੀ 'ਚ  ਅੱਗ ਵਿਚ ਸਾੜ ਦਿੱਤੇ। ਉਥੇ ਦੋਨਾਂ ਲਾਸ਼ਾਂ ਨੂੰ ਪਲਾਸਟਿਕ ਦੀ ਬੋਰੀ ਵਿਚ ਪਾਉਂਦੇ ਹੋਏ ਮ੍ਰਿਤਕਾਂ ਨੂੰ ਕਾਰ ਦੀ ਡਿੱਕੀ ਵਿਚ ਰੱਖ ਕੇ ਗੁਰਥਲੀ ਪੁਲ ਦੇ ਨੇੜੇ ਜਾ ਕੇ ਨਹਿਰ ਵਿਚ ਸੁੱਟ ਆਏ। ਸਬੂਤ ਮਿਟਾਉਣ ਦੇ ਮੰਤਵ ਨਾਲ ਉਹਨਾਂ ਨੇ ਕਾਰ ਵਿਚ ਲੱਗੇ ਖੂਨ ਦੇ ਦਾਗਾਂ ਨੂੰ ਸਾਫ ਕਰਨ ਮਗਰੋਂ ਉਨ੍ਹਾਂ ਨੇ ਕਾਰ ਨੂੰ ਮੰਡੀ ਗੋਬਿੰਦਗੜ੍ਹ ਵਿੱਚ ਛੱਡ ਦਿੱਤਾ। ਪੁਲਿਸ ਨੇ ਇਸ ਕਾਰ ਨੂੰ ਲਾਵਾਰਿਸ ਸਮਝਦੇ ਹੋਏ ਕਬਜ਼ੇ ਵਿਚ ਲੈ ਲਿਆ ਸੀ। ਪਰ ਕਹਿੰਦੇ ਨੇ ਕਤਲ ਵਿੱਚ ਵਰਤਿਆ ਖੰਜਰ ਵੀ ਕਤਲ ਦੀ ਸਾਰੀ ਕਹਾਣੀ ਉਜਾਗਰ ਕਰ ਦੇਂਦਾ ਹੈ। ਇਸ ਮਾਮਲੇ ਦੀ ਪਰਤ ਦਰ ਪਰਤ ਜਾਂਚ ਪੜਤਾਲ ਕਰਦਿਆਂ ਪੁਲਿਸ ਨੇ ਸਭ ਕੁਝ ਲਭ ਲਿਆ। 
ਐੱਸ. ਐੱਸ. ਪੀ. ਨੇ ਦੱਸਿਆ ਕਿ ਕਥਿਤ ਦੋਸ਼ੀ ਸੋਨੂੰ ਦਾ ਪਿਛਲਾ ਰਿਕਾਰਡ ਵੀ ਅਪਰਾਧਿਕ ਕਿਸਮ ਦਾ ਰਿਹਾ ਹੈ ਅਤੇ ਉਸ ਉੱਪਰ ਚੋਰੀ ਸਹਿਤ ਕਈ ਹੋਰ ਮਾਮਲੇ ਦਰਜ ਹਨ। ਪੁਲਸ ਨੇ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਮਗਰੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਇਹ ਲੋਕ ਕਿੰਨੇ ਸ਼ਾਤਿਰ ਸਨ ਇਸਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ। ਇਹਨਾਂ ਸਾਰੀਆਂ ਚਲਾਕੀਆਂ ਦੇ ਬਾਵਜੂਦ ਉਹ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਨਾ ਸਕੇ ਪਰ ਜਾਇਦਾਦ ਅਤੇ ਧੰਨ ਦੌਲਤ ਨਾਲ ਬਹੁਤ ਸਾਰੇ ਮਾਮਲੇ ਅਜਿਹੇ ਹਨ ਜਿਹੜੇ ਕਿਸੇ ਨ ਕਿਸੇ ਕਾਰਣ ਪੁਲਿਸ ਦੇ ਨੋਟਿਸ ਵਿੱਚ ਹੀ ਨਹੀਂ ਆਉਂਦੇ।  ਲੋੜ ਹੈ ਉਹਨਾਂ ਮਾਮਲਿਆਂ ਦਾ ਵੀ ਪਤਾ ਲਾਇਆ ਜਾਵੇ ਅਤੇ ਸੰਪਤੀ ਦੇ ਕਾਨੂੰਨ ਸਰਕਾਰ ਦੀ ਹੋਰ ਸਖਤ ਨਿਗਰਾਨੀ ਹੇਠ ਲਿਆਂਦੇ ਜਾਣ। 

No comments: