Friday, April 11, 2014

ਹਜ਼ਾਰਾਂ ਜਾਅਲੀ ਸੀ. ਡੀਜ਼ ਬਰਾਮਦ, 7 ਕਾਬੂ

Fri, Apr 11, 2014 at 7:23 PM
ਨਵੀਆਂ ਹਿੱਟ ਫਿਲਮਾਂ ਦੇ ਨਾਲ ਅਸ਼ਲੀਲ ਫਿਲਮਾਂ ਵੀ ਵੇਚਦੇ ਸਨ 
ਲੁਧਿਆਣਾ: 11 ਅਪ੍ਰੈਲ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):

ਅਸ਼ਲੀਲ ਅਤੇ ਨਕਲੀ ਸੀਡੀਆਂ ਦੀ ਰੋਕਥਾਮ ਲਈ ਪੁਲਿਸ ਲਗਾਤਾਰ ਸਰਗਰਮ ਹੈ। ਇਸੇ ਮੁਹਿੰਮ ਅਧੀਨ ਸੀ. ਆਈ. ਏ. ਵਨ ਦੀ ਪੁਲਸ ਨੇ ਘੰਟਾ ਘਰ ਦੇ ਨੇੜੇ ਭਦੌੜ ਹਾਊਸ ਸਥਿਤ ਦੁਕਾਨਾਂ 'ਤੇ ਰੇਡ ਕਰਦੇ ਹੋਏ ਹਜ਼ਾਰਾਂ ਦੀ ਗਿਣਤੀ ਵਿਚ ਜਾਅਲੀ ਸੀ. ਡੀਜ਼ ਤੇ ਡੀ. ਵੀ. ਡੀਜ਼ ਦਾ ਭੰਡਾਰ ਬਰਾਮਦ ਕੀਤਾ ਹੈ। ਇਸ ਕਾਰੋਬਾਰ ਨੂੰ ਕਰਨ ਵਾਲੇ 7 ਦੋਸ਼ੀਆਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ, ਜਦਕਿ 3 ਫਰਾਰ ਹੋ ਗਏ ਹਨ। ਉਕਤ ਖੁਲਾਸਾ ਏ. ਸੀ. ਪੀ. ਕ੍ਰਾਈਮ ਜਸਵਿੰਦਰ ਸਿੰਘ ਨੇ ਪ੍ਰੈੱਸ ਨੋਟ ਦੇ ਜ਼ਰੀਏ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਕ੍ਰਾਈਮ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਜਦੋਂ ਭਦੌੜ ਹਾਊਸ ਵਿਚ ਵੱਖ ਦੁਕਾਨਾਂ 'ਤੇ ਰੇਡ ਕੀਤੀ ਗਈ ਤਾਂ ਮੌਕੇ ਤੋਂ ਹਜ਼ਾਰਾਂ ਦੀ ਤਦਾਦ ਵਿਚ ਜਾਅਲੀ ਸੀ. ਡੀਜ਼ ਬਰਾਮਦ ਹੋਈਆਂ। ਦੁਕਾਨ ਨੰ. 26 ਤੇ 28 'ਤੇ ਰੇਡ ਕਰਨ ਉਪਰੰਤ 25 ਹਜ਼ਾਰ ਦੇ ਕਰੀਬ ਜਾਅਲੀ ਸੀ. ਡੀਜ਼ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਵਿਚ ਨਵੀਆਂ ਰਿਲੀਜ਼ ਹੋਈਆਂ ਫਿਲਮਾਂ ਦੇ ਨਾਲ-ਨਾਲ ਬਲਿਊ ਫਿਲਮਾਂ ਦੀਆਂ ਸੀ ਡੀਜ਼ ਤੇ ਡੀ. ਵੀ. ਡੀਜ਼ ਵੀ ਸਨ। 

ਪੁਲਿਸ ਨੇ ਇਹਨਾਂ ਕੋਲੋਂ 9159-ਡੀਵੀਡੀ, ਪੰਜ ਡੀਵੀਡੀ ਰਾਈਟਰ, 50 ਸੀਡੀਜ਼, 220-ਨਿਊਡ ਫਿਲਮਾਂ, ਪੰਜ ਹਜ਼ਾਰ-ਨਿਊਡ ਰੈਪਰ, 210-ਮਾਸਟਰ ਪ੍ਰਿੰਟ, 9550-ਫਿਲਮਾਂ ਅਤੇ ਗਾਣਿਆਂ ਦੇ ਰੈਪਰ ਅਤੇ 1711 ਐਮਪੀ-ਥ੍ਰੀ ਸੀਡੀਜ਼ ਵਗੈਰਾ ਬਰਾਮਦ ਕੀਤੀਆਂ ਗਈਆਂ ਹਨ। ਫੜੇ ਗਏ ਇਹਨਾਂ ਆਰੋਪੀਆਂ ਦੀ ਪਛਾਣ ਰਜੇਸ਼ ਕੁਮਾਰ, ਅਸ਼ੋਕ ਕੁਮਾਰ, ਗੋਪਾਲ ਕ੍ਰਿਸ਼ਨ, ਪਵਨ ਕੁਮਾਰ, ਵਿਨੇ ਕੁਮਾਰ, ਭਗਤ ਸਿੰਘ ਤੇ ਯੋਗੇਸ਼ ਦੇ ਰੂਪ ਵਿਚ ਹੋਈ ਹੈ। ਇਹਨਾਂ ਵਿੱਚੋਂ ਰਾਜੇਸ਼, ਅਸ਼ੋਕ ਅਤੇ ਗੋਪਾਲ ਟਰੰਕਾਂ ਵਾਲੇ ਬਾਜ਼ਾਰ ਵਿਚਲੀ ਬਾਗ ਵਾਲੀ ਗਲੀ ਦੇ ਰਹਿਣ ਵਾਲੇ ਹਨ। ਪਵਨ ਕੁਮਾਰ ਇਸਲਾਮ ਗੰਜ ਦਾ ਰਹਿਣ ਵਾਲਾ ਹੈ ਅਤੇ ਵਿਨੇ ਕੁਮਾਰ ਨਿਊ ਸੰਤ ਨਗਰ ਹੈਬੋਵਾਲ ਦਾ ਵਸਨੀਕ ਹੈ। ਭਗਤ ਸਿੰਘ ਨਵੀਂ ਸਬਜ਼ੀ ਮੰਡੀ ਦੀ ਬੈਕਸਾਇਡ ਤੇ ਪੈਂਦੇ ਮੁਹਲ੍ਲ ਨਾਨਕ ਨਗਰ ਦਾ ਰਹਿਣ ਵਾਲਾ ਹੈ ਜਦਕਿ ਯੁਗੇਸ਼ ਕੁਮਾਰ ਜਲੰਧਰ ਬਾਈਪਾਸ ਨੇੜੇ ਅਸ਼ੋਕ ਨਗਰ ਇਲਾਕੇ ਵਸਨੀਕ ਹੈ। ਫਰਾਰ ਹੋਏ ਦੋਸ਼ੀਆਂ ਦੀ ਪਛਾਣ ਲੰਬੂ, ਮੋਚੀ ਉਰਫ ਵਿੱਕੀ ਤੇ ਬੰਟੀ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਸਾਰੇ ਦੋਸ਼ੀਆਂ ਦੇ ਖਿਲਾਫ ਕਾਪੀ ਰਾਈਟ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਹਨਾਂ ਕੋਲੋਂ ਪੁਛਗਿਛ ਜਾਰੀ ਹੈ। ਛੇਤੀ ਹੀ ਇਸ ਮਾਮਲੇ ਵਿੱਚ ਹੋਰ ਕਾਫੀ ਕੁਝ ਸਾਹਮਣੇ ਆਉਣ ਦੀ ਵੀ ਸੰਭਾਵਨਾ ਹੈ।  

No comments: