Saturday, April 12, 2014

-ਲੋਕ ਸਭਾ ਚੋਣਾਂ-2014- ਲੁਧਿਆਣਾ ਵਿੱਚ ਵੀ ਸਰਗਰਮੀਆਂ 'ਚ ਤੇਜ਼ੀ ਜਾਰੀ

Sat, Apr 12, 2014 at 8:14 PM
ਉਮੀਦਵਾਰ ਚੋਣ ਜ਼ਾਬਤਾ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ-ਚੋਣ ਆਬਜ਼ਰਵਰ
ਉਮੀਦਵਾਰਾਂ/ਚੋਣ ਏਜੰਟਾਂ ਨੂੰ ਚੋਣ ਪ੍ਰਕਿਰਿਆ ਅਤੇ ਹਦਾਇਤਾਂ ਬਾਰੇ ਕਰਾਇਆ ਜਾਣੂ

ਲੁਧਿਆਣਾ, 12 ਅਪ੍ਰੈੱਲ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਜਨਰਲ ਚੋਣ ਆਬਜ਼ਰਵਰ ਸ੍ਰੀ ਐੱਸ. ਪੀ. ਠਾਕੁਰ, ਖਰਚਾ ਆਬਜ਼ਰਵਰ ਸ੍ਰੀ ਕੁਮਾਰ ਅਸੀਮ ਵੈਭਵ ਅਤੇ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫ਼ਸਰ ਸ੍ਰੀ ਰਜਤ ਅਗਰਵਾਲ ਵੱਲੋਂ ਆਗਾਮੀ 30 ਅਪ੍ਰੈੱਲ, 2014 ਨੂੰ ਲੋਕ ਸਭਾ ਹਲਕਾ ਲੁਧਿਆਣਾ-7 ਲਈ ਹੋਣ ਵਾਲੀ ਚੋਣ ਸੰਬੰਧੀ ਵੱਖ-ਵੱਖ ਉਮੀਦਵਾਰਾਂ ਅਤੇ ਉਹਨਾਂ ਦੇ ਚੋਣ ਏਜੰਟਾਂ/ਨੁਮਾਇੰਦਿਆਂ ਨੂੰ ਮੀਟਿੰਗ ਕਰਕੇ ਪੂਰੀ ਚੋਣ ਪ੍ਰਕਿਰਿਆ ਅਤੇ ਆਦਰਸ਼ ਚੋਣ ਜ਼ਾਬਤੇ ਬਾਰੇ ਜਾਣੂ ਕਰਾਇਆ ਗਿਆ। ਉਹਨਾਂ ਨੂੰ ਅਪੀਲ ਕੀਤੀ ਗਈ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਆਦਰਸ਼ ਚੋਣ ਜ਼ਾਬਤੇ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। 
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਠਾਕੁਰ ਅਤੇ ਸ੍ਰੀ ਅਗਰਵਾਲ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਆਦਰਸ਼ ਚੋਣ ਜ਼ਾਬਤੇ ਦੀ ਇੰਨ-ਬਿੰਨ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਪਾਰਟੀ, ਉਮੀਦਵਾਰ ਜਾਂ ਕਿਸੇ ਵੀ ਸੰਬੰਧਤ ਧਿਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ  ਚੋਣਾਂ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਕਰਾਉਣ ਦੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਜ਼ਿਲਾ ਪੱਧਰ 'ਤੇ ਇੱਕ ਸ਼ਿਕਾਇਤ ਕੇਂਦਰ ਸਥਾਪਤ ਕੀਤਾ ਗਿਆ ਅਤੇ ਟੋਲ ਫਰੀ ਨੰਬਰ 1800-1800-695 'ਤੇ ਜਾਂ ਭਾਰਤੀ ਚੋਣ ਕਮਿਸ਼ਨ ਦੇ ਨੰਬਰ 1950 'ਤੇ ਵੋਟਰ ਆਪਣੀ ਚੋਣਾਂ ਨਾਲ ਸੰਬੰਧਤ ਸ਼ਿਕਾਇਤ ਹਫਤੇ ਦੇ ਸਾਰੇ ਦਿਨ 24 ਘੰਟੇ ਕਰ ਸਕਦੇ ਹਨ। ਇੱਕ ਉਮੀਦਵਾਰ 70 ਲੱਖ ਰੁਪਏ ਤੱਕ ਚੋਣ ਖਰਚਾ ਕਰ ਸਕਦਾ ਹੈ, ਜਦਕਿ ਖਰਚੇ 'ਤੇ ਨਿਗਰਾਨੀ ਰੱਖਣ ਲਈ ਸਾਰੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਈ ਜਾ ਰਹੀ ਹੈ ਅਤੇ ਹਰ ਤਰਾਂ ਦੀ ਨਜ਼ਰਸਾਨੀ ਰੱਖਣ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਹਰੇਕ ਉਮੀਦਵਾਰ ਨੂੰ ਆਪਣਾ ਖ਼ਰਚ ਦਿਖਾਉਣ ਲਈ ਖੁਲਵਾਇਆ ਵੱਖਰਾ ਬੈਂਕ ਖਾਤਾ ਬਰਾਬਰ ਮਨਟੇਂਨ ਕਰਨਾ ਪਵੇਗਾ। ਉਮੀਦਵਾਰ ਚੋਣ ਅਧਿਕਾਰੀਆਂ ਨੂੰ ਸਹੀ ਖਰਚਾ ਦੱਸਣਾ ਯਕੀਨੀ ਬਣਾਉਣ। 
ਸ੍ਰੀ ਅਗਰਵਾਲ ਨੇ ਵੋਟਰਾਂ, ਉਮੀਦਵਾਰਾਂ ਅਤੇ ਵੱਖ-ਵੱਖ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੋਟਰ ਪੈਸੇ ਲੈ ਕੇ ਵੋਟ ਪਾਉਂਦਾ ਹੈ ਜਾਂ ਕੋਈ ਉਮੀਦਵਾਰ ਜਾਂ ਪਾਰਟੀ ਕਿਸੇ ਵੋਟਰ ਨੂੰ ਵੋਟ ਲਈ ਪੈਸੇ ਦੀ ਪੇਸ਼ਕਸ਼ ਕਰਦੀ ਹੈ ਤਾਂ ਉਸ ਵਿਰੁੱਧ ਧਾਰਾ 178 ਬੀ ਦੇ ਤਹਿਤ ਅਪਰਾਧਕ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸੇ ਤਰਾਂ ਕਿਸੇ ਵੋਟਰ ਨੂੰ ਡਰਾ, ਧਮਕਾ ਕੇ ਜਾਂ ਸੱਟ ਫੇਟ ਮਾਰਕੇ ਵੋਟ ਪਵਾਉਣ ਦੀ ਸੂਰਤ ਵਿੱਚ ਦੋਸ਼ੀ ਵਿਰੁਧ ਧਾਰਾ 171 ਸੀ ਤਹਿਤ ਕਾਰਵਾਈ ਕੀਤੀ ਜਾਵੇਗੀ। ਚੋਣਾਂ ਨਾਲ ਸੰਬੰਧਤ ਕਿਸੇ ਵੀ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਲੋਕ ਪ੍ਰਤਿਨਿਧਤਾ ਐਕਟ 1951 ਦੀ ਧਾਰਾ 127 ਏ ਦੇ ਤਹਿਤ ਦੋਸ਼ੀ ਮੰਨਿਆ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 
ਸ੍ਰੀ ਅਗਰਵਾਲ ਨੇ ਸਪੱਸ਼ਟ ਕੀਤਾ ਕਿ ਉਮੀਦਵਾਰਾਂ ਨੂੰ ਆਪਣੀ ਚੋਣ ਸਮੱਗਰੀ ਛਪਵਾਉਣ ਅਤੇ ਵੰਡਣ ਬਾਰੇ ਚੋਣ ਅਧਿਕਾਰੀਆਂ ਨੂੰ ਸਾਰੇ ਵੇਰਵੇ ਦੇਣੇ ਜ਼ਰੂਰੀ ਹੋਣਗੇ। ਪੋਸਟਰ, ਬੈਨਰ ਅਤੇ ਹੋਰਡਿੰਗਜ਼ 'ਤੇ ਪਿੰ੍ਰਟਰਜ਼ ਅਤੇ ਪਬਲਿਸ਼ਰਜ਼ ਦਾ ਨਾਮ, ਪਤਾ ਅਤੇ ਕਾਪੀਆਂ ਦੀ ਗਿਣਤੀ ਲਿਖੀ ਹੋਣੀ ਜ਼ਰੂਰੀ ਹੋਵੇਗੀ। ਇਸ਼ਤਿਹਾਰ ਸਮੱਗਰੀ ਨੂੰ ਪ੍ਰਕਾਸ਼ਿਤ ਕਰਾਉਣ ਤੋਂ ਪਹਿਲਾਂ ਚੋਣ ਕਮਿਸ਼ਨ ਤੋਂ ਪਾਸ ਕਰਾਉਣਾ ਲਾਜ਼ਮੀ ਹੋਵੇਗਾ। ਚੋਣ ਮੁਹਿੰਮ ਦੌਰਾਨ ਕਿਸੇ ਵੀ ਉਮੀਦਵਾਰ ਨੂੰ ਨਿੱਜੀ ਤੌਰ 'ਤੇ ਨਿਸ਼ਾਨਾ ਨਾ ਬਣਾਇਆ ਜਾਵੇ। ਉਨ•ਾਂ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ  ਇਹਨਾਂ ਚੋਣਾਂ ਵਿੱਚ ਬਿਨਾ ਕਿਸੇ ਡਰ ਭੈਅ ਜਾਂ ਪਰਛਾਵੇ ਦੇ ਆਪਣੀ ਵੋਟ ਦਾ ਇਸਤੇਮਾਲ ਕਰਨ ਤਾਂ ਜੋ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲਾ  ਚੋਣ ਅਫ਼ਸਰ ਸ੍ਰੀਮਤੀ ਈਸ਼ਾ ਕਾਲੀਆ ਅਤੇ ਹੋਰ ਚੋਣ ਅਧਿਕਾਰੀ ਵੀ ਮੌਜੂਦ ਸਨ। 

No comments: