Saturday, March 01, 2014

ਲੁਧਿਅਣਾ 'ਚ ਕਾਨੂੰਨ ਵਿਵਸਥਾ ਦੀ ਗੰਭੀਰ ਸਥਿਤੀ 'ਤੇ ਤਿਵਾੜੀ ਨੇ ਪ੍ਰਗਟਾਈ ਚਿੰਤਾ

ਪ੍ਰਸ਼ਾਸਨ ਤੇ ਵਿਸ਼ੇਸ਼ ਕਰਕੇ ਪੁਲਿਸ ਦੀ ਪੂਰੀ ਤਰ੍ਹਾਂ ਨਾਕਾਮਯਾਬੀ ਕਰਾਰ ਦਿੱਤਾ
ਲੁਧਿਆਣਾ: 1 ਮਾਰਚ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਤੇ ਸਥਾਨਕ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਲੁਧਿਆਣਾ 'ਚ ਦਿਨੋਂ ਦਿਨ ਹੁੰਦੀ ਜਾ ਰਹੀ ਕਾਨੂੰਨ ਤੇ ਵਿਵਸਥਾ ਦੀ ਗੰਭੀਰ ਸਥਿਤੀ 'ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ। ਇਹ ਸਥਿਤੀ ਉਦੋਂ ਹੋਰ ਵੀ ਗੰਭੀਰ ਬਣ ਜਾਂਦੀ ਹੈ, ਜਦੋਂ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨਾਲ ਸਿੱਧੇ ਤੌਰ 'ਤੇ ਜੁੜੇ ਲੋਕ ਪਾਰਲੀਮਾਨੀ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਅਜਿਹੇ ਹਾਲਾਤਾਂ ਨੂੰ ਜਨਮ ਦੇ ਰਹੇ ਹਨ।
ਇਥੇ ਜ਼ਾਰੀ ਬਿਆਨ 'ਚ ਤਿਵਾੜੀ ਨੇ ਇਨ੍ਹਾਂ ਹਾਲਾਤਾਂ ਨੂੰ ਪ੍ਰਸ਼ਾਸਨ ਤੇ ਵਿਸ਼ੇਸ਼ ਕਰਕੇ ਪੁਲਿਸ ਦੀ ਪੂਰੀ ਤਰ੍ਹਾਂ ਨਾਕਾਮਯਾਬੀ ਕਰਾਰ ਦਿੱਤਾ ਹੈ, ਜਿਹੜੀ ਪਹਿਲਾਂ ਅਜਿਹੀਆਂ ਘਟਨਾਵਾਂ ਨੂੰ ਰੋਕਣ 'ਚ ਨਾਕਾਮ ਰਹੀ ਤੇ ਫਿਰ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ।
ਸਥਾਨਕ ਮੈਂਬਰ ਲੋਕ ਸਭਾ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਦੀਆਂ ਘਟਨਾਵਾਂ, ਜਿਨ੍ਹਾਂ ਤਹਿਤ ਪਹਿਲਾਂ ਯੂਥ ਅਕਾਲੀ ਦਲ ਦੇ ਵਰਕਰਾਂ ਵੱਲੋਂ ਸਰਾਭਾ ਨਗਰ 'ਚ ਗੋਲੀਬਾਰੀ ਕਰਨਾ, 200 ਤੋਂ ਵੱਧ ਗੋਲੀਆਂ ਚੱਲਣ ਦੌਰਾਨ ਕਈ ਲੋਕਾਂ ਦਾ ਜ਼ਖਮੀ ਹੋਣਾ ਅਤੇ ਅਗਲੇ ਦਿਨ ਮਾਡਲ ਗ੍ਰਾਮ 'ਚ ਗੁਰਦੁਆਰਾ ਸਾਹਿਬ ਦੇ ਅਹੁਦੇਦਾਰ 'ਤੇ ਇਕ ਵਾਰ ਫਿਰ ਤੋਂ ਅਕਾਲੀ ਵਰਕਰਾਂ ਵੱਲੋਂ ਹਮਲਾ ਕਰਕੇ ਲੋਕਾਂ 'ਚ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕਰਨਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਲਗਾਤਾਰ ਅਜਿਹੇ ਹਾਲਾਤ ਬਣਨਾ ਜਾਂ ਬਣਾਏ ਜਾਣੇ ਸਿਰਫ ਇਹ ਸਾਬਤ ਕਰਦਾ ਹੈ ਕਿ ਸਥਾਨਕ ਪੁਲਿਸ ਸੱਤਾਧਾਰੀ ਪਾਰਟੀ ਦੇ ਇਸ਼ਾਰੇ 'ਤੇ ਲੋਕਾਂ ਵਿਚਾਲੇ ਡਰ ਤੇ ਅਸੁਰੱਖਿਆ ਦੀ ਭਾਵਨਾ ਕਾਇਮ ਕਰਨਾ ਚਾਹੁੰਦੀ ਹੈ। ਨਹੀਂ ਤਾਂ, ਕਿਵੇਂ ਅਜਿਹੇ ਹਾਲਾਤ ਬਣ ਰਹੇ ਹਨ ਤੇ ਦੋਸ਼ੀ ਖੁੱਲੇਆਮ ਆਮ ਘੁੰਮ ਰਹੇ ਹਨ।

No comments: