Tuesday, March 04, 2014

ਸ਼ਹੀਦੀ ਖੂਹ ਵਾਲੀ ਜਗ੍ਹਾ 'ਤੇ ਬਣੇਗੀ ਇਤਿਹਾਸਕ ਯਾਦਗਾਰ

ਮੁੱਖ ਮੰਤਰੀ ਬਾਦਲ ਵੱਲੋਂ ਅਹਿਮ ਐਲਾਨ 
ਚੰਡੀਗੜ੍ਹ//ਅੰਮ੍ਰਿਤਸਰ: 3 ਮਾਰਚ 2014: (ਪੰਜਾਬ ਸਕਰੀਨ ਬਿਊਰੋ): ਸ਼ਹੀਦੀ ਖੂਹ ਦੇ ਮਿਲਣ ਅਤੇ ਉਸਦੀ ਖੁਦਾਈ ਦੌਰਾਨ ਮਿਲੀਆਂ ਅਸਥੀਆਂ ਦੀਆ ਖਬਰਾਂ ਮੀਡੀਆ ਵਿੱਚ ਲਗਾਤਾਰ ਆਉਣ ਮਗਰੋਂ ਸਰਕਾਰੀ ਪਧਰ ਤੇ ਵੀ ਹਿਲਜੁਲ ਹੋਈ ਹੈ। ਇਸ ਮਾਮਲੇ ਵਿੱਚ ਪਹਿਲ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਅਜਨਾਲਾ ਦੇ ਸ਼ਹੀਦੀ ਖੂਹ ਵਾਲੀ ਜਗ੍ਹਾ 'ਤੇ ਇਤਿਹਾਸਕ ਯਾਦਗਾਰ ਬਣਾਈ ਜਾਵੇਗੀ। ਇਹ ਐਲਾਨ ਉਹਨਾਂ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਸ੍ਰ. ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਵੀ ਭਗਤ ਨੂੰ ਇਤਿਹਾਸਕ ਖੂਹ ਦਾ ਜਾਇਜ਼ਾ ਲੈਣ ਲਈ ਭੇਜਿਆ ਹੈ ਅਤੇ ਪ੍ਰਸ਼ਾਸਨ ਦੀ ਰਿਪੋਰਟ ਤੋਂ ਬਾਅਦ ਸਰਕਾਰ ਇਸ ਜਗ੍ਹਾ 'ਤੇ ਯਾਦਗਾਰ ਬਣਾਉਣ ਦਾ ਪ੍ਰਾਜੈਕਟ ਤਿਆਰ ਕਰੇਗੀ। ਸਰਕਾਰ ਦੀ ਇਸ ਪਹਿਲਕਦਮੀ ਦਾ ਸਵਾਗਤ ਵੀ ਹੋਇਆ ਹੈ। ਬਰਤਾਨਵੀ ਸਰਕਾਰ ਵੇਲੇ ਵਾਪਰੇ ਇਸ ਅਣਮਨੁੱਖੀ ਕਾਂਡ ਦੀ ਜਾਣਕਾਰੀ ਦੇਣ ਵਾਲੇ ਅਜਨਾਲਾ ਦੇ ਇਸ ਸ਼ਹੀਦੀ ਖੂਹ 
'ਚੋਂ ਸ਼ਹੀਦਾਂ ਦੀਆਂ ਅਸਥੀਆਂ ਕੱਢਣ ਦਾ ਕੰਮ 28 ਫਰਵਰੀ ਨੂੰ ਸ਼ੁਰੂ ਹੋਇਆ ਸੀ ਜਿਸ ਵਿੱਚ ਆਮ ਲੋਕਾਂ ਨੇ ਬਹੁਤ ਹੀ ਭਰੇ ਮਨ ਦੇ ਨਾਲ ਨਾਲ ਅਥਾਹ ਸਤਿਕਾਰ ਨਾਲ ਭਾਗ ਲਿਆ ਸੀ।  ਤਿੰਨ ਦਿਨ ਤੱਕ ਚੱਲੀ ਖੋਦਾਈ ਤੋਂ ਬਾਅਦ ਇਸ ਜਗ੍ਹਾ ਤੋਂ 90 ਦੇ ਕਰੀਬ ਖੋਪੜੀਆਂ, 170 ਤੋਂ ਜ਼ਿਆਦਾ ਜਬਾੜ੍ਹੇ, 5 ਹਜ਼ਾਰ ਦੇ ਕਰੀਬ ਦੰਦਾਂ ਤੋਂ ਇਲਾਵਾ ਬ੍ਰਿਟਿਸ਼ ਇੰਡੀਅਨ ਕੰਪਨੀ ਦੇ 70 ਸਿੱਕੇ, ਸੋਨੇ ਦੇ 6 ਮੋਤੀ ਅਤੇ ਬਹੁਤ ਸਾਰਾ ਹੋਰ ਸਾਮਾਨ ਵੀ ਮਿਲਿਆ ਹੈ ਜਿਸ ਨੂੰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਰੱਖਿਆ ਜਾ ਰਿਹਾ ਹੈ। ਇਸ ਖੁਦਾਈ ਤੋਂ ਬਾਅਦ ਮਿਲੀਆਂ ਵਸਤਾਂ ਦੀ ਮੁਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ 1857 ਨੂੰ ਈਸਟ ਇੰਡੀਆ ਕੰਪਨੀ ਲਾਹੌਰ ਤੋਂ ਬਗਾਵਤ ਕਰਕੇ ਭੱਜੇ 282 ਸੈਨਿਕਾਂ ਨੂੰ ਇਸ  ਅਸਥਾਨ 'ਤੇ ਬਹੁਤ ਹੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਕੇ ਇਸ ਖੂਹ 'ਚ ਸੁੱਟ ਦਿੱਤਾ ਗਿਆ ਸੀ। ਇਹਨਾਂ ਵਿੱਚ 47 ਬਾਗੀ ਫੌਜੀਆਂ ਨੂੰ ਇਸ ਖੂਹ ਵਿੱਚ ਜਿਊਂਦਿਆਂ ਹੀ ਦਫਨ ਕਰ ਦਿੱਤਾ ਗਿਆ ਸੀ। ਇਸ ਘਟਨਾ ਨਾਲ 157 ਸਾਲਾਂ ਬਾਅਦ ਹੁਣ ਇਨ੍ਹਾਂ ਸ਼ਹੀਦਾਂ ਦੀਆਂ ਅਸਥੀਆਂ ਨੂੰ ਸਨਮਾਨ ਦੇਣ ਦਾ ਸਿਲਸਿਲਾ ਸ਼ੁਰੂ ਹੋਇਆ ਹੈ। ਇਸੇ ਦੌਰਾਨ ਅੰਮ੍ਰਿਤਸਰ ਤੋਂ ਮਿਲੀਆਂ ਖਬਰਾਂ ਮੁਤਾਬਿਕ ਅਜਨਾਲਾ ਦੇ ਸ਼ਹੀਦੀ ਖੂਹ 'ਚੋਂ ਅਸਥੀਆਂ ਕੱਢਣ ਦਾ ਕੰਮ ਪੂਰਾ ਹੋਣ ਤੋਂ ਬਾਅਦ ਆਖਿਰਕਾਰ ਸੋਮਵਾਰ ਵਾਲੇ ਦਿਨ ਪ੍ਰਸ਼ਾਸਨ ਨੂੰ ਵੀ ਇਸ ਇਤਿਹਾਸਕ ਸਥਾਨ ਦਾ ਦੌਰਾ ਕਰਨ ਦੀ ਯਾਦ ਆ ਹੀ ਗਈ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਵੀ ਭਗਤ ਨੇ ਸੋਮਵਾਰ ਨੂੰ ਇਸ ਇਤਿਹਾਸਕ ਸਥਾਨ ਦਾ ਦੌਰਾ ਕੀਤਾ। ਪੱਤਰਕਾਰਾਂ ਨੇ ਜਦੋਂ ਅੰਮ੍ਰਿਤਸਰ ਦੇ ਡੀ.ਸੀ ਨੂੰ ਪ੍ਰਸ਼ਾਸਨ ਵੱਲੋਂ ਇਸ ਥਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਬਾਰੇ ਸਵਾਲ ਪੁੱਛਿਆ ਤਾਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਜਗ੍ਹਾ ਬਾਰੇ ਕੱਲ ਹੀ ਪਤਾ ਲੱਗਾ ਹੈ। 
ਇਸ ਸਾਰੇ ਮਾਮਲੇ ਵਿੱਚ ਸਥਾਨਕ ਗੁਰਦੁਆਰਾ ਕਮੇਟੀ ਨੇ ਅਸਥੀਆਂ ਨੂੰ ਕੱਢਣ ਦਾ ਕੰਮ ਪੂਰਾ ਕਰ ਲਿਆ ਹੈ। ਇਸ ਖੋਦਾਈ ਦੌਰਾਨ 90 ਦੇ ਕਰੀਬ ਖੋਪੜੀਆਂ, 170 ਤੋਂ ਜ਼ਿਆਦਾ ਜਬਾੜ੍ਹੇ, 5 ਹਜ਼ਾਰ ਦੇ ਕਰੀਬ ਦੰਦਾਂ ਤੋਂ ਇਲਾਵਾ ਬ੍ਰਿਟਿਸ਼ ਇੰਡੀਆ ਕੰਪਨੀ ਦੇ 70 ਸਿੱਕੇ, ਸੋਨੇ ਦੇ 6 ਮੋਤੀ ਅਤੇ ਹੋਰ ਬਹੁਤ ਸਾਰਾ ਸਾਮਾਨ ਮਿਲਿਆ ਹੈ। ਗੁਰਦੁਆਰਾ ਕਮੇਟੀ ਦੇ ਸਕੱਤਰ ਕਾਬਲ ਸਿੰਘ ਨੇ ਇਨ੍ਹਾਂ ਅਸਥੀਆਂ ਲਈ ਅਜਾਇਬ ਘਰ ਬਣਾਉਣ ਦੀ ਮੰਗ ਕੀਤੀ ਹੈ। ਕਈ ਹੋਰ ਸੰਗਠਨ ਵੀ ਇਸ ਨੂੰ  ਲੈ ਕੇ ਸਰਗਰਮ ਹਨ। ਮੀਡੀਆ ਵਿੱਚ ਆਉਣ ਕਰਕੇ ਹੁਣ ਇਸ ਇਤਿਹਾਸਕ ਸਥਾਨ ਦੇ ਦੌਰੇ ਲਈ ਕਈ ਵੀ.ਵੀ.ਆਈ.ਪੀ ਹਸਤੀਆਂ ਦੇ ਪੁੱਜਣ ਦਾ ਸਿਲਸਿਲਾ ਵੀ ਸ਼ੁਰੂ ਹੋਣ ਵਾਲਾ ਹੈ। ਇਸ ਗੁਰਦੁਆਰਾ ਸਾਹਿਬ ਦੇ ਨੇੜੇ ਇਕ ਹੈਲੀਪੇਡ ਬਣਾਇਆ ਗਿਆ ਹੈ, ਦੱਸਿਆ ਜਾਂਦਾ ਹੈ ਕਿ ਜਲਦ ਹੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਦੇਸ਼ ਦੀਆਂ ਕਈ ਹੋਰ ਵੱਡੀਆਂ ਹਸਤੀਆਂ ਵੀ ਇਸ ਸਥਾਨ ਦਾ ਦੌਰਾ ਕਰਨਗੀਆਂ। ਚੋਣਾਂ ਦੇ ਮੌਸਮ ਵਿੱਚ ਇਸ ਖੂਹ ਦਾ  ਮਿਲਣਾ ਹੁਣ ਜਲਦੀ ਹੀ ਇੱਕ ਰਾਜਨੀਤਿਕ ਸ਼ੋ ਬਣਨ ਵਾਲਾ ਹੈ। ਇਸੇ ਬਹਾਨੇ ਇਸਦੀ ਸਾਂਭ ਸੰਭਾਲ ਲਈ ਜਰੂਰੀ ਕਦਮ ਵੀ ਪੁੱਟੇ ਜਾਣਗੇ। 

No comments: