Wednesday, April 30, 2014

ਨਵੰਬਰ 1984 ਕਤਲੇਆਮ:ਗੁਰਦਿੱਤ ਸਿੰਘ ਦੀ ਅਗਲੀ ਸੁਣਵਾਈ 22 ਮਈ ਨੂੰ

Tue, Apr 29, 2014 at 4:15 PM
ਗੁਰਦਿੱਤ ਸਿੰਘ ਨੇ ਪਿਤਾ, ਮਾਤਾ ਅਤੇ ਭਰਾ ਗੁਆਉਣ ਤੋਂ ਬਾਅਦ ਵੀ ਹੌਸਲਾ ਨਹੀਂ ਸੀ ਹਾਰਿਆ
ਹਿਸਾਰ: 29 ਅਪਰੈਲ 2014: (ਪੰਜਾਬ ਸਕਰੀਨ ਬਿਊਰੋ):
ਨਵੰਬਰ 1984 ਵੇਲੇ ਹਰਿਆਣੇ ਵਿੱਚ ਹੋਏ ਸਿੱਖ ਕਤਲੇਆਮ ਦੇ ਸਬੰਧੀ ਅੱਜ ਗੁੜਗਾਉਂ ਨਾਲ਼ ਸਬੰਧਿਤ ਕੇਸਾਂ ਦੀ ਗਰਗ ਕਮਿਸਨ ਦੇ ਸਨਮੁੱਖ ਸੁਣਵਾਈ ਸੀ। ਅੱਜ ਦੀ ਸੁਣਵਾਈ ਦੀ ਜਾਣਕਾਰੀ ਦਿੰਦਿਆ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਦਰਸਨ ਸਿੰਘ ਘੋਲੀਆਂ, ਲਖਵੀਰ ਸਿੰਘ ਰੰਡਿਆਲ਼ਾ ਅਤੇ ਐਡਵੋਕੇਟ ਸੁਭਾਸ਼ ਮਿੱਤਲ ਨੇ ਦੱਸਿਆ ਹੁਣ ਤੱਕ 150 ਕੇਸਾਂ ਵਿੱਚੋਂ 120 ਕੇਸਾਂ ਦੀ ਸੁਣਵਾਈ ਹੋ ਚੁੱਕੀ ਹੈ, ਰਹਿੰਦੇ ਤੀਹ ਕੇਸਾਂ ਦੀ ਸੁਣਵਾਈ ਅਗਲੀਆਂ ਦੋ ਤਰੀਕਾਂ ਵਿੱਚ ਹੋ ਜਾਵੇਗੀ। ਅੱਜ ਦੀ ਸੁਣਵਾਈ ਵਿੱਚ ਆਪਣੇ ਪਿਤਾ ਸ.ਸੰਤ ਸਿੰਘ, ਮਾਤਾ ਜਸਵੰਤ ਕੌਰ ਅਤੇ ਸਕੇ ਭਰਾ ਜੋਗਿੰਦਰ ਸਿੰਘ ਨੂੰ ਗੁਆ ਚੁੱਕੇ ਗੁਰਦਿੱਤ ਸਿੰਘ ਭਰੇ ਮਨ ਨਾਲ਼ ਜਸਟਿਸ ਟੀ.ਪੀ. ਗਰਗ ਦੀ ਅਦਾਲਤ ਵਿੱਚ ਪੇਸ਼ ਹੋਏ। ਉਹਨਾਂ ਜੱਜ ਸਾਹਿਬ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ 1984 ਨੂੰ ਗੁੜਗਾਉਂ ਨਜਦੀਕ ਬਾਦਸ਼ਾਹਪੁਰ ਵਿੱਚ ਪਰਿਵਾਰ ਸਮੇਤ ਰਹਿੰਦਾ ਸੀ। ਦੋ ਨਵੰਬਰ 1984 ਨੇ ਉਸ ਦਾ ਸਾਰਾ ਕੁੱਝ ਲੁੱਟ ਲਿਆ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਉਸ ਤੋਂ ਖੋਹ ਲਿਆ। ਉਹ ਜਿੰਦਗੀ ਨਾਲ਼ ਅੱਜ ਵੀ ਜੂਝ ਰਿਹਾ ਹੈ ਅਤੇ ਕਿਸੇ ਨੇ ਵੀ ਉਸ ਦੀ ਬਾਹ ਨਹੀਂ ਫੜੀ। ਸਾਡੇ ਨਾਲ਼ ਇਸ ਤਰਾਂ ਦਾ ਵਿਵਹਾਰ ਕੀਤਾ ਗਿਆ ਜਿਵੇ ਅਸੀਂ ਇਸ ਦੇਸ਼ ਦੇ ਨਾਗਰਿਕ ਨਾ ਹੋਈਏ।
ਉਹਨਾਂ ਤੋਂ ਬਾਅਦ ਆਪਣੇ ਪਤੀ ਹਰਮਿੰਦਰ ਸਿੰਘ ਨੂੰ ਗੁਆ ਚੁੱਕੀ ਬਜੁਰਗ ਔਰਤ ਸੁਦੇਸ਼ ਕੌਰ ਹਾਜਿਰ ਹੋਈ। ਉਸ ਦੀ ਕਹਾਣੀ ਵੀ ਗੁਰਦਿੱਤ ਸਿੰਘ ਤੋਂ ਵੱਖ ਨਹੀਂ ਸੀ। ਉਹ ਕੋਰਟ ਰੂਮ ਵਿੱਚ ਅੱਜ ਵੀ ਸਹਿਮੀ ਸਹਿਮੀ ਲੱਗ ਰਹੀ ਸੀ। ਇਹਨਾਂ ਤੋਂ ਇਲਾਵਾ ਆਪਣੇ ਘਰਾਂ, ਦੁਕਾਨਾਂ, ਫੈਕਟਰੀਆਂ ਨੂੰ ਅੱਗ ਦੀ ਭੇਂਟ ਚੜਾ ਚੁੱਕੇ ਪੀੜਤ ਕੰਵਰਮਨਜੀਤ ਸਿੰਘ,ਮਨਜੀਤ ਸਿੰਘ, ਸੁਰਜੀਤ ਕੌਰ, ਨਿਸ਼ਾਨ ਸਿੰਘ, ਜਤਿੰਦਰਪਾਲ ਸਿੰਘ, ਭਗਵੰਤ ਸਿੰਘ, ਬਲਵੰਤ ਕੌਰ, ਈਸ਼ਰ ਸਿੰਘ, ਇੰਦਰਜੀਤ ਸਿੰਘ ਅਤੇ ਅਮਰਜੀਤ ਸਿੰਘ ਕ੍ਰਮਵਾਰ ਜਸਟਿਸ ਟੀ.ਪੀ. ਗਰਗ ਸਾਹਮਣੇ ਪੇਸ਼ ਹੋਏ ਅਤੇ ਆਪਣੇ ਬਿਆਨ ਕਲਮ-ਬੱਧ ਕਰਵਾਏ। ਜੱਜ ਸਾਹਿਬ ਨੇ ਸਾਰਿਆਂ ਨੂੰ ਬੜੇ ਧਿਆਨਪੂਰਵਕ ਸੁਣਿਆ ਅਤੇ ਅਗਲੀ ਸੁਣਵਾਈ 22 ਮਈ ਤੇ ਪਾ ਦਿੱਤੀ ।

No comments: