Saturday, March 22, 2014

ਫੂਲਕਾ ਵਲੋਂ ਸ਼ਹਿਰ ਵਿਚ ਕੱਢਿਆ ਗਿਆ ਪ੍ਰਭਾਵਸ਼ਾਲੀ ਰੋਡ ਸ਼ੋਅ

Sat, Mar 22, 2014 at 4:27 PM
ਇਹ ਲੋਕਾਂ ਨੂੰ ਜਗਾਉਣ ਅਤੇ ਭ੍ਰਿਸ਼ਟ ਪਾਰਟੀਆਂ ਵਿਰੁੱਧ ਡਟ ਖੜੋਣ ਦਾ ਹੋਕਾ
ਲੁਧਿਆਣਾ: 22 ਮਾਰਚ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਆਮ ਆਦਮੀ ਪਾਰਟੀ (ਆਪ) ਦੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਸ. ਹਰਵਿੰਦਰ ਸਿੰਘ ਫੂਲਕਾ ਵਲੋਂ ਅੱਜ ਲੁਧਿਆਣਾ ਸ਼ਹਿਰ ਵਿਚ ਪ੍ਰਭਾਵਸ਼ਾਲੀ ਰੋਡ ਸ਼ੋਅ ਕੱਢਿਆ ਗਿਆ, ਜਿਸ ਨੇ 'ਆਪ' ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਦਿੱਤਾ। ਦੋ ਪੜਾਵਾਂ ਵਿਚ ਨਿਕਲਿਆ ਇਹ ਰੋਡ ਸ਼ੋਅ ਸਰਾਭਾ ਨਗਰ ਤੋ ਸ਼ੁਰੂ ਹੋਇਆ ਅਤੇ ਭਾਈ ਰਣਧੀਰ ਸਿੰਘ ਨਗਰ, ਸਨੇਤ ਪਿੰਡ, ਰਾਜਗੁਰੂ ਨਗਰ, ਫਿਰੋਜਪੁਰ ਰੋਡ, ਚੂੰਗੀ, ਨਿਊ ਅਗਰ ਨਗਰ, ਬਰੇਵਾਲ, ਜੈਨ ਕਲੋਨੀ, ਵਰਧਮਾਨ ਸਬਜ਼ੀ ਮੰਡੀ, ਤਾਜਪੁਰ ਚੌਂਕੀ, ਜਲੰਧਰ ਰੋਡ, ਟਿੱਬੀ ਰੋਡ, ਭੋਲਾ ਕਲੋਨੀ ਆਦਿ ਵੱਖ-ਵੱਖ ਇਲਾਕਿਆਂ 'ਚੋਂ ਗੁਜਰਿਆ। ਇਹ ਰੋਡ ਸ਼ੋਅ ਅੱਜ ਸਮੁੱਚੇ ਸ਼ਹਿਰ ਵਿਚ ਖਿੱਚ ਦਾ ਕੇਂਦਰ ਰਿਹਾ ਅਤੇ ਵੱਡੀ ਗਿਣਤੀ ਵਿਚ 'ਆਪ' ਦੇ ਵਰਕਰਾਂ ਤੋਂ ਇਲਾਵਾ ਪਾਰਟੀ ਸਮਰਥਕਾਂ ਨੇ ਇਸ ਰੋਡ ਸ਼ੋਅ ਵਿਚ ਮੋਟਰ ਸਾਈਕਲਾਂ ਅਤੇ ਸਕੂਟਰਾਂ 'ਤੇ ਸਵਾਰ ਹੋ ਕੇ ਸ਼ਮੂਲੀਅਤ ਕੀਤੀ। ਰੋਡ ਸ਼ੋਅ ਦਾ ਹਰੇਕ ਇਲਾਕੇ ਵਿਚ ਸਥਾਨਕ ਵਸਨੀਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਚੋਣਾਂ ਵਿਚ 'ਆਪ' ਦਾ ਸਾਥ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 'ਆਪ' ਵਲੋਂ ਕੱਢਿਆ ਗਿਆ ਇਹ ਰੋਡ ਸ਼ੋਅ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਹੈ, ਜਿਵੇਂ ਕਿ ਬਾਕੀ ਸਾਰੀਆਂ ਪਾਰਟੀਆਂ ਕਰਦੀਆਂ ਹਨ, ਸਗੋਂ ਇਹ ਲੋਕਾਂ ਨੂੰ ਜਗਾਉਣ ਅਤੇ ਭ੍ਰਿਸ਼ਟ ਪਾਰਟੀਆਂ ਵਿਰੁੱਧ ਡਟ ਕੇ ਖੜ੍ਹੇ ਹੋਣ ਦਾ ਹੋਕਾ ਦੇਣ ਲਈ ਕੱਢਿਆ ਗਿਆ ਹੈ, ਤਾਂ ਕਿ ਲੋਕਾਂ ਨੂੰ ਸਮਾਜ ਵਿਰੋਧੀ ਸਿਆਸਤਦਾਨਾਂ ਵਿਰੁੱਧ ਲਾਮਬੱਧ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਭ੍ਰਿਸ਼ਟ ਅਤੇ ਬੇਈਮਾਨ ਸਿਆਸਤਦਾਨਾਂ ਨੂੰ ਗੱਦੀਓਂ ਲਾਹੁਣ ਲਈ ਸਾਰੇ ਲੋਕਾਂ ਦਾ ਇਕਜੁੱਟ ਹੋ ਕੇ ਇਕ ਮੰਚ 'ਤੇ ਖੜ੍ਹੇ ਹੋਣਾ ਬੇਹੱਦ ਜਰੂਰੀ ਹੈ ਅਤੇ ਇਹ ਮੰਚ ਆਮ ਆਦਮੀ ਪਾਰਟੀ ਦੇ ਰੂਪ ਵਿਚ ਲੋਕਾਂ ਕੋਲ ਮੌਜੂਦ ਹੈ। ਉਹਨਾਂ ਕਿਹਾ ਕਿ ਅਜੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਅਤੇ ਜੇ ਲੋਕ ਹੁਣ ਵੀ ਇਕੱਠੇ ਹੋ ਕੇ ਨਿਕੰਮੇ ਨਿਜ਼ਾਮ ਵਿਰੁੱਧ ਨਾ ਡਟੇ ਤਾਂ ਬਹੁਤ ਦੇਰ ਹੋ ਜਾਵੇਗੀ ਅਤੇ ਫੇਰ ਸਾਡੇ ਹੱਥ ਪੱਲੇ ਕੁਝ ਨਹੀਂ ਆਵੇਗਾ। ਉਹਨਾਂ ਕਿਹਾ ਕਿ ਇਹਨਾਂ ਸਿਆਸਤਦਾਨਾਂ ਵਲੋਂ ਫੈਲਾਈ ਨਸ਼ਾਖੋਰੀ ਕਾਰਨ ਅੱਜ ਸਾਡੀ ਜਵਾਨੀ ਅੱਜ ਸਰੀਰਕ ਅਤੇ ਮਾਨਸਿਕ ਪੱਖੋਂ ਖੋਖਲੀ ਹੋਈ ਪਈ ਹੈ ਅਤੇ ਜੇ ਹਾਲ ਇਸੇ ਤਰ੍ਹਾਂ ਰਿਹਾ ਤਾਂ ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਇਸ ਦਾ ਅੰਦਾਜਾ ਲਾਉਣਾ ਕੋਈ ਔਖਾ ਨਹੀਂ ਹੈ। ਰੋਡ ਸ਼ੋਅ ਨਾਲ ਜੁੜੀ ਖਾਸ ਗੱਲ ਇਹ ਰਹੀ ਕਿ ਇਹ ਜਿਧਰੋਂ ਵੀ ਨਿਕਲਿਆ, ਕੁਝ ਵਿਸ਼ੇਸ਼ ਭਾਈਚਾਰਿਆਂ ਦੇ ਲੋਕਾਂ ਨੇ 'ਮੈਂ ਹਾਂ ਆਮ ਆਦਮੀ' ਅਤੇ 'ਮੈਨੂੰ ਚਾਹੀਦਾ ਸਵਰਾਜ' ਦੇ ਨਾਅਰਿਆਂ ਵਾਲੀਆਂ ਟੋਪੀਆਂ ਦੀ ਭਾਰੀ ਮੰਗ ਕੀਤੀ। ਅਨੇਕਾਂ ਵਿਅਕਤੀਆਂ ਨੇ ਪਹਿਲਾਂ ਹੀ ਇਹ ਟੋਪੀਆਂ ਪਹਿਨੀਆਂ ਹੋਈਆਂ ਸਨ।    

No comments: