Sunday, March 09, 2014

ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਇੰਗਲੈਂਡ ਦੇ ਵਫ਼ਦ ਵੱਲੋਂ ਉਪਰਾਲਾ

ਸ਼ਹੀਦੀ ਖੂਹ 'ਤੇ ਦਿੱਤੀਆਂ ਗਈਆਂ ਜਜ਼ਬਾਤੀ ਸ਼ਰਧਾਂਜਲੀਆਂ 
ਸ਼ਹੀਦੀ ਬੁਰਜ ਦੇ ਖੰਡਰ ਬਣਨ 'ਤੇ ਕੀਤਾ ਗਿਆ ਡੂੰਘੇ ਦੁੱਖ ਦਾ ਪ੍ਰਗਟਾਵਾ
ਉਹ ਬੁਰਜ ਜਿਥੇ ਬਾਗ਼ੀ ਫੌਜੀਆਂ ਨੂੰ ਕੈਦ ਕੀਤਾ ਗਿਆ
ਜਲੰਧਰ: 8 ਮਾਰਚ 2014: (*ਅਮੋਲਕ ਸਿੰਘ//ਪੰਜਾਬ ਸਕਰੀਨ):
ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਆਈ.ਡਬਲੀਯੂ.ਏ. (ਗ.ਬ.) ਦੇ ਆਗੂਆਂ ਦੀ ਅਗਵਾਈ 'ਚ ਅੱਜ ਸ਼ਹੀਦੀ ਖੂਹ ਅਜਨਾਲਾ ਵਿਖੇ ਪਹੁੰਚ ਕੇ 1857 ਦੇ ਗ਼ਦਰ 'ਚ ਸ਼ਾਨਾਮੱਤੀ ਕੁਰਬਾਨੀ ਕਰਨ ਵਾਲੇ ਬਾਗ਼ੀ ਫੌਜੀਆਂ ਨੂੰ ਫੁੱਲਾਂ ਦੇ ਹਾਰਾਂ ਨਾਲ ਸ਼ਰਧਾਂਜ਼ਲੀ ਦਿੱਤੀ ਅਤੇ ਉਹਨਾਂ ਦੇ ਸੁਪਨਿਆਂ ਦੀ ਜੋਤ ਜਗਦੀ ਰੱਖਣ ਦਾ ਅਹਿਦ ਲਿਆ।
ਇਸ ਵਫ਼ਦ ਦੀ ਅਗਵਾਈ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਮੀਤ ਪ੍ਰਧਾਨ ਅਜਮੇਰ ਸਿੰਘ, ਖਜ਼ਾਨਚੀ ਸੀਤਲ ਸਿੰਘ ਸੰਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਟਰੱਸਟੀ ਮੰਗਤ ਰਾਮ ਪਾਸਲਾ, ਡਾ. ਪਰਮਿੰਦਰ, ਗੁਰਮੀਤ ਢੱਡਾ, ਕੁਲਵੰਤ ਸੰਧੂ, ਦੇਵ ਰਾਜ ਨਈਯਰ ਅਤੇ ਆਈ.ਡਬਲੀਯੂ.ਏ. ਦੇ ਇੰਗਲੈਂਡ ਤੋਂ ਆਏ ਵਫ਼ਦ ਦੇ ਆਗੂ ਕੁਲਬੀਰ ਸੰਘੇੜਾ, ਹਰਭਜਨ ਦਰਦੀ, ਸੁਰਿੰਦਰ ਕੌਰ ਕਰ ਰਹੇ ਸਨ।  ਇਸ ਵਫ਼ਦ ਨਾਲ ਮਨਜੀਤ ਕੌਰ ਅਤੇ ਸੁਮਨ ਲਤਾ ਵੀ ਸ਼ਾਮਲ ਸਨ।
ਸ਼ਹੀਦੀ ਖੂਹ ਯਾਦਗਾਰ ਕਮੇਟੀ ਨਾਲ ਭੇਂਟ ਵਾਰਤਾ ਕਰਕੇ ਇਸ ਵਫ਼ਦ ਨੇ ਡਾ. ਸੁਰਿੰਦਰ ਕੋਛੜ, ਅਮਰਜੀਤ ਸਰਕਾਰੀਆ ਅਤੇ ਨਾਇਬ ਸਿੰਘ ਨੂੰ ਇੰਗਲੈਂਡ ਤੋਂ ਇਨ੍ਹਾਂ ਬਾਗ਼ੀਆਂ ਦੀ ਸੂਚੀ ਹਾਸਲ ਕਰਨ ਅਤੇ ਹੋਰ ਲੋੜੀਂਦੀ ਮਦਦ ਦਾ ਭਰੋਸਾ ਦਿੱਤਾ।
ਇਹ ਵਫ਼ਦ ਅਜਨਾਲਾ ਦੀ ਉਹ ਪੁਰਾਣੀ ਤਹਿਸੀਲ ਵੇਖਣ ਵੀ ਗਿਆ ਜਿਸ ਗੁੰਬਦ ਵਿੱਚ ਬਾਗ਼ੀ ਫੌਜੀਆਂ ਨੂੰ ਭੁੱਖਣ ਭਾਣੇ ਰੱਖਕੇ, ਕੁੱਟਮਾਰ ਕਰਕੇ ਅਧਮੋਇਆਂ ਕਰਕੇ ਰੱਖਿਆ ਸੀ ਅਤੇ ਜਿਥੋਂ ਧੂਹਕੇ ਸ਼ਹੀਦੀ ਖੂਹ 'ਚ ਸੁੱਟਿਆ ਸੀ।
ਵਾਪਸ ਆ ਕੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਕਮੇਟੀ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਭਾਵੇਂ ਉਸ ਬੁਰਜ ਨੂੰ ਪੁਰਾਤਤਵ ਵਿਭਾਗ ਨੇ ਕਦੋਂ ਦਾ ਆਪਣੇ ਅਧਿਕਾਰ ਖੇਤਰ 'ਚ ਲਏ ਸੱਤ ਵਰੇ• ਬੀਤ ਚੁੱਕੇ ਹਨ ਪਰ ਇਹ ਕੌਮੀ ਸਮਾਰਕ ਪੂਰੀ ਤਰ੍ਹਾਂ ਖੰਡਰ ਬਣਕੇ ਰਹਿ ਗਈ ਹੈ।
   *ਅਮੋਲਕ ਸਿੰਘ ਦੇਸ਼ ਭਗਤ ਯਾਦਗਾਰੀ ਕਮੇਟੀ ਨਾਲ ਸਬੰਧਿਤ ਸਭਿਆਚਾਰਕ ਵਿੰਗ ਦੇ ਕਨਵੀਨਰ ਹਨ। 

No comments: