Tuesday, April 22, 2014

ਭਗਵੰਤ ਮਾਨ ਦਾ ਲੁਧਿਆਣਾ ਵਿਖੇ ਰੋਡ ਸ਼ੋਅ 23 ਅਪ੍ਰੈਲ ਨੂੰ

ਆਮ ਆਦਮੀ ਪਾਰਟੀ ਨੇ ਲਾਈ ਰੋਡ ਸ਼ੋ ਆਯੋਜਨਾਂ ਦੀ ਝੜੀ 
ਲੁਧਿਆਣਾ, 21 ਅਪ੍ਰੈਲ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਦੁੱਖਾਂ ਅਤੇ ਭੁੱਖਾਂ ਮਾਰੇ ਆਮ ਆਦਮੀ ਦੇ ਹੋਰ ਨੇੜੇ ਹੋਣ ਦੇ ਮਕਸਦ ਨਾਲ ਆਮ ਆਦਮੀ ਪਾਰਟੀ ਦੀ ਰੋਡ ਸ਼ੋ ਮੁਹਿੰਮ ਤੇਜ਼ੀ ਨਾਲ ਜਾਰੀ ਹੈ। ਪਾਰਟੀ ਸੁਪਰੀਮੋ ਕੇਜਰੀਵਾਲ ਤੋਂ ਲੈ ਕੇ ਹੇਠਲੇ ਕੇਡਰ ਦੇ ਵਰਕਰਾਂ ਅਤੇ ਉਮੀਦਵਾਰਾਂ ਸਮੇਤ ਮੀਂਹ, ਹਨੇਰੀ ਅਤੇ ਕੜਕਦੀ ਧੁੱਪ ਵਿਚਾਲੇ ਵੀ ਇਹ ਸਿਲਸਿਲਾ ਜਾਰੀ ਰਹਿੰਦਾ ਹੈ ਅਤੇ ਉਹ ਵੀ ਬਿਨਾ ਏਅਰ ਕੰਡੀਸ਼ੰਡ ਗੱਡੀਆਂ ਦੇ। ਉਮੀਦਵਾਰ ਅਤੇ ਹੋਰ ਲੀਡਰ ਭੁੰਜੇ ਬੈਠ ਕੇ ਲੋਕਾਂ ਨਾਲ ਗੱਲ ਕਰਦੇ ਹਨ। ਫਾਈਵ ਸਟਾਰ ਹੋਟਲਾਂ ਦੀ ਬਜਾਏ ਦਰਖਤਾਂ ਦੀ ਛਾਵੇਂ ਬੈਠ ਕੇ ਮੀਟਿੰਗਾਂ ਅਤੇ ਰੈਲੀਆਂ ਕੀਤੀਆਂ ਜਾਂਦੀਆਂ ਹਨ। ਇਸੇ ਸਿਲਸਿਲੇ ਅਧੀਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਾਸਰਸ ਕਲਾਕਾਰ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਲੁਧਿਆਣਾ ਵਿਖੇ ਮਿਤੀ 23 ਅਪ੍ਰੈਲ ਨੂੰ, ਇਥੋਂ 'ਆਪ' ਵਲੋਂ ਚੋਣ ਲੜ ਰਹੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਦੇ ਹੱਕ ਵਿਚ ਵਿਸ਼ਾਲ ਰੋਡ ਸ਼ੋਅ ਕਰਨ ਜਾ ਰਹੇ ਹਨ। ਸ. ਫੂਲਕਾ ਦੀ ਬੇਟੀ ਐਡਵੋਕੇਟ ਪ੍ਰਭਸਹਾਇ ਕੌਰ ਫੂਲਕਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਰੋਡ ਸ਼ੋਅ ਸਵੇਰੇ 9 ਵਜੇ ਲੁਧਿਆਣਾ-ਸੰਗਰੂਰ ਸੜਕ 'ਤੇ ਸਥਿਤ ਜਰਗ ਪੁਲ ਤੋਂ ਸ਼ੁਰੂ ਹੋਵੇਗਾ ਅਤੇ ਪੋਹੀਰ ਬਾਈਪਾਸ, ਫੀਰਨੀ, ਡੇਹਲੋਂ, ਰੁੜਕਾ ਰੋਡ, ਕਿਲਾ ਰਾਏਪੁਰ, ਮਹਿਮਾ ਸਿੰਘ ਵਾਲਾ, ਲੋਹਗੜ, ਫੱਲੇਵਾਲ, ਗੁੱਜਰਵਾਲ, ਨਾਰੰਗਵਾਲ, ਜੋਧਾ ਫਿਰਨੀ, ਖੰਡੂਰ ਮੋੜ, ਖੰਡੂਰ, ਮੋਹੀ, ਰੁੜਕਾ, ਦਾਖਾ, ਮੁੱਲਾਂਪੁਰ ਪਿੰਡ, ਤਲਵੰਡੀ ਖੁਰਦ, ਤਲਵੰਡੀ ਕਲਾਂ, ਮੋੜ ਕਰੀਮਾ, ਚੌਕੀਮਾਨ ਚੌਕ, ਗੁਰਾਹੇ, ਸਵੱਦੀ ਕਲਾਂ, ਬਿਰਕ, ਵਰਸ਼ਾਲ, ਚਿਮਾਨਾ ਅਤੇ ਮਲਕ ਆਦਿ ਥਾਂਵਾਂ ਤੋਂ ਹੁੰਦਾ ਹੋਇਆ ਜਗਰਾਓਂ ਵਿਖੇ ਸਮਾਪਤ ਹੋਵੇਗਾ। ਉਹਨਾਂ ਇਹ ਵੀ ਦੱਸਿਆ ਕਿ ਇਸ ਰੋਡ ਸ਼ੋਅ ਦੌਰਾਨ ਨਾਰੰਗਵਾਲ, ਦਾਖਾ, ਸਵੱਦੀ ਕਲਾਂ ਅਤੇ ਜਗਰਾਓਂ ਵਿਖੇ ਵਿਸ਼ੇਸ਼ ਜਨਸਭਾਵਾਂ ਵੀ ਕੀਤੀਆਂ ਜਾਣਗੀਆਂ ਜਿਹਨਾਂ ਨੂੰ ਭਗਵੰਤ ਮਾਨ ਖਾਸ ਤੌਰ 'ਤੇ ਸੰਬੋਧਨ ਕਰਨਗੇ। ਜਿਕਰਯੋਗ ਹੈ ਕਿ ਭਗਵੰਤ ਮਾਨ ਖੁਦ ਵੀ ਸੰਗਰੂਰ ਲੋਕ ਸਭਾ ਹਲਕੇ ਤੋਂ 'ਆਪ' ਦੀ ਟਿਕਟ 'ਤੇ ਚੋਣ ਲੜ ਰਹੇ ਹਨ ਅਤੇ ਜਿੱਤ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ।

No comments: