Friday, April 04, 2014

ਲੋਕ ਸਭਾ ਚੋਣਾਂ-2014-ਨਾਮਜ਼ਦਗੀਆਂ ਜਾਰੀ

ਰਾਜ ਕੁਮਾਰ ਤੇ ਕੁਲਵਿੰਦਰਪਾਲ ਸਿੰਘ ਨੇ ਆਜ਼ਾਦ ਵਜੋਂ ਕਾਗਜ਼ ਭਰੇ
ਲੁਧਿਆਣਾ, 4 ਅਪ੍ਰੈਲ (ਪੰਜਾਬ ਸਕਰੀਨ ਬਿਊਰੋ): 
ਲੋਕ ਸਭਾ ਹਲਕਾ ਲੁਧਿਆਣਾ-7 ਲਈ ਮਿਤੀ 30 ਅਪ੍ਰੈੱਲ 2014 ਨੂੰ ਹੋਣ ਵਾਲੀ ਚੋਣ ਲਈ ਨਾਮਜ਼ਦਗੀਆਂ ਦੇ ਤੀਜੇ ਦਿਨ 2 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਦੋਵੇਂ ਆਜ਼ਾਦ ਉਮੀਦਵਾਰ ਹਨ। ਇਸ ਸੰਬੰਧੀ ਫਾਰਮ ਨੰਬਰ-3ਏ (ਨਾਮਜ਼ਦਗੀਆਂ ਸੰਬੰਧੀ ਹੁਣ ਤੱਕ ਦੀ ਜਾਣਕਾਰੀ) ਜਾਰੀ ਕਰਦਿਆਂ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਕਿਹਾ ਕਿ ਅੱਜ ਤੀਜੇ ਦਿਨ ਰਾਜ ਕੁਮਾਰ ਅਟਵਾਲ ਅਤੇ ਕੁਲਵਿੰਦਰਪਾਲ ਸਿੰਘ ਨੇ ਆਜ਼ਾਦ ਉਮੀਦਵਾਰਾਂ ਵਜੋਂ ਕਾਗਜ਼ ਦਾਖਲ ਕੀਤੇ ਹਨ।
ਸ੍ਰੀ ਅਗਰਵਾਲ ਨੇ ਕਿਹਾ ਕਿ ਕੋਈ ਵੀ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਜ਼ਿਲੇ ਦੇ ਰਿਟਰਨਿੰਗ ਅਫ਼ਸਰ (ਡਿਪਟੀ ਕਮਿਸ਼ਨਰ, ਲੁਧਿਆਣਾ) ਜਾਂ ਸਹਾਇਕ ਰਿਟਰਨਿੰਗ ਅਫ਼ਸਰ (ਵਧੀਕ ਕਮਿਸ਼ਨਰ-1, ਨਗਰ ਨਿਗਮ, ਲੁਧਿਆਣਾ) ਨੂੰ ਆਪ ਜਾਂ ਉਸਦੇ ਕਿਸੇ ਤਜਵੀਜ਼ਕਾਰ ਵੱਲੋਂ ਦਫ਼ਤਰ ਡਿਪਟੀ ਕਮਿਸ਼ਨਰ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਮਿੰਨੀ ਸਕੱਤਰੇਤ, ਲੁਧਿਆਣਾ) ਵਿਖੇ ਕਿਸੇ ਵੀ ਕੰਮ ਵਾਲੇ ਦਿਨ (ਸਰਕਾਰੀ ਛੁੱਟੀ ਤੋਂ ਬਿਨਾ) ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 3 ਵਜੇ ਦੇ ਦਰਮਿਆਨ ਮਿਤੀ 9 ਅਪ੍ਰੈੱਲ, 2014 ਤੱਕ ਦਾਖ਼ਲ ਕਰਵਾਏ ਜਾ ਸਕਦੇ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮਿਤੀ 10 ਅਪ੍ਰੈੱਲ, 2014 ਨੂੰ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿਖੇ ਕੀਤੀ ਜਾਵੇਗੀ। ਚੋਣ ਉਮੀਦਵਾਰੀ ਵਾਪਸ ਲੈਣ ਦੀ ਸੂਚਨਾ ਮਿਤੀ 12 ਅਪ੍ਰੈੱਲ ਨੂੰ ਬਾਅਦ ਦੁਪਹਿਰ 3 ਵਜੇ ਪਹਿਲਾਂ ਉਮੀਦਵਾਰ ਦੁਆਰਾ ਜਾਂ ਉਸਦੇ ਕਿਸੇ ਤਜਵੀਜ਼ਕਾਰ ਜਾਂ ਉਸਦੇ ਚੋਣ ਏਜੰਟ ਦੁਆਰਾ ਜਿਸਨੂੰ ਉਮੀਦਵਾਰ ਨੇ ਅਧਿਕਾਰਤ ਕੀਤਾ ਹੋਵੇ, ਵੱਲੋਂ ਉਪਰੋਕਤ ਅਧਿਕਾਰੀਆਂ ਨੂੰ ਦਿੱਤੀ ਜਾ ਸਕੇਗੀ। ਜ਼ਿਲੇ ਵਿੱਚ ਵੋਟਾਂ 30 ਅਪ੍ਰੈੱਲ, 2014 ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪਾਈਆਂ ਜਾਣਗੀਆਂ। 

No comments: