Monday, March 10, 2014

ਲਹੂ ਪੀਣੀਆਂ ਸੜਕਾਂ ਤੇ ਦੌੜਦੀ ਮੌਤ ਨੇ ਲਈਆਂ ਦੋ ਹੋਰ ਜਾਨਾਂ

ਲੁਧਿਆਣਾ ਦੀ ਮਹਿਲਾ ਜੱਜ ਅਤੇ ਬੇਟੇ ਦੀ ਭਿਆਨਕ ਹਾਦਸੇ ਦੌਰਾਨ ਮੌਤ
ਫਿਲੌਰ//ਲੁਧਿਆਣਾ: 10 ਮਾਰਚ 2014: (ਹਰਜਸ//ਮੋਹਨ ਲਾਲ//ਰਵੀ ਨੰਦਾ//ਪੰਜਾਬ ਸਕਰੀਨ): 
ਸੜਕੀ ਸਫਰ ਲਗਾਤਾਰ ਖਤਰਿਆਂ ਭਰਿਆ ਹੁੰਦਾ ਜਾ ਰਿਹਾ ਹੈ। ਕਿਸੇ ਵੀ ਚੰਗੇ ਭਲੇ ਇਨਸਾਨ ਨੂੰ ਸੜਕਾਂ ਤੇ ਬੇਰੋਕ ਦੌੜਦੀ ਮੌਤ ਕਿਸੇ ਵੀ ਵੇਲੇ ਆਪਣਾ ਨਿਸ਼ਾਨ ਬਣਾ ਸਕਦੀ ਹੈ। ਥੋਹੜੀ ਥੋਹੜੀ ਵਿਥ ਤੇ ਲੋਕਾਂ ਕੋਲੋਂ ਟੋਲ ਟੈਕਸ ਵਸੂਲ ਕਰਨ ਵਾਲੀਆਂ ਸਰਕਾਰਾਂ ਲੋਕਾਂ ਦੀਆਂ ਅਨਮੋਲ ਜਾਨਾਂ ਨੂੰ ਬਚਾਉਣ ਵਿੱਚ ਲਗਾਤਾਰ ਨਾਕਾਮ ਹੋ ਰਹੀਆਂ ਹਨ। ਸੜਕੀ ਸਫਰ ਦੌਰਾਨ ਇੱਕ ਮਹਿਲਾ ਜੱਜ ਦੀ ਮੌਤ ਨੇ ਇਸ ਮੁੱਦੇ ਨੂੰ ਫਿਰ ਗਰਮਾ ਦਿੱਤਾ ਹੈ।
ਫਿਲੌਰ ਦੇ ਨਜ਼ਦੀਕ ਸੋਮਵਾਰ ਦੀ ਸਵੇਰ ਨੂੰ ਕਰੀਬ 7 ਵਜੇ ਲੁਧਿਆਣਾ ਦੀ ਸਿਵਲ ਜੱਜ ਜੂਨੀਅਰ ਡਵੀਜ਼ਨ ਅਤੇ ਉਸ ਦੇ 4 ਸਾਲਾ ਬੇਟੇ ਦੀ ਇਕ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਹ ਕ੍ਗ੍ਬਰ ਆਉਂਦੀਆਂ ਸਾਰ ਹੀ ਲੋਕਾਂ ਵਿੱਚ ਉਦਾਸੀ ਛਾ ਗਈ। ਕਾਰ ਚਲਾ ਰਿਹਾ ਮਹਿਲਾ ਜੱਜ ਦਾ ਪਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਭਰਤੀ ਕਰਾਇਆ ਗਿਆ ਹੈ ਜਿੱਥੇ  ਉਹ ਆਪਣੀ ਲੁੱਟ ਚੁੱਕੀ ਦੁਨੀਆ ਬਾਰੇ ਸੋਚ ਸੋਚ ਗੁੰਮਸੁੰਮ ਹੋਇਆ ਹੈ ਬੈਠਾ ਹੈ। 
ਸੂਚਨਾ ਮੁਤਾਬਕ 31 ਸਾਲਾਂ ਦੀ ਇਹ ਹਰਮਨ ਪਿਆਰੀ ਮਹਿਲਾ ਜੱਜ ਸੁਖਬੀਰ ਕੌਰ ਆਪਣੀ ਕਾਰ 'ਚ ਅੰਮ੍ਰਿਤਸਰ ਤੋਂ ਲੁਧਿਆਣਾ ਵੱਲ ਆ ਰਹੀ ਸੀ। ਉਸ ਸਮੇਂ ਉਸ ਦਾ ਪਤੀ ਹਰਪ੍ਰੀਤ ਸਿੰਘ ਕਾਰ ਚਲਾ ਰਿਹਾ ਸੀ, ਜਦੋਂ ਕਿ ਉਸ ਦਾ 4 ਸਾਲਾ ਬੇਟਾ ਆਦਮਪ੍ਰੀਤ ਉਸ ਦੀ ਗੋਦੀ 'ਚ ਸੌਂ ਰਿਹਾ ਸੀ। ਜਿਵੇਂ ਹੀ ਕਾਰ ਫਿਲੌਰ ਦੇ ਬੱਸ ਸਟੈਂਡ ਦੇ ਨੇੜੇ ਵੇਰਕਾ ਮਿਲਕ ਪਲਾਂਟ ਕੋਲ ਪਹੁੰਚੀ ਤਾਂ ਇਹ ਗੈਸ ਦੇ ਟੈਂਕਰ ਦੇ ਪਿੱਛੇ ਜਾ ਵੱਜੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਸੁਖਬੀਰ ਅਤੇ ਉਸ ਦੇ ਬੇਟੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਬੁਰੀ ਤਰ੍ਹਾਂ ਜ਼ਖਮੀ ਹੋਈ ਸੁਖਬੀਰ ਦੇ ਪਤੀ ਨੂੰ ਹਸਪਤਾਲ ਭਰਤੀ ਕਰਾਇਆ ਗਿਆ, ਜਿੱਥੇ ਹੁਣ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੰਜਾਬ ਦੀਆਂ ਸੜਕਾਂ ਦੇ ਇਸ ਦੁੱਖਦਾਈ ਸਫਰ ਨੇ ਉਸਨੂੰ ਦੁੱਖ ਅਤੇ ਉਦਾਸੀ ਦੇ ਲੰਮੇ ਰਾਹਾਂ ਤੇ ਤੋਰ ਦਿੱਤਾ ਹੈ। 
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਲੁਧਿਆਣਾ ਵਿੱਚ ਸੋਗ ਛਾ ਗਿਆ। ਏਥੋਂ ਦੇ ਕੋਰਟ ਕੰਪਲੈਕਸ 'ਚ ਮਾਤਮ ਵਾਲਾ ਮਾਹੌਲ ਬਣ ਗਿਆ। ਸਾਰੇ ਜੱਜ ਆਪਣਾ ਕੰਮਕਾਜ ਬੰਦ ਕਰਕੇ ਆਪਣੀ ਮਹਿਲਾ ਸਾਥੀ ਦੇ ਸੋਗ 'ਚ ਉਸ ਦੀ ਰਿਹਾਇਸ਼ ਵਿਖੇ ਪਹੁੰਚ ਗਏ। ਜ਼ਿਕਰਯੋਗ ਹੈ ਕਿ ਮ੍ਰਿਤਕ ਸੁਖਬੀਰ ਕੌਰ ਦੀ ਜੱਜ ਬਣਨ ਤੋਂ ਬਾਅਦ ਲੁਧਿਆਣਾ 'ਚ ਪਹਿਲੀ ਨਿਯੁਕਤੀ ਹੋਈ ਸੀ ਅਤੇ ਉਸ ਨੇ ਅਗਲੇ ਮਹੀਨੇ ਆਪਣੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਕਰਨੇ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਉਸ ਦੀ ਤਰੱਕੀ ਹੋ ਕੇ ਉਸ ਨੂੰ ਵੱਡੇ ਅਹੁਦੇ 'ਤੇ ਤਾਇਨਾਤ ਕੀਤਾ ਜਾਣਾ ਸੀ। ਫਿਲਹਾਲ ਹਾਦਸੇ ਤੋਂ ਬਾਅਦ ਫਿਲੌਰ ਪੁਲਸ ਨੇ ਟਰੱਕ ਚਾਲਕ ਸਤੀਸ਼ ਕੁਮਾਰ ਨੂੰ ਹਿਰਾਸਤ 'ਚ ਲੈ ਕੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਸਦੇ ਖਿਲਾਫ਼ ਕਾਰਵਾਈ ਵੀ ਹੋਵੇਗੀ ਪਰ ਜੱਜ ਸੁਖਬੀਰ ਕੌਰ ਹੁਣ ਕਦੇ ਵਾਪਿਸ ਨਹੀਂ ਆਵੇਗੀ। ਹੁਣ ਦੇਖਣਾ ਹੈ ਕਿ ਸੜਕੀ ਸਫਰ ਨੂੰ ਸੁਰਖਿਅਤ ਕਰਨ ਲਈ ਕੀ ਕਦਮ ਚੁੱਕੇ ਜਾਂਦੇ ਹਨ।  
ਇਸੇ ਤਰਾਂ ਇੱਕ ਹੋਰ ਸੜਕ ਹਾਦਸੇ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ। ਟ੍ਰਾੰਸਪੋਰਟ ਨੇੜੇ ਜੀ ਟੀ ਰੋਡ ਤੇ ਹੋਏ ਸੜਕ ਹਾਦਸੇ ਦੌਰਾਨ ਉਸ ਵੇਲੇ ਮਨਿੰਦਰ ਸਿੰਘ ਕਿਸੇ ਕਰਿਸ਼੍ਮੇ ਨਾਲ ਹੀ ਬਚ ਗਏ ਜਦੋਂ ਉਹਨਾਂ ਨੂੰ ਪਿਛਲੇ ਪਾਸਿਓਂ ਕਰ ਅਤੇ ਅਗਲੇ ਪਾਸਿਓਂ ਬੱਸ ਨੇ ਟੱਕਰ ਮਾਰ ਦਿੱਤੀ। ਇਹ ਸੜਕ ਹਾਦਸਾ ਕਿੰਨਾ ਭਿਆਨਕ ਹੋਇਆ ਹੋਵੇਗਾ ਇਸਦਾ ਅੰਦਾਜ਼ਾ ਤੁਸੀਂ ਇਹਨਾਂ ਤਸਵੀਰਾਂ ਤੋਂ ਹੀ ਲਗਾ ਸਕਦੇ ਹੋ। 

No comments: