Thursday, March 20, 2014

ਭੱਠਾ ਮਜ਼ਦੂਰਾਂ ਵੱਲੋਂ ਵਿਸ਼ਾਲ ਰੈਲੀ

Thu, Mar 20, 2014 at 5:31 PM
ਪੰਜਾਬ ਦੇ ਤਿੰਨ ਲੱਖ ਭੱਠਾ ਮਜ਼ਦੂਰ ਭੁੱਖਮਰੀ ਦਾ ਸ਼ਿਕਾਰ 
ਲੁਧਿਆਣਾ 20 ਮਾਰਚ 2014 (*ਪ੍ਰਕਾਸ਼ ਸਿੰਘ ਹਿੱਸੋਵਾਲ//ਪੰਜਾਬ ਸਕਰੀਨ): 
ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਲੋਕਾਂ ਨੂੰ ਪਹਿਲਾਂ ਮਿਲ ਰਹੀਆਂ ਸਹੂਲਤਾਂ ਖਤਮ ਕਰਕੇ ਲੋਕਾਂ ਉਪਰ ਨਵੇਂ ਟੈਕਸਾਂ ਦਾ ਬੋਝ ਪਾ ਰਹੀ ਹੈ ਅਤੇ ਮਜ਼ਦੂਰਾਂ ਨੂੰ ਨਿਗੂਣੀਆਂ ਤਨਖਾਹਾਂ/ਉਜਰਤਾਂ ਤੇ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨਾ ਅੱਜ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ। ਪੰਜਾਬ ਵਿੱਚ 10 ਮਹੀਨੇ ਚਲੱਣ ਵਾਲੇ ਭੱਠੇ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਸਦਕਾ ਹੁਣ ਸਿਰਫ ਸਾਲ ਵਿੱਚ ਤਿੰਨ ਕੁ ਮਹੀਨੇ ਹੀ ਚੱਲ ਰਹੇ ਹਨ ਜਿਸ ਕਾਰਨ 3 ਲੱਖ ਭੱਠਾ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰ ਕੰਮ ਨਾ ਮਿਲਣ ਕਾਰਨ ਕੱਖੋਂ ਹੋਲੇ ਹੋ ਗਏ ਹਨ ਅਤੇ ਭੁੱਖਮਰੀ ਦੇ ਸ਼ਿਕਾਰ ਹੋ ਰਹੇ ਹਨ। ਪੰਜਾਬ ਦੀ ਛੋਟੀ ਸਨਅਤ ਵੀ ਆਖਰੀ ਸਾਹਾਂ ਤੇ ਹੈ । ਅਕਾਲੀ ਬੀਜੇਪੀ ਸਰਕਾਰ ਵੱਲੋਂ ਨਵੇਂ-ਨਵੇਂ ਟੈਕਸ ਲਗਾ ਕੇ ਉਸਨੂੰ ਬਰਬਾਦੀ ਦੇ ਕੰਡੇ ਤੇ ਲਿਆ ਦਿੱਤਾ ਹੈ । ਰੇਤੇ ਦੀ ਕਾਲਾ ਬਜਾਰੀ, ਨਿੱਤ ਵਧਦੀ ਮਹਿੰਗਾਈ ਨੇ ਵੀ ਲੋਕਾਂ ਦੇ ਜਖਮਾਂ ਤੇ ਨਮਕ ਸੁੱਟਣ ਦਾ ਕੰਮ ਕੀਤਾ ਹੈ। ਸੀਟੂ ਦੇ ਸੂਬਾਈ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਸਥਾਨਕ ਚਤਰ ਸਿੰਘ ਪਾਰਕ ਵਿਖੇ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ (26/84) ਵੱਲੋਂ ਆਯੋਜਿਤ ਕੀਤੀ ਗਈ ਜਿਲਾ ਪੱਧਰੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।  
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਯੂ.ਪੀ.ਏ. ਦੀ ਕੇਂਦਰ ਸਰਕਾਰ ਵੱਲੋਂ ਵੀ ਦੇਸ਼ ਦੀ ਬੇਹਤਰੀ ਲਈ ਅਤੇ ਲੋਕਾਂ ਦੇ ਸਾਰੇ ਮਸਲੇ ਹੱਲ ਕਰਨ ਦਾ ਬੜੇ ਜੋਰ ਸ਼ੋਰ ਨਾਲ ਢਿੰਡੋਰਾ ਪਿਟਿਆ ਜਾ ਰਿਹਾ ਹੈ ਪਰੰਤੂ ਇਸ ਸਰਕਾਰ ਦੇ 10 ਸਾਲਾਂ ਦੇ ਰਾਜ ਅੰਦਰ ਭ੍ਰਿਸ਼ਟਾਚਾਰ, ਮਹਿੰਗਾਈ, ਔਰਤਾਂ ਤੇ ਅਤਿਆਚਾਰ, ਬੇਰੁਜਗਾਰੀ ਅਤੇ ਲੋਕਾਂ ਨਾਲ ਧੱਕੇਸ਼ਾਹੀ ਵਿੱਚ ਅਥਾਹ ਵਾਧਾ ਹੋਇਆ ਹੈ । ਸੂਬਾਈ ਸਰਕਾਰ ਨੇ ਰਾਜ ਅੰਦਰ ਲੋਕਾਂ ਦੀਆਂ ਜਮੀਨਾ ਕੋਡੀਆਂ ਦੇ ਭਾਅ ਦੇਸੀ-ਵਿਦੇਸ਼ੀ ਪੂੰਜੀਪਤੀਆਂ ਨੂੰ ਦਿੱਤੀਆਂ ਗਈਆਂ ਹਨ । ਆਮ ਆਦਮੀ ਇਲਾਜ ਅਤੇ ਬੱਚਿਆਂ ਨੂੰ ਵਧੀਆ ਸਿੱਖਿਆ ਦਿਵਾਉਣ ਤਾਂ ਦੂਰ ਉਸ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਦੌਰ ਵਿੱਚ ਭੱਠਾ ਮਜ਼ਦੂਰ ਘੱਟ ਮਿਹਨਤਾਨੇ ਤੇ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਨਹੀਂ ਕਰ ਪਾ ਰਹੇ ਅਤੇ ਉਨ੍ਹਾਂ ਕਿਹਾ ਕਿ ਭੱਠਾ ਮਜ਼ਦੂਰਾਂ ਦੀ ਉਜ਼ਰਤਾਂ ਵਿੱਚ ਵਾਧੇ ਲਈ ਦਿੱਤੇ ਮੰਗ ਪੱਤਰ ਤੇ ਸਬੰਧਿਤ ਮਹਿਕਮੇਂ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ । ਉਜ਼ਰਤਾਂ ਵਿੱਚ ਵਾਧਾ ਕਰਵਾਉਣ ਲਈ ਅੰਦੋਲਨ ਹੋਰ ਤੇਜ ਕੀਤਾ ਜਾਵੇਗਾ। 
ਰੈਲੀ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਜ਼ਿਲਾ ਪ੍ਰਧਾਨ ਜਤਿੰਦਰ ਪਾਲ ਸਿੰਘ ਨੇ ਭੱਠਾ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਦਾ ਪੂਰਨ ਸਮਰਥਨ ਕਰਦੇ ਕਿਹਾ ਕਿ ਠੇਕੇਦਾਰੀ ਪ੍ਰਬੰਧ ਖਤਮ ਕਰਵਾਉਣ ਅਤੇ ਘੱਟੋ-ਘੱਟ ਉਜ਼ਰਤਾਂ ਲਾਗੂ ਕਰਵਾਉਣ ਲਈ ਸੀਟੂ ਪੂਰਨ ਤੌਰ ਤੇ ਸੰਘਰਸ਼ਸ਼ੀਲ ਹੈ। ਉਨ੍ਹਾਂ ਕਿਹਾ ਕਿ ਅਜੋਕੀਆਂ ਕੇਂਦਰ ਅਤੇ ਸੂਬਾ ਅਤੇ ਸਰਕਾਰ ਦੀਆਂ ਨੀਤੀਆਂ ਕਾਰਨ ਸਾਰਾ ਦੇਸ਼ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੈ ਅਤੇ ਦੋਸ਼ੀ ਪਾਰਟੀਆਂ ਨੂੰ ਗੱਦੀਓਂ ਉਤਾਰ ਕੇ ਅਤੇ ਬਦਲਵੀਆਂ ਨੀਤੀਆਂ ਲਾਗੂ ਕਰਕੇ ਦੇਸ਼ ਤਰੱਕੀ ਦੇ ਰਾਹ ਤੇ ਅੱਗੇ ਵੱਧ ਸਕਦਾ ਹੈ। 
ਇਸ ਮੌਕੇ ਯੂਨੀਅਨ ਦੇ ਜਿਲਾ ਪ੍ਰਧਾਨ ਸ਼ਿੰਦਰ ਸਿੰਘ ਜਵੱਦੀ, ਸਕੱਤਰ ਪ੍ਰਕਾਸ਼ ਸਿੰਘ ਹਿੱਸੋਵਾਲ ਸੂਬਾਈ ਆਗੂ, ਚਰਨਜੀਤ ਸਿੰਘ ਹਿਮਾਂਯੂਪੁਰ ਅਤੇ ਦਰਸ਼ਨ ਸਿੰਘ ਕੰਗਣਵਾਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭੱਠਾ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਵਾਧਾ ਕਰਵਾਉਣ ਲਈ, ਭੱਠਿਆਂ ਉਪਰ ਕੰਮ ਕਰਦੇ ਕਿਰਤੀਆਂ ਲਈ ਸਾਫ ਪਾਣੀ, ਰਿਹਾਇਸ਼ ਅਤੇ ਕਿਰਤ ਕਾਨੂੰਨ ਲਾਗੂ ਕਰਵਾਉਣ ਲਈ ਸੰਘਰਸ਼ ਤੇਜ ਕੀਤਾ ਜਾਵੇਗਾ। ਇਨ੍ਹਾਂ ਆਗੂਆਂ ਨੇ ਸਹਾਇਕ ਕਿਰਤ ਕਮਿਸ਼ਨਰ ਲੁਧਿਆਣਾ ਤੋਂ ਪੁਰਜੋਰ ਮੰਗ ਕੀਤੀ ਕਿ ਮਜ਼ਦੂਰਾਂ ਦੀਆਂ ਉਜ਼ਰਤਾਂ ਵਿੱਚ ਵਾਧਾ ਕਰਵਾਉਣ ਅਤੇ ਕਿਰਤ ਕਾਨੂੰਨ ਲਾਗੂ ਕਰਵਾਉਣ ਲਈ ਆਪਣਾ ਯੋਗਦਾਨ ਨਿਭਾਉਣ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਮਜ਼ਦੂਰਾਂ ਵੱਲੋਂ ਵੱਡਾ ਐਕਸ਼ਨ ਕੀਤਾ ਜਾਵੇਗਾ। ਇਸ ਮੌਕੇ ਪਰਮਿੰਦਰ ਕੁਮਾਰ, ਦਰਬਾਰਾ ਸਿੰਘ, ਨਿਰਮਲ ਨਿੰਮਾ ਅਤੇ ਗੁਲਜਾਰ ਸਿੰਘ, ਰਜਿੰਦਰ ਸਿਘ, ਰਣਜੀਤ ਸਾਇਆਂ ਆਗੂ ਮੌਜੂਦ ਸਨ। 

*ਪ੍ਰਕਾਸ਼ ਸਿੰਘ ਹਿੱਸੋਵਾਲ ਯੂਨੀਅਨ ਦੇ ਸਕੱਤਰ ਹਨ। 

No comments: