Tuesday, March 18, 2014

'ਆਪ' ਉਮੀਦਵਾਰ ਐਡਵੋਕੇਟ ਫੂਲਕਾ ਵਲੋਂ ਭਰਵੀਆਂ ਮੀਟਿੰਗਾਂ

 Tue, Mar 18, 2014 at 4:27 PM
ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ
ਲੋਕਾਂ ਦੇ ਨਾਲ ਭੁੰਜੇ ਬਹਿ ਕੇ ਦੁੱਖ ਸੁੱਖ ਕਿਹੜਾ ਹੋਰ ਸੁਣੇ ?
ਲੁਧਿਆਣਾ, 18 ਮਾਰਚ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਆਮ ਆਦਮੀ ਪਾਰਟੀ (ਆਪ) ਦੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਵਲੋਂ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਭਰਵੀਆਂ ਇਨਡੋਰ ਮੀਟਿੰਗਾਂ ਕੀਤੀਆਂ ਗਈਆਂ, ਜਿਸ ਸਥਾਨਕ ਲੋਕਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਐਚ.ਆਈ.ਜੀ. ਕਲੋਨੀ ਅਰਬਨ ਅਸਟੇਟ ਜਮਾਲਪੁਰ ਦੇ ਵਸਨੀਕਾਂ ਅਤੇ 'ਆਪ' ਵਰਕਰਾਂ ਦੀ ਭਰਵੀਂ ਮੀਟਿੰਗ ਇਲਾਕੇ ਦੀ ਉੱਘੀ ਸ਼ਖ਼ਸੀਅਤ ਪਰਵਿੰਦਰ ਸਿੰਘ ਪੱਪੂ ਦੇ ਗ੍ਰਹਿ ਵਿਖੇ ਹੋਈ। ਇਸ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਫੂਲਕਾ ਨੇ ਕਿਹਾ ਕਿ ਇਹ ਸਮਾਂ ਇਨਕਲਾਬ ਲਿਆਉਣ ਦਾ ਹੈ, ਜਿਸ ਲਈ ਆਮ ਆਦਮੀ ਪਾਰਟੀ ਤਨੋਂ-ਮਨੋਂ ਯਤਨਸ਼ੀਲ ਹੈ ਅਤੇ ਜੇ ਹੁਣ ਵੀ ਨਾ ਇਨਕਲਾਬ ਆਇਆ ਤਾਂ ਘੱਟੋ-ਘੱਟ ਅਗਲੇ 50 ਸਾਲਾਂ ਤੱਕ ਨਹੀਂ ਆਵੇਗਾ ਤੇ ਇਹ ਗੱਲ ਸਾਰੇ ਲੋਕਾਂ ਨੂੰ ਸਮਝ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਇਨਕਲਾਬ ਤਾਂ ਹੀ ਆ ਸਕਦਾ ਹੈ ਜੇ ਲੋਕ 'ਆਪ' ਦਾ ਸਾਥ ਦੇਣ ਤੇ ਭ੍ਰਿਸ਼ਟ ਸਿਆਸਤਦਾਨਾਂ ਨੂੰ ਗੱਦੀਓਂ ਲਾਹੁਣ। ਉਹਨਾਂ ਕਿਹਾ ਕਿ ਜੇ ਸਾਡੇ ਚੁਣੇ ਹੋਏ ਨੁਮਾਂਇੰਦੇ ਇਮਾਨਦਾਰ ਅਤੇ ਲੋਕਾਂ ਨੂੰ ਸਮਰਪਿਤ ਹੁੰਦੇ ਤਾਂ ਲੁਧਿਆਣਾ ਦੀਆਂ ਸੜਕਾਂ ਵਿਚ ਵੱਡੇ-ਵੱਡੇ ਟੋਏ ਨਾ ਪਏ ਹੁੰਦੇ ਅਤੇ ਗਲੀਆਂ ਬਜ਼ਾਰਾਂ ਵਿਚ ਕੂੜੇ-ਕਰਕਟ ਅਤੇ ਗੰਦਗੀ ਦੇ ਅੰਬਾਰ ਨਾ ਲੱਗੇ ਹੁੰਦੇ। ਪਰਵਿੰਦਰ ਸਿੰਘ ਪੱਪੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਇਕਲੌਤੀ ਅਜਿਹੀ ਪਾਰਟੀ ਹੈ, ਜਿਸ ਦੇ ਹੱਥਾਂ ਵਿਚ ਸਾਡਾ ਸਾਰਿਆਂ ਦਾ ਭਲਾ ਸੰਭਵ ਹੈ। 
ਮਿੱਟੀ ਦੇ ਨਾਲ ਮਿੱਟੀ ਹੋ ਕੇ ਲੋਕਾਂ ਸੰਗ ਹੁਣ ਕੌਣ ਖੜ੍ਹੇ 
ਇਸ ਮੌਕੇ ਮਲਵਿੰਦਰ ਸਿੰਘ, ਪ੍ਰਤਾਪ ਸਿੰਘ ਸੈਣੀ, ਸੁਰਿੰਦਰ ਸਿੰਘ, ਅਮੋਲਕ ਸਿੰਘ, ਚੰਦਰ ਪ੍ਰਕਾਸ਼ ਸੇਤੀਆ, ਅਸ਼ਵਨੀ ਕੁਮਾਰ, ਰਵਿੰਦਰ ਸਿੰਘ ਟੋਨੀ, ਹਰਜੀਤ ਸਿੰਘ ਅਤੇ ਹੋਰ ਵੱਡੀ ਗਿਣਤੀ ਵਿਚ ਸਥਾਨਕ ਲੋਕ ਪਹੁੰਚੇ ਹੋਏ ਸਨ। ਇਸ ਤੋਂ ਬਾਅਦ ਉਹ ਰਾਜੀਵ ਗਾਂਧੀ ਕਲੋਨੀ ਅਤੇ ਜਮਾਲਪੁਰ ਕਲੋਨੀ ਵਿਖੇ ਵੱਡੀ ਗਿਣਤੀ ਵਿਚ ਰਹਿੰਦੇ ਪਰਵਾਸੀ ਮਜਦੂਰਾਂ ਨੂੰ ਮਿਲਣ ਗਏ। ਉਥੇ ਪਹੁੰਚਣ 'ਤੇ ਪਰਵਾਸੀ ਮਜਦੂਰਾਂ ਨੇ ਉਹਨਾਂ ਨੂੰ ਭਰਪੂਰ ਹੁੰਗਾਰਾ ਦਿੱਤਾ ਅਤੇ ਆਮ ਆਦਮੀ ਪਾਰਟੀ ਨਾਲ ਇਕਜੁਟਤਾ ਦਾ ਪ੍ਰਗਟਾਵਾ ਕੀਤਾ। ਐਡਵੋਕੇਟ ਫੂਲਕਾ ਨੇ ਉਹਨਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਦੀ ਜਾਣਕਾਰੀ ਲਈ ਅਤੇ ਕਿਹਾ ਪਰਵਾਸੀ ਮਜਦੂਰਾਂ ਦੇ ਹਿੱਤਾਂ ਦਾ ਹਰ ਹਾਲਤ ਵਿਚ ਖਿਆਲ ਰੱਖਿਆ ਜਾਵੇਗਾ ਅਤੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ 'ਆਪ' ਵਚਨਬੱਧ ਹੈ। ਪਰਵਾਸੀ ਮਜਦੂਰ ਆਗੂਆਂ ਨੇ ਐਡਵੋਕੇਟ ਫੂਲਕਾ ਨੂੰ ਇਹ ਭਰੋਸਾ ਦਿੱਤਾ ਉਹ 'ਆਪ' ਨਾਲ ਡਟ ਕੇ ਖੜ੍ਹੇ ਹਨ ਕਿਉਂਕਿ ਇਹ ਸਹੀ ਅਰਥਾਂ ਵਿਚ ਆਮ ਲੋਕਾਂ ਦੀ ਪਾਰਟੀ ਹੈ। ਇਸ ਤੋਂ ਇਲਾਵਾ ਸ. ਫੂਲਕਾ ਨੇ ਫੂਲੇ ਵਾਲ ਰਿਹਾਇਸ਼ੀ ਕਲੋਨੀ, ਦਾਦ, ਥਰੀਕੇ, ਝੰਡੇ, ਲਲਤੋਂ ਖੁਰਦ ਅਤੇ ਲਲਤੋਂ ਕਲਾ ਦੇ ਨਿਵਾਸੀਆਂ ਨਾਲ ਵੀ ਪ੍ਰਭਾਵਸ਼ਾਲੀ ਮੀਟਿੰਗਾਂ ਕੀਤੀਆਂ ਅਤੇ ਉਹਨਾਂ ਦੀ ਸ਼ਿਕਾਇਤਾਂ ਸੁਣੀਆਂ।

No comments: