Tuesday, March 04, 2014

ਸੀਟੂ ਵੱਲੋਂ ਰੇਤਾ ਬਜਰੀ ਦਾ ਅੰਦੋਲਨ ਹੋਰ ਤੇਜ਼

ਨਹਿਰ ਦੇ ਪੁਲ ਕੋਲ ਇੱਕਤਰ ਹੋ ਕੇ ਕੀਤੀ ਗਈ ਲੋਕ ਪੰਚਾਇਤ 
ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦਾ ਘਰ ਵੀ ਘੇਰਿਆ 
ਲੁਧਿਆਣਾ,3 ਮਾਰਚ 2014:(ਨਵਦੀਪ ਜੋਧਾਂ//ਪੰਜਾਬ ਸਕਰੀਨ):
ਸੀਟੂ ਵੱਲੋਂ ਰੇਤਾ ਬਜਰੀ ਦੀ ਕਾਲਾ ਬਜਾਰੀ ਖਤਮ ਕਰਾਉਣ, ਬਿਜਲੀ ਦੇ ਬਿੱਲ ਘੱਟ ਕਰਾਉਣ, ਰਸੋਈ ਗੈਸ ਸਿਲੰਡਰ ਤੁਰੰਤ ਪਹਿਲੇ ਪੈਟਰਨ ਅਨੁਸਾਰ ਸਪਲਾਈ ਕਰਵਾਉਣ, ਪ੍ਰਾਪਰਟੀ ਅਤੇ ਕਲੋਨੀਆਂ ਦਾ ਰੈਗੂਲਰਾਈਜੇਸ਼ਨ ਟੈਕਸ ਖਤਮ ਕਰਵਾਉਣ, ਠੇਕੇਦਾਰੀ ਪ੍ਰਥਾ ਖਤਮ ਕਰਕੇ ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਦੇਣ ਦਾ ਨਿਯਮ ਲਾਗੂ ਕਰਵਾਉਣ, ਪੰਜਾਬ ਨੂੰ ਵਿਸ਼ੇਸ਼ ਇੰਡਸਟਰੀਅਲ ਪੈਕੇਜ ਦੇਣ, ਭ੍ਰਿਸ਼ਟਾਚਾਰ ਖਤਮ ਕਰਵਾਉਣ, ਡਰਗ ਮਾਫੀਆ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਵਾਉਣ, ਗੁੰਡਾ ਰਾਜ ਖਤਮ ਕਰਕੇ ਕਾਨੂੰਨ ਦਾ ਰਾਜ ਲਾਗੂ ਕਰਵਾਉਣ ਅਤੇ ਪੁਲਿਸ ਦਾ ਸਿਆਸੀ ਕਰਨ ਬੰਦ ਕਰਵਾਉਣ ਲਈ ਵਿੱਢੇ ਗਏ ਸੰਘਰਸ਼ ਨੂੰ ਅੱਗੇ ਤੋਰਦਿਆਂ ਅੱਜ ਸੀਟੂ ਵੱਲੋਂ ਜ਼ਿਲਾ ਪ੍ਰਧਾਨ ਜਤਿੰਦਰਪਾਲ ਸਿੰਘ ਦੀ ਅਗਵਾਈ ਹੇਠ ਪਹਿਲਾਂ ਪੱਖੋਵਾਲ ਰੋਡ, ਨਹਿਰ ਦੇ ਪੁਲ ਕੋਲ ਇੱਕਤਰ ਹੋ ਕੇ ਲੋਕ ਪੰਚਾਇਤ ਕੀਤੀ ਗਈ। ਜ਼ਿਕਰਯੋਗ ਹੈ ਕਿ ਸੀਟੂ ਨੇ ਲੋਕ ਸਭਾ ਦੀ ਚੋਣ ਲੜ ਰਹੇ ਉਮੀਦਵਾਰਾਂ ਨੂੰ ਖੁਲ੍ਹਾ ਸੱਦਾ ਦਿੱਤਾ ਸੀ ਕਿ ਉਹ ਉਪਰੋਕਤ ਮਸਲਿਆਂ ਬਾਰੇ ਆਪਣੇ ਵਿਚਾਰ ਲੋਕਾਂ ਦੀ ਕਚਹਿਰੀ ਵਿੱਚ ਆ ਕੇ ਰੱਖਣ ਅਤੇ ਆਪਣਾ ਪੱਖ ਸਪਸ਼ਟ ਕਰਨ। 
ਰੋਸ ਰੈਲੀ ਕਰਨ ਤੋਂ ਬਾਅਦ ਮੁਜਾਹਰਾਕਾਰੀ ਮਾਰਚ ਕਰਕੇ ਲੁਧਿਆਣਾ ਤੋਂ ਐਮ.ਪੀ. ਮਨੀਸ਼ ਤਿਵਾੜੀ ਦੀ ਕੋਠੀ ਅੱਗੇ ਪਹੁੰਚੇ। ਜਿੱਥੇ ਉਨ੍ਹਾਂ ਮਨੀਸ਼ ਤਿਵਾੜੀ ਤੋਂ ਉਨ੍ਹਾਂ ਦੀ ਪਾਰਟੀ ਦਾ ਇਨ੍ਹਾਂ ਮਸਲਿਆਂ ਸਬੰਧੀ ਕੀ ਰੁੱਖ ਹੈ ਸਪਸ਼ੱਟ ਕਰਨ ਲਈ ਕਿਹਾ। ਇਸ ਤੋਂ ਬਾਅਦ ਮੁਜਾਹਰਾਕਾਰੀ ਡਿਪਟੀ ਕਮਿਸ਼ਨਰ ਦਫਤਰ ਪਹੁੰਚੇ ਜਿੱਥੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਸੁਬਾਈ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਕਿਹਾ ਕਿ ਵਾਰ-ਵਾਰ ਸੰਘਰਸ਼ ਕਰਨ ਦੇ ਬਾਵਜੂਦ ਕੇਂਦਰ ਸਰਕਾਰ ਨੇ 18 ਰੇਤ ਦੀਆਂ ਖੱਡਾਂ ਦੀ ਬੋਲੀ ਕਰਨ ਲਈ ਹਾਲੇ ਤੱਕ ਮਨਜੂਰੀ ਨਹੀਂ ਦਿੱਤੀ ਜਦੋਂ ਕਿ 25 ਫਰਵਰੀ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਸੰਘਰਸ਼ ਕਰ ਰਹੇ ਕਮੇਟੀ ਨਾਲ ਕੀਤੇ ਵਾਅਦੇ ਅਨੁਸਾਰ 26 ਫਰਵਰੀ ਨੂੰ 5 ਖੱਡਾਂ ਗੁੱਜਰਵਾਲ ਬੇਟ, ਮੰਡ ਚੌਂਤਾ, ਪਵਾਤ, ਕੂਮਕਲਾਂ ਅਤੇ ਮਿਆਣੀ ਦੀ ਬੋਲੀ ਨਾ ਕਰਕੇ ਰੇਤੇ ਦੀ ਸਪਲਾਈ ਘੱਟ ਹੋਣ ਕਾਰਨ ਰੇਤ ਮਾਫੀਆ ਨੂੰ ਲੋਕਾਂ ਦੀ ਹੋਰ ਲੁੱਟ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਮੰਤਰੀਆਂ ਅਤੇ ਹੋਰ ਅਹੁੱਦੇਦਾਰ ਰੇਤੇ ਦੀ ਕਾਲਾ ਬਜਾਰੀ ਕਰਨ ਬਾਰੇ ਲੋਕਾਂ ਦੀ ਢਾਲ ਬਣੇ ਹੋਏ ਹਨ ਅਤੇ ਆਮ ਲੋਕਾਂ ਦੀ ਅਨ੍ਹੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਉਦਯੋਗ ਉਜੜ ਰਿਹਾ ਹੈ ਅਤੇ ਕਾਂਗਰਸੀ, ਅਕਾਲੀ ਅਤੇ ਬੀ.ਜੇ.ਪੀ. ਦਾ ਰੋਲ ਬਹੁਤ ਨਿਰਾਸ਼ਾਜਨਕ ਹੈ ਅਤੇ ਇਨ੍ਹਾਂ ਪਾਰਟੀਆਂ ਦਾ ਲੋਕਾਂ ਦੀ ਭਲਾਈ ਕਰਨ ਸਬੰਧੀ ਕੋਈ ਨੀਤੀ ਨਹੀਂ ਹੈ। ਮਹਿੰਗਾਈ, ਭ੍ਰਿਸ਼ਟਾਚਾਰ, ਮਹਿੰਗੀ ਰਸੋਈ ਗੈਸ, ਬਿਜਲੀ ਬਿੱਲ, ਪ੍ਰਾਪਰਟੀ ਟੈਕਸ, ਗੁੰਡਾ ਅਤੇ ਪੁਲਿਸ ਰਾਜ ਨੇ ਆਮ ਲੋਕਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ। ਕਾਮਰੇਡ ਜੋਧਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਸਹਿਰਾਂ ਵਿੱਚ ਗੈਂਗਵਾਰ ਜ਼ੋਰਾਂ ਤੇ ਹੈ ਅਤੇ ਲੋਕਾਂ ਨੂੰ ਦਹਿਸ਼ਤ ਵਾਲੇ ਮਾਹੋਲ ਵਿੱਚ ਜੀਣਾ ਪੈ ਰਿਹਾ ਹੈ। ਉਨ੍ਹਾਂ  ਕਿਹਾ ਕਿ ਇਹ ਗੈਂਗਵਾਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਨਾਲ ਸਬੰਧਤ ਆਗੂ ਅਤੇ ਵਰਕਰ ਸ਼ਾਮਲ ਹਨ ਅਤੇ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ ਕਰੀ ਜਾਂਦੀ ਅਤੇ ਖੁਲ੍ਹੀਆਂ ਡੋਰਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਸੰਘਰਸ਼ ਕਰ ਰਹੇ ਲੋਕਾਂ ਦੀ ਸੁਣਵਾਈ ਕਰਨ ਦੀ ਜਗ੍ਹਾਂ ਉਨ੍ਹਾਂ ਨੂੰ ਲਾਠੀਆਂ ਤੇ ਅੱਥਰੂ ਗੈਸ ਨਾਲ ਨਵਾਜਿਆ ਜਾ ਰਿਹਾ ਹੈ ਅਤੇ ਧੀਆਂ ਭੈਣਾਂ ਨੂੰ ਰਾਤਾਂ ਥਾਣਿਆਂ ਵਿੱਚ ਕੱਟਣੀਆਂ ਪੈ ਰਹੀਆਂ ਹਨ। 
ਸੀਟੂ ਦੇ ਜ਼ਿਲਾ ਪ੍ਰਧਾਨ ਜਤਿੰਦਰਪਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਅਕਾਲੀ ਭਾਜਪਾ ਅਤੇ ਕਾਂਗਰਸ ਪਾਰਟੀ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਹ ਪਾਰਟੀਆਂ ਲੋਕਾਂ ਨੂੰ ਲਾਰੇ, ਸ਼ਰਾਬ, ਨਸ਼ੇ ਅਤੇ ਹਰ ਤਰ੍ਹਾਂ ਦੇ ਲਾਲਚ ਦੇ ਕੇ ਵੋਟਾਂ ਪ੍ਰਾਪਤ ਕਰਨਾ ਚਾਹੁੰਦੀਆਂ ਹਨ ਪਰੰਤੂ ਪੰਜਾਬ ਦੇ ਬਹਾਦਰ ਲੋਕ ਹੁਣ ਇਨ੍ਹਾਂ ਪਾਰਟੀਆਂ ਦੀਆਂ ਚਾਲਾਂ ਨੂੰ ਪੂਰੀ ਤਰ੍ਹਾਂ ਨਾਲ ਸਮਝ ਚੁੱਕੇ ਹਨ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇਨ੍ਹਾਂ ਸਰਮਾਏਦਾਰ ਪਾਰਟੀਆਂ ਨੂੰ ਸਬਕ ਸਿਖਾਉਣ ਦੇ ਮੂਡ ਵਿੱਚ ਹਨ । ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੀਂਹ ਪੱਥਰਾਂ ਦੀ ਸਰਕਾਰ ਬਣ ਕੇ ਰਹ ਗਈ ਹੈ । ਪਹਿਲਾਂ ਰੱਖੇ ਗਏ ਨੀਂਹ ਪੱਥਰਾਂ ਦਾ ਕੰਮ ਅਜੇ ਸ਼ੁਰੂ ਵੀ ਨਹੀਂ ਕੀਤਾ ਗਿਆ ਪਰੰਤੂ ਹੁਣ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਰੋਜ਼ਾਨਾ ਨਵੇਂ ਨੀਂਹ ਪੱਥਰ ਰੱਖੇ ਜਾ ਰਹੇ ਹਨ ਅਤੇ ਦੂਸਰੇ ਪਾਸੇ ਇਹ ਸਰਕਾਰ ਰੇਤ ਮਾਫੀਆ, ਲੈਂਡ ਮਾਫੀਆ ਅਤੇ ਡਰਗ ਮਾਫੀਆ ਨੂੰ ਸ਼ਹਿ ਦੇ ਰਹੀ ਹੈ। 
ਇਸ ਮੌਕੇ ਹੋਰਨ ਤੋਂ ਇਲਾਵਾ ਸੀਟੂ ਦੇ ਆਗੂਆਂ ਅਮਰਨਾਥ ਕੂਮਕਲਾਂ, ਦਲਜੀਤ ਕੁਮਾਰ ਗੋਰਾ, ਪ੍ਰਕਾਸ਼ ਸਿੰਘ ਹਿੱਸੋਵਾਲ, ਛਿੰਦਰ ਸਿੰਘ ਜਵੱਦੀ, ਚਰਨਜੀਤ ਸਿੰਘ ਹਿਮਾਉਂਪੁਰਾ, ਹਨੂੰਮਾਨ ਪ੍ਰਸ਼ਾਦ ਦੂਬੇ, ਸੁਬੇਗ ਸਿੰਘ, ਵਿਨੋਦ ਤਿਵਾੜੀ, ਮਾਨ ਸਿੰਘ ਗੁਰਮ, ਪਰਵਿੰਦਰ ਕੁਮਾਰ, ਪ੍ਰੀਤਮ ਸਿੰਘ ਸਹਿਜੜਾ, ਜਗਦੀਸ਼ ਚੌਧਰੀ, ਰਾਮ ਬ੍ਰਿਕਸ਼, ਗੁਰਜੀਤ ਸਿੰਘ ਕਾਲਾ, ਸਰੂਪ ਸਿੰਘ ਭੋਲਾ, ਰਘਬੀਰ ਸਿੰਘ ਬੈਨੀਪਾਲ, ਰਾਜ ਜਸਵੰਤ ਸਿੰਘ ਤਲਵੰਡੀ, ਕੀਮਤੀ ਰਾਵਲ, ਅਨਿਲ ਕੁਮਾਰ, ਦਰਸ਼ਨ ਸਿੰਘ ਕੰਗਨਵਾਲ, ਪਰਮਜੀਤ ਸਿੰਘ ਬੱਗਾ, ਗੁਰਦਰਸ਼ਨ ਸਿੰਘ, ਕੇਵਲ ਸਿੰਘ, ਰਾਮ ਲਾਲ, ਚਰਨਜੀਤ ਸਿੰਘ ਬਰਗਾੜੀ, ਜਸਪਾਲ ਸਿੰਘ, ਦਰਬਾਰਾ ਸਿੰਘ, ਲਛਮਣ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

No comments: