Thursday, April 10, 2014

ਲੁਧਿਆਣਾ: ਏ.ਟੀ.ਐਮ. ਤੋੜਣ ਦੀ ਅਸਫਲ ਕੋਸ਼ਿਸ਼

ਸੀ.ਸੀ.ਟੀ.ਵੀ. ਕੈਮਰੇ ਹੋਣ ਦੇ ਬਾਵਜੂਦ ਚੋਰਾਂ ਦੀ ਤਸਵੀਰ ਕੈਦ ਨਹੀਂ ਹੋਈ
ਲੁਧਿਆਣਾ: 10 ਅਪ੍ਰੈਲ 2014: (ਪੰਜਾਬ ਸਕਰੀਨ ਬਿਊਰੋ):
ਥਾਂ ਥਾਂ ਲੱਗਦੇ ਨਾਕਿਆਂ ਦੇ ਬਾਵਜੂਦ ਜੁਰਮਾਂ ਦਾ ਸਿਲਸਿਲਾ ਜਾਰੀ ਹੈ। ਕਿਤੇ ਲੁੱਟਖੋਹ, ਕਿਤੇ ਛੇੜਖਾਨੀ, ਕਿਤੇ ਫਾਇਰਿੰਗ ਅਤੇ ਕਿਤੇ ਕੁਝ ਹੋਰ। ਹੁਣ ਨਵੀਂ ਘਟਨਾ ਹੋਈ ਹੈ ਬਹਾਦਰਕੇ ਰੋਡ 'ਤੇ ਜਿੱਥੇ ਇੱਕ ਕੌਮੀ ਬੈਂਕ ਦੀ ਏਟੀਐਮ ਤੋੜਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। 
ਸਥਾਨਕ ਬਹਾਦਰਕੇ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਵਿਚ ਬੀਤੀ ਰਾਤ ਏ. ਟੀ. ਐਮ. ਤੋੜਣ ਦੀ ਕੋਸ਼ਿਸ਼ ਕੀਤੀ ਗਈ ਪਰ ਚੋਰ ਏ. ਟੀ. ਐਮ. ਵਿਚੋਂ ਨਕਦੀ ਲਿਜਾਣ ਵਿਚ ਸਫਲ ਨਹੀਂ ਹੋ ਸਕੇ। ਜਾਣਕਾਰੀ ਅਨੁਸਾਰ ਇਹਨਾਂ ਸ਼ਾਤਿਰ ਚੋਰਾਂ ਵੱਲੋਂ ਏ. ਟੀ. ਐਮ. ਦੀ ਛੱਤ ਤੋੜ ਕੇ ਕੈਬਿਨ ਵਿਚ ਦਾਖਿਲ ਹੋਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਸਫਲ ਨਹੀਂ ਹੋਏ।ਘਟਨਾ ਦਾ ਪਤਾ ਸਵੇਰੇ ਉਸ ਸਮੇਂ ਲੱਗਾ ਜਦੋਂ ਬੈਂਕ ਮੁਲਾਜਮ ਉਥੇ ਆਏ। ਏ. ਟੀ. ਐਮ. ਵਿਚ ਕੋਈ ਸੁਰੱਖਿਆ ਮੁਲਾਜਮ ਤਾਇਨਾਤ ਨਹੀਂ ਸੀ, ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਸਨ ਪਰ ਚੋਰਾਂ ਦੀ ਤਸਵੀਰ ਕੈਦ ਨਹੀਂ ਹੋਈ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੈ ਕਿ ਪੁਲਿਸ ਇਹਨਾਂ ਸ਼ਾਤਿਰ ਅਪਰਾਧੀਆਂ ਨੂੰ ਕਦੋਂ ਕਾਬੂ ਕਰਦੀ ਹੈ। 

No comments: