Thursday, March 27, 2014

ਕਰਾਈਮ ਡਾਇਰੀ ਲੁਧਿਆਣਾ

ਸਮਾਜ ਵਿਰੋਧੀ ਅਨਸਰਾਂ ਵਿਰੁਧ ਪੁਲਿਸ ਕਾਰਵਾਈ ਤੇਜ਼ 
ਲੁਧਿਆਣਾ:25 ਮਾਰਚ 2014: (ਪੰਜਾਬ ਸਕਰੀਨ ਬਿਊਰੋ):
ਲੁਧਿਆਣਾ ਪੁਲਿਸ ਨੇ ਜੁਰਮਾਂ ਦੀ ਰੋਕਥਾਮ ਲਈ ਆਪਣੀ ਕਾਰਵਾਈ ਨੂੰ ਹੋਰ ਤੇਜ਼ ਕਰਦਿਆਂ ਤਕਰੀਬਨ ਇੱਕ ਦਰਜਨ  ਵਾਰਦਾਤਾਂ ਦੇ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਡਵੀਜਨ ਨੰਬਰ ਇੱਕ ਦੀ ਪੁਲਿਸ ਨੇ ਨਿਊ ਕੁੰਦਨ ਪੂਰੀ ਦੀ ਲੀਸਾ ਮਾਰਕੀਟ 'ਚ ਪੈਂਦੀ ਗਲੀ ਨੰਬਰ 5 ਦੇ ਵਸਨੀਕ ਗਣੇਸ਼ ਚੰਦਰ ਪੁੱਤਰ ਕਰਮ ਚੰਦ ਨੂੰ  ਮਾਤਾ ਰਾਣੀ ਚੋਂਕ ਵਿੱਚੋਂ ਇੱਕ ਹਜ਼ਾਰ ਜਾਅਲੀ ਸੀ.ਡੀਜ਼. ਸਮੇਤ ਗ੍ਰਿਫਤਾਰ ਕੀਤਾ ਹੈ।
ਇਸੇ ਥਾਣੇ ਦੀ ਪੁਲਿਸ ਨੇ ਬਸੰਤ ਵਿਹਾਰ ਇਲਾਕੇ ਵਿੱਚ ਰਹਿਣ ਵਾਲੇ ਕਮਲ ਸ਼ਰਮਾ ਪੁੱਤਰ ਭਾਰਤ ਭੂਸ਼ਣ ਨੂੰ ਰੇਖੀ ਚੋਂਕ ਤੇ ਦੜਾ ਸੱਟਾ ਖੇਡਦਿਆਂ 4250/- ਰੁਪੇ ਸਮੇਤ ਗ੍ਰਿਫਤਾਰ ਕੀਤਾ ਹੈ। 
ਇਸੇ ਤਰਾਂ ਡਵੀਜਨ ਨੰਬਰ ਇੱਕ ਦੀ ਪੁਲਿਸ ਨੇ ਘੰਟਾ ਘਰ ਚੋਂਕ ਵਿੱਚੋਂ ਵੀ ਅਮਿਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਅਮਰਜੀਤ ਕਲੋਨੀ ਜਾਗੀਰਪੁਰ ਨੂੰ ਦੜਾ ਸੱਟਾ ਖੇਡਦਿਆਂ ਗ੍ਰਿਫਤਾਰ ਕਰਕੇ ਉਸ ਕੋਲੋਂ 3850/- ਰੁਪਏ ਬਰਾਮਦ ਕੀਤੇ ਹਨ।
ਏਸੇ ਥਾਣੇ ਦੀ ਪੁਲਿਸ ਨੇ ਪਵਨ ਕੁਮਾਰ ਪੁੱਤਰ ਜੀਤ ਕੁਮਾਰ ਵਾਸੀ ਟਿੱਬਾ ਰੋਡ ਸਟਾਰ ਸਿਟੀ ਲੁਧਿਆਣਾ ਨੂੰ ਵੀ ਦੜਾ ਸੱਟਾ ਖੇਡਦਿਆਂ ਮੰਡੀ ਕੇਸਰ ਗੰਜ ਚੋਂ ਗ੍ਰਿਫਤਾਰ ਕਰਕੇ ਉਸ ਕੋਲੋਂ 1470/- ਰੁਪਏ ਬਰਾਮਦ ਕੀਤੇ ਹਨ। ਇੱਕ ਹੋਰ  ਵੀ ਪੁਲਿਸ ਥਾਣਾ ਡਵੀਜਨ ਨੰਬਰ ਇੱਕ ਦੀ ਪੁਲਿਸ ਨੇ ਪਰਮਜੋਤ ਸਿੰਘ ਪੁੱਤਰ ਭੁਪਿੰਦਰ ਸਿੰਘ  ਜਸਵੰਤ ਨਗਰ ਨੂੰ  ਦੜਾ ਸੱਟਾ ਖੇਡਦਿਆਂ ਲੁਧਿਆਣਾ ਰੇਲਵੇ ਸਟੇਸ਼ਨ ਦੇ ਐਂਟਰੀ ਗੇਟ ਤੋਂ ਗ੍ਰਿਫਤਾਰ ਕਰਕੇ ਉਸ ਕੋਲੋਂ 950/- ਰੁਪਏ ਬਰਾਮਦ ਕੀਤੇ ਹਨ। 
ਵਾਹਨ ਚੋਰ ਕਾਬੂ:
ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਕੁਲਵਿੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਬੁੱਕਣ ਵਾਲਾ ਜ਼ਿਲਾ ਮੋਗਾ ਨੂੰ ਚਤਰ ਸਿੰਘ ਪਾਰਕ ਇਲਾਕੇ ਵਿਚਲੀ ਸ੍ਕੂਟਰ ਮਾਰਕੀਟ ਨੇੜਿਓਂ ਚੋਰੀ ਸ਼ੁਦਾ ਮੋਟਰ  ਸਾਈਕਲ  (ਡਿਸਕਵਰ PB10BX 2774) ਸਮੇਤ ਗ੍ਰਿਫਤਾਰ ਕੀਤਾ ਹੈ। ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਮਾਡਲ ਟਾਊਨ ਪੁਲਸ ਨੇ ਇਕ ਅਜਿਹੇ ਵਾਹਨ ਚੋਰ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ, ਜੋ ਕੁਝ ਸਾਲ ਪਹਿਲਾਂ ਆਪਣੇ ਪਿਤਾ ਦੇ ਨਾਲ ਮਿਲਕੇ ਸਰਾਫ ਦੀ ਦੁਕਾਨ ਚਲਾਉਂਦਾ ਸੀ। ਅਜੀਬ ਇਤਫਾਕ਼ ਕਿ ਪਿਤਾ ਦੀ ਮੌਤ ਦਾ ਗਮ ਨਸ਼ਿਆਂ ਵੱਲ ਲੈ ਗਿਆ ਅਤੇ ਨਸ਼ੇ ਉਸਨੂੰ ਲੈ ਗਏ ਜੁਰਮ ਦੀ ਦੁਨੀਆ ਵੱਲ।  ਪਿਤਾ ਦੀ ਮੌਤ ਦੇ ਬਾਅਦ ਛੇਤੀ ਹੀ ਉਹ ਨਸ਼ਾ ਕਰਨ ਲੱਗ ਪਿਆ। ਫਿਰ ਨਸ਼ੇ ਦੇ ਲਈ ਇਸ ਨੇ ਮੋਗਾ ਵਿਚ ਦੋ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿਤਾ। ਮੋਗਾ ਪੁਲਸ ਨੇ ਇਸ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਜੇਲ ਦੀਆਂ ਸਲਾਖਾਂ ਦੇ ਪਿੱਛੇ ਭੇਜ ਦਿਤਾ। ਦੋ ਮਹੀਨੇ ਪਹਿਲਾਂ ਹੀ ਜੇਲ ਤੋਂ ਜ਼ਮਾਨਤ 'ਤੇ ਛੁੱਟਦਿਆਂ  ਹੀ ਇਸ ਨੇ ਲੁਧਿਆਣਾ ਚੋਂ ਵੀ ਚਾਰ ਮੋਟਰਸਾਈਕਲ ਚੋਰੀ ਕਰ ਲਏ। ਏ. ਡੀ. ਸੀ. ਪੀ. ਟੂ ਕੇਹਰ ਸਿੰਘ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਥਿਤ ਦੋਸ਼ੀ ਕੁਲਵਿੰਦਰ ਸਿੰਘ ਉਰਫ ਨੀਲਾ ਮੋਗਾ ਦੇ ਪਿੰਡ ਬੁੱਕਣਵਾਲਾ ਦਾ ਰਹਿਣ ਵਾਲਾ ਹੈ। ਇਹ ਕਥਿਤ ਦੋਸ਼ੀ ਜਦ ਚੋਰੀ ਕੀਤੇ ਮੋਟਰਸਾਈਕਲਾਂ ਵਿਚੋਂ ਇਕ ਮੋਟਰਸਾਈਕਲ ਨੂੰ ਵੇਚਣ ਲਈ ਜਾ ਰਿਹਾ ਸੀ ਤਾਂ ਪੁਲਸ ਨੂੰ ਇਸ ਦੇ ਸੰਬੰਧ ਵਿਚ ਗੁਪਤ ਸੂਚਨਾ ਮਿਲੀ। ਚਤਰ ਪਾਰਕ ਦੇ ਨੇੜੇ ਮਾਡਲ ਟਾਊਨ ਪੁਲਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਗੁਰਦੇਵ ਸਿੰਘ ਅਤੇ ਏ. ਐੱਸ. ਆਈ. ਬੂਟਾ ਸਿੰਘ ਦੀ ਪੁਲਸ ਪਾਰਟੀ ਨੇ ਨਾਕਾਬੰਦੀ ਦੌਰਾਨ ਇਸ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ।  ਏ. ਡੀ. ਸੀ. ਪੀ. ਟੂ ਕੇਹਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਖਿਲਾਫ ਕੇਸ ਦਰਜ ਕਰਕੇ ਪੁੱਛਗਿੱਛ ਕੀਤੀ ਤਾਂ ਇਸ ਨੇ ਇਹ ਖੁਲਾਸਾ ਕੀਤਾ ਕਿ ਇਸ ਨੇ ਸਥਾਨਕ ਆਰਤੀ ਚੌਕ ਪੀ. ਵੀ. ਆਰ. ਰੱਖ ਬਾਗ ਅਤੇ ਰੋਜ਼ ਗਾਰਡਨ ਇਲਾਕਿਆਂ ਵਿਚੋਂ ਚਾਰ ਮੋਟਰਸਾਈਕਲ ਚੋਰੀ ਕੀਤੇ। ਪੁਲਸ ਨੇ ਕਥਿਤ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਇਕ ਸੁੰਨਸਾਨ ਜਗ੍ਹਾ 'ਤੇ ਛੁਪਾ ਕੇ ਰੱਖੇ ਤਿੰਨ ਹੋਰ ਚੋਰੀ ਦੇ ਮੋਟਰਸਾਈਕਲਾਂ ਨੂੰ ਵੀ ਬਰਾਮਦ ਕਰ ਲਿਆ। ਇਸ ਗ੍ਰਿਫਤਾਰੀ ਨੇ ਨਸ਼ਿਆਂ ਦੇ ਨਾਲ ਜੁਰਮਾਂ ਦੇ ਸੰਬੰਧ ਨੂੰ ਇੱਕ ਵਾਰ ਫੇਰ ਬੇਨਕਾਬ ਕਰ ਦਿੱਤਾ ਹੈ। 
ਥਾਣਾ ਡਾਬਾ ਦੀ ਪੁਲਿਸ ਨੇ ਵਿਆਹ ਤੋਂ ਬਾਅਦ  ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤੇ ਜਾਣ ਦੇ ਦੋਸ਼ ਵਿੱਚ ਕਾਰਵਾਈ ਕਰਦਿਆਂ ਚਾਰ ਵਿਅਕਤੀਆਂ ਦੇ ਖਿਲਾਫ਼ ਕਾਰਵਾਈ ਸ਼ੁਰੂ ਕੀਤੀ ਹੈ। ਦਿਲ ਦੇ ਇਲਾਕੇ  ਸਬੋਲੀ 20 ਰੋਡ ਦੀ ਗਲੀ ਨੰਬਰ 8 ਵਿੱਚ ਰਹਿਣ ਵਾਲੇ  ਗੁਲਸ਼ਨ ਲਾਲ ਪੁੱਤਰ ਹੀਰਾ ਚੰਦ ਦੀ ਦਰਖਾਸਤ 'ਤੇ ਲੁਧਿਆਣਾ ਦੇ ਮੋਹੱਲਾ ਬਸੰਤ ਨਗਰ ਦੀ ਗਲੀ ਨੰਬਰ  9 ਵਿੱਚ ਰਹਿਣ ਵਾਲੇ ਬੇਲੀ ਪੁੱਤਰ ਅਸ਼ੋਕ ਕੁਮਾਰ (ਪਤੀ), ਚੰਚਲ (ਸੱਸ), ਸੋਨੂੰ (ਦਿਓਰ) ਅਤੇ ਕੰਚਨ (ਸੱਸ ਦੀ ਭੈਣ) ਦੇ ਖਿਲਾਫ਼ 364 IPC ਅਧੀਨ 25 ਮਾਰਚ ਨੂੰ  ਮੁਕਦਮਾ ਦਰਜ ਕੀਤਾ ਹੈ। ਪੁਲਿਸ ਸੂਤਰਾਂ ਦੇ ਮੁਤਾਬਿਕ ਮਿਤੀ 20 ਦਸੰਬਰ 2010 ਨੂੰ ਮੁਦਈ ਦੀ ਲੜਕੀ ਮਮਤਾ ਦੀ ਗੁੰਮਸ਼ੁਦਗੀ ਰਿਪੋਰਟ ਥਾਣਾ ਡਾਬਾ ਵਿੱਚ ਉਕਤ ਦੋਸ਼ੀਆਂ ਵੱਲੋਂ ਦਰਜ ਕਰਵਾਈ ਗਈ ਸੀ। ਮੁਦਈ ਨੇ ਪੁਲਿਸ ਨੂੰ ਦੱਸਿਆ ਕਿ ਵਿਆਹ ਤੋਂ ਬਾਅਦ ਉਸਦੀ ਲੜਕੀ ਮਮਤਾ ਨੂੰ ਸਹੁਰਾ ਪਰਿਵਾਰ ਕਾਫੀ ਤੰਗ ਪਰੇਸ਼ਾਨ ਕਰ ਰਿਹਾ ਹੈ ਅਤੇ ਦਾਜ ਦਹੇਜ ਦੀ ਮੰਗ ਵੀ ਕਰ ਰਿਹਾ ਹੈ। ਮੁਦਈ ਨੇ ਇਹ ਵੀ ਆਖਿਆ ਕਿ ਉਕਤ ਦੋਸ਼ੀਆਂ ਵੱਲੋਂ ਮਿਲੀਭੁਗਤ ਕਰ ਉਸਦੀ ਲੜਕੀ ਨੂੰ ਅੱਗੇ ਪਿਛੇ ਕਰਕੇ ਮਾਰ ਦਿੱਤਾ ਜਾਵੇਗਾ। ਮੁਦਈ ਨੇ ਦੱਸਿਆ ਕੀ ਉਹ ਜਦੋਂ ਵੀ ਇਹਨਾਂ ਕੋਲੋਂ ਆਪਣੀ ਲੜਕੀ ਬਾਰੇ ਪੁਛਦਾ ਤਾਂ ਇਹ ਹਰ ਵਾਰ ਟਾਲਮਟੋਲ ਕਰਕੇ ਆਖਦੇ ਕੀ ਤੇਰੀ ਲੜਕੀ ਦਿੱਲੀ ਚਲੀ ਗਈ ਹੈ। ਹੁਣ ਦੇਖਣਾ ਹੈ ਕਿ ਪੁਲਿਸ ਕਿੰਨੀ ਜਲਦੀ ਉਸ ਕੁੜੀ ਦਾ ਪਤਾ ਲਾਉਂਦੀ ਹੈ। 
ਥਾਣਾ ਸਦਰ ਦੀ ਪੁਲਿਸ ਨੇ ਰੁਪਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਰੰਗੀਆਂ ਜ਼ਿਲਾ ਲੁਧਿਆਣਾ ਦੀ ਦਰਖਾਸਤ ਤੇ ਗਾਗਾ, ਸਬੇਰਾ, ਬਾਟਾ ਵਾਸੀਆਨ ਮਲੇਰਕੋਟਲਾ, ਹੈਪੀ ਵਾਸੀ ਡੇਹਲੋਂ  ਅਤੇ ਇੱਕ ਨਾਮਾਲੂਮ ਵਿਅਕਤੀ ਦੇ ਖਿਲਾਫ਼ 341/324/323/427/506/149 IPC ਅਧੀਨ ਮੁਕਦਮਾ ਦਰਜ ਕੀਤਾ ਹੈ। ਮੁਦਈ ਨੇ ਪੁਲਿਸ ਨੂੰ ਦੱਸਿਆ ਕਿ 17 ਮਾਰਚ ਵਾਲੇ ਦਿਨ ਇਹਨਾਂ ਦੋਸ਼ੀਆਂ ਨੇ ਉਸਨੂੰ ਪਿੰਡ ਗਿੱਲ ਦੇ ਗਿਲਜ਼ ਗਾਰਡਨ ਨੇੜੇ ਆ ਕੇ ਉਸ ਨਾਲ ਅਤੇ ਉਸਦੇ ਦੋਸਤ ਮਨਜਿੰਦਰ ਸਿੰਘ ਨਾਲ ਕੁੱਟਮਾਰ ਕੀਤੀ। ਉਸਨੇ ਦੱਸਿਆ ਕੀ ਇਹ ਸਾਰੇ ਇੱਕ ਸਵਿਫਟ ਕਾਰ ਵਿਕ ਹਚ ਆਏ ਸਨ ਅਤੇ ਇਹਨਾਂ ਨੇ ਉਸਦਾ ਮੋਟਰ ਸਾਈਕਲ ਵੀ ਭੰਨ ਦਿੱਤਾ।  
ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਜਸਵੀਰ ਸਿੰਘ ਦੀ ਸ਼ਿਕਾਇਤ  'ਤੇ ਕਾਰਵਾਈ ਕਰਦਿਆਂ ਢੰਡਾਰੀਕਲਾਂ ਦੇ ਰਹਿਣ ਵਾਲੇ ਪਵਨ ਕੁਮਾਰ ਪੁੱਤਰ ਸ਼ਿਵ ਕੁਮਾਰ ਦੇ ਖਿਲਾਫ਼ ਮੁਕਦਮਾ ਦਰਜ ਕੀਤਾ ਹੈ। ਮੁਦਈ ਨੇ ਬਿਆਨ ਕੀਤਾ ਕਿ 25 ਮਾਰਚ ਨੂੰ ਸ਼ਾਮ ਦੇ ਕਰੀਬ 5 ਵਜੇ ਇਹਨਾਂ ਕੋਲੋਂ ਬਿਨਾ ਨੰਬਰ ਵਾਲਾ ਇੱਕ ਮੋਟਰ ਸਾਈਕਲ, ਦੋ ਮੋਬਾਈਲ ਅਤੇ 3300/- ਨਗਦ ਬਰਾਮਦ ਹੋਏ। ਦੋਸ਼ੀ ਨੂੰ ਗ੍ਰਿਫਤਾਰ ਕਰ  ਲਿਆ ਗਿਆ। ਫੋਕਲ ਪੁਆਇੰਟ ਪੁਲਸ ਸਟੇਸ਼ਨ ਦੇ ਇੰਚਾਰਜ ਗੁਰਮੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਸ ਕਥਿਤ ਦੋਸ਼ੀ ਦਾ ਨਾਂ ਪਵਨ ਕੁਮਾਰ ਹੈ, ਜੋ ਕਿ ਮੂਲ ਰੂਪ ਵਿਚ ਯੂ. ਪੀ. ਦੇ ਹਰਦੋਈ ਦਾ ਰਹਿਣ ਵਾਲਾ ਹੈ। ਇਸ ਸਮੇਂ ਉਹ ਢੰਡਾਰੀ ਵਿਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜੀਵਨ ਨਗਰ ਪੁਲਸ ਚੌਕੀ ਨੂੰ ਇਹ ਗੁਪਤ ਸੂਚਨਾ ਮਿਲੀ ਕਿ ਪਿਛਲੇ ਕੁਝ ਦਿਨਾਂ ਤੋਂ ਇਕ ਨੌਜਵਾਨ ਬਾਈਕ ਦੇ ਟਾਇਰ ਰਿੰਮ ਸਮੇਤ ਵੇਚਣ ਲਈ ਵੱਖ-ਵੱਖ ਦੁਕਾਨਦਾਰਾਂ ਨਾਲ ਸੰਪਰਕ ਕਰ ਰਿਹਾ ਹੈ। ਚੌਕੀ ਇੰਚਾਰਜ ਸੋਹਣ ਲਾਲ ਨੇ ਮਿਲੀ ਸੂਚਨਾ ਦੇ ਆਧਾਰ 'ਤੇ ਗਸ਼ਤ ਦੌਰਾਨ ਇਸ ਨੌਜਵਾਨ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਇਹ ਚੋਰ ਨਿਕਲਿਆ। ਇਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। 
ਇਸ ਕਥਿਤ ਦੋਸ਼ੀ ਨੇ ਪੁੱਛਗਿੱਛ ਵਿਚ ਇਹ ਮੰਨਿਆ ਕਿ ਉਸ ਨੇ ਪਹਿਲਾਂ ਇਕ ਇੰਡਸਟਰੀ ਵਿਚੋਂ 17 ਹਜ਼ਾਰ ਰੁਪਏ ਅਤੇ 2 ਮੋਬਾਈਲ ਚੋਰੀ ਕੀਤੇ ਤੇ ਬਾਅਦ 'ਚ ਇਕ ਮੋਟਰਸਾਈਕਲ ਰਾਮਗੜ੍ਹ ਅਤੇ ਇਕ ਸ਼ੇਰਪੁਰ ਇਲਾਕੇ ਵਿਚੋਂ ਚੋਰੀ ਕੀਤੀ। ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਕਥਿਤ ਦੋਸ਼ੀ ਨੇ ਚੋਰੀ ਕੀਤੇ ਮੋਟਰਸਾਈਕਲਾਂ ਨੂੰ ਇਕ ਪਲਾਟ ਵਿਚ ਲੁਕਾ ਕੇ ਰੱਖਿਆ ਹੋਇਆ ਸੀ। ਉਸਨੇ ਦੱਸਿਆ ਕਿ ਇਨ੍ਹਾਂ ਦੇ ਟਾਇਰਾਂ ਅਤੇ ਹੋਰ ਮਹਿੰਗੇ ਪਾਰਟਸ ਨੂੰ ਉਹ ਬੜੀ ਯੋਜਨਾ ਨਾਲ ਵੱਖ-ਵੱਖ ਕਰਕੇ ਵੇਚਣ ਲਈ ਮੌਕੇ ਦੀ ਤਲਾਸ਼ 'ਚ ਸੀ। ਉਨ੍ਹਾਂ ਦੱਸਿਆ ਕਿ ਚੋਰੀ ਕੀਤੇ ਦੋ ਮੋਟਰਸਾਈਕਲ, ਦੋ ਮੋਬਾਈਲ ਅਤੇ 3300 ਰੁਪਏ ਬਰਾਮਦ ਕਰ ਲਏ। ਕਾਬਿਲ-ਏ-ਜ਼ਿਕਰ ਹੈ ਕਿ ਹੋਰ ਜੁਰਮਾਂ ਅਤੇ ਵਾਰਦਾਤਾਂ ਲਈ ਵੀ ਅਕਸਰ ਚੋਰੀ ਦੇ ਵਾਹਨ ਹੀ ਕਾਬੂ ਕੀਤੇ ਜਾਂਦੇ ਹਨ। 
ਥਾਣਾ ਜਮਾਲਪੁਰ ਦੀ ਪੁਲਿਸ ਨੇ ਮਾਧੋਪੁਰੀ ਦੀ ਗਲੀ ਨੰਬਰ 9 ਦੇ ਵਸਨੀਕ ਜਤਿੰਦਰ ਸ਼ਰਮਾ ਪੁੱਤਰ  ਅਸ਼ੋਕ  ਕੁਮਾਰ  ਦੀ ਦਰਖਾਸਤ ਤੇ ਲੁਧਿਆਣਾ ਦੇ ਸੰਤ ਨਗਰ ਤਾਜਪੁਰ ਰੋਡ ਦੀ ਗਲੀ ਨੰਬਰ 3 ਵਿੱਚ ਰਹਿਣ ਵਾਲੇ ਅਮਿਤ ਸ਼ਰਮਾ, ਸੁਮਿਤ ਸ਼ਰਮਾ, ਸੋਨੀਆ ਸ਼ਰਮਾ ਅਤੇ ਨਿਰਮਲਾ ਦੇ ਖਿਲਾਫ਼ 420/120B/494-IPC ਅਧੀਨ ਮੁਕਦਮਾ ਦਰਜ ਕੀਤਾ ਹੈ। ਭਾਮੀਆਂ ਕਲਾਂ ਇਲਾਕੇ ਵਿੱਚ ਮੁੰਬਈਆ ਸਟਾਈਲ ਫਰਾਡ ਦੀ ਝਲਕ ਦੇਣ ਵਾਲਾ ਇਹ ਮਾਮਲਾ ਦੱਸਦਾ ਹੈ ਕਿ ਹੁਣ ਸੱਤਾਂ ਜਨਮਾਂ ਦਾ ਸੰਬੰਧ ਸਮਝਿਆ ਜਾਣ ਵਾਲਾ ਪਤੀ ਪਤਨੀ ਦਾ ਸੰਬੰਧ ਵੀ ਅੱਜ ਦੇ ਧੋਖਾਧੜੀ ਵਾਲੇ ਸ਼ਰਮਨਾਕ ਰੁਝਾਨ ਦੀ ਭੇਂਟ ਚੜ੍ਹ ਚੁੱਕਿਆ ਹੈ। ਆਪਣੀ ਮਾਤਾ ਅਤੇ ਦੋ ਭਰਾਵਾਂ ਨਾਲ ਕਥਿਤ ਮਿਲੀਭੁਗਤ ਕਰਕੇ ਪਹਿਲੇ ਪਤੀ ਨੂੰ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾਉਣ ਦੇ ਦੋਸ਼ ਹੇਠ ਥਾਣਾ ਜਮਾਲਪੁਰ ਦੀ ਪੁਲਸ ਨੇ ਪੀਡ਼ਤ ਪਤੀ ਦੇ ਬਿਆਨਾਂ 'ਤੇ ਦੋਸ਼ੀ ਮਹਿਲਾ ਸਮੇਤ ਉਸਦੀ ਮਾਤਾ ਅਤੇ ਭਰਾਵਾਂ ਦੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਮੁਦਈ ਨੇ ਦੱਸਿਆ ਕੀ ਉਸਦਾ ਵਿਆਹ ਸੋਬਿਆ ਸ਼ਰਮਾ ਨਾਲ 24 ਜੂਨ 2014 ਨੂੰ ਹੋਇਆ ਸੀ। ਉਸਦੇ ਮੁਤਾਬਿਕ ਵਿਆਹ ਵੀ ਏਨਾ ਸਾਦਗੀ ਨਾਲ ਕੀ ਉਸਨੇ ਦੋਸ਼ਣ ਕੋਲੋਂ ਕੋਈ ਦਾਜ-ਦਹੇਜ ਵੀ ਨਹੀਂ ਲਿਆ। ਮਹੀਨੇ ਕੁ ਬਾਅਦ 18 ਜੁਲਾਈ ਨੂੰ ਜਦੋਂ ਮੁਦਈ ਦੀ ਮਾਨ ਅਤੇ ਭੈਣ ਸੋਨੀਆ ਸ਼ਰਮਾ ਨੂੰ ਲੈਣ ਲਈ ਉਸਦੇ ਪੇਕੇ ਘਰ ਗਏ ਤਾਂ ਉਥੇ ਜਾ ਕੇ ਪਤਾ ਲੱਗਿਆ ਕੀ ਸੋਨੀਆ ਤਾਂ ਪਹਿਲਾਂ ਹੀ ਵਿਆਹੀ ਹੋਈ ਹੈ। ਉਸਦੀ ਇੱਕ ਬੱਚੀ ਵੀ ਹੈ ਜਿਸਦਾ ਨਾਮ ਸਨੇਹ ਹੈ। ਸਿਰਫ ਦਸ ਜਮਾਤਾਂ ਪੜ੍ਹੀ ਹੋਈ ਇਸ ਸੋਨੀਆ ਨੇ ਵਿਆਹ ਵੇਲੇ ਖੁਦ ਨੂੰ ਬੀਏ ਪਾਸ ਦੱਸਿਆ। ਭੇਦ ਖੁੱਲ ਜਾਣ ਤੇ ਇਹ ਲੋਕ ਆਪਣੇ ਅਸਲੀ ਰੰਗ ਵਿੱਚ ਆ ਗਏ ਅਤੇ ਦੋ ਲੱਖ ਰੁਪਏ ਦੀ ਮੰਗ ਕਰਨ ਲੱਗ ਪਏ। ਇਸਦੇ ਨਾਲ ਹੀ ਇਹਨਾਂ ਨੇ ਧਮਕੀ ਵੀ ਦਿੱਤੀ ਕੀ ਜੇ ਪੈਸੇ ਨਾ ਦਿੱਤੇ ਤਾਂ ਝੂਠੇ ਕੇਸ ਵਿੱਚ ਫਸਾ ਦਿਆਂਗੇ। ਹੁਣ ਦੇਖਣਾ ਹੈ ਕਿ ਹਕੀਕਤ ਕਦੋਂ ਸਾਹਮਣੇ ਆਉਂਦੀ ਹੈ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸਦੀ ਪਤਨੀ ਨੇ ਆਪਣੀ ਮਾਤਾ ਅਤੇ ਭਰਾਵਾਂ ਨਾਲ ਮਿਲਕੇ ਆਪਣੇ ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਕਥਿਤ ਧੋਖਾਦੇਹੀ ਕਰਦੇ ਹੋਏ ਉਸ ਨਾਲ ਵਿਆਹ ਕਰਵਾਇਆ ਹੈ। ਥਾਣਾ ਪੁਲਸ ਨੇ ਜਤਿੰਦਰ ਸ਼ਰਮਾ ਦੇ ਬਿਆਨਾਂ 'ਤੇ ਸੋਨੀਆਂ, ਨਿਰਮਲਾ, ਅਮਿਤ ਸ਼ਰਮਾ ਅਤੇ ਸੁਮਿਤ ਸ਼ਰਮਾ ਦੇ ਖਿਲਾਫ ਸਾਜ਼ਿਸ਼ ਅਧੀਨ ਧੋਖਾਦੇਹੀ ਦੇ ਆਰੋਪਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਮੇਹਰਬਾਨ ਦੀ ਪੁਲਿਸ ਨੇ ਬਿਨਾ ਮਨਜੂਰੀ ਤੋਂ ਰੇਤਾ ਚੋਰੀ ਕਰਨ ਦੇ ਇੱਕ ਮਾਮਲੇ ਦਾ ਪਤਾ ਲਾਇਆ ਹੈ। ਮੁਦਈ ਨੇ ਦੱਸਿਆ ਕਿ 25 ਮਾਰਚ  2014 ਨੂੰ ਕਰੀਬ 6:30 ਵਜੇ ਸ਼ਾਮੀ ਇਕ ਗੁਪਤ ਇਤਲਾਹ ਮਿਲੀ ਕਿ ਦੋਸ਼ੀਆਨ ਵੱਲੋਂ ਸਤਲੁਜ ਦਰਿਆ ਪਿੰਡ ਬੂਥਗੜ੍ਹ ਵਿਖੇ ਬਿਨਾ ਮਨਜੂਰੀ ਤੋਂ ਰੇਤਾ ਚੋਰੀ ਕੀਤੀ ਜਾ ਰਹੀ ਹੈ। ਜੇਕਰ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਇਹ ਕਾਬੂ ਆ ਸਕਦੇ ਹਨ। ਇਤਲਾਹ ਮਿਲਦਿਆਂ ਹੀ ਪੁਲਿਸ ਤੁਰੰਤ ਉੱਥੇ ਪੁੱਜੀ ਅਤੇ ਇਹਨਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਦੋਸ਼ੀਆਂ ਕੋਲੋਂ ਇੱਕ ਟਿੱਪਰ (PB-11AR-9134) ਅਤੇ ਇੱਕ ਟਰਾਲਾ  (PB-12-M-4557) ਰੇਟ ਨਾਲ ਭਰੇ ਹੋਏ ਕਾਬੂ ਕੀਤੇ। ਪੁਲਿਸ ਨੇ ਫਤਹਿਗੜ ਸਾਹਿਬ ਦੇ ਕਰਮਜੀਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ, ਪਿੰਡ ਸਿਓਣਾ ਜ਼ਿਲਾ ਪਟਿਆਲਾ ਦੇ ਵਸਨੀਕ ਹਰਦੀਪ ਸਿੰਘ ਪੁੱਤਰ ਸੋਹਣ ਸਿੰਘ ਦੇ ਖਿਲਾਫ਼ 379 IPC ਅਤੇ 21 ਮਾਈਨਿੰਗ ਐਕਟ ਅਧੀਨ ਕੇਸ ਦਰਜ ਕੀਤਾ ਹੈ। 

No comments: