Wednesday, March 19, 2014

ਪੁਲਿਸ ਨੇ ਕੀਤਾ ਸੁੱਖਾ ਗਿਰੋਹ ਨੂੰ ਕਾਬੂ ਕਰਨ ਦਾ ਦਾਅਵਾ

ਕਈ ਖਤਰਨਾਕ ਹਥਿਆਰ ਅਤੇ  ਕਾਰਤੂਸ ਵੀ ਬਰਾਮਦ ਕੀਤੇ
ਲੁਧਿਆਣਾ: 19 ਮਾਰਚ 2014: (ਰੈਕਟਰ ਕਥੂਰੀਆ //ਕੈਮਰਾ-ਹਰਜਸ-ਮੋਹਨ ਲਾਲ//ਪੰਜਾਬ ਸਕਰੀਨ): 
ਅਮਨ ਕਾਨੂੰਨ ਦੀ ਵਿਗੜਦੀ ਹਾਲਤ ਦੇ ਮੁੱਦੇ ਨੂੰ ਲੈ ਕੇ ਗੈਰ ਅਕਾਲੀ ਉਮੀਦਵਾਰਾਂ ਵੱਲੋਂ ਪੁਲਿਸ ਨੂੰ ਲਗਾਤਾਰ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਮਨ ਕਾਨੂੰਨ ਦੀ ਵਿਗੜਦੀ ਹਾਲਤ ਕਰਨ ਕਮਿਸ਼ਨਰ ਦੇ ਤਬਾਦਲੇ ਦੀ ਮੰਗ ਵੀ ਕੀਤੀ ਜਾ ਚੁੱਕੀ ਹੈ। ਲਗਾਤਾਰ ਹੋ ਰਹੀਆਂ ਵਾਰਦਾਤਾਂ ਅਤੇ ਇਸ ਤਿੱਖੀ ਆਲੋਚਨਾ ਕਾਰਣ ਪੈਦਾ ਹੋਈ ਨਾਜ਼ੁਕ ਹਾਲਤ ਦੌਰਾਨ ਪੁਲਿਸ ਨੇ  ਇੱਕ ਹੋਰ ਪ੍ਰਾਪਤੀ ਆਪਣੇ ਨਾਮ ਦਰਜ ਕੀਤੀ ਹੈ। ਇਹ ਪ੍ਰਾਪਤੀ ਹੈ ਸੁੱਖਾ ਗਿਰੋਹ ਦੀ ਗਿਰਫਤਾਰੀ। ਪੁਲਿਸ ਨੇ ਇਸਦਾ ਵੇਰਵਾ ਅੱਜ ਬਾਅਦ ਦੁਪਹਿਰ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤਾ।  
ਪੰਜਾਬ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਡਾਕੇ ਅਤੇ ਲੁੱਟਾਂ ਮਾਰਾਂ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਸ ਸੁੱਖਾ ਬਾੜੇਵਾਲ ਗਿਰੋਹ ਦੇ ਮੁਖੀ ਸਮੇਤ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਹਨਾਂ ਕੋਲੋਂ ਕਈ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਕੀਤੇ ਗਾਏ ਹਨ। ਕਾਬੂ ਕੀਤੇ ਗਏ ਇਹਨਾਂ ਹਥਿਆਰਾਂ ਵਿੱਚ .32 ਬੋਰ ਦੀਆਂ ਤਿੰਨ ਪਿਸਤੋਲਾਂ, ਇੱਕ .315 ਬੋਰ ਦੀ ਦੇਸੀ ਪਿਸਟਲ, ਇੱਕ 12 ਬੋਰ ਦੀ ਬੰਦੂਕ ਅਤੇ 75 ਕਾਰਆਮਦ ਜਿੰਦਾ ਕਾਰਤੂਸ ਵੀ ਸ਼ਾਮਿਲ ਹਨ। ਪੁਲਿਸ ਦੇ ਮੁਤਾਬਿਕ ਭਾਵੇਂ ਇਹਨਾਂ ਹਥਿਆਰਾਂ ਦੀ ਵਰਤੋਂ ਲੋਕ ਸਭਾ ਚੋਣਾਂ ਵਿੱਚ ਕੀਤੇ ਜਾਣ ਦਾ ਕੋਈ ਅਹਿਮ ਸੁਰਾਗ ਤਾਂ ਅਜੇ ਤੱਕ ਨਹੀਂ ਮਿਲਿਆ ਪਰ ਪੁਲਿਸ ਇਸ ਪਹਿਲੂ ਬਾਰੇ ਵੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਗਿਰੋਹ ਦੇ ਫੜੇ ਗਏ ਮੈਂਬਰਾਂ ਉੱਪਰ 27 ਦੇ ਕਰੀਬ ਮੁਕਦਮੇ ਪਹਿਲਾਂ ਹੀ ਦਰਜ ਹਨ।  ਹੁਣ ਦੇਖਣਾ ਹੈ ਕਿ ਪੁੱਛਗਿਛ ਦੌਰਾਨ ਹੋਰ ਕੀ ਕੀ ਸਾਹਮਣੇ ਆਉਂਦਾ ਹੈ।

No comments: