Wednesday, March 12, 2014

PPP ਅਤੇ ਕਾਂਗਰਸ ਗਠਜੋੜ: "ਮੈਂ ਜ਼ੁਲਮ ਨਾਲ ਟੱਕਰ ਲੈਣ ਜਾ ਰਿਹਾਂ...."

ਪਤਾ ਨਹੀਂ ਜਿਊਂਦਾ ਪਰਤ ਸਕਾਂਗਾ ਜਾਂ ਨਹੀਂ-ਮਨਪ੍ਰੀਤ ਬਾਦਲ
ਚੰਡੀਗੜ੍ਹ: 11 ਮਾਰਚ 2014: (ਪੰਜਾਬ ਸਕਰੀਨ ਬਿਊਰੋ):
ਚਿਰਾਂ ਤੋਂ ਲੱਗ ਰਹੀਆਂ ਕਿਆਸਰਾਈਆਂ ਸਚ੍ਚ ਸਾਬਿਤ ਹੋਈਆਂ। ਪੀਪੀਪੀ ਅਤੇ ਕਾਂਗਰਸ ਦਰਮਿਆਨ ਗਠਜੋੜ ਹੋ ਹੀ ਗਿਆ। ਇਸ ਬਾਰੇ ਟਿੱਪਣੀ ਕਰਦਿਆਂ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਨਾਲ ਉਨ੍ਹਾਂ ਦੀ ਪਾਰਟੀ ਦਾ ਗਠਜੋੜ ਪੰਜਾਬ ਨੂੰ ਬਾਦਲ ਸਰਕਾਰ ਦੇ ਜ਼ੁਲਮਾਂ ਅਤੇ ਮਾਫੀਆ ਰਾਜ ਤੋਂ ਮੁਕਤ ਕਰਵਾਉਣ ਲਈ ਬਹੁਤ ਹੀ ਜ਼ਰੂਰੀ ਹੋ ਗਿਆ ਸੀ। ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਉਹਨਾਂ ਕਿਹਾ ਕਿ ਉਨ੍ਹਾਂ ਮੀਰ ਨਿਆਜ਼ੀ ਦੀ ਸ਼ਾਇਰੀ ਰਾਹੀਂ ਇਹ ਜਤਾਉਣ ਦੀ ਕਾਮਯਾਬ ਕੋਸ਼ਿਸ਼ ਵੀ ਕੀਤੀ ਕਿ ਕਾਂਗਰਸ ਨਾਲ ਪੀ.ਪੀ.ਪੀ. ਦਾ ਗਠਜੋੜ ਅਸਲ ਵਿੱਚ ਬਹੁਤ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ। ਕਾਬਿਲੇ ਜ਼ਿਕਰ ਹੈ ਕਿ ਇਸ ਗਠਜੋੜ ਦੀ ਚਰਚਾ ਵਿਧਾਨ ਸਭਾ ਚੋਣਾਂ ਦੌਰਾਨ ਵੀ ਚੱਲੀ ਸੀ ਪਰ ਸਿਰੇ ਨਹੀਂ ਸੀ ਚੜ੍ਹੀ। 
ਹੁਣ ਇਸ ਇਤਿਹਾਸਿਕ ਗਠਜੋੜ ਦੇ ਐਲਾਨ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਸਾਂਝੇ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਮਨਪ੍ਰੀਤ ਬਾਦਲ ਨੇ ਬਹੁਤ ਸਾਰੇ ਹੋਰ ਮੁੱਦਿਆਂ ਬਾਰੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀ ਬਾਦਲ ਸਰਕਾਰ ਨੇ ਸੂਬੇ ਦਾ ਨੱਕ ਮਿੱਟੀ ਵਿਚ ਮਿਲਾ ਕੇ ਰੱਖ ਦਿੱਤਾ ਹੈ। ਉਹਨਾਂ ਇਸ ਗੱਲ ਤੇ ਜੋਰ ਦਿੱਤਾ ਕਿ ਇਸ ਸੂਬੇ ਨੂੰ ਖੁਸ਼ਹਾਲੀ ਦੇ ਰਸਤੇ 'ਤੇ ਮੁੜ ਤੋਰਨ ਲਈ ਸਾਰੀਆਂ ਗੈਰ-ਫਿਰਕੂ ਸ਼ਕਤੀਆਂ ਦਾ ਇਕ ਹੋਣਾ ਅੱਜ ਦੇ ਸਮੇਂ ਦੀ ਲੋੜ ਹੈ। ਇਹੀ ਕਾਰਨ ਹੈ ਕਿ ਸੂਬੇ ਵਿਚ ਸੀ.ਪੀ.ਆਈ.  ਨਾਲ ਚੋਣ ਗਠਜੋੜ ਨੂੰ ਅੰਤਿਮ ਰੂਪ ਦੇਣ ਲਈ ਉਸ ਪਾਰਟੀ ਦੀ ਸੈਂਟਰਲ ਲੀਡਰਸ਼ਿਪ ਦੇ ਫੈਸਲੇ ਦਾ ਅਜੇ 2 ਦਿਨ ਹੋਰ ਇੰਤਜ਼ਾਰ ਕੀਤਾ ਜਾਵੇਗਾ। ਉਹਨਾਂ ਉਮੀਦ ਪ੍ਰਗਟ ਕੀਤੀ ਕਿ ਸਾਰੇ ਸੈਕੁਲਰ ਸੋਚ ਵਾਲੇ ਲੋਕ ਇੱਕ ਜੁੱਟ ਹੋ ਜਾਣਗੇ। 
ਇਸ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਮੀਡੀਆ ਦੇ ਸਾਰੇ ਸੁਆਲਾਂ ਦੇ ਜੁਆਬ ਦਿੱਤੇ। ਆਮ ਆਦਮੀ ਪਾਰਟੀ (ਆਪ) ਨਾਲ ਚੋਣ ਗਠਜੋੜ ਸਿਰੇ ਨਾ ਚੜ੍ਹਨ ਦੇ ਕਾਰਨਾਂ ਬਾਰੇ ਮਨਪ੍ਰੀਤ ਨੇ ਕਿਹਾ ਕਿ 'ਆਪ' ਦੇ ਨੇਤਾ ਯੋਗੇਂਦਰ ਯਾਦਵ ਤੇ ਸੰਜੇ ਸਿੰਘ ਨੇ ਪਾਰਟੀ ਦੇ 'ਆਪ' ਵਿਚ ਮਰਜ ਹੋਣ ਦੀ ਸ਼ਰਤ ਰੱਖਦਿਆਂ ਉਨ੍ਹਾਂ ਨੂੰ ਪੰਜਾਬ ਦੀ ਕਮਾਨ ਸੌਂਪਣ ਦੀ ਪੇਸ਼ਕਸ਼ ਕੀਤੀ ਸੀ ਕਿਉਂਕਿ ਉਨ੍ਹਾਂ ਦੀ ਪਾਰਟੀ ਦੇ ਸੰਵਿਧਾਨ ਵਿਚ ਚੋਣ ਤੋਂ ਪਹਿਲਾਂ ਗਠਜੋੜ ਦੀ ਕੋਈ ਵਿਵਸਥਾ ਨਹੀਂ ਹੈ। ਮਨਪ੍ਰੀਤ ਨੇ ਕਿਹਾ ਕਿ ਪੀ.ਪੀ.ਪੀ. ਦੀ ਸੈਂਟਰਲ ਕਮੇਟੀ ਨੂੰ ਇਹ ਪ੍ਰਸਤਾਵ ਮਨਜ਼ੂਰ ਨਹੀਂ ਸੀ, ਜਿਸ ਕਾਰਨ ਇਹ ਗਠਜੋੜ ਸਿਰੇ ਨਹੀਂ ਚੜ੍ਹ ਸਕਿਆ। ਹਾਲਾਂਕਿ ਮਨਪ੍ਰੀਤ ਬਾਦਲ ਨੇ ਇਸ ਮੌਕੇ ਤੇ 'ਆਪ' ਅਤੇ  ਪੀ.ਪੀ.ਪੀ. ਦੀਆਂ ਨੀਤੀਆਂ ਅਤੇ ਉਦੇਸ਼ ਵਿਚ ਸਮਾਨਤਾ ਦੀ ਗੱਲ ਤਾਂ ਇੱਕ ਵਾਰ ਫੇਰ ਕਹੀ ਪਰ ਨਾਲ ਹੀ ਕਿਹਾ ਕਿ ਸੂਬੇ ਵਿਚ ਨਸ਼ਾਖੋਰੀ, ਲੰਗੜੀ ਹੋ ਚੁੱਕੀ ਸਿੱਖਿਆ ਪ੍ਰਣਾਲੀ ਅਤੇ ਵਿੱਤੀ ਸਥਿਤੀ ਵਿਚ ਸੁਧਾਰ ਲਈ 'ਆਪ' ਨੇ ਅਜੇ ਤਕ ਕੋਈ ਰੋਡ-ਮੈਪ ਤਿਆਰ ਨਹੀਂ ਕੀਤਾ ਹੈ। ਇਸ ਮੁੱਦੇ ਤੇ ਅਜੇ ਕਾਫੀ ਕੁਝ ਕੀਤਾ ਜਾਣਾ ਜਰੂਰੀ ਹੈ। 
ਕਾਬਿਲੇ ਜ਼ਿਕਰ ਹੈ ਕਿ ਪੀ.ਪੀ.ਪੀ. ਕੱਲ ਤਕ ਜਿਸ ਕਾਂਗਰਸ ਪਾਰਟੀ ਦਾ ਵਿਰੋਧ ਕਰ ਰਹੀ ਸੀ, ਉਸੇ ਨਾਲ ਗਠਜੋੜ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਮਨਪ੍ਰੀਤ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਇਸ ਦੇਸ਼ ਨੂੰ ਮਹਾਤਮਾ ਗਾਂਧੀ ਜਿਹੇ ਮਹਾਨ ਨੇਤਾ ਦਿੱਤੇ ਹਨ। ਹਰੀ ਕ੍ਰਾਂਤੀ, ਭਾਖੜਾ ਬੰਨ੍ਹ ਅਤੇ ਚੰਡੀਗੜ੍ਹ ਜਿਹੇ ਸੁੰਦਰ ਸ਼ਹਿਰ ਦੀ ਸਥਾਪਨਾ ਵੀ ਕਾਂਗਰਸ ਦੀ ਹੀ ਦੇਣ ਹੈ। ਉਹਨਾਂ ਸਪਸ਼ਟ ਕੀਤਾ ਕਿ ਕਾਂਗਰਸ ਦੀ ਦੇਣ ਨੂੰ ਨਕਾਰਿਆ ਨਹੀਂ ਜਾ ਸਕਦਾ। 
ਆਪਣੇ ਅਤੇ ਪੀ.ਪੀ.ਪੀ. ਦੇ ਅਸੂਲਾਂ ਨਾਲ ਸਮਝੌਤਾ ਨਾ ਕਰਨ ਦਾ ਦਾਅਵਾ ਕਰਦਿਆਂ ਮਨਪ੍ਰੀਤ ਨੇ ਐਲਾਨ ਕੀਤਾ ਕਿ ਚੋਣਾਂ ਤੋਂ ਬਾਅਦ ਪਾਰਟੀ ਯੂ.ਪੀ.ਏ. ਗਠਜੋੜ ਦਾ ਹਿੱਸਾ ਹੋਵੇਗੀ। ਬਠਿੰਡਾ ਤੋਂ ਉਮੀਦਵਾਰੀ 'ਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ ਜ਼ੁਲਮ-ਸਿਤਮ ਕਰਨ 'ਤੇ ਉਤਾਰੂ ਬਾਦਲ ਨਾਲ ਟੱਕਰ ਲੈਣ ਜਾ ਰਹੇ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਟੱਕਰ ਵਿਚ ਉਹ ਜਿਊਂਦੇ ਵਾਪਸ ਆਉਣਗੇ ਜਾਂ ਨਹੀਂ ਪਰ ਸੂਬੇ ਦੀ ਖੁਸ਼ਹਾਲੀ ਲਈ ਇਹ ਜ਼ਰੂਰੀ ਹੈ। ਕਾਂਗਰਸ ਦੀ ਗੁੱਟਬਾਜ਼ੀ ਕਾਰਨ ਚੋਣਾਂ 'ਤੇ ਪੈਣ ਵਾਲੇ ਅਸਰ ਦੇ ਸਬੰਧ ਵਿਚ ਮਨਪ੍ਰੀਤ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾ ਸਿਰਫ਼ ਉਨ੍ਹਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਹੈ, ਸਗੋਂ ਇਹ ਵੀ ਭਰੋਸਾ ਦਿਵਾਇਆ ਹੈ ਕਿ ਚੋਣ ਪ੍ਰਚਾਰ ਲਈ ਜਿੰਨੇ ਦਿਨ ਵੀ ਉਨ੍ਹਾਂ ਨੂੰ ਉਨ੍ਹਾਂ ਦੀ ਲੋੜ ਪਵੇਗੀ, ਉਹ ਬਠਿੰਡਾ ਚੋਣ ਖੇਤਰ ਵਿਚ ਪ੍ਰਚਾਰ ਕਰਨਗੇ।

No comments: