Wednesday, April 02, 2014

ਸ਼ਹੀਦੀ ਖੂਹ ਅਜਨਾਲਾ 'ਚੋਂ ਖੋਜੀਆਂ ਅਸਥੀਆਂ ਦੀ ਮਿੱਟੀ ਹੋਵੇਗੀ ਜਲਪ੍ਰਵਾਹ

 Wed, Apr 2, 2014 at 5:48 PM
13 ਅਪ੍ਰੈਲ ਨੂੰ ਰਾਵੀ ਕੰਢੇ ਜਲ ਪ੍ਰਵਾਹ ਮਾਰਚ 'ਚ ਸ਼ਾਮਲ ਹੋਣ ਦਾ ਸੱਦਾ
ਜਲੰਧਰ: 2 ਅਪ੍ਰੈਲ 2014: (*ਅਮੋਲਕ ਸਿੰਘ//ਪੰਜਾਬ ਸਕਰੀਨ): 
1857 ਦੇ ਗ਼ਦਰ ਮੌਕੇ ਬਗ਼ਾਵਤ ਕਰਨ ਵਾਲੇ ਫੌਜ਼ੀਆਂ ਦੀਆਂ ਅਸਥੀਆਂ ਜੋ ਅਜਨਾਲਾ ਵਾਲੇ ਸ਼ਹੀਦੀ ਖੂਹ 'ਚੋਂ ਖੋਜ਼ੀਆਂ ਗਈਆਂ, ਉਹਨਾਂ ਦੀ ਲਹੂ ਰੱਤੀ ਮਿੱਟੀ ਅਤੇ ਚੂਰ ਭੂਰ ਬਣੀਆਂ ਅਸਥੀਆਂ ਨੂੰ 13 ਅਪ੍ਰੈਲ ਵਿਸਾਖੀ ਅਤੇ ਜੱਲਿਆਂਵਾਲਾ ਬਾਗ਼ ਦੇ ਖੂਨੀ ਸਾਕੇ ਵਾਲੇ ਦਿਨ ਉਸ ਰਾਵੀ ਦਰਿਆ 'ਤੇ ਜਾ ਕੇ ਹਜ਼ਾਰਾਂ ਲੋਕ ਜਲ-ਪ੍ਰਵਾਹ ਕਰਨਗੇ, ਜਿਥੇ ਇਨ੍ਹਾਂ ਦੇ 150 ਦੇ ਕਰੀਬ ਸੰਗੀ ਸਾਥੀ ਗੋਲੀਆਂ ਮਾਰਕੇ ਅਤੇ ਰਾਵੀ ਦਰਿਆ ਵਿੱਚ ਰੋੜਕੇ ਸ਼ਹੀਦ ਕਰ ਦਿੱਤੇ ਸਨ।
ਗੁਰਦੁਆਰਾ ਸ਼ਹੀਦੀ ਗੰਜ ਸ਼ਹੀਦਾਂ ਵਾਲਾ ਖੂਹ ਅਜਨਾਲਾ ਕਮੇਟੀ ਦੇ ਮੁਖੀਆਂ ਅਮਰਜੀਤ ਸਰਕਾਰੀਆ, ਕਾਬਲ ਸਿੰਘ ਸਾਹਪੁਰ ਅਤੇ ਉੱਘੇ ਇਤਿਹਾਸਕਾਰ ਖੋਜਕਾਰ ਡਾ. ਸੁਰਿੰਦਰ ਕੋਛੜ ਵੱਲੋਂ ਦਿੱਤੇ ਸੱਦੇ 'ਤੇ ਫੁੱਲ ਚੜ੍ਹਾਉਂਦਿਆਂ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ 'ਚ ਵਿਸ਼ੇਸ਼ ਜੱਥਾ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਤੋਂ 13 ਅਪ੍ਰੈਲ ਸਵੇਰੇ 8 ਵਜੇ ਸ਼ਹੀਦੀ ਖੂਹ ਅਜਨਾਲਾ ਵੱਲ ਰਵਾਨਾ ਹੋਏਗਾ।  ਇਥੋਂ ਵਿਸ਼ਾਲ ਮਾਰਚ ਵਿੱਚ ਸ਼ਾਮਲ ਹੋ ਕੇ ਰਾਵੀ ਕੰਢੇ ਪਹੁੰਚਕੇ ਸੂਹੀ ਮਿੱਟੀ ਜਲ-ਪ੍ਰਵਾਹ ਕਰਨ ਦੀ ਰਸਮ 'ਚ ਸ਼ਾਮਲ ਹੋ ਕੇ ਸ਼ਹੀਦਾਂ ਨੂੰ ਅਕੀਦਤ ਪੇਸ਼ ਕਰੇਗਾ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਪੰਜਾਬ ਅਤੇ ਦੇਸ਼-ਵਿਦੇਸ਼ ਵਸਦੇ ਗ਼ਦਰੀਆਂ ਦੇ ਸਮੂਹ ਵਾਰਸਾਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਪੰਜਾਬ ਅਤੇ ਕੇਂਦਰ ਸਰਕਾਰ ਉਪਰ ਦਬਾਅ ਬਣਾਉਣ ਲਈ ਆਵਾਜ਼ ਉਠਾਉਣ ਤਾਂ ਜੋ ਅਸਥੀਆਂ ਦੇ ਸਾਂਭਣਯੋਗ ਮੁੱਖ ਹਿੱਸੇ ਨੂੰ ਬਕਾਇਦਾ ਪੁਰਾਤਤਵ ਵਿਭਾਗ ਰਾਹੀਂ ਵਿਗਿਆਨਕ ਵਿਧੀ ਰਾਹੀਂ ਸੰਭਾਲਿਆ ਜਾ ਸਕੇ, ਕਿਉਂਕਿ ਅਸਥੀਆਂ ਦੀ ਦਸ਼ਾ ਖਰਾਬ ਹੋਣ ਜਾ ਰਹੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਦੇਸ਼ ਭਗਤ, ਲੋਕ-ਪੱਖੀ, ਅਗਾਂਹਵਧੂ, ਤਰਕਸ਼ੀਲ, ਜਮਹੂਰੀ, ਲੇਖਕ, ਜੱਥੇਬੰਦੀਆਂ ਅਤੇ ਮਿਹਨਤਕਸ਼ ਤਬਕਿਆਂ ਦੀਆਂ ਸੰਸਥਾਵਾਂ ਨੂੰ 13 ਅਪ੍ਰੈਲ ਅਜਨਾਲਾ ਵਿਖੇ ਮਾਰਚ ਵਿਖੇ ਹੁੰਮ ਹੁਮਾਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
   *ਅਮੋਲਕ ਸਿੰਘ ਦੇਸ਼ ਭਗਤ ਯਾਦਗਾਰ ਕਮੇਟੀ ਨਾਲ ਸਬੰਧਤ ਸਭਿਆਚਾਰਕ ਵਿੰਗ ਦੇ ਕਨਵੀਨਰ ਹਨ। 

No comments: