Monday, March 03, 2014

ਬਿਛੜੇ ਸਭੀ ਬਾਰੀ ਬਾਰੀ।

MH1 ਵਾਲੇ ਹਰਮਿੰਦਰ  ਸਿੰਘ ਰੌਕੀ ਦੇ ਪਿਤਾ ਸ੍ਰ. ਭੁਪਿੰਦਰ ਸਿੰਘ ਨਮਿਤ ਭੋਗ 
ਲੁਧਿਆਣਾ: 2 ਮਾਰਚ 2014: ਜ਼ਿੰਦਗੀ ਵੀ ਇੱਕ ਅਜੀਬ ਜਿਹਾ ਭੇਦ ਹੈ ਜਦੋਂ ਤੁਰ ਜਾਂਦੀ ਹੈ ਤਾਂ ਆਪਣੀ ਗੈਰ ਹਾਜ਼ਰੀ ਵਿੱਚ ਆਪਣੀ ਮੌਜੂਦਗੀ ਦਾ  ਅਹਿਸਾਸ ਬਹੁਤ ਹੀ ਸ਼ਿੱਦਤ ਨਾਲ ਕਰਾਉਂਦੀ ਹੈ। ਇਸ ਗੱਲ ਦਾ ਅਹਿਸਾਸ ਇੱਕ ਵਾਰ ਫੇਰ ਹੋਇਆ ਸ੍ਰ. ਭੁਪਿੰਦਰ ਸਿੰਘ ਜੀ ਨਮਿਤ ਰੱਖੇ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਸਮੇਂ। ਹਰ ਅੱਖ ਭਿੱਜੀ ਹੋਈ ਸੀ---ਹਰ ਗਲਾ ਭਰਿਆ ਹੋਇਆ ਸੀ--ਹਰ  ਦਿਲ ਰੋ ਰਿਹਾ ਸੀ। ਸਾਫ਼ ਜ਼ਾਹਿਰ ਸੀ ਕਿ ਉਹ ਇਹਨਾਂ ਕਿੰਨੇ ਸਾਰੇ ਲੋਕਾਂ ਦੇ ਦਿਲਾਂ ਨਾਲ ਜੁੜੇ ਹੋਏ ਸਨ। ਅਰਦਾਸ ਤੋਂ ਬਾਅਦ ਵੀ ਬਸ ਉਸ ਸ਼ਖਸੀਅਤ ਦੇ ਹੀ ਚਰਚੇ ਸਨ। ਦਰਅਸਲ ਉਹ ਸਾਡੇ ਮੀਡੀਆ ਭਾਈਚਾਰੇ ਦੇ ਇੱਕ ਸਰਗਰਮ ਸਾਥੀ ਹਰਮਿੰਦਰ ਸਿੰਘ ਰੌਕੀ (ਰਿਪੋਰਟਰ-MH1 ਟੀਵੀ ਚੈਨਲ) ਦੇ ਸਤਿਕਾਰ ਯੋਗ ਪਿਤਾ ਜੀ ਸਨ। ਪਿਛਲੇ ਦਿਨੀ ਅਚਾਨਕ ਬੀਮਾਰ ਹੋਏ---ਜਦੋਂ ਠੀਕ ਹੋਣ ਲੱਗੇ ਤਾਂ ਉਹਨਾਂ ਨੂੰ ਘਰ ਲਿਆਉਣ ਦੀਆਂ ਤਿਆਰੀਆਂ ਸ਼ੁਰੂ ਹੋਈਆਂ ਪਰ ਰੱਬ ਨੂੰ ਸ਼ਾਇਦ ਇਹ ਮਨਜ਼ੂਰ ਨਹੀਂ ਸੀ। ਉਹ ਘਰ ਨਹੀਂ ਆਏ---ਕਿਸੇ ਹੋਰ ਅਣਦਿਸਦੀ ਦੁਨੀਆ ਵੱਲ ਤੁਰ ਗਏ। ਜਦੋਂ ਉਹ ਠੀਕ ਹੋ ਗਏ ਸਨ---ਜਦੋਂ ਉਹਨਾਂ ਨੂੰ ਹਸਪਤਾਲ ਤੋਂ ਘਰ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਉਦੋਂ ਬਸ ਉਹਨਾਂ ਦੀ ਖਬਰ ਆਈ---ਹਿਰਦੇਵੇਧਕ ਖਬਰ--ਕਿ ਹੁਣ ਉਹ ਕਦੇ ਨਹੀਂ ਆਉਣਗੇ। ਅੰਤਿਮ ਸੰਸਕਾਰ ਤੋਂ ਬਾਅਦ ਲੱਗਿਆ ਬਸ ਹੁਣ ਸਭ ਕੁਝ ਖਤਮ---ਸਰੀਰ ਦੇ ਪੰਜੇ ਤੱਤ ਵਾਤਾਵਰਣ ਵਿੱਚ ਮਿਲ ਗਏ। ਜਲ ਕਾ ਜਲ ਹੂਆ ਰਾਮ। ਪਰ ਉਹਨਾਂ ਦੇ ਜਾਣ ਮਗਰੋਂ ਉਹਨਾਂ ਦੀ ਮੌਜੂਦਗੀ ਹੋਰ ਮਜਬੂਤ ਹੋ ਗਈ। ਭੋਗ ਵਾਲੇ ਦਿਨ ਵੀ ਇੰਝ ਲੱਗਦਾ ਸੀ ਜਿਵੇਂ ਉਹ ਕੀਰਤਨ ਸੁਣ ਰਹੇ ਹੋਣ--ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਆਏ ਸੱਜਣਾਂ ਮਿੱਤਰਾਂ ਨੂੰ ਦੇਖ ਰਹੇ ਹੋਣ---ਤੇ ਬਸ ਹੁਣੇ ਹੀ ਕਿਤਿਓਂ ਸਾਹਮਣੇ ਆ ਖਲੋਣਗੇ ਤੇ ਆਖਣਗੇ ਮੈਂ ਤਾਂ ਕਿਤੇ ਗਿਆ ਹੀ ਨਹੀਂ ਸੀ ਤੁਸੀਂ ਕਿਸਦਾ ਭੋਗ ਪਾ ਰਹੇ ਹੋ?  ਮੈਂ ਇਥੇ ਹੀ ਹਾਂ ਤੁਹਾਡੇ ਕੋਲ--ਤੁਹਾਡੇ ਸਾਰਿਆਂ ਦੇ ਅੰਗ ਸੰਗ। ਪਰ ਨਹੀਂ---ਅਜਿਹਾ ਨਹੀਂ ਹੋਇਆ---ਭੋਗ ਪੈ ਗਿਆ--ਸਾਰੇ ਆਪੋ ਆਪਣੇ ਘਰਾਂ ਨੂੰ ਤੁਰ ਗਾਏ----ਫਿਰ ਮਹਿਸੂਸ ਹੋਇਆ-- ਅਸੀਂ ਤਾਂ ਇੱਕਲੇ ਹੀ ਰਹਿ ਗਏ--ਜਿਹੜੇ ਸੱਜਣ ਮਿੱਤਰ ਦੁੱਖ ਦੀ ਇਸ ਘੜੀ ਵਿੱਚ ਸ਼ਾਮਿਲ ਹੋਣ ਲੈ ਆਏ ਸਨ--ਓਹ ਸਾਰੇ ਵੀ ਤੁਰ ਗਏ---।
ਦੇਖੀ ਜ਼ਮਾਨੇ ਕੀ ਯਾਰੀ---
ਬਿਛੜੇ ਸਭੀ ਬਾਰੀ ਬਾਰੀ---
ਜਿੰਦਗੀ ਦੀ ਸਭਤੋਂ ਵੱਡੀ ਹਕੀਕਤ ਮੌਤ---ਜਿਸਨੇ ਆਉਣਾ ਹੀ ਆਉਣਾ ਹੈ---ਬਸ ਉਸ ਦਾ ਵਰਤਾਰਾ ਹੀ ਸਾਹਮਣੇ ਸੀ--ਉਸਨੇ ਇੱਕ ਅਜਿਹਾ ਇਨਸਾਨ ਲੈ ਲਿਆ ਸੀ ਜਿਸਦੀ ਕਮੀ ਇਸ ਪਰਿਵਾਰ ਕੋਲੋਂ ਕਦੇ ਵੀ ਪੂਰੀ ਨਹੀਂ ਹੋਣੀ। ਕਿਸੇ ਨੇ ਕਿੰਨਾ ਖੂਬਸੂਰਤ ਆਖਿਆ ਸੀ---
ਜ਼ਿੰਦਗੀ ਤੋ ਬੇਵਫਾ ਹੈ---ਏਕ ਦਿਨ ਠੁਕਰਾਏਗੀ ! 
ਮੌਤ ਮਹਿਬੂਬਾ ਹੈ ਆਪਣੇ ਸੰਗ ਲੇਕਰ ਜਾਏਗੀ !
ਤੇ ਮੌਤ ਦੀ ਹਕੀਕਤ ਸਿਰਫ ਏਨੀ ਕਿ ਇਸਨੇ ਸਿਰਫ ਰੂਪ ਬਦਲ ਦੇਣਾ ਹੈ----ਇਹ ਸਾਡਾ ਦੁਖਾਂਤ ਹੈ ਕਿ ਅਸੀਂ ਇਸ ਬਦਲਾਹਟ ਨੂੰ ਨੰਗੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ।  ਇਸ ਲਈ ਮਨ ਦੀ ਅੱਖ ਖੁੱਲਣੀ ਜਰੂਰੀ ਹੈ। ਅਸੀਂ ਸਿਰਫ ਮਿੱਟੀ ਨੂੰ ਦੇਖਦੇ ਹਾਂ---ਜਦੋਂ ਉਸਦੀਆਂ ਇੱਟਾਂ ਬਣ ਜਾਂਦੀਆਂ ਹਨ---ਤਾਂ ਅਸੀਂ ਉਹਨਾਂ ਵਿੱਚ ਉਸ ਮਿੱਟੀ ਨੂੰ ਆਮ ਤੌਰ ਤੇ ਨਹੀਂ ਦੇਖਦੇ ਕਿਓਂਕਿ ਅਸੀਂ ਸਿਰਫ ਰੂਪ ਦੇ ਪੁਜਾਰੀ ਹਾਂ---ਸਾਡੀ ਸੋਚ--ਸਾਡੀ ਅੱਖ ਸਿਰਫ ਸਥੂਲਤਾ ਤੱਕ ਹੈ।
ਬੱਚਾ ਵੀ ਜਦੋਂ ਗਰਭ ਵਿੱਚ ਹੁੰਦਾ ਹੈ ਤਾਂ ਉਹ ਬਹੁਤ ਸੁਖੀ ਮਹਿਸੂਸ ਕਰਦਾ ਹੈ। ਜਦੋਂ ਡਲਿਵਰੀ ਦਾ ਸਮਾਂ ਆਉਂਦਾ ਹੈ ਤਾਂ ਉਹ ਡਰਦਾ ਹੈ--ਚਿਤਿਤ ਹੁੰਦਾ ਹੈ---ਰੋਂਦਾ ਹੈ---ਕਿ ਹੇ ਭਗਵਾਨ ਇਹ ਲੋਕ ਕੀ ਕਰ ਰਹੇ ਹਨ---ਮੈਨੂੰ ਜੀਵਨ ਦੇਣ ਵਾਲੀ ਨਦੀ ਨੂੰ ਕਿਓਂ ਕੱਟ ਰਹੇ ਹਨ---ਉਸ ਦੁਨੀਆ ਵਿੱਚ ਉਸਨੂੰ ਇਹ ਸਭ ਆਪਣੀ ਮੌਤ ਹੀ ਲੱਗਦਾ ਹੈ ਪਰ ਉਹ ਨਹੀਂ ਜਾਣਦਾ ਕਿ ਉਹ ਇੱਕ ਬਹੁਤ ਹੀ ਵਿਸ਼ਾਲ ਅਤੇ ਰੌਸ਼ਨ ਦੁਨੀਆ ਵਿੱਚ ਜਾਣ ਲੱਗਿਆ ਹੈ। ਬਸ ਮੌਤ ਵੀ ਕੁਝ ਜਿਹਾ ਹੀ ਹੈ---ਕਿਸੇ ਨਵੀਂ ਅਤੇ ਬੇਹਤਰ ਦੁਨੀਆ ਵਿੱਚ ਦਾਖਲਾ।
ਸਾਰੀ ਉਮਰ ਪੂਜਾ ਪਾਠ ਅਤੇ ਲੋਕ ਭਲਾਈ ਦੇ ਕੰਮ ਕਰਨ ਵਾਲੇ ਸ੍ਰ. ਭੁਪਿੰਦਰ ਸਿੰਘ ਵੀ ਕਿਸੇ ਚੰਗੀ ਦੁਨੀਆ ਵਿੱਚ ਜਾ ਬਿਰਾਜੇ ਹਨ। ਜਿਹੜੇ ਉਹਨਾਂ ਦੇ ਉਪਦੇਸ਼ਾਂ ਨੂੰ ਯਾਦ ਰੱਖ ਸਕਣਗੇ ਉਹਨਾਂ ਨੂੰ ਉਹ ਆਪਣੀ ਮੌਜੂਦਗੀ ਦਾ ਅਹਿਸਾਸ ਵੀ ਕਰਾਉਂਦੇ ਰਹਿਣਗੇ ਅਤੇ ਹਰ ਔਖੇ ਵੇਲੇ ਹਰ ਤਰ੍ਹਾਂ ਦੀ ਸਹਾਇਤਾ ਅਤੇ ਮਾਰਗ ਦਰਸ਼ਨ ਵੀ ਦੇਂਦੇ ਰਹਿਣਗੇ। ਜਿਸ ਕਿਸੇ ਨੂੰ ਵੀ ਮਿਲਣ ਦੀ ਦਿਲੀ ਚਾਹ ਹੋਈ ਉਹ ਜਰੂਰ ਮਿਲਿਆ ਵੀ ਕਰਨਗੇ ਕਦੇ ਸੁਪਨੇ ਵਿੱਚ ਆ ਕੇ ਤੇ ਕਦੇ ਜਾਗੋਮੀਟੀ ਵਿੱਚ। ਇਸ ਨਾਸ਼ਵਾਨ ਸੰਸਾਰ  ਵਿੱਚ ਕੁਝ ਵੀ ਖਤਮ ਨਹੀਂ ਹੁੰਦਾ ਸਿਰਫ ਰੂਪ ਬਦਲਦਾ ਹੈ। ਇਸ ਲਈ ਬਦਲਦੇ ਰੂਪ ਨੂੰ ਛੱਡ ਕੇ ਉਹਨਾਂ ਖਿਆਲਾਂ ਨੂੰ ਅਪਣਾਈਏ ਜਿਹੜੇ ਉਹਨਾਂ ਜ਼ਿੰਦਗੀ ਦੇ ਆਖਿਰੀ ਸਾਹਾਂ ਤੀਕ ਵੀ ਆਪਣੇ ਨਾਲ ਰੱਖੇ। --ਰੈਕਟਰ ਕਥੂਰੀਆ

No comments: