Sunday, March 30, 2014

ਅਜੋਕੇ ਲੀਡਰਾਂ ਨੇ ਸਰਕਾਰੀ ਢਾਂਚਾ ਤਬਾਹ ਕਰਕੇ ਲੋਕਾਂ ਨੂੰ ਗ਼ੁਲਾਮ ਬਣਾਇਆ--ਫੂਲਕਾ

'ਆਪ' ਉਮੀਦਵਾਰ ਐਡਵੋਕੇਟ ਫੂਲਕਾ ਵਲੋਂ ਸ਼ੇਰਪੁਰ ਵਿੱਚ ਵਿਸ਼ਾਲ ਰੈਲੀ 
ਲੁਧਿਆਣਾ, 30 ਮਾਰਚ 2014: (ਪੰਜਾਬ ਸਕਰੀਨ ਬਿਊਰੋ):  
ਸਾਡੇ ਲੀਡਰਾਂ ਨੇ ਸਾਰਾ ਸਰਕਾਰੀ ਢਾਂਚਾਂ ਤਬਾਹ ਕੀਤਾ ਹੋਇਆ ਹੈ ਅਤੇ ਲੀਡਰਾਂ ਦੀ ਸਿਫਾਰਸ਼ ਜਾਂ ਪਰਚੀ ਤੋਂ ਬਗੈਰ ਲੋਕਾਂ ਦਾ ਕਿਸੇ ਵੀ ਸਰਕਾਰੀ ਦਫਤਰ ਵਿਚ ਕੋਈ ਕੰਮ ਨਹੀਂ ਹੁੰਦਾ। ਇਸ ਤਰਾਂ ਇਹਨਾਂ ਲੀਡਰਾਂ ਵਲੋਂ ਲੋਕਾਂ ਨੂੰ ਆਪਣੇ ਪਿੱਛੇ-ਪਿੱਛੇ ਫਿਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ ਅਤੇ ਅਸੀਂ ਲੋਕਾਂ ਨੂੰ ਇਹਨਾਂ ਲੀਡਰਾਂ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਉਣਾ ਚਾਹੁੰਦੇ ਹਾਂ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਵਲੋਂ 100 ਫੁੱਟੀ ਰੋਡ ਸ਼ੇਰਪੁਰ ਵਿਖੇ ਕੀਤੀ ਗਈ ਵਿਸ਼ਾਲ ਜਨਸਭਾ ਦੌਰਾਨ ਕੀਤਾ। ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਗ਼ੁਲਾਮ ਬਣਾ ਕੇ ਰੱਖਣ ਵਾਲੇ ਇਸ ਨਿਕੰਮੇ ਢਾਂਚੇ ਵਿਚ ਈਮਾਨਦਾਰ ਅਫਸਰਾਂ ਨੂੰ ਖੂੰਜੇ ਲਾਇਆ ਜਾਂਦਾ ਹੈ ਅਤੇ ਬੇਈਮਾਨਾਂ ਨੂੰ ਉਚੇ ਆਹੁਦਿਆਂ 'ਤੇ ਬਿਠਾਇਆ ਜਾਂਦਾ ਹੈ ਤਾਂ ਕਿ ਉਹ ਖੁਦ ਵੀ ਪੈਸੇ ਕਮਾਉਣ, ਉਹਨਾਂ ਨੂੰ ਵੀ ਦੇਣ ਅਤੇ ਉਹਨਾਂ ਦੀ ਚਾਪਲੂਸੀ ਵੀ ਕਰਨ। ਉਹਨਾਂ ਕਿਹਾ ਕਿ 'ਆਪ' ਦੇਸ਼ ਵਿਚ ਸਹੀ ਢਾਂਚੇ ਨੂੰ ਮੁੜ ਬਹਾਲ ਕਰੇਗੀ। ਉਹਨਾਂ ਕਿਹਾ ਕਿ ਕਿਸੇ ਵੀ ਸਰਕਾਰ ਦੇ ਤਿੰਨ ਮੁੱਖ ਫਰਜ ਹੁੰਦੇ ਹਨਸਰਕਾਰੀ ਸਕੂਲਾਂ ਦੇ ਮਿਆਰ ਨੂੰ ਉਚਾ ਰੱਖਣਾ, ਸਰਕਾਰੀ ਹਸਪਤਾਲਾਂ ਦੇ ਮਿਆਰ ਨੂੰ ਉਚਾ ਰੱਖਣਾ ਅਤੇ ਆਮ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨੀ। ਪਰ ਇਹਨਾਂ ਤਿੰਨੇ ਫਰਜਾਂ ਤੋਂ ਸਰਕਾਰਾਂ ਮੂੰਹ ਮੋੜ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚੇ ਪੜਾਈ ਵਿਚ ਪਿਛੇ ਰਹਿੰਦੇ ਜਾ ਰਹੇ ਹਨ, ਗਰੀਬ ਆਪਣਾ ਇਲਾਜ ਨਹੀਂ ਕਰਾ ਸਕਦੇ ਅਤੇ ਪੁਲਿਸ ਲੋਕਾਂ ਨੂੰ ਛੱਡ ਕੇ ਲੀਡਰਾਂ ਦੀ ਸੁਰੱਖਿਆ ਵਿਚ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਸਿਆਸੀ ਲੀਡਰ ਗੁੰਡੇ ਇਸ ਲਈ ਪਾਲਦੇ ਹਨ, ਭ੍ਰਿਸ਼ਟਾਚਾਰ ਨਾਲ ਪੈਸੇ ਇਸ ਲਈ ਕਮਾਉਂਦੇ ਹਨ ਕਿ ਉਹ ਸੋਚਦੇ ਹਨ ਕਿ ਚੋਣਾਂ ਗੁੰਡਾਗਰਦੀ ਅਤੇ ਪੈਸੇ ਦੇ ਸਹਾਰੇ ਹੀ ਜਿੱਤੀਆਂ ਜਾ ਸਕਦੀਆਂ ਹਨ, ਜਦੋਂ ਕਿ ਉਹਨਾਂ ਨੂੰ ਇਹ ਖਿਆਲ ਨਹੀਂ ਆਉਂਦਾ ਕਿ ਚੋਣਾਂ ਕੰਮ ਕਰਕੇ ਜਾਂ ਲੋਕਾਂ ਦੀ ਸੇਵਾ ਕਰਕੇ ਵੀ ਜਿੱਤੀਆਂ ਜਾ ਸਕਦੀਆਂ ਹਨ। ਉਹਨਾਂ ਕਿਹਾ ਕਿ ਲੋਕ ਇਹਨਾਂ ਚੋਣਾਂ ਵਿਚ ਗਲਤ ਢੰਗ-ਤਰੀਕੇ ਅਪਨਾਉਣ ਵਾਲੇ ਲੀਡਰਾਂ ਨੂੰ ਸਬਕ ਸਿਖਾ ਕੇ ਇਹ ਗੱਲ ਸਿੱਧ ਕਰ ਦੇਣਗੇ। ਸ. ਫੂਲਕਾ ਨੇ ਜਨਸਭਾ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਮਜ਼ਦੂਰ ਵਰਗ ਨਾਲ ਸਬੰਧਿਤ ਕਨੂੰਨਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਾਉਣ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਸਮੂਹ 'ਆਪ' ਵਰਕਰਾਂ ਤੋਂ ਇਲਾਵਾ ਕੈਪਟਨ ਗੁਰਬਿੰਦਰ ਸਿੰਘ ਕੰਗ, ਕਰਨਲ ਜੇ. ਐਸ. ਗਿੱਲ, ਐਡਵੋਕੇਟ ਪ੍ਰਭ ਸਹਾਇ ਕੌਰ ਫੂਲਕਾ ਆਦਿ ਆਗੂ ਹਾਜ਼ਰ ਸਨ।

No comments: