Tuesday, March 18, 2014

ਪ੍ਰੀਖਿਆ ਵਿੱਚ ਚੰਗੇ ਨੰਬਰਾਂ ਲਈ ਕੀਤੀ ਪ੍ਰਭੁ ਅੱਗੇ ਅਰਦਾਸ

ਮਾਸਟਰ ਤਾਰਾ ਸਿੰਘ ਕਾਲਜ ਫਾਰ ਵੂਮੈਨ ਵਿੱਚ ਵਿਸ਼ੇਸ਼ ਧਾਰਮਿਕ ਆਯੋਜਨ 
ਲੁਧਿਆਣਾ: 18 ਮਾਰਚ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਨਿਸ਼ਾਨੇ ਵੀ ਉੱਚੇ ਤੇ ਇਰਾਦੇ ਵੀ ਉੱਚੇ।  ਇਮਤਿਹਾਨ ਸਿਰ ਤੇ ਹਨ ਮਿਹਨਤ ਵੀ ਪੂਰੀ ਹੈ ਕਿੰਨਾ ਚੰਗਾ ਹੋਵੇ ਜੇ  ਉਸ ਪਰਮ ਪਿਤਾ ਪ੍ਰਮਾਤਮਾ ਦੀ ਮਿਹਰ ਵੀ ਹੋ ਜਾਵੇ। ਉਸ ਦੀ ਕਿਰਪਾ ਦ੍ਰਿਸ਼ਟੀ ਵਾਲਾ ਆਸ਼ੀਰਵਾਦ ਪ੍ਰਾਪਤ ਕਰਨ ਲਈ  ਮਾਸਟਰ ਤਾਰਾ ਸਿੰਘ ਕਾਲਜ ਫਾਰ ਵੂਮੈਨ ਵਿਖੇ ਸਹਿਜ ਪਾਠ ਦੇ ਭੋਗ ਮਗਰੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਵੀ ਕਰਾਇਆ ਗਿਆ। ਇਹ ਕੀਰਤਨ ਇਸ ਕਾਲਜ ਦੀਆਂ ਵਿਦਿਆਰਥਣਾਂ ਨੇ ਕੀਤਾ। ਜੋਸ਼ੋ ਖਰੋਸ਼ ਅਤੇ ਮੌਜ ਮਸਤੀ ਵਾਲੀ ਉਮਰ ਵਿੱਚ ਅਜਿਹਾ ਅਲੌਕਿਕ ਟਿਕਾਓ ਹਰ ਕਿਸੇ ਦੇ ਨਸੀਬ ਵਿੱਚ ਵੀ ਨਹੀਂ ਹੁੰਦਾ। ਪ੍ਰੀਖਿਆ ਦੇ ਦਿਨਾਂ ਵਿੱਚ ਸਭ ਤੋਂ ਵਧ ਜ਼ਰੂਰੀ ਅਤੇ ਲੁੜੀਂਦੇ ਆਤਮ ਵਿਸ਼ਵਾਸ ਦੇ ਨਾਲ ਮਜਬੂਤ ਮਨੋਬਲ ਨੂੰ ਵਿਕਸਿਤ ਕਰਨ ਵਾਲਾ ਇਹ ਰੂਹਾਨੀ ਵਾਤਾਵਰਣ ਕਾਫੀ ਸਮਾਂ ਬਣਿਆ ਰਿਹਾ। ਕਾਬਿਲ-ਏ-ਜ਼ਿਕਰ ਹੈ ਇਹ ਮਨੋਬਲ ਅਤੇ ਆਤਮ ਵਿਸ਼ਵਾਸ ਸਿਰਫ ਵਿਦਿਅਕ ਪ੍ਰੀਖਿਆ ਵਿੱਚ ਹੀ ਨਹੀਂ ਬਲਕਿ ਜ਼ਿੰਦਗੀ ਦੇ ਹਰ ਕਦਮ ਤੇ ਆਉਣ ਵਾਲੀ ਪ੍ਰੀਖਿਆ ਵਿੱਚ ਕੰਮ ਆਉਂਦਾ ਹੈ। ਕਿਸੇ ਸ਼ਾਇਰ ਨੇ ਆਪਣੀ ਬਹੁਤ ਹੀ ਹਰਮਨ ਪਿਆਰੀ ਰਚਨਾ ਵਿੱਚ ਆਖਿਆ ਸੀ--
ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ--ਤੇ ਇਸ ਜੰਗ ਨੂੰ ਜਿੱਤਣ ਲਈ ਮਨੋਬਲ ਦੀ ਵੀ ਲੋੜ ਪੈਂਦੀ ਹੈ ਅਤੇ ਆਤਮ ਵਿਸ਼ਵਾਸ ਦੀ ਵੀ। 
ਕਾਲਜ ਦੀ ਪ੍ਰਿੰਸੀਪਲ ਡਾਕਟਰ ਪ੍ਰਵੀਨ ਕੌਰ ਚਾਵਲਾ ਨੇ ਅਜਿਹੇ ਸਮਾਗਮਾਂ ਦੀ ਜਰੂਰਤ ਅਤੇ ਅਹਿਮੀਅਤ ਬਾਰੇ ਦੱਸਿਆ। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ੍ਰ. ਸਵਰਨ ਸਿੰਘ ਨੇ ਵੀ ਵਿਦਿਆਰਥਣਾਂ ਦੀ ਸ਼ਾਨਦਾਰ ਸਫਲਤਾ ਅਤੇ  ਭਵਿੱਖ ਦੀ ਕਾਮਨਾ ਕੀਤੀ। ਕਮੇਟੀ ਦੇ ਸੰਯੁਕਤ ਸਕੱਤਰ ਕੰਵਲਇੰਦਰ ਸਿੰਘ ਠੇਕੇਦਾਰ ਅਤੇ ਕਮੇਟੀ ਦੇ ਮੈਂਬਰ ਅਮਰੀਕ ਸਿੰਘ ਸੱਚਰ ਨੇ ਵੀ ਪ੍ਰੀਖਿਆ ਵਿੱਚ ਚੰਗੇ ਨੰਬਰਾਂ ਦੀ ਸ਼ੁਭਕਾਮਨਾਵਾਂ ਪ੍ਰਗਟ ਕਰਦਿਆਂ ਵਿਦਿਆਰਥਣਾਂ ਨੂੰ ਮਿਹਨਤ ਅਤੇ ਲਗਣ ਨਾਲ ਪੜ੍ਹਨ ਦੀ ਪ੍ਰੇਰਨਾ ਦਿੱਤੀ। 

No comments: