Wednesday, March 12, 2014

ਮਨਪ੍ਰੀਤ ਸਿੰਘ ਬਾਦਲ ਦੇ ਐਲਾਨ ਵਿੱਚ ਕੁੱਝ ਨਵਾਂ ਨਹੀਂ--ਭਰੋਵਾਲ

Wed, Mar 12, 2014 at 2:24 PM
"30 ਅਪ੍ਰੈਲ ਨੂੰ ਜਨਤਾ ਕਾਂਗਰਸ ਤੇ ਪੀ.ਪੀ.ਪੀ. ਦਾ ਭੋਗ ਪਾ ਦੇਵੇਗੀ" 
ਲੁਧਿਆਣਾ:12 ਮਾਰਚ 2014: (ਪੰਜਾਬ ਸਕਰੀਨ ਬਿਊਰੋ): 
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਪੀ.ਪੀ.ਪੀ. ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੇ ਕਾਂਗਰਸ ਨਾਲ ਸਮਝੌਤਾ ਕਰ ਬਠਿੰਡਾ ਲੋਕਸਭਾ ਤੋਂ ਚੋਣ ਲੜਨ ਦੇ ਐਲਾਨ ਵਿੱਚ ਕੁੱਝ ਨਵਾਂ ਨਹੀਂ ਹੈ ਉਹ ਤਾਂ ਪਹਿਲਾਂ ਹੀ ਕਾਂਗਰਸ ਦੇ ਹੱਥਾਂ ਵਿੱਚ ਖੇਡਦੇ ਰਹੇ ਹਨ ਅਤੇ ਅਕਾਲੀ ਦਲ ਵਿਚ ਰਹਿੰਦਿਆਂ ਉਸਨੂੰ ਕਮਜ਼ੋਰ ਕਰਦੇ ਰਹੇ ਸਨ।
           ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਜੱਥੇਦਾਰ ਪ੍ਰੀਤਮ ਸਿੰਘ ਭਰੋਵਾਲ ਨੇ ਅੱਜ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਸਾਰਾ ਜੀਵਨ ਕਾਂਗਰਸ ਦੀਆਂ ਲੋਕਵਿਰੋਧੀ ਨੀਤੀਆਂ ਦਾ ਵਿਰੋਧ ਕਰਕੇ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਲਈ ਅਵਾਜ ਬੁਲੰਦ ਕੀਤੀ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਹੀ ਪੰਥ ਤੇ ਪੰਜਾਬ ਦੀ ਖਾਤਰ ਜਦੋ ਜਹਿਦ ਕਰਦਾ ਆਇਆ ਹੈ। ਉਸੇ ਅਕਾਲੀ ਦਲ ਵਿੱਚ ਰਹਿੰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਉਸਨੂੰ ਕਮਜ਼ੋਰ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਿਆ। ਅਕਾਲੀ ਦਲ ਨੇ ਉਸਨੂੰ ਵੱਡਾ ਸਤਿਕਾਰ ਦਿੱਤਾ ਲੇਕਿਨ ਉਸਨੇ ਉਸੇ ਦੀ ਪਿੱਠ 'ਚ ਛੂਰਾ ਮਾਰਦਿਆਂ ਪੰਥ ਤੇ ਪੰਜਾਬ ਵਿਰੋਧੀ ਕਾਂਗਰਸ ਨਾਲ ਗੱਲਵੱਕੜੀ ਪਾਈ ਹੋਈ ਸੀ ਜੋ ਕਿ ਹੁਣ ਹੋਏ ਚੋਣ ਸਮਝੌਤੇ ਤੋਂ ਸਪੱਸ਼ਟ ਹੋ ਗਈ ਹੈ।
           ਸੀਨੀਅਰ ਅਕਾਲੀ ਆਗੂ ਪ੍ਰੀਤਮ ਸਿੰਘ ਭਰੋਵਾਲ ਨੇ ਕਿਹਾ ਕਿ ਮਨਪ੍ਰੀਤ ਇੱਕ ਸਵਾਰਥੀ ਕਿਸਮ ਦਾ ਵਿਅਕਤੀ ਹੈ ਅਤੇ ਨਿੱਜੀ ਸਵਾਰਥ ਖਾਤਰ ਹੀ ਉਸਨੇ ਕਾਂਗਰਸ ਨਾਲ ਸਾਂਝ ਬਣਾਈ ਹੈ। ਉਨ੍ਹਾਂ ਕਿਹਾ ਕਿ ਉਸਨੂੰ ਕਾਂਗਰਸ ਨਾਲ ਰਾਜਸੀ ਸਵਾਰਥ ਖਾਤਰ ਸਮਝੌਤਾ ਨਹੀਂ ਬਲਕਿ ਉਸ ਵਿੱਚ ਸ਼ਾਮਲ ਹੀ ਹੋ ਜਾਣਾ ਚਾਹੀਦਾ ਹੈ। ਭਰੋਵਾਲ ਨੇ ਕਿਹਾ ਮਨਪ੍ਰੀਤ ਦਾ ਤਾਂ ਵਿਚਾਰੇ ਦਾ ਜੋਰ ਨਹੀਂ ਚੱਲਿਆ ਉਹ ਤਾਂ ਕਾਂਗਰਸ 'ਚ ਸ਼ਾਮਲ ਹੋ ਜਾਂਦਾ ਪਰ ਕਾਂਗਰਸ ਹਾਈਕਮਾਨ ਨੇ ਉਸਦੇ ਸੁਪਨਿਆਂ ਨੂੰ ਤੋੜ ਦਿੱਤਾ ਹੈ ਅਤੇ ਪੰਜਾਬ ਦੇ ਕਾਂਗਰਸੀਆਂ ਵੱਲੋਂ ਹਾਈਕਮਾਨ ਕੋਲ ਇਸਦਾ ਤਿੱਖਾ ਵਿਰੋਧ ਕੀਤੇ ਜਾਣ ਦੇ ਚਲਦਿਆਂ ਉਸਨੂੰ ਕਾਮਯਾਬੀ ਹਾਂਸਲ ਨਹੀਂ ਹੋਈ।
           ਉਨ੍ਹਾਂ ਕਿਹਾ ਪੰਜਾਬ ਦੀ ਜਨਤਾ ਕਾਂਗਰਸ ਤੇ ਪੀ.ਪੀ.ਪੀ. ਦੇ ਗਠਜੋੜ ਪੂਰੀ ਤਰ੍ਹਾਂ ਨਾਲ ਆਉਂਦੀਆਂ ਲੋਕਸਭਾ ਚੋਣਾਂ ਵਿੱਚ ਨਕਾਰ ਦੇਵੇਗੀ। ਕਾਂਗਰਸ ਪੰਜਾਬ 'ਚ ਬੁਰੀ ਤਰ੍ਹਾਂ ਨਾਲ ਅਕਾਲੀ ਦਲ ਮੁਕਾਬਲੇ ਪੱਛੜ ਚੁੱਕੀ ਹੈ ਤੇ ਪੀ.ਪੀ.ਪੀ. ਵਨਮੈਨ ਸ਼ੋਅ ਹੈ। ਬਠਿੰਡਾ ਲੋਕਸਭਾ ਸੀਟ ਤੋਂ ਅਕਾਲੀ ਭਾਜਪਾ ਗਠਜੋੜ ਦੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਕਾਂਗਰਸ ਪਾਰਟੀ ਕੋਲ ਕੋਈ ਉਮੀਦਵਾਰ ਚੋਣ ਲੜਨ ਲਈ ਨਹੀਂ ਸੀ ਇਸੇ ਲਈ ਉਨ੍ਹਾਂ ਨੇ ਮਨਪ੍ਰੀਤ ਨੂੰ ਅਗਾਂਹ ਕੀਤਾ ਹੈ ਜਿਸਦੀ ਹਲਕੇ ਦੀ ਜਨਤਾ ਜਮਾਨਤ ਜਬਤ ਕਰਵਾਉਣ ਲਈ ਤਿਆਰ ਬੈਠੀ ਹੈ। ਭਰੋਵਾਲ ਨੇ ਕਿਹਾ ਆਉਂਦੀ 30 ਅਪ੍ਰੈਲ ਨੂੰ ਪੰਜਾਬ ਦੀ ਜਨਤਾ ਆਪਣੀ ਵੋਟ ਦੀ ਸ਼ਕਤੀ ਨਾਲ ਕਾਂਗਰਸ ਤੇ ਪੀ.ਪੀ.ਪੀ. ਦਾ ਭੋਗ ਪਾ ਦੇਵੇਗੀ।
           ਇਸ ਮੌਕੇ ਤੇ ਉਨ੍ਹਾਂ ਨਾਲ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਵਿੰਦਰਪਾਲ ਸਿੰਘ ਗਰਚਾ, ਅਕਾਲੀ ਦਲ ਬੀ.ਸੀ. ਵਿੰਗ ਦੇ ਪ੍ਰਚਾਰ ਸਕੱਤਰ ਗੁਰਦੀਪ ਸਿੰਘ ਲੀਲ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਨਰਲ ਸਕੱਤਰ ਸੰਦੀਪ ਸਿੰਘ ਖੋਸਾ, ਜਗਤਾਰ ਸਿੰਘ Âੈਤੀਆਣਾ, ਡਾ. ਸੁਰਿੰਦਰ ਸਿੰਘ ਬਾੜੇਵਾਲ, ਮਹਿੰਦਰ ਸਿੰਘ ਸੰਧੂ, ਰਣਜੀਤ ਸਿੰਘ ਬਿਲਡਰ, ਜੋਰਾ ਸਿੰਘ ਪ੍ਰਧਾਨ, ਅਮੋਲਦੀਪ ਸਿੰਘ ਹੰਬੜਾਂ, ਜੱਥੇਦਾਰ ਕੁਲਦੀਪ ਸਿੰਘ ਖਾਲਸਾ, ਨੌਜਵਾਨ ਆਗੂ ਮਾਸਟਰ ਬਲਰਾਜ, ਸਾਬਕਾ ਵਾਰਡ ਪ੍ਰਧਾਨ ਕਿਸ਼ੋਰ ਕੁਮਾਰ ਸਹਿਦੇਵ, ਮਾਸਟਰ ਪ੍ਰਿਤਪਾਲ ਸਿੰਘ ਬੁੱਟਰ ਤੇ ਹਰਜੀਤ ਸਿੰੰਘ ਸੰਧੂ ਆਦਿ ਨੇਤਾ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਜੱਥੇਦਾਰ ਪ੍ਰੀਤਮ ਸਿੰਘ ਭਰੋਵਾਲ ਪ੍ਰੈਸ ਕਾਂਨਫਰੰਸ ਦੌਰਾਨ ਗੱਲਬਾਤ ਕਰਦੇ ਹੋਏ ਨਾਲ ਹਨ ਸੁਖਵਿੰਦਰਪਾਲ ਸਿੰਘ ਗਰਚਾ, ਮਾਸਟਰ ਪ੍ਰਿਤਪਾਲ ਸਿੰਘ ਬੁੱਟਰ ਆਦਿ।    

ਸਬੰਧਤ ਲਿੰਕ:

 PPP ਅਤੇ ਕਾਂਗਰਸ ਗਠਜੋੜ: "ਮੈਂ ਜ਼ੁਲਮ ਨਾਲ ਟੱਕਰ ਲੈਣ ਜਾ ਰਿਹਾਂ...."

         :

No comments: