Saturday, March 29, 2014

ਬੇਟੀ ਨੂੰ ਛੇੜਨ ਤੋਂ ਰੋਕਿਆ ਤਾਂ ਬਾਂਹ ਤੋੜ ਦਿੱਤੀ

ਛੇੜਛਾੜ ਦੀਆਂ ਘਟਨਾਵਾਂ ਵਿੱਚ ਵਾਧਾ ਜਾਰੀ:ਪੁਲਿਸ ਵੱਲੋਂ ਮਾਮਲਾ ਦਰਜ 
ਲੁਧਿਆਣਾ: 28 ਮਾਰਚ 2014: (ਪੰਜਾਬ ਸਕਰੀਨ ਬਿਊਰੋ):
Courtesy Skecth
ਕਿਸੇ ਦੀ ਭੈਣ---ਕਿਸੇ ਦੀ ਧੀ---ਕਿਸੇ ਦੀ ਪਤਨੀ--ਕਿਸੇ ਦੀ ਮਾਂ--ਛੇੜਖਾਨੀ ਕਿਸੇ ਨਾਲ ਵੀ ਹੋ ਸਕਦੀ ਹੈ। ਰਾਹ ਜਾਂਦਿਆਂ ਛੇੜਛਾੜ ਜਾਂ ਕੁਮੈਂਟ ਕੱਸਣੇ ਹੁਣ ਇੱਕ ਆਮ ਜਿਹੀ ਗਲ ਹੋ ਗਈ ਹੈ। ਪਿਛੇ ਜਹੇ ਅੰਮ੍ਰਿਤਸਰ ਵਿੱਚ ਧੀ ਨੂੰ ਛੇੜੇ ਜਾਣ ਤੋਂ ਰੋਕਣ ਦੀ ਕੀਮਤ ਇੱਕ ਏ ਐਸ ਆਈ ਨੂੰ ਆਪਣੀ ਜਾਨ ਗੁਆ ਕੇ ਅਦਾ ਕਰਨੀ ਪਈ। ਜੇ ਦੋਸ਼ੀ ਦੇ ਖਿਲਾਫ਼ ਕੋਈ ਮਿਸਾਲੀ ਕਾਰਵਾਈ ਹੁੰਦੀ ਤਾਂ ਸ਼ਾਇਦ ਏਸ ਬੁਰਾਈ ਨੂੰ ਕੁਝ ਠੱਲ ਵੀ ਪੈਂਦੀ। ਹੁਣ ਲਗਾਤਾਰ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਜਾਰੀ ਹੈ। ਹੁਣ ਲੁਧਿਆਣਾ ਵਿੱਚ ਬੇਟੀ ਨੂੰ ਛੇੜਨ ਤੋਂ ਰੋਕਣਾ ਇਕ ਪਿਤਾ ਨੂੰ ਇਸ ਕਦਰ ਮਹਿੰਗਾ ਪੈ ਗਿਆ ਕਿ ਕਥਿਤ ਦੋਸ਼ੀ ਨੌਜਵਾਨ ਨੇ ਉਸ 'ਤੇ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਨਾਲ ਜ਼ਖਮੀ ਕਰਕੇ ਉਸਦੀ ਬਾਂਹ ਤੋੜ ਦਿੱਤੀ। ਇਥੇ ਹੀ ਬਸ ਨਹੀਂ--ਹਮਲੇ ਤੋਂ ਬਾਅਦ ਵੀ ਉਹ ਧਮਕੀਆਂ ਦਿੰਦਾ ਹੋਇਆ ਮੌਕੇ 'ਤੋਂ ਫਰਾਰ ਹੋ ਗਿਆ। ਸਾਫ਼ ਜ਼ਾਹਿਰ ਹੈ ਕਿ ਉਸਨੂੰ ਕਾਨੂੰਨ ਦਾ ਕੋਈ ਡਰ ਮਹਿਸੂਸ ਨਹੀਂ ਸੀ ਹੋ ਰਿਹਾ। ਗੰਭੀਰ ਰੂਪ ਵਿੱਚ ਜ਼ਖਮੀ ਹੋਏ ਵਿਅਕਤੀ ਨੂੰ ਲੋਕਾਂ ਨੇ ਇਲਾਜ ਲਈ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ। ਜ਼ਖਮੀਆਂ ਦੀ ਪਛਾਣ ਦੁਰਗਾਪੁਰੀ ਦੇ ਰਹਿਣ ਵਾਲੇ ਪਵਨ ਕੁਮਾਰ ਦੇ ਰੂਪ ਵਿਚ ਹੋਈ ਹੈ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਨੇ ਜ਼ਖਮੀਆਂ ਦੇ ਬਿਆਨ 'ਤੇ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਚੌਕੀ ਜਗਤਪੁਰੀ ਦੇ ਇੰਚਾਰਜ ਸੁਖਦੇਵ ਰਾਜ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਦੀ ਪਛਾਣ ਦੁਰਗਾਪੁਰੀ ਮੰਦਰ ਵਾਲੀ ਗਲੀ ਦੇ ਰਹਿਣ ਵਾਲੇ ਮੋਨੂੰ (24) ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਜ਼ਖਮੀ ਨੇ ਦੱਸਿਆ ਕਿ ਜਦੋਂ ਉਸਦੀ ਬੇਟੀ ਆਪਣੇ ਘਰ ਦੇ ਬਾਹਰ ਖੜੀ ਸੀ ਉਦੋਂ ਮੁਹੱਲੇ ਦਾ ਹੀ ਰਹਿਣ ਵਾਲਾ ਦੋਸ਼ੀ ਉਸਦੀ ਬੇਟੀ ਨੂੰ ਇਸ਼ਾਰੇ ਕਰਨ ਲੱਗਾ, ਜਿਸਦੇ ਬਾਅਦ ਲੜਕੀ ਨੇ ਤੁਰੰਤ ਉਨ੍ਹਾਂ ਨੂੰ ਦੱਸਿਆ। ਬੇਟੀ ਨੂੰ ਛੇੜਨ ਦਾ ਜਦ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਇਹ ਭੜਕਿਆ ਹੋਇਆ ਨੌਜਵਾਨ ਉਲਟਾ ਲੜਕੀ ਦੇ ਪਿਤਾ ਨੂੰ ਹੀ ਗਾਲੀ-ਗਲੋਚ ਕਰਨ ਲੱਗਾ ਤੇ ਮਾਰਕੁੱਟ ਕਰਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਇੰਨਾ ਹੀ ਨਹੀਂ ਉਨ੍ਹਾਂ ਦੀ ਬੇਟੀ ਨਾਲ ਅਸ਼ਲੀਲ ਹਰਕਤਾਂ ਕਰਦੇ ਹੋਏ ਫਰਾਰ ਹੋ ਗਿਆ। ਥਾਣਾ ਡਵੀਯਨ ਨੰਬਰ-4 ਦੀ ਪੁਲਿਸ ਨੇ ਪਵਨ ਕੁਮਾਰ ਪੁੱਤਰ ਬ੍ਰਿਜ ਲਾਲ ਦੀ ਸ਼ਿਕਾਇਤ ਤੇ ਮੋਨੂੰ ਅਤੇ ਉਸਦੀ ਮਾਂ ਦੇ ਖਿਲਾਫ਼ 354/325/294/506/34 ਅਧੀਨ ਆਈ ਪੀ ਸੀ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਦੋਸ਼ੀ ਦੀ ਤਲਾਸ਼ ਵਿਚ ਛਾਪੇਮਾਰੀ ਵੀ ਕਰ ਰਹੀ ਹੈ। ਕਾਬਿਲੇ ਜ਼ਿਕਰ ਹੈ ਕਿ ਕਾਨੂੰਨ ਦੇ ਲੰਮੇ ਹੱਥ ਬਾਪੂ ਅਤੇ ਤਰੁਣ ਤੇਜ ਪਾਲ ਵਰਗੇ ਪ੍ਰਮੁਖ ਵਿਅਕਤੀਆਂ ਤੱਕ ਭਾਵੇਂ ਪਹੁੰਚ ਗਏ ਹੋਣ ਪਰ ਆਮ ਵਿਅਕਤੀ ਦੀ ਕੁੜੀ ਨਾਲ ਛੇੜਛਾੜ ਦੇ ਮਾਮਲਿਆਂ ਵਿੱਚ ਧਰਨੇ ਲਾ ਕੇ ਵੀ ਸੁਣਵਾਈ ਨਹੀਂ ਹੁੰਦੀ। 
ਇਹ ਲਿੰਕ ਵੀ ਦੇਖੋ:






No comments: