Saturday, April 19, 2014

ਅਜਨਾਲਾ ਦੇ ਖੂਹ ਦਾ ਮਾਮਲਾ

Sat, Apr 19, 2014 at 6:27 PM
ਖੂਹ ਵਿਚੋਂ ਕੱਢੀਆਂ ਅਸਥੀਆਂ ਅਤੇ ਖੂਹ ਦੇ ਰੱਖ-ਰਖਾਵ ਲਈ ਉੱਚ-ਪਧਰੀ ਟੀਮ ਨੇ ਕੀਤਾ ਦੌਰਾ
ਸੋਮਵਾਰ ਨੂੰ ਸੌਂਪੀ ਜਾਵੇਗੀ ਪੰਜਾਬ ਸਰਕਾਰ ਨੂੰ ਰਿਪੋਰਟ
ਅੰਮ੍ਰਿਤਸਰ, 19 ਅਪ੍ਰੈਲ 2014: (ਪੰਜਾਬ ਸਕਰੀਨ ਬਿਊਰੋ):
ਅਜਨਾਲਾ ਦੇ ਖੂਹ ਵਿਚ 157 ਵਰ੍ਹਿਆਂ ਤੋਂ ਦਫ਼ਨ ਰਾਸ਼ਟਰੀ ਵਿਦਰੋਹ ਦੇ ਸੈਨਿਕਾਂ ਦੀਆਂ ਕੱਢੀਆਂ ਅਸਥੀਆਂ ਅਤੇ ਉਥੇ ਉਸਾਰੇ ਜਾਣ ਵਾਲੇ ਸਮਾਰਕ ਦੇ ਸੰਬੰਧ ਵਿਚ ਪੰਜਾਬ ਸਰਕਾਰ ਦੇ ਆਦੇਸ਼ `ਤੇ ਸ਼ਨੀਵਾਰ ਨੂੰ ਆਰਕੋਲਾਜੀ ਸਰਵੇ ਆਫ਼ ਇੰਡੀਆ, ਐਨਥਰੋਲਾਜੀ (ਮਾਨਵ ਵਿਗਿਆਨ), ਫੋਰੇਂਸਿਕ ਸਾਇੰਸ ਅਤੇ ਡੀ.ਐਨ.ਏ. ਮਾਹਿਰਾਂ ਦੀ ਉੱਚ-ਪਧਰੀ ਟੀਮ ਨੇ ਅਜਨਾਲਾ ਦੇ ਸ਼ਹੀਦੀ ਖੂਹ ਦਾ ਦੌਰਾ ਕੀਤਾ।ਅਜਨਾਲਾ ਪਹੁੰਚਣ `ਤੇ ਗੁਰਦੁਆਰਾ ਸ਼ਹੀਦ ਗੰਜ ਦੀ ਕਮੇਟੀ ਨੇ ਟੀਮ ਦਾ ਧੰਨਵਾਦ ਕੀਤਾ।ਇਸ ਮੌਕੇ `ਤੇ ਅੰਮ੍ਰਿਤਸਰ ਦੇ ਏ.ਡੀ.ਸੀ. ਸ਼੍ਰੀ ਪ੍ਰਦੀਪ ਸਭਰਵਾਲ ਅਤੇ ਐਸ.ਡੀ.ਐਮ. ਅਜਨਾਲਾ ਸ਼੍ਰੀ ਸੁਰਿੰਦਰ ਸਿੰਘ ਵੀ ਮੌਜੂਦ ਸਨ।
ਪੰਜਾਬ ਸਰਕਾਰ ਦੁਆਰਾ ਉਪਰੋਕਤ ਸ਼ਹੀਦੀ ਖੂਹ ਦੇ ਸੰਬੰਧ ਵਿਚ ਉਸਾਰੇ ਜਾਣ ਵਾਲੇ ਸਮਾਰਕ ਅਤੇ ਅਸਥੀਆਂ ਦੇ ਰੱਖ-ਰਖਾਵ ਨੂੰ ਲੈ ਕੇ ਬਣਾਈ ਗਈ ਸਲਾਹਕਾਰ ਕਮੇਟੀ ਦੇ ਮੈਂਬਰ ਇਤਿਹਾਸਕਾਰ ਤੇ ਖੋਜਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਉਪਰੋਕਤ ਟੀਮ; ਜਿਸ ਵਿਚ ਪੰਜਾਬ ਯੂਨੀਵਰਸਿਟੀ ਦੇ ਡਾ. ਆਰ.ਕੇ. ਪਾਠਕ, ਐਨਥਰੋਲਾਜੀ ਵਿਭਾਗ ਦੇ ਸਹਾਇਕ ਪ੍ਰੋ. ਡਾ. ਜਗਮਿੰਦਰ ਸਿੰਘ ਸ਼ੇਰਾਵਤ, ਪੋ੍ਰ. ਅਮਰਜੀਤ ਸਿੰਘ, ਆਰਕੋਲਾਜੀਕਲ  ਮਿਊਜ਼ਿਅਮ ਦੇ ਐਸ.ਕੇ. ਸਿਨਹਾ, ਅਤੁਲ ਬਜ਼ਾਜ, ਡਾ. ਐਸ.ਐਸ. ਪਰਮਾਰ ਡਾਇਰੈਕਟਰ ਫੋਰੇਂਸਿਕ ਸਾਇੰਸਿਸ ਆਦਿ ਸ਼ਾਮਲ ਸਨ, ਨੂੰ ਉਪਰੋਕਤ ਖੂਹ ਵਿਚੋਂ ਹਿੰਦੁਸਤਾਨੀ ਸੈਨਿਕਾਂ ਦੇ ਕੱਢੇ ਗਏ ਪਿੰਜਰਾ ਅਤੇ ਸਮਾਰਕ ਦੇ ਸੰਬੰਧ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਡਾ. ਪਰਮਾਰ ਨੇ ਦੱਸਿਆ ਕਿ ਖੂਹ ਵਿਚੋਂ ਨਿਕਲੀਆਂ ਅਸਥੀਆਂ ਵਿਚੋਂ ਬਹੁਤ ਸਾਰੀਆਂ ਅਸਥੀਆਂ, ਖੋਪਰੀਆਂ ਤੇ ਦੰਦ ਅਜਿਹੇ ਹਨ, ਜਿਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਉਪਰੋਕਤ ਅਸਥੀਆਂ ਦੇ ਰੱਖ-ਰਖਾਵ ਦੀ ਕਾਰਵਾਈ ਅਜਨਾਲਾ ਵਿਚ ਸ਼ੁਰੂ ਕੀਤੇ ਜਾਣ ਦੇ ਬਾਅਦ ਅਗਲੀ ਕਾਰਵਾਈ ਹਿਤ ਇਨ੍ਹਾਂ ਨੂੰ ਚੰਡੀਗੜ ਜਾਂ ਦਿੱਲੀ ਲਿਜਾਇਆ ਜਾਵੇਗਾ।ਸ਼੍ਰੀ ਕੋਛੜ ਨੇ ਟੀਮ ਦੇ ਮੈਬਰਾਂ ਨੂੰ ਦੱਸਿਆ ਕਿ ਖੂਹ ਦੀ ਖੁਦਾਈ ਦੇ ਦੌਰਾਨ 90 ਤੋਂ ਵਧੇਰੇ ਸਾਬਤ ਖੋਪਰੀਆਂ ਬਾਹਰ ਕੱਢੀਆਂ ਗਈਆਂ ਸਨ, ਪਰ ਰੱਖ-ਰਖਾਵ ਦੀ ਕਮੀ ਕਾਰਨ ਜ਼ਿਆਦਾਤਰ ਖੋਪਰੀਆਂ ਭੁਰ ਚੁਕੀਆਂ ਹਨ।ਇਸ ਲਈ ਬਾਕੀ ਖੋਪਰੀਆਂ ਅਤੇ ਹੋਰਨਾਂ ਸਾਬਤ ਬਚੀਆਂ ਅਸਥੀਆਂ ਦੇ ਰੱਖ-ਰਖਾਵ ਲਈ ਜਲਦੀ ਉਚਿਤ ਕਾਰਵਾਈ ਕਰਨ ਦੀ ਜ਼ਰੂਰਤ ਹੈ।ਡਾ. ਪਾਠਕ ਅਤੇ ਪ੍ਰੋ. ਅਮਰਜੀਤ ਸਿੰਘ ਨੇ ਦੱਸਿਆ ਟੀਮ ਦੇ ਲੋਕ ਸੋਮਵਾਰ ਨੂੰ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪਣ ਦੇ ਨਾਲ ਹੀ ਇਹ ਮੰਗ ਵੀ ਕਰਨਗੇ ਕਿ ਅਸਥੀਆਂ ਦੇ ਰੱਖ-ਰਖਾਵ ਦੀ ਕਾਰਵਾਈ ਜਲਦੀ ਸ਼ੁਰੂ ਕੀਤੀ ਜਾਵੇ, ਨਹੀਂ ਤਾਂ ਬਾਕੀ ਬਚੀਆਂ ਅਸਥੀਆਂ ਨੂੰ ਬਚਾਉਣਾ ਅਸੰਭਵ ਹੋ ਜਾਵੇਗਾ ਅਤੇ ਰੱਖ-ਰਖਾਵ ਦੀ ਕਮੀ ਦੇ ਕਾਰਨ ਸ਼ਹੀਦੀ ਖੂਹ ਨੂੰ ਵੀ ਵੱਡਾ ਨੁਕਸਾਨ ਪਹੰੁਚ ਸਕਦਾ ਹੈ।ਡਾ. ਅਤੁਲ ਬਜ਼ਾਜ ਨੇ ਦੱਸਿਆ ਕਿ ਬਹੁਤ ਜਲਦੀ ਅਸਥੀਆਂ ਅਤੇ ਦੰਦਾਂ ਤੋਂ ਏਨਸ਼ੰਟ ਡੀ.ਐਨ.ਏ. ਜਾਂਚ ਪੂਰੀ ਕੀਤੀ ਜਾਵੇਗੀ, ਜਿਸ ਨਾਲ ਸ਼ਹੀਦ ਸੈਨਿਕਾਂ ਦੀ ਪਰਿਵਾਰਾਂ ਦੀ ਸਚਾਈ `ਤੇ ਕੋਈ ਸ਼ੱਕ ਨਹੀਂ ਰਹੇਗਾ।
ਜਲਦੀ ਪਤਾ ਚਲਣਗੇ ਸ਼ਹੀਦ ਸੈਨਿਕਾਂ ਦੇ ਨਾਂਅ
ਬ੍ਰਿਟਿਸ਼ ਸਰਕਾਰ ਪਾਸੋਂ ਸ਼ਹੀਦ ਸੈਨਿਕਾਂ ਦੇ ਨਾਵਾਂ ਦੀ ਸੂਚੀ ਮੰਗਵਾਉਣ ਲਈ ਸ਼ੁਰੂ ਕੀਤੀ ਕਾਰਵਾਈ ਦੇ ਸੰਬੰਧ ਵਿਚ ਪੱਤਰਕਾਰਾਂ ਵਲੋਂ ਪੁੱਛੇ ਜਾਣ `ਤੇ ਸ਼੍ਰੀ ਕੋਛੜ ਨੇ ਦੱਸਿਆ ਕਿ ਇੰਡੀਅਨ ਵਰਕਜ਼ ਐਸੋਸਿਏਸ਼ਨ, ਗ੍ਰੇਟ ਬ੍ਰਿਟੇਨ ਅਤੇ ਸ਼ਹੀਦ ਊਧਮ ਸਿੰਘ ਵੇਲਫੇਅਰ ਟਰਸਟ, ਬ੍ਰਿਮਿੰਘਮ ਨੇ ਬ੍ਰਿਟਿਸ਼ ਸਰਕਾਰ ਪਾਸੋਂ ਉਪਰੋਕਤ ਸੈਨਿਕਾਂ ਦੀ ਪਹਿਚਾਣ ਪਤਾ ਕਰਨ ਅਤੇ ਇਸ ਕਾਂਢ ਲਈ ਮੌਜੂਦਾ ਬ੍ਰਿਟਿਸ਼ ਸਰਕਾਰ ਪਾਸੋਂ ਮੁਆਫ਼ੀ ਮੰਗਵਾਉਣ ਲਈ ਕੇਂਦਰ ਸਰਕਾਰ ਦੇ ਗ੍ਰਹਿ ਮੰਤ੍ਰਾਲਿਆ ਦੀ ਮਾਰਫ਼ਤ ਪੰਜਾਬ ਸਰਕਾਰ ਨੂੰ ਪੱਤਰ ਜਾਰੀ ਕਰਕੇ ਅਜਨਾਲਾ ਦੇ ਉਪਰੋਕਤ ਖੂਹ ਦੇ ਸੰਬੰਧ ਵਿਚ ਜਾਣਕਾਰੀ ਮੰਗਵਾਈ ਸੀ।ਜਿਸ ਦੇ ਜਵਾਬ ਵਿਚ ਸ਼੍ਰੀ ਕੋਛੜ ਨੇ ਅਜਨਾਲਾ ਦੇ ਉਪਰੋਕਤ ਖੂਹ ਦੇ ਪਿਛੋਕੜ ਅਤੇ ਸੰਨ 1857 ਦੇ ਉਪਰੋਕਤ ਹਿੰਦੁਸਤਾਨੀ ਸਿਪਾਹੀਆਂ ਨਾਲ ਹੋਏ ਵਹਿਸ਼ਆਣਾ ਵਰਤਾਅ ਅਤੇ ਖੁਦਾਈ ਦੇ ਬਾਅਦ ਵਾਪਰੇ ਮੌਜੂਦਾ ਹਾਲਾਤਾਂ ਦੀ ਸਾਰੀ ਜਾਣਕਾਰੀ ਤਸਵੀਰਾਂ ਸਹਿਤ ਉਪਰੋਕਤ ਸੰਸਥਾਵਾਂ ਸਹਿਤ ਕਲਚਰਲ, ਪੁਰਾਤੱਤਵ ਅਤੇ ਮਿਊਜ਼ੀਅਮ ਵਿਭਾਗ ਪੰਜਾਬ ਨੂੰ ਭੇਜ ਦਿੱਤੀ ਹੈ।
ਮਿੱਟੀ ਦੀ ਛਿਨਾਈ ਤੋਂ ਬਾਅਦ ਮਿਲੇ ਹੋਰ ਸੋਨੇ ਦੇ ਗਹਿਣੇ ਤੇ ਸਿੱਕੇ
ਅਜਨਾਲਾ ਵਿਚਲੇ ਖੂਹ ਦੀ ਖੋਜ ਕਰਕੇ ਉਸ ਵਿਚੋਂ ਸੰਨ 1857 ਦੇ ਰਾਸ਼ਟਰੀ ਵਿਦਰੋਹ ਦੇ ਸੈਨੀਕਾਂ ਦੀਆਂ ਅਸਥੀਆਂ ਕਢਵਾਉਣ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਇਤਿਹਾਸਕਾਰ ਸ਼੍ਰੀ ਸੁਰਿੰਦਰ ਕੋਛੜ ਨੇ ਦੱਸਿਆ ਕਿ ਖੂਹ ਵਿਚੋਂ ਨਿਕਲੀ ਮਿੱਟੀ ਦੀ ਛਿਣਾਈ ਦੌਰਾਨ ਸੋਨੇ ਦੇ 10 ਮੋਤੀ, ਚਾਰ ਸੋਨੇ ਦੇ ਛੋਟੇ ਪਤਰੇ, ਪੁਰਸ਼ਾਂ ਵਲੋਂ ਕੰਨ ਵਿਚ ਪਾਈ ਜਾਣ ਵਾਲੀ ਸੋਨੇ ਦੀ ਤਾਰ, ਬੈਲਟ ਦਾ ਬੱਕਲ, ਕਮੀਜ਼ ਦੇ ਤਿੰਨ ਬਟਨ, ਚਾਰ ਗੋਲੀਆਂ, ਸੇਨਾ ਮੈਡਲ ਦਾ ਜਾਂਦੀ ਦਾ ਬੱਕਲ, ਤਿੰਨ ਛੱਲੇ, ਨੌ ਇਕ ਰੁਪਏ ਦੇ ਅਤੇ ਨੌ ਚਾਰ ਆਨੇ ਦੇ ਸਿੱਕੇ ਅਤੇ ਚਾਰ ਪੱਥਰ-ਮੋਤੀ ਮਿਲੇ ਹਨ।ਜਿਸ ਦੇ ਬਾਅਦ ਇਕ ਰੁਪਏ ਵਾਲੇ ਸਿੱਕਿਆਂ ਦੀ ਕੁਲ ਗਿਣਤੀ 82, ਚਾਰ ਆਨੇ ਦੇ ਸਿੱਕਿਆਂ 19, ਸੋਨੇ ਦੇ ਮੋਤੀਆਂ ਦੀ ਗਿਣਤੀ 25 ਅਤੇ ਗੋਲੀਆਂ ਦੀ ਗਿਣਤੀ 7 ਹੋ ਗਈ ਹੈ।
ਫੋਟੋ : ਟੀਮ ਦੇ ਮੈਂਬਰਾਂ ਨੂੰਜਾਣਕਾਰੀ ਦਿੰਦੇ ਹੋਏ ਇਤਿਹਾਸਕਾਰ ਸ਼੍ਰੀ ਸੁੰਿਰਦਰ ਕੋਛੜ ਅਤੇ ਮਿੱਟੀ ਦੀ ਛਿਣਾਈ ਦੌਰਾਨ ਮਿਲੇ ਸੋਨੇ ਦੇ ਗਹਿਣੇ ਵਖਾਉਂਦੇ ਹੋਏ।

No comments: