Saturday, April 12, 2014

ਲੁਧਿਆਣਾ: 22 ਉਮੀਦਵਾਰਾਂ ਨੂੰ ਚੋਣ ਨਿਸ਼ਾਨਾਂ ਦੀ ਵੰਡ

 Sat, Apr 12, 2014 at 8:14 PM
ਬਲਵਿੰਦਰ ਸਿੰਘ ਬੈਂਸ ਨੇ ਆਪਣੇ ਕਾਗਜ਼ ਵਾਪਸ ਲਏ
ਲੁਧਿਆਣਾ:12 ਅਪ੍ਰੈਲ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਹਰ ਰੋਜ਼ ਸਿਖਰਾਂ ਛੂ ਰਹੀਆਂ ਹਨ। ਨਵੀਂ ਕਚਹਿਰੀ ਡੀਸੀ ਦਫਤਰ ਗਹਿਮਾਗਹਿਮੀ ਲੱਗੀ ਰਹਿੰਦੀ ਹੈ।   ਸਖਤ ਸੁਰੱਖਿਆ ਪ੍ਰਬੰਧ ਜਿਵੇਂ ਆਮ ਲੋਕਾਂ ਨੂੰ ਯਕੀਨ ਦੁਆ ਰਹੇ ਹੋਣ ਕਿ ਬੇਫਿਕਰ ਹੋ ਕੇ ਵੋਟਾਂ ਪਾਓ ਅਸੀਂ ਕਿਸੇ ਵੀ ਸ਼ਰਾਰਤੀ ਦੀ ਦਾਲ ਨਹੀਂ ਗਲਣ ਦਿਆਂਗੇ।
ਲੋਕ ਸਭਾ ਚੋਣਾਂ-2014 ਲਈ ਚੋਣ ਮੈਦਾਨ ਵਿੱਚ ਨਿੱਤਰੇ ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੂੰ ਅੱਜ ਚੋਣ ਨਿਸ਼ਾਨਾਂ ਦੀ ਵੰਡ ਕਰ ਦਿੱਤੀ ਗਈ, ਜਦਕਿ ਨਾਮਜ਼ਦਗੀਆਂ ਵਾਪਸ ਲੈਣ ਦੇ ਦਿਨ ਅੱਜ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰਨ ਵਾਲੇ ਬਲਵਿੰਦਰ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਇਸ ਤਰਾਂ ਲੋਕ ਸਭਾ ਹਲਕਾ ਲੁਧਿਆਣਾ-07 ਲਈ ਹੁਣ 22 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। 
ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਫਾਰਮ ਨੰਬਰ-7 ਏ ਜਾਰੀ ਕਰਦਿਆਂ ਦੱਸਿਆ ਕਿ ਸੀ. ਪੀ. ਆਈ. (ਐੱਮ) ਦੇ ਉਮੀਦਵਾਰ ਸ੍ਰ. ਸੁਖਵਿੰਦਰ ਸਿੰਘ ਨੂੰ ਹਥੌੜਾ/ਦਾਤਰੀ/ਤਾਰਾ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ੍ਰ. ਨਵਜੋਤ ਸਿੰਘ ਮੰਡੇਰ ਨੂੰ ਹਾਥੀ, ਸ਼੍ਰੋਮਣੀ ਅਕਾਲੀ ਦਲ ਦੇ ਸ੍ਰ. ਮਨਪ੍ਰੀਤ ਸਿੰਘ ਇਯਾਲੀ ਨੂੰ ਤੱਕੜੀ, ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰ. ਰਵਨੀਤ ਸਿੰਘ ਬਿੱਟੂ ਨੂੰ ਹੱਥ, ਜਨਤਾ ਦਲ (ਯੂ) ਦੇ ਉਮੀਦਵਾਰ ਸ੍ਰੀ ਅਕਸ਼ੈਬਰ ਨਾਥ ਮਿਸ਼ਰਾ ਨੂੰ ਤੀਰ, ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ. ਹਰਵਿੰਦਰ ਸਿੰਘ ਫੂਲਕਾ ਨੂੰ ਝਾੜੂ, ਆਲ ਇੰਡੀਆ ਫਾਰਵਰਡ ਬਲਾਕ ਦੇ ਉਮੀਦਵਾਰ ਸ੍ਰੀ ਹਰੀ ਰਾਮ ਸਾਹਨੀ ਨੂੰ ਸ਼ੇਰ, ਜੰਮੂ ਅਤੇ ਕਸ਼ਮੀਰ ਨੈਸ਼ਨਲ ਪੈਂਥਰਜ਼ ਪਾਰਟੀ ਦੇ ਸ੍ਰੀ ਕਿਸ਼ਨ ਕੁਮਾਰ ਸ਼ਰਮਾ ਨੂੰ ਸਾਈਕਲ, ਸ਼ਿਵ ਸੈਨਾ ਦੇ ਸ੍ਰ. ਦਰਸ਼ਨ ਸਿੰਘ ਨੂੰ ਤੀਰ ਕਮਾਨ, ਨਿਊ ਆਲ ਇੰਡੀਆ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਹੰਮਦ ਨਸੀਮ ਅੰਸਾਰੀ ਨੂੰ ਕੈਲਕੁਲੇਟਰ, ਰਿਪਬਲਿਕਨ ਪਾਰਟੀ ਆਫ਼ ਇੰਡੀਆ (ਏ) ਦੇ ਸ੍ਰੀ ਬਿੱਟੂ ਨੂੰ ਸਿਲਾਈ ਮਸ਼ੀਨ, ਬਹੁਜਨ ਮੁਕਤੀ ਪਾਰਟੀ ਦੇ ਉਮੀਦਵਾਰ ਮੁਹੰਮਦ ਮਕਸੂਦ ਅੰਸਾਰੀ ਨੂੰ ਮੰਜਾ ਚੋਣ ਨਿਸ਼ਾਨ ਅਲਾਟ ਕੀਤੇ ਗਏ। 
ਇਸੇ ਤਰਾਂ ਆਜ਼ਾਦ ਉਮੀਦਵਾਰਾਂ 'ਚੋਂ ਸ੍ਰ. ਸਿਮਰਜੀਤ ਸਿੰਘ ਨੂੰ ਬੈਟਰੀ ਟਾਰਚ, ਸ੍ਰ. ਸਿਮਰਜੀਤ ਸਿੰਘ ਬੈਂਸ ਨੂੰ ਲੈਟਰ ਬਾਕਸ, ਸ੍ਰ. ਕੁਲਵਿੰਦਰ ਪਾਲ ਸਿੰਘ ਨੂੰ ਕੱਪ ਅਤੇ ਪਲੇਟ, ਸ੍ਰ. ਗੁਰਦੀਪ ਸਿੰਘ ਕਾਹਲੋਂ ਨੂੰ ਟੈਲੀਵਿਜ਼ਨ, ਸ੍ਰ. ਜਸਵਿੰਦਰ ਸਿੰਘ ਬੈਂਸ ਨੂੰ ਮਿਕਸੀ, ਸ੍ਰ੍ਰੀ ਜੈ ਪ੍ਰਕਾਸ਼ ਜੈਨ ਨੂੰ ਗੈਸ ਸਿਲੰਡਰ, ਸ੍ਰ. ਤਰਸੇਮ ਸਿੰਘ ਬੰਗਾ ਨੂੰ ਪਤੰਗ, ਸ੍ਰ. ਨਵਪ੍ਰੀਤ ਸਿੰਘ ਬੇਦੀ ਨੂੰ ਪੈੱਨ ਸਟੈਂਡ, ਰਾਜ ਕੁਮਾਰ ਅਟਵਾਲ ਨੂੰ ਗੁਬਾਰਾ ਅਤੇ ਸ੍ਰੀ ਰਾਜੀਵ ਕੁਮਾਰ ਕਾਲੜਾ ਨੂੰ ਹਰੀ ਮਿਰਚ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ। 

No comments: