Friday, April 11, 2014

ਚੋਣਾਂ ਵਿੱਚ ਸਖਤੀ ਦੇ ਬਾਵਜੂਦ ਜਾਰੀ ਹੈ ਭੁੱਕੀ ਦਾ "ਕਾਰੋਬਾਰ"

ਤਿੰਨ ਵੱਖ ਥਾਵਾਂ ਤੇ ਛਾਪੇ ਮਾਰਕੇ ਇੱਕ ਕਵਿੰਟਲ ਤੋਂ ਵਧ ਭੁੱਕੀ ਫੜੀ 
ਖਨੌਰੀ ਵਿੱਚ 40 ਕਿਲੋ ਭੁੱਕੀ ਫੜੀ ਗਈ
ਲੁਧਿਆਣਾ: 10 ਅਪ੍ਰੈਲ 2014: (ਪੰਜਾਬ ਸਕਰੀਨ ਬਿਊਰੋ): 

ਨਸ਼ਿਆਂ ਦੇ ਖਿਲਾਫ਼ ਥਾਂ ਥਾਂ ਚੱਲੀਆਂ ਜਬਰਦਸਤ ਪ੍ਰਚਾਰ ਮੁਹਿੰਮਾਂ--ਚੋਣਾਂ ਕਾਰਣ ਵਧੀ ਪੁਲਿਸ ਦੀ ਸਖਤੀ ਦੇ ਬਾਵਜੂਦ ਭੁੱਕੀ ਦਾ 'ਕਾਰੋਬਾਰ" ਜਾਰੀ ਹੈ। ਆਏ ਦਿਨ ਥਾਂ ਥਾਂ ਪੈਂਦੇ ਛਾਪਿਆਂ ਦੌਰਾਨ ਫੜੋਫੜੀ ਵੀ ਹੁੰਦੀ ਹੈ ਅਤੇ ਬਰਾਮਦੀ ਵੀ ਪਰ ਇਸ "ਕਾਰੋਬਾਰ" ਦਾ ਅੰਤ ਹੁੰਦਾ ਨਜਰ ਨਹੀਂ ਆਉਂਦਾ। ਲਾਡੋਵਾਲ ਵਿੱਚ 48  ਕਿਲੋ, ਖਨੌਰੀ ਵਿੱਚ 40 ਕਿਲੋ ਅਤੇ ਸੁਨਾਮ ਵਿੱਚ 35 ਕਿਲੋ ਭੁੱਕੀ ਬਰਾਮਦ ਹੋਈ ਹੈ। ਇਹਨਾਂ ਤਿਨਾਂ ਥਾਵਾਂ ਤੋਂ ਕੁਲ ਮਿਲਾ ਕੇ 123 ਕਿਲੋ ਭੁੱਕੀ ਬਰਾਮਦ ਕੀਤੀ ਗਈ। ਅੱਜਕਲ੍ਹ 2600-2700 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦੀ ਭੁੱਕੀ ਬਹੁਤ ਸਾਰੇ ਲੋਕਾਂ ਦੇ ਖੂਨ ਵਿੱਚ ਰਚ ਚੁੱਕੀ ਹੈ। 

ਲੁਧਿਆਣਾ ਦੇ  ਥਾਣਾ ਲਾਡੋਵਾਲ ਦੀ ਪੁਲਸ ਨੇ 48 ਕਿਲੋ ਭੁੱਕੀ ਬਰਾਮਦ ਕੀਤੀ ਹੈ।  ਵੀਰਵਾਰ 10 ਅਪ੍ਰੈਲ ਨੂੰ ਐੱਸ. ਆਈ. ਬਲਜਿੰਦਰ ਸਿੰਘ, ਥਾਣੇਦਾਰ ਅਮਰੀਕ ਸਿੰਘ, ਹੌਲਦਾਰ ਬਲਬੀਰ ਚੰਦ ਅਤੇ ਹੌਲਦਾਰ ਪ੍ਰਸ਼ੋਤਮ ਲਾਲ ਦੀ ਅਗਵਾਈ 'ਚ ਹੋ ਰਹੀ ਰਹੀ ਗਸ਼ਤ ਦੇ ਦੌਰਾਨ 48 ਕਿਲੋ ਭੁੱਕੀ ਸਣੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਮਹਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਕਿ ਬੀਤੀ ਰਾਤ ਜਦੋਂ ਪੁਲਸ ਗਸ਼ਤ ਦੌਰਾਨ ਸਤਲੁਜ ਦਰਿਆ ਦੇ ਨਾਲ ਰੇਲਵੇ ਲਾਈਨਾਂ ਕੋਲ ਸਰਚ ਕਰ ਰਹੀ ਸੀ ਕਿ ਰੇਲਵੇ ਲਾਈਨਾਂ ਦੇ ਕੰਢੇ ਇਕ ਨੌਜਵਾਨ ਬੋਰੇ ਰੱਖ ਕੇ ਬੈਠਾ ਸੀ ਅਤੇ ਜਦੋਂ ਉਸ ਨੇ ਪੁਲਸ ਨੂੰ ਦੇਖਿਆ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਉਸਦੇ ਬੋਰੇ ਦੀ ਤਲਾਸ਼ੀ ਲਏ ਜਾਣ 'ਤੇ ਉਸ ਕੋਲੋਂ ਭੁੱਕੀ ਬਰਾਮਦ ਕੀਤੀ ਗਈ। ਫੜੇ ਗਏ ਨੌਜਵਾਨ ਦੀ ਪਛਾਣ ਸੰਦੀਪ ਸਿੰਘ ਪੁੱਤਰ ਗਦਾਵਰ ਸਿੰਘ ਵਾਸੀ ਪਿੰਡ ਤਲਵੰਡੀ ਕਲਾਂ ਵਜੋਂ ਕੀਤੀ ਗਈ। ਪੁਲਸ ਨੇ ਦੋਸ਼ੀ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ। ਹੁਣ ਦੇਖਣਾ ਹੈ ਕਿ ਇਸ ਇਲਾਕੇ ਦੇ ਕਿੰਨੇ ਕੁ ਹੋਰ ਲੋਕ ਇਸ ਮਾਮਲੇ ਵਿੱਚ ਬੇਨਕਾਬ ਹੁੰਦੇ ਹਨ?
ਲਾਡੋਵਾਲ ਲੁਧਿਆਣਾ ਵਿੱਚ 48 ਕਿਲੋ ਭੁੱਕੀ ਬਰਾਮਦ 
ਇਸੇ ਤਰ੍ਹਾਂ ਖਨੌਰੀ  ਵਿੱਚ 40 ਕਿਲੋ ਭੁੱਕੀ ਫੜੀ ਗਈ ਹੈ। ਐੱਸ. ਐੱਚ. ਓ. ਖਨੌਰੀ ਇੰਸ. ਵਿਜੇ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਥਾਨਕ ਪੁਲਸ ਵਲੋਂ ਇਕ ਵਿਅਕਤੀ ਨੂੰ 40 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕੀਤਾ ਗਿਆ। ਇਹ ਵੀ ਨਸ਼ੇੜੀਆਂ ਤੱਕ ਸਪਲਾਈ ਕੀਤੀ ਜਾਣੀ ਸੀ। ਇਸ ਬਰਾਮਦੀ ਦੀ ਜਾਣਕਾਰੀ ਦੇਂਦਿਆਂ ਇੰਸ. ਵਿਜੇ ਕੁਮਾਰ ਐੱਸ. ਐੱਚ. ਓ. ਖਨੌਰੀ ਨੇ ਦੱਸਿਆ ਕਿ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਏ. ਐੱਸ. ਆਈ. ਸੁਖਚੈਨ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਮੇਨ ਸੜਕ ਨੇੜੇ ਸਤਿਸੰਗ ਭਵਨ ਡੇਰਾ ਸੱਚਾ ਸੌਦਾ ਖਨੌਰੀ ਦੇ ਕੋਲ ਨਾਕਾ ਲਗਾਇਆ ਹੋਇਆ ਸੀ। ਇਸੇ ਦੌਰਾਨ ਖਨੌਰੀ ਵਾਲੀ ਸਾਈਡ ਤੋਂ ਇਕ ਭਰਿਆ ਹੋਇਆ ਟਰਾਲਾ ਨੰਬਰ ਪੀ. ਬੀ. 11 ਏ. ਐੱਨ. 9523 ਆਉਂਦਾ ਦਿਖਾਈ ਦਿੱਤਾ ਤੇ ਡਰਾਈਵਰ ਨੇ ਸਾਹਮਣੇ ਖੜੀ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਟਰਾਲਾ ਰੋਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ 'ਤੇ ਪੁਲਸ ਪਾਰਟੀ ਨੇ ਉਸ ਨੂੰ ਕਾਬੂ ਕਰ ਲਿਆ। ਜਿਸਦੀ ਪਛਾਣ ਲਖਵੀਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਜਟਾਣਾ ਉੱਚਾ ਥਾਣਾ ਖਮਾਣੋਂ ਜ਼ਿਲਾ ਫਤਿਹਗੜ੍ਹ ਸਾਹਿਬ ਵਜੋਂ ਹੋਈ। ਉਕਤ ਟਰਾਲੇ ਦੀ ਤਲਾਸ਼ੀ ਲੈਣ 'ਤੇ ਡਰਾਈਵਰ ਸੀਟ ਦੇ ਪਿੱਛੋਂ ਇਕ ਬੋਰੀ ਟਾਟ ਬਰਾਮਦ ਹੋਇਆ ਜਿਸ ਵਿਚੋਂ 40 ਕਿਲੋ ਭੁੱਕੀ ਬਰਾਮਦ ਹੋਈ, ਜਿਸ 'ਤੇ ਦੋਸ਼ੀ ਦੇ ਖਿਲਾਫ ਥਾਣਾ ਖਨੌਰੀ ਵਿਖੇ ਮੁਕੱਦਮਾ ਦਰਜ ਕਰਕੇ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ। ਚੋਣਾਂ ਦੌਰਾਨ ਇਹ ਬਰਾਮਦੀ ਕਾਫੀ ਅਰਥਪੂਰਨ ਹੈ। 
ਸੁਨਾਮ ਵਿੱਚ 35 ਕਿੱਲੋ ਭੁੱਕੀ ਬਰਾਮਦ:ਸੁਨਾਮ ਵਿੱਚ ਥਾਣਾ ਸਦਰ ਦੀ ਪੁਲਸ ਵਲੋਂ ਇਕ ਵਿਅਕਤੀ ਨੂੰ 35 ਕਿਲੋ ਭੁੱਕੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਥਾਣਾ ਸਦਰ ਸੁਨਾਮ ਪੁਲਸ ਇੰਚਾਰਜ ਸਰਦਾਰਾ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਮੇਜਰ ਸਿੰਘ ਪੁਲਸ ਪਾਰਟੀ ਸਮੇਤ ਸ਼ੱਕੀ ਵਾਹਨਾਂ ਤੇ ਵਿਅਕਤੀਆਂ ਦੀ ਭਾਲ ਵਿਚ ਗਸ਼ਤ ਅਤੇ ਚੈਕਿੰਗ ਕਰ ਰਹੇ ਸਨ। ਜਿਸ ਕਾਰਨ ਉਹ ਬਾਹੱਦ ਪਿੰਡ ਕੁਲਾਰ ਖੁਰਦ ਮੇਨ ਰੋਡ ਮਹਿਲਾਂ ਤੋਂ ਸੰਗਰੂਰ ਮੌਜੂਦ ਸਨ। ਇਸੇ ਦੌਰਾਨ ਇਕ ਕੈਂਟਰ ਪੀ. ਬੀ. 13 ਏ. ਏ. 6824 ਦੀ ਤਲਾਸ਼ੀ ਲੈਣ 'ਤੇ ਉਸ ਵਿਚੋਂ ਮਿਲੇ ਪਲਾਸਟਿਕ ਦੇ ਥੈਲੇ ਵਿਚ 35 ਕਿਲੋ ਭੁੱਕੀ ਬਰਾਮਦ ਹੋਈ। ਜਿਸ ਕਰਕੇ ਕੈਂਟਰ ਚਾਲਕ ਦਿਲਵੀਰ ਸਿੰਘ ਵਾਸੀ ਲੱਡੀ ਨੂੰ ਕਾਬੂ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਭੁੱਕੀ ਵੀ ਅਗੇ ਸਪਲਾਈ ਹੋਣੀ ਸੀ। 
ਭੁੱਕੀ ਦੀ ਵਰਤੋਂ ਵਿੱਚ ਤੇਜ਼ੀ ਨਾਲ ਹੋ ਰਿਹਾ ਵਾਧਾ ਇੱਕਚਿੰਤਾਜਨਕ ਸਥਿਤੀ ਹੈ ਕਿਓਂਕਿ ਇਸਦੀ ਵਰਤੋਂ ਨਾਲ ਕਈ ਤਰਾਂ ਦੇ ਖਤਰੇ ਵਧ ਜਾਂਦੇ ਹਨ। ਜਿਸਮ ਅਤੇ ਮਨ ਦੀ ਸ਼ਕਤੀ ਨੂੰ ਠੀਸ ਨਹਿਸ ਕਰਨਾ ਵਾਲਾ ਇਹ ਨਸ਼ਾ ਵਿਅਕਤੀ ਨੂੰ ਖੋਖਲਾ ਕਰ ਦੇਂਦਾ ਹੈ ਪਰ ਇਹਨਾਂ ਸਾਰੀਆਂ ਹਕੀਕਤਾਂ ਤੋਂ ਮੂੰਹ ਮੋੜ ਕੇ ਇਸਦੇ ਪ੍ਰੇਮੀ ਇਹੀ ਆਖਦੇ ਹਨ ਕਿ ਅਕਲ ਬਦਾਮ ਨਹੀਂ ਭੁੱਕੀ ਖਾਣ ਨਾਲ ਆਉਂਦੀ ਹੈ। ਭੁੱਕੀ ਪ੍ਰੇਮੀਆਂ ਨੇ ਭੁੱਕੀ ਪ੍ਰੇਮ ਵਿੱਚ ਕਈ ਤਰਾਂ ਦੀਆਂ ਕਵਿਤਾਵਾਂ ਵੀ ਲਿਖ ਮਾਰੀਆਂ ਹਨ। 

No comments: