Monday, March 17, 2014

ਲੁਧਿਆਣਾ: ਸੈਂਕੜੇ ਕਾਂਗਰਸੀ ਆਗੂ ਤੇ ਵਰਕਰ 'ਆਪ' 'ਚ ਸ਼ਾਮਲ

ਬਲਰਾਜ ਸਿੰਘ ਸੇਖੋਂ ਨੇ ਕੀਤੀ ਇਹਨਾਂ ਸਾਰਿਆਂ ਦੀ ਅਗਵਾਈ
ਪੰਜਾਬ 'ਚ ਅਕਾਲੀ-ਭਾਜਪਾ ਦੇ ਗੁੰਡਾ ਰਾਜ ਤੋਂ ਸਾਰੇ ਔਖੇ-ਐਡਵੋਕੇਟ ਫੂਲਕਾ
ਲੁਧਿਆਣਾ:16 ਮਾਰਚ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਲੁਧਿਆਣਾ ਲੋਕ ਸਭਾ ਹਲਕੇ ਵਿਚ ਕਾਂਗਰਸ ਨੂੰ ਉਸ ਵੇਲੇ ਤਕੜਾ ਝਟਕਾ ਲੱਗਾ ਜਦੋਂ ਲੁਧਿਆਣਾ ਪੱਛਮੀ ਅਸੈਂਬਲੀ ਹਲਕੇ ਵਿਚ ਪੁਰਾਣੇ ਕਾਂਗਰਸੀ ਆਗੂ ਬਲਰਾਜ ਸਿੰਘ ਸੇਖੋਂ ਦੀ ਅਗਵਾਈ ਵਿਚ ਸੈਂਕੜੇ ਕਾਂਗਰਸੀ ਸੀਨੀਅਰ ਆਗੂ ਤੇ ਵਰਕਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋ ਗਏ। ਜਿਕਰਯੋਗ ਹੈ ਕਿ ਬਲਰਾਜ ਸਿੰਘ ਸੇਖੋਂ ਕਾਂਗਰਸ ਨਾਲ ਪਿਛਲੇ ਤਕਰੀਬਨ 25-26 ਸਾਲ ਤੋਂ ਜੁੜੇ ਹੋਏ ਸਨ। ਉਹ ਕਾਂਗਰਸ ਦੇ ਸੂਬਾ ਸਕੱਤਰ ਤੋਂ ਇਲਾਵਾ ਹਲਕਾ ਦਾਖਾ ਦੇ ਕੋਆਰਡੀਨੇਟਰ ਦੇ ਮਹੱਤਵਪੂਰਨ ਆਹੁਦਿਆਂ 'ਤੇ ਰਹਿ ਚੁੱਕੇ ਹਨ। ਹੈਬੋਵਾਲ ਖੁਰਦ ਵਿਖੇ ਸਥਿਤ ਉਹਨਾਂ ਦੇ ਗ੍ਰਹਿ ਵਿਖੇ ਹੋਈ ਅੱਜ ਵਿਸ਼ੇਸ਼ ਮੀਟਿੰਗ ਵਿਚ ਉਹਨਾਂ ਨੇ ਸਾਥੀਆਂ ਸਮੇਤ 'ਆਪ' ਦੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਦੀ ਉਚੇਚੀ ਹਾਜ਼ਰੀ ਵਿਚ ਇਹ ਐਲਾਨ ਕੀਤਾ। ਉਹਨਾਂ ਨਾਲ ਸ਼ਾਮਲ ਹੋਣ ਵਾਲਿਆਂ ਸੀਨੀਅਰ ਕਾਂਗਰਸੀ ਆਗੂਆਂ ਵਿਚ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਤੇਜਪਾਲ ਪਰਾਸ਼ਰ ਅਤੇ ਜਰਨੈਲ ਸਿੰਘ ਚੀਮਾ ਦਾ ਨਾਂ ਵਿਸ਼ੇਸ਼ ਤੌਰ 'ਤੇ ਵਰਣਨਯੋਗ ਹੈ। ਐਡਵੋਕੇਟ ਫੂਲਕਾ ਨੇ 'ਆਪ' ਵਿਚ ਸ਼ਾਮਿਲ ਹੋਏ ਸਾਰੇ ਪਤਵੰਤਿਆਂ ਨੂੰ ਪਾਰਟੀ ਵਿਚ ਜੀ ਆਇਆਂ ਕਿਹਾ। ਸ. ਸੇਖੋਂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇਸ਼ ਵਿਚ ਭ੍ਰਿਸ਼ਟਾਚਾਰ ਏਨਾ ਵਧ ਗਿਆ ਹੈ ਕਿ ਸਾਰੇ ਲੋਕ ਇਸ ਤੋਂ ਤੰਗ ਆ ਚੁੱਕੇ ਹਨ ਅਤੇ ਇਸ ਤੋਂ ਹਰ ਹਾਲਤ ਵਿਚ ਨਿਜਾਤ ਚਾਹੁੰਦੇ ਹਨ। ਇਸ ਭ੍ਰਿਸ਼ਟਾਚਾਰ ਲਈ ਕਾਂਗਰਸ ਤੇ ਭਾਜਪਾ ਵਰਗੀਆਂ ਪਾਰਟੀਆਂ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ, ਜਿਸ ਦੇ ਮੱਦੇਨਜ਼ਰ ਇਕੋ ਇਕ ਹੱਲ ਇਹੀ ਹੈ ਕਿ ਇਹਨਾਂ ਭ੍ਰਿਸ਼ਟ ਪਾਰਟੀਆਂ ਦਾ ਖਹਿੜਾ ਛੱਡਿਆ ਜਾਵੇ ਅਤੇ ਪੂਰੇ ਦੇਸ਼ ਵਿਚ ਭ੍ਰਿਸ਼ਟਾਚਾਰ ਦੇ ਵਿਰੋਧ ਵਿਚ ਵੱਡੀ ਜਨਤਕ ਲਹਿਰ ਵਿੱਢਣ ਵਾਲੀ ਆਮ ਆਦਮੀ ਦਾ ਲੜ ਫੜਿਆ ਜਾਵੇ। ਉਹਨਾਂ ਕਿਹਾ ਕਿ ਇਹ ਪਾਰਟੀ ਆਮ ਲੋਕਾਂ ਜੋ ਕਿ ਸਾਰੇ ਪਾਸਿਓਂ ਦੁਸ਼ਵਾਰੀਆਂ ਦੇ ਮਾਰੇ ਹਨ, ਲਈ ਨਵੀਂ ਆਸ ਦੀ ਕਿਰਨ ਵਾਂਗ ਹੈ ਅਤੇ ਜਿਵੇਂ ਅਸੀਂ ਇਸ ਦਾ ਪੱਲਾ ਫੜਿਆ, ਉਸੇ ਤਰ੍ਹਾਂ ਸਾਰਿਆਂ ਨੂੰ ਫੜ੍ਹਨਾ ਚਾਹੀਦਾ ਹੈ, ਤਾਂ ਹੀ ਸਾਡੇ ਸਮਾਜ ਦੀ ਭਲਾਈ ਸੰਭਵ ਹੈ। ਉਹਨਾਂ ਇਹ ਵੀ ਕਿਹਾ ਕਿ 'ਆਪ' ਦੇ ਭ੍ਰਿਸ਼ਟਾਚਾਰ ਵਿਰੋਧੀ ਸਟੈਂਡ ਕਾਰਨ ਹੀ ਕਾਂਗਰਸ ਤੇ ਭਾਜਪਾ ਵਰਗੀਆਂ ਪਾਰਟੀਆਂ ਜਿਹਨਾਂ ਨੂੰ ਅੰਬਾਨੀ ਅਤੇ ਹੋਰ ਕਾਰਪੋਰੇਟ ਘਰਾਣਿਆਂ ਦੀ ਹਮਾਇਤ ਹਾਸਲ ਹੈ, ਨੇ ਦਿੱਲੀ ਵਿਚ ਇਸ ਦੀ ਸਰਕਾਰ ਨੂੰ ਟਿੱਕਣ ਨਾ ਦਿੱਤਾ। ਨਵੇਂ ਬਣੇ ਮੈਂਬਰਾਂ ਨਾਲ ਵਿਚਾਰ ਸਾਂਝੇ ਕਰਦਿਆਂ ਸ. ਫੂਲਕਾ ਨੇ ਕਿਹਾ ਕਿ ਇਕ ਪਾਸੇ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਨੇ 'ਗੁੰਡਾ ਰਾਜ' ਫੈਲਾ ਕੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ, ਦੂਜੇ ਪਾਸੇ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਕੇ ਭ੍ਰਿਸ਼ਟਾਚਾਰ ਨੂੰ ਉਤਸ਼ਾਹਤ ਕਰ ਰਹੀ ਹੈ। ਇਸ ਮੌਕੇ ਨਵੇਂ ਬਣੇ ਸਮੂਹ ਮੈਂਬਰਾਂ ਨੇ ਐਡਵੋਕੇਟ ਫੂਲਕਾ ਨੂੰ ਜਿਤਾਉਣ ਦਾ ਅਹਿਦ ਕੀਤਾ। ਇਸ ਮੀਟਿੰਗ ਨੂੰ ਕੀਮੀ ਪ੍ਰਧਾਨ, ਨੰਬਰਦਾਰ ਗੁਰਮੇਲ ਸਿੰਘ, ਰੂਪ ਲਾਲ, ਗੁੱਜਰ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

No comments: