Saturday, March 29, 2014

ਖੁਦ ਨੂੰ ਅੰਨਾ ਹਮਾਇਤੀ ਆਖਣ ਵਾਲੇ ਨੇ ਕੀਤਾ ਕੇਜਰੀਵਾਲ 'ਤੇ ਹਮਲਾ

ਹਮਲਾ ਕੀਤਾ ਗਿਆ ਹਰਿਆਣਾ ਵਿੱਚ ਰੋਡ ਸ਼ੋਅ ਦੌਰਾਨ
ਚੰਡੀਗੜ੍ਹ: 28 ਮਾਰਚ 2014: (ਪੰਜਾਬ ਸਕਰੀਨ ਬਿਊਰੋ):
ਵੋਟ ਪਰਚੀ ਨੂੰ ਸੱਤਾ ਤਬਦੀਲੀ ਲਈ ਅਕਸਰ ਸ਼ਾਂਤਮਈ ਤਰੀਕਾ ਆਖ ਕੇ ਪ੍ਰਚਾਰਿਆ ਜਾਂਦਾ ਹੈ ਪਰ ਇਸਦੇ ਬਾਵਜੂਦ ਚੋਣਾਂ ਵਿੱਚ ਹਿੰਸਾ ਇੱਕ ਆਮ ਜਿਹੀ ਗੱਲ ਬਣ ਕੇ ਰਹਿ ਗਈ ਹੈ। ਵਿਚਾਰਧਾਰਕ ਵਿਰੋਧੀਆਂ ਉੱਪਰ ਹਮਲੇ ਏਸ ਚੋਣ ਸਿਸਟਮ ਵਿੱਚ ਕੋਈ ਨਵੀਂ ਗੱਲ ਨਹੀਂ ਪਰ ਇਸ ਵਾਰ ਆਪਣੇ ਆਪ ਨੂੰ ਅੰਨਾ ਹਜ਼ਾਰੇ  ਹਮਾਇਤੀ ਆਖਣ ਵਾਲੇ ਨੇ ਇੱਕ ਰੋਡ ਸ਼ੋ ਦੌਰਾਨ ਅਰਵਿੰਦ ਕੇਜਰੀਵਾਲ ਉੱਪਰ ਹਮਲਾ ਕੀਤਾ ਹੈ। ਜੇ ਦੂਜਾ ਗਾਂਧੀ ਅਖਵਾਉਣ ਵਾਲੇ ਅੰਨਾ ਹਜਾਰੇ ਦੇ ਹਮਾਇਤੀ ਅਜਿਹਾ ਕਰ ਸਕਦੇ ਹਨ ਤਾਂ ਬਾਕੀਆਂ ਬਾਰੇ ਅੰਦਾਜ਼ਾ ਲਾਉਣਾ ਕੋਈ। ਹਰਿਆਣਾ ਦੇ ਚਰਖੀ ਦਾਦਰੀ ਇਲਾਕੇ 'ਚ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ 'ਤੇ ਇਕ ਅਣਪਛਾਤੇ ਵਿਅਕਤੀ ਨੇ ਸ਼ੁੱਕਰਵਾਰ ਨੂੰ ਹਮਲਾ ਕਰ ਦਿੱਤਾ।   ਇਹ ਹਮਲਾ ਹੁੰਦਿਆਂ ਸਾਰ ਹੀ ਆਮ ਆਦਮੀ ਪਾਰਟੀ ਦੇ ਵਰਕਰ ਵੀ ਗੁੱਸੇ ਵਿੱਚ ਆ ਕੇ ਭੜਕ ਪਏ ਅਤੇ ਹਮਲਾ ਕਰਨ ਵਾਲੇ ਨੂੰ  ਚੰਗਾ ਕੁਟਾਪਾ ਚਾੜ੍ਹਿਆ।
ਇਸ ਹਮਲੇ ਬਾਰ ਮਿਲੀਆਂ ਮੁਢਲੀਆਂ ਖਬਰਾਂ ਵਿੱਚ ਹਰਿਆਣਾ 'ਚ ਚੋਣ ਪ੍ਰਚਾਰ ਕਰ ਰਹੇ ਆਪ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਗਰਦਨ 'ਤੇ ਹਮਲਾ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਦੇ ਹਿੰਸਕ ਹਮਲੇ ਦੀ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਸੀ। ਆਪ ਦੇ ਵਰਕਰਾਂ ਨੇ ਇਸ ਤੋਂ ਬਾਅਦ ਹਮਲਾਵਰ ਦਾ ਪੂਰੇ ਜੋਰ ਨਾਲ ਕੁਟਾਪਾ ਚਾੜ੍ਹਿਆ। 
ਇਸ ਹਮਲੇ ਤੋਂ ਬਾਅਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਸਾਡੇ ਹਮਾਇਤੀਆਂ ਨੇ ਜੁਆਬੀ ਪ੍ਰਤੀਕਿਰਿਆ 'ਚ ਉਸ ਨਾਲ ਕੁੱਟਮਾਰ ਕੀਤੀ। ਇਸਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਕਿਹਾ ਕਿ ਇਹ ਕਾਫੀ ਗਲਤ ਹੈ। ਸਾਡੇ ਵਲੋਂ ਅਜਿਹੀ ਉਮੀਦ ਨਹੀਂ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਕਿਹਾ ਕਿ 'ਆਪ' ਹਮਾਇਤੀਆਂ ਦੀ ਪ੍ਰਤੀਕਿਰਿਆ ਤੋਂ ਮੈਂ ਕਾਫੀ ਦੁਖੀ ਹਾਂ। ਜੇ ਅਸੀਂ ਵੀ ਹਿੰਸਕ ਜਵਾਬ ਦੇਣ ਲੱਗੇ ਤਾਂ ਫਿਰ ਸਾਡੇ 'ਚ ਅਤੇ ਉਨ੍ਹਾਂ 'ਚ ਕੀ ਫਰਕ ਰਹਿ ਜਾਵੇਗਾ।
ਵੇਰਵੇ ਮੁਤਾਬਕ ਰੋਡ ਸ਼ੋਅ ਦੌਰਾਨ ਲੇਗਾਨ ਪਿੰਡ ਦੇ ਜਤਿੰਦਰ ਨਾਮੀ ਵਿਅਕਤੀ ਨੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਪਾਰਟੀ ਸਮਰਥਕਾਂ ਨੇ ਉਸ ਦੀ ਵਾਹਵਾ ਕੁੱਟਮਾਰ ਕੀਤੀ ਤੇ ਉਸਨੂੰ ਸਥਾਨਕ ਪੁਲੀਸ ਦੇ ਹਵਾਲੇ ਕਰ ਦਿੱਤਾ। ਜਤਿੰਦਰ ਨੇ ਕੇਜਰੀਵਾਲ ਦੀ ਧੋਣ ’ਤੇ ਜ਼ੋਰਦਾਰ ਮੁੱਕਾ ਮਾਰਿਆ ਸੀ। ਪੁਲੀਸ ਨੇ ਉਸ ਨੂੰ ਜਦੋਂ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ  ਕਿ ਉਹ ਅੰਨਾ ਹਜ਼ਾਰੇ ਦਾ ਅੰਦੋਲਨ ਅਗਵਾ ਕਰਨ ਕਰ ਕੇ ਕੇਜਰੀਵਾਲ ਉਪਰ ਖਫ਼ਾ ਸੀ। ਇਸ ਘਟਨਾ ਤੋਂ ਬਾਅਦ ਕੇਜਰੀਵਾਲ ਨੇ ਕਈ ਟਵੀਟ ਕਰ ਕੇ ਸਮਰਥਕਾਂ ਵਲੋਂ ਹਮਲਾਵਰ ਦੀ ਕੁੱਟਮਾਰ ਕਰਨ ਨੂੰ ਗਲਤ ਕਰਾਰ ਦਿੰਦਿਆਂ ਘਟਨਾ ’ਤੇ ਦੁੱਖ ਪ੍ਰਗਟਾਇਆ। ਅਰਵਿੰਦ ਕੇਜਰੀਵਾਲ ਨੇ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ’ਤੇ ਦੋਸ਼ ਲਾਇਆ ਕਿ ਇਹ ਦੋਵੇਂ ਆਗੂ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਕਾਰੋਬਾਰੀਆਂਦੇ ਹਵਾਲੇ ਕਰ ਰਹੇ ਹਨ। ਉਨ੍ਹਾਂ ਸ੍ਰੀ ਮੋਦੀ ਨੂੰ ਚੁਣੌਤੀ ਦਿੱਤੀ ਕਿ ਜੇ ਹਿੰਮਤ ਹੈ ਤਾਂ ਉਹ ਦੋ ਥਾਵਾਂ ਦੀ ਬਜਾਏ ਸਿਰਫ ਵਾਰਾਨਸੀ ਤੋਂ ਹੀ ਚੋਣ ਲੜ ਕੇ ਦਿਖਾਉਣ ਉਹਨਾਂ ਨੂੰ ਹਕੀਕਤ ਪਤਾ ਲੱਗ ਜਾਏਗੀ। 
ਹਰਿਆਣਾ ਦੇ ਢਾਂਸਾ ਬਾਰਡਰ ਤੋਂ ਰੋਡ ਸ਼ੋਅ ਦਾ ਆਗਾਜ਼ ਕਰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਹੁੱਡਾ ਕਿਸਾਨਾਂ ਦੀ ਜ਼ਮੀਨ ਜਬਰੀ ਖੋਹ ਕੇ ਰਾਬਰਟ ਵਾਡਰਾ ਤੇ ਮੁਕੇਸ਼ ਅੰਬਾਨੀ ਨੂੰ ਦੇ ਰਹੇ ਹਨ। ਉਨ੍ਹਾਂ ਕਿਹਾ-ਇਨ੍ਹਾਂ ਖਿਲਾਫ ਕੋਈ ਵੀ ਆਵਾਜ਼ ਬੁਲੰਦ ਕਰਨ ਤੋਂ ਡਰਦਾ ਹੈ ਪਰ ਮੈਂ ਇਹ ਜੋਖਮ ਲੈ ਕੇ ਦੋਹਾਂ ਨੂੰ ਬੇਨਕਾਬ ਕੀਤਾ ਹੈ। ਦੂਜੇ ਪਾਸੇ ਹਰਿਆਣਾ ਸਰਕਾਰ ਅਤੇ ਮੁੱਖ ਮੰਤਰੀ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਤਰਾਂ ਨਿਰਾਧਾਰ ਦੱਸਿਆ ਹੈ। 
ਇਸੇ ਤਰਾਂ ਬਾਦਲੀ ਪਿੰਡ ’ਚ ਦਾਖਲ ਹੋਣ ’ਤੇ ਕੇਜਰੀਵਾਲ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ’ਤੇ ਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਅਸਲ ਵਿੱਚ ਮੋਦੀ ਵਾਰਾਨਸੀ ’ਚ ਉਨ੍ਹਾਂ ਤੋਂ ਡਰ ਗਏ ਹਨ ਇਸੇ ਕਰਕੇ ਉਹ ਦੋ ਸੀਟਾਂ ਤੋਂ ਚੋਣ ਲੜ ਰਹੇ ਹਨ। ਕੇਜਰੀਵਾਲ ਨੇ ਚੁਨੌਤੀ ਦਿੱਤੀ ਕਿ ਜੇਕਰ ਮੋਦੀ ’ਚ ਦਮ ਹੈ ਤਾਂ ਉਹ ਸਿਰਫ ਵਾਰਾਨਸੀ ਤੋਂ ਚੋਣ ਲੜ ਕੇ ਦਿਖਾਉਣ, ਜਿੱਥੋਂ ਮੈਂ ਉਨ੍ਹਾਂ ਖਿਲਾਫ ਡਟਿਆ ਹਾਂ। ਇਸਦੇ ਨਾਲ ਹੀ ਕੇਜਰੀਵਾਲ ਨੇ ਲੋਕਾਂ ਨੂੰ ਸਿਸਟਮ ’ਚ ਬਦਲਾਅ ਦਾ ਹੋਕਾ ਦਿੰਦਿਆਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਆਗੂ ਇਕਮਿਕ ਨੇ ਅਤੇ ‘ਆਪ’ ਹੀ ਸਿਰਫ ਦੇਸ਼ ਦੇ ਹਾਲਾਤ ਸੁਧਾਰ ਸਕਦੀ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ’ਚ ਮੋਦੀ ਨੇ ਕਿਸਾਨਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਖਰੀਦ ਕੇ ਅੰਬਾਨੀ ਅਤੇ ਅਦਾਨੀ ਨੂੰ ਦੇ ਦਿੱਤੀ ਹੈ। ਹੁਣ ਦੇਖਣਾ ਹੈ ਕਿ ਚੋਣਾਂ ਦੌਰਾਨ ਟੀਮ ਕੇਜਰੀਵਾਲ ਕੀ ਕਾਰਗੁਜ਼ਾਰੀ ਦਿਖਾਉਂਦੀ ਹੈ।

No comments: