Wednesday, March 19, 2014

ਆਮ ਆਦਮੀ ਪਾਰਟੀ ਲੋਕਾਂ ਨੂੰ ਅਸਲ ਅਜ਼ਾਦੀ ਦਿਵਾਉਣਾ ਚਾਹੁੰਦੀ ਹੈ—ਫੂਲਕਾ

'ਆਪ' ਉਮੀਦਵਾਰ ਵਲੋਂ ਗਿੱਲ ਅਸੈਂਬਲੀ ਹਲਕੇ ਦੇ ਪਿੰਡਾਂ ਦੇ ਤੂਫਾਨੀ ਦੌਰੇ
ਲੁਧਿਆਣਾ: 19 ਮਾਰਚ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਲੁਧਿਆਣਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਵਲੋਂ ਚੋਣ ਲੜ ਰਹੇ ਉਘੇ ਵਕੀਲ ਸ. ਹਰਵਿੰਦਰ ਸਿੰਘ ਫੂਲਕਾ ਵਲੋਂ ਲੁਧਿਆਣਾ ਦੇ ਗਿੱਲ ਵਿਧਾਨ ਸਭਾ ਹਲਕੇ ਵਿਚ ਪੈਂਦੇ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਗਿਆ ਅਤੇ ਉਹਨਾਂ ਦੇ ਵਸਨੀਕਾਂ ਨੂੰ 'ਆਪ' ਨਾਲ ਜੁੜਨ ਦੀ ਅਪੀਲ ਕੀਤੀ। ਅੱਜ ਸ. ਫੂਲਕਾ ਜਿਹੜੇ-ਜਿਹੜੇ ਪਿੰਡਾਂ ਵਿਚ ਗਏ, ਉਹਨਾਂ ਵਿਚ ਨਾਰੰਗਵਾਲ ਕਲਾਂ, ਨਾਰੰਗਵਾਲ ਖੁਰਦ, ਕਿਲਾ ਰਾਏਪੁਰ, ਜਗਸੌਲੀ, ਮਾਜਰੀ, ਮਹਿਮਾ ਸਿੰਘ ਵਾਲਾ, ਚੁਪਕੀ ਅਤੇ ਜੱਸੋਵਾਲ ਦੇ ਨਾਂ ਵਰਣਨਯੋਗ ਹਨ। ਇਹਨਾਂ ਪਿੰਡਾਂ ਵਿਚ ਸ. ਫੂਲਕਾ ਵਲੋਂ ਲੋਕਾਂ ਨਾਲ ਵਿਸ਼ੇਸ਼ ਮੀਟਿੰਗਾਂ ਕਰਕੇ ਨਿੱਜੀ ਤੌਰ 'ਤੇ ਰਾਬਤਾ ਕਾਇਮ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਅਤੇ ਕੇਂਦਰ ਦੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਭ੍ਰਿਸ਼ਟ ਅਮਲਾਂ ਦਾ ਪਰਦਾਫਾਸ਼ ਕੀਤਾ ਅਤੇ ਆਮ ਆਦਮੀ ਪਾਰਟੀ ਵਲੋਂ ਇਹਨਾਂ ਅਮਲਾਂ ਵਿਰੁੱਧ ਵਿੱਢੀ ਗਈ ਦੇਸ਼ ਪੱਧਰੀ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਮੁਹਿੰਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਦੇਸ਼ ਦੇ ਸਾਰੇ ਲੋਕਾਂ ਨੂੰ ਇਕਜੁਟ ਹੋ ਕੇ ਸਮੁੱਚੇ ਨਿਜ਼ਾਮ ਵਿਚ ਸੁਧਾਰ ਲਿਆਉਣ ਜੰਗ ਲੜਨੀ ਪਵੇਗੀ ਕਿਉਂਕਿ ਅਜੌਕੇ ਭ੍ਰਿਸ਼ਟ ਸਿਆਸਤਦਾਨ ਏਨੇ ਤਾਕਤਵਰ ਹੋ ਗਏ ਹਨ ਕਿ ਇਕਜੁਟਤਾ ਤੋਂ ਬਗੈਰ ਇਹਨਾਂ ਨੂੰ ਨੱਥ ਨਹੀਂ ਪਾਈ ਜਾ ਸਕਦੀ। ਉਹਨਾਂ ਇਹ ਵੀ ਕਿਹਾ ਕਿ ਅੱਜ ਦੇ ਸਿਆਸਤਦਾਨਾਂ ਨੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਰੱਖਿਆ ਹੋਇਆ ਹੈ ਕਿਉਂਕਿ ਇਹਨਾਂ ਸਿਆਸਤਦਾਨਾਂ ਦੀ ਚੌਂਕੀ ਭਰਨ ਤੋਂ ਬਿਨਾਂ ਜਾਂ ਇਹਨਾਂ ਦੀ ਸਿਫਾਰਸ਼ ਤੋਂ ਬਿਨਾਂ ਆਮ ਲੋਕਾਂ ਦਾ ਕਿਸੇ ਵੀ ਸਰਕਾਰੀ ਦਫ਼ਤਰ 'ਚ ਕੰਮ ਨਹੀਂ ਹੁੰਦਾ। ਉਹਨਾਂ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਇਹ ਨਿਕੰਮਾ ਸਿਸਟਮ ਬਦਲਣਾ ਚਾਹੁੰਦੀ ਹੈ, ਤਾਂ ਹੀ ਆਮ ਲੋਕਾਂ ਦਾ ਭਲਾ ਹੋ ਸਕਦਾ ਹੈ। ਇਹਨਾਂ ਪਿੰਡਾਂ ਦੇ ਲੋਕਾਂ ਨੇ ਸ. ਫੂਲਕਾ ਨੂੰ ਭਰਵਾਂ ਹੁੰਗਾਰਾ ਦਿੱਤਾ ਅਤੇ ਮੀਟਿੰਗਾਂ ਵਿਚ ਵਿਸ਼ਾਲ ਗਿਣਤੀ ਵਿਚ ਪਿੰਡ ਵਾਸੀਆਂ ਨੇ ਸ਼ਿਰਕਤ ਕੀਤੀ। ਅੱਜ ਦੀਆਂ ਮੀਟਿੰਗਾਂ ਨੇ ਇਹ ਦਰਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਹੱਕ ਖੜ੍ਹੀ ਹੋਈ ਲਹਿਰ ਸਿਰਫ ਸ਼ਹਿਰੀ ਇਲਾਕੇ ਤੱਕ ਹੀ ਸੀਮਤ ਨਹੀਂ ਹੈ, ਸਗੋਂ ਪਿੰਡਾਂ ਵਿਚ ਵੀ ਇਸ ਲਹਿਰ ਪ੍ਰਤੀ ਹਰਮਨਪਿਆਰਤਾ ਵਧ ਰਹੀ ਹੈ। ਅੱਜ ਦੀਆਂ ਮੀਟਿੰਗ ਵਿਚ ਸਮਾਜ ਸੇਵੀ ਜਥੇਬੰਦੀਆਂ ਨੇ ਵੀ ਸਰਗਰਮੀ ਨਾਲ ਸ਼ਮੂਲੀਅਤ ਕੀਤੀ।   

No comments: