Thursday, March 06, 2014

GADVASU ਨੇ ਰਾਸ਼ਟਰੀ ਯੁਵਕ ਮੇਲੇ ਵਿੱਚ ਵਿਖਾਈ ਜੇਤੂ ਕਾਰਗੁਜ਼ਾਰੀ

ਮੁਕਾਬਲਿਆਂ ਵਿੱਚ 60 ਤੋਂ ਵਧੇਰੇ ਯੂਨੀਵਰਸਿਟੀਆਂ ਪਹੁੰਚੀਆਂ ਸਨ
ਲੁਧਿਆਣਾ: 06 ਮਾਰਚ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਦਿਆਰਥੀਆਂ ਨੇ ਪਿਛਲੇ ਦਿਨੀਂ ਯੂਨੀਵਰਸਿਟੀ ਆਫ ਐਗਰੀਕਲਚਰਲ ਸਾਇੰਸਜ਼, ਬੰਗਲੌਰ ਵਿਖੇ ਖੇਤੀਬਾੜੀ ਨਾਲ ਸਬੰਧਤ ਸਾਰੇ ਭਾਰਤ ਦੀਆਂ ਯੂਨੀਵਰਸਿਟੀਆਂ ਦੇ ਯੁਵਕ ਮੇਲੇ ਵਿੱਚ ਹਿੱਸਾ ਲਿਆ।ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਦੇ ਭਲਾਈ ਅਫਸਰ ਡਾ. ਦਰਸ਼ਨ ਸਿੰਘ ਔਲਖ (ਬੜੀ) ਨੇ ਦੱਸਿਆ ਕਿ ਸਾਡੇ ਵਿਦਿਆਰਥੀਆਂ ਨੇ ਸੰਗੀਤ, ਨਾਟਕੀ ਕਲਾਵਾਂ, ਕੋਮਲ ਕਲਾਵਾਂ, ਸਾਹਿਤਕ ਗਤੀਵਿਧੀਆਂ ਤੇ ਲੋਕ ਨਾਚਾਂ ਦੇ ਭਿੰਨ-ਭਿੰਨ ਵਰਗਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ।ਰਾਸ਼ਟਰੀ ਪੱਧਰ ਦੇ ਇਨ੍ਹਾਂ ਮੁਕਾਬਲਿਆਂ ਵਿੱਚ 60 ਤੋਂ ਵਧੇਰੇ ਯੂਨੀਵਰਸਿਟੀਆਂ ਪਹੁੰਚੀਆਂ ਸਨ।ਵਿਦਿਆਰਥੀਆਂ ਨੇ ਆਪਣੀ ਕਲਾ ਦਾ ਮੁਜ਼ਾਹਰਾ ਕਰਦੇ ਹੋਏ ਨਾਟਕ ਵਿੱਚੋਂ ਪਹਿਲਾ ਸਥਾਨ, ਮਾਇਮ ਵਿੱਚੋਂ ਦੂਜਾ ਸਥਾਨ, ਕਾਰਟੂਨ ਬਨਾਉਣ ਵਿੱਚ ਤੀਸਰਾ ਸਥਾਨ ਅਤੇ ਰੰਗੋਲੀ ਵਿੱਚੋਂ ਸਾਰੀਆਂ ਯੂਨੀਵਰਸਿਟੀਆਂ ਵਿੱਚੋਂ ਚੌਥਾ ਸਥਾਨ ਪ੍ਰਾਪਤ ਕੀਤਾ।ਨਾਟਕੀ ਕਲਾਵਾਂ ਦੀ ਕਾਰਗੁਜ਼ਾਰੀ ਕਾਰਨ ਥਿਏਟਰ ਦੀ ਟਰਾਫੀ ਯੂਨੀਵਰਸਿਟੀ ਨੂੰ ਮਿਲੀ।ਡ. ਬੜੀ ਨੇ ਕਿਹਾ ਕਿ ਇਹ ਵਰਨਣਯੋਗ ਹੈ ਕਿ 2006 ਵਿੱਚ ਸਥਾਪਿਤ ਹੋਈ ਇਸ ਯੂਨੀਵਰਸਿਟੀ ਨੇ ਕਲਾ ਦੇ ਖੇਤਰ ਵਿੱਚ ਲੰਮੀਆਂ ਪੁਲਾਂਘਾ ਪੁੱਟੀਆਂ ਹਨ।ਸਕੂਲ ਆਫ ਐਨੀਮਲ ਬਾਇਓਤਕਨਾਲੋਜੀ ਦੇ ਵਿਦਿਆਰਥੀਆਂ ਵਿੱਚੋਂ ਹਰਪ੍ਰੀਤ ਕੌਰ ਗਰਚਾ, ਜਸਪਾਲ ਕੌਰ, ਨਵਨੀਤ ਕੌਰ, ਰੁਪਿੰਦਰ ਕੌਰ ਅਤੇ ਗੀਤਿਕਾ ਵਰਮਾ ਅਤੇ ਵੈਟਨਰੀ ਸਾਇੰਸ ਕਾਲਜ ਵੱਲੋਂ ਅਮਨਦੀਪ ਸਿੰਘ ਬਰਾੜ, ਤੇਜਪਾਲ ਸਿੰਘ, ਅੰਮ੍ਰਿਤਪਾਲ ਸਿੰਘ ਤੇ ਪ੍ਰਿਯੰਕਾ ਕੁਮਾਰੀ, ਕਾਲਜ ਆਫ ਫ਼ਿਸ਼ਰੀਜ਼ ਵੱਲੋਂ ਮਨਪ੍ਰੀਤ ਕੌਰ ਅਤੇ ਹਰਸਿਮਰਨਜੀਤ ਕੌਰ, ਖਾਲਸਾ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸਜ਼, ਅੰਮ੍ਰਿਤਸਰ ਵੱਲੋਂ ਕਿਰਪਾਲ ਸਿੰਘ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਯੂਨੀਵਰਸਿਟੀ ਨੂੰ ਨਾਮਣਾ ਦਵਾਇਆ।ਡਾ. ਸਤਿੰਦਰ ਪਾਲ ਸਿੰਘ ਸੰਘਾ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਵਿਦਿਆਰਥੀਆਂ ਦੀਆਂ ਜਿੱਤਾਂ ਵਾਸਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਸ਼ਲਾਘਾ ਕੀਤੀ। 

No comments: