Saturday, March 08, 2014

ਕੌਮਾਂਤਰੀ ਔਰਤ ਦਿਹਾੜੇ 'ਤੇ 'ਮਿਊਜ਼ਿਅਮ' ਨਾਟਕ ਨੇ ਦਿੱਤਾ ਔਰਤ ਮੁਕਤੀ ਦਾ ਹੋਕਾ

ਪੀਪਲਜ਼ ਵਾਇਸ ਦੇ ਸਹਿਯੋਗ ਨਾਲ ਵਿਸ਼ੇਸ਼ ਆਯੋਜਨ 
Sat, Mar 8, 2014 at 6:04 PM
ਜਲੰਧਰ: 8 ਮਾਰਚ 2014: (*ਅਮੋਲਕ ਸਿੰਘ//ਪੰਜਾਬ ਸਕਰੀਨ):
'ਮਿਊਜ਼ਿਅਮ' ਨਾਟਕ ਯੁਵਾ ਥੀਏਟਰ ਜਲੰਧਰ ਦੀ ਪੇਸ਼ਕਸ ਜਿਸ ਨੂੰ ਵਿਸ਼ੇਸ਼ ਤੌਰ 'ਤੇ ਕੌਮਾਂਤਰੀ ਔਰਤ ਦਿਹਾੜੇ ਦੇ ਮੌਕੇ 'ਤੇ ਦੇਸ਼ ਭਗਤ ਯਾਦਗਾਰ ਕਮੇਟੀ ਨਾਲ ਮਿਲਕੇ ਪੀਪਲਜ਼ ਵਾਇਸ ਦੇ ਸਹਿਯੋਗ ਨਾਲ ਦੇਸ਼ ਭਗਤ ਯਾਦਗਾਰ ਹਾਲ ਵਿੱਚ ਪੇਸ਼ ਕੀਤਾ ਗਿਆ।
ਇਸ ਨਾਟਕ ਦੇ ਲੇਖਕ ਮੁੰਬਈ ਦੇ ਸੁਮੇਧ ਅਤੇ ਰਸਿਕਾ ਹਨ ਅਤੇ ਇਸਨੂੰ ਨਿਰਦੇਸ਼ਿਤ ਕੀਤਾ ਯੁਵਾ ਥੀਏਟਰ ਦੇ ਨਿਰਦੇਸ਼ਕ ਡਾ. ਅੰਕੁਰ ਸ਼ਰਮਾ ਨੇ।  ਇਹ ਨਾਟਕ ਵਿਸ਼ੇਸ਼ ਤੌਰ 'ਤੇ ਇਕ ਰੰਗ-ਕਰਮੀ ਦੀ ਪ੍ਰਤੀਕਿਰਿਆ ਹੈ ਸਾਡੇ ਸਮਾਜ ਵਿੱਚ ਔਰਤਾਂ ਦੇ ਵਿਰੁੱਧ ਲਗਾਤਾਰ ਵਧਦੇ ਅਤਿਆਚਾਰ ਤੇ ਅਪਰਾਧ ਦੇ ਵਿਰੁੱਧ।  ਇਸ ਵਿੱਚ ਤਿੰਨ ਔਰਤ ਅਭਿਨੇਤਰੀਆਂ ਬਾਰਾਂ ਅਲੱਗ-ਅਲੱਗ ਇਸਤਰੀਆਂ ਨਾਂਲ ਦਰਸ਼ਕਾਂ ਨੂੰ ਜਾਣੂ ਕਰਵਾਉਂਦਿਆਂ ਹਨ।  ਇਹ ਬਾਰਾਂ ਇਸਤਰੀਆਂ ਸਮੇਂ ਸਮੇਂ ਲਿਖੇ ਗ੍ਰੰਥਾਂ ਦੀਆਂ ਨਾਇਕਾਵਾਂ ਤੋਂ ਲੈ ਕੇ ਵਰਤਮਾਨ ਸਮੇਂ ਵਿੱਚ ਸ਼ੋਸ਼ਣ ਅਤੇ ਹਿੰਸਾ ਦੀਆਂ ਸ਼ਿਕਾਰ ਇਸਤਰੀਆਂ ਹਨ।  ਨਾਟਕ ਬਹੁਤ ਹੀ ਮਨੋਰੰਜਕ ਪਰ ਸਟੀਕ ਪੇਸ਼ਕਾਰੀ 'ਚ ਇਹ ਸੁਨੇਹਾ ਦੇਣ ਵਿੱਚ ਕਾਮਯਾਬ ਰਿਹਾ ਕਿ ਕਿਸ ਤਰ੍ਹਾਂ ਸਾਡੇ ਸਮਾਜਿਕ ਢਾਂਚੇ ਦੀ ਬਣਤਰ ਔਰਤ ਦੀ ਹੋਂਦ ਖੁਦਮੁਖ਼ਤਾਰੀ, ਸਵੈਮਾਣ ਨੂੰ ਹਮੇਸ਼ਾਂ ਦਬਾਕੇ ਰੱਖਦੀ ਹੈ।
ਨਾਲ ਹੀ ਨਾਲ ਨਾਟਕ ਕਰਾਰੀ ਚੋਟ ਕਰਦਾ ਹੈ ਕਿ ਅਜੋਕੇ ਸਮਾਜਕ ਪ੍ਰਬੰਧ ਅੰਦਰ ਔਰਤ ਨੂੰ ਇੱਕ ਬਾਜ਼ਾਰ ਦੀ ਵਸਤੂ ਬਣਾ ਧਰਿਆ ਹੈ।  ਚਰਮਸੀਮਾ 'ਤੇ ਪਹੁੰਚਕੇ ਨਾਟਕ ਸੁਨੇਹਾ ਦਿੰਦਾ ਹੈ ਕਿ 'ਬਸ ਹੁਣ ਹੋਰ ਨਹੀਂ', ਔਰਤ ਕੋਈ ਮਿਊਜ਼ੀਅਮ 'ਚ ਰੱਖੀ ਜਾਣ ਵਾਲੀ ਵਸਤੂ ਨਹੀਂ।
ਨਾਟਕ ਸੂਖ਼ਮਤਾ ਭਰੇ ਕਲਾਤਮਕ ਅੰਦਾਜ਼ 'ਚ ਔਰਤਾਂ ਉਪਰ ਢਾਹੀ ਜਾ ਰਹੀ ਬਹੁ-ਵੰਨਗੀ ਹਿੰਸਾ, ਆਰਥਕ, ਸਮਾਜਕ, ਮਾਨਸਿਕ ਲੁੱਟ-ਖਸੁੱਟ ਦੇ ਅਸਲ ਕਾਰਨਾਂ ਤੋਂ ਸੂਖ਼ਮ ਅਤੇ ਕਲਾਤਮਈ ਅੰਦਾਜ਼ 'ਚ ਪਰਦਾ ਚੁੱਕਦਾ ਹੈ।
ਨਾਟਕ ਵਿਚ ਖੂਬਸੁਰਤ ਅਦਾਕਾਰੀ ਨਿਭਾਈ ਅੰਜਲੀ ਮਿਸ਼ਰਾ, ਮਨਦੀਪ ਕੌਰ, ਹਿਨਾ ਸ਼ਰਮਾ, ਹਰੀਸ਼ ਡੋਗਰਾ ਅਤੇ ਅੰਕੁਰ ਸ਼ਰਮਾ ਨੇ।  ਸਮੂਹ-ਗਾਇਨ ਅਤੇ ਸੰਗੀਤ ਵਿੱਚ ਇਨ੍ਹਾਂ ਦਾ ਸਾਥ ਦਿੱਤਾ ਅੰਕੁਰ ਸ਼ਰਮਾ, ਹਰੀਸ਼ ਡੋਗਰਾ, ਵਿਸ਼ੇਸ਼ ਅਰੋੜਾ, ਵਿਕਾਸ ਸਭਰਵਾਲ, ਮਨਪ੍ਰੀਤ, ਧਰੁਵ ਅਤੇ ਕਰਨ ਬਿਸ਼ਤ ਨੇ।  ਰੌਸ਼ਨੀ ਦੇ ਬਾਖ਼ੂਬ ਪ੍ਰਭਾਵ ਸਿਰਜੇ ਹਰਜੀਤ ਸਿੰਘ ਨੇ। 
ਮੰਚ ਸੰਚਾਲਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।  ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਕੌਮਾਂਤਰੀ ਔਰਤ ਦਿਹਾੜੇ 'ਤੇ ਗ਼ਦਰੀ ਇਤਿਹਾਸ ਤੋਂ ਰੌਸ਼ਨੀ ਲੈ ਕੇ ਔਰਤਾਂ ਅਤੇ ਮਰਦਾਂ ਨੂੰ ਮੋਢੇ ਸੰਗ ਮੋਢਾ ਜੋੜਕੇ ਗੁਲਾਮੀ ਦੀਆਂ ਜੰਜੀਰਾਂ ਤੋੜਕੇ ਔਰਤ ਦੇ ਸਤਿਕਾਰ ਵਾਲਾ ਸਮਾਜ ਸਿਰਜਣ ਦਾ ਸੱਦਾ ਦਿੱਤਾ।
ਇਸ ਮੌਕੇ ਮੀਤ ਪ੍ਰਧਾਨ ਅਜਮੇਰ ਸਿੰਘ, ਕਮੇਟੀ ਮੈਂਬਰ ਕੁਲਬੀਰ ਸਿੰਘ ਸੰਘੇੜਾ, ਸੁਰਿੰਦਰ ਕੌਰ ਸੰਘੇੜਾ, ਸੀਤਲ ਸਿੰਘ ਸੰਘਾ, ਦੇਵਰਾਜ ਨਈਅਰ ਤੋਂ ਇਲਾਵਾ ਸ਼ਹਿਰ ਦੀਆਂ ਅਹਿਮ ਸਖ਼ਸ਼ੀਅਤਾਂ ਹਾਜ਼ਰ ਸਨ।
      
*ਅਮੋਲਕ ਸਿੰਘ ਦੇਸ਼ ਭਗਤ ਯਾਦਗਾਰੀ ਕਮੇਟੀ ਨਾਲ ਸਬੰਧਤ ਸਭਿਆਚਾਰਕ ਵਿੰਗ ਦੇ ਕਨਵੀਨਰ ਹਨ। 

No comments: