Monday, March 17, 2014

ਬਲਬੀਰ ਸੰਘੇੜਾ ਦੀ ਪੁਸਤਕ ਖੰਡਰ ਰਿਲੀਜ਼

ਪੁਸਤਕ ਤੇ ਹੋਈ ਉਸਾਰੂ ਚਰਚਾ
ਲੁਧਿਆਣਾ16 ਮਾਰਚ 2014: (ਰੈਕਟਰ ਕਥੂਰੀਆ//ਪੰਜਾਬੀ ਸਕਰੀਨ): 
ਅੱਜ ਫਿਰ ਪੰਜਾਬੀ ਭਵਨ ਵਿੱਚ ਰੌਣਕ ਸੀ। ਹੋਲੀ ਦੇ ਤਿਓਹਾਰ ਅਤੇ ਸੰਡੇ ਦੀਆਂ ਮਸਤੀਆਂ ਨੂੰ ਛੱਡ ਛਡਾ ਕੇ ਸਾਹਿਤ ਪ੍ਰੇਮੀ ਪੁੱਜੇ ਹੋਏ ਸਨ ਸਾਹਿਤਿਕ ਸਰਗਰਮੀਆਂ ਦਾ ਕੇਂਦਰ ਬਣੀ ਹੋਈ ਇਸ ਇਮਾਰਤ ਵਿੱਚ। ਪਹਿਲਾਂ ਸਵਰਨਜੀਤ ਸਵੀ ਦੀ ਪੁਸਤਕ ਰਿਲੀਜ਼ ਹੋਈ ਤੇ ਫਿਰ ਬਲਬੀਰ ਕੌਰ ਸੰਘੇੜਾ ਦੀ ਪੁਸਤਕ। ਕੁਝ ਸਰੋਤੇ ਅਤੇ ਦਰਸ਼ਕ ਪਹਿਲੇ ਸਮਾਗਮ ਨੇ ਖਿਚ ਲਏ ਸਨ ਇਸ ਲਈ ਦੂਜੇ ਸਮਾਗਮ ਵਿੱਚ ਹਾਜ਼ਰੀ ਘੱਟ ਸੀ। ਜਿੰਨੇ ਕੁ ਵੀ ਗਿਣਤੀ ਦੇ ਲੋਕ ਮੌਜੂਦ ਸਨ ਓਹ ਸਾਰੇ ਤਨੋਂ ਮਨੋ ਪੂਰੀ ਤਰਾਂ ਹਾਜ਼ਰ ਸਨ। ਇਹਨਾਂ ਵਿੱਚ ਜਨਮੇਜਾ ਜੌਹਲ, ਗੁਲਜ਼ਾਰ ਪੰਧੇਰ, ਗੁਰਚਰਨ ਕੌਰ ਕੌਚਰ ਅਤੇ ਕਈ ਹੋਰ ਵੀ ਮੌਜੂਦ ਸਨ। ਕੁਝ ਕੁ ਦੇਰੀ ਨਾਲ ਗੁਰਭਜਨ ਗਿੱਲ ਇਸ ਦੂਜੇ ਸਮਾਗਮ ਵਿੱਚ ਵੀ ਹਾਜ਼ਿਰੀ ਲਵਾਉਣ ਪੁੱਜ ਗਏ। ਪੰਜਾਬੀ ਕਹਾਣੀਕਾਰ ਬਲਬੀਰ ਕੌਰ ਸੰਘੇੜਾ ਦੇ ਨਵ ਪਰਕਾਸ਼ਤ ਕਹਾਣੀ ਸੰਗ੍ਰਿਹ 'ਖੰਡਰ' 'ਤੇ ਕਾਰਵਾਈ ਗਈ ਵਿਚਾਰ ਗੋਸ਼ਟੀ  ਦੇ ਆਰੰਭ ਵਿੱਚ ਰੀਤੂ ਕਲਸੀ ਨੇ ਆਪਣੇ ਰਵਾਇਤੀ ਢੰਗ ਤਰੀਕੇ ਨਾਲ ਸਾਰਿਆਂ ਨੂੰ ਜੀ ਆਇਆਂ ਆਖਿਆ। ਮੋਹਨ ਸਪਰਾ ਦੀ ਸਰਪ੍ਰਸਤੀ ਅਤੇ ਰੀਤੂ ਕਲਸੀ ਦੇ ਨਾਲ ਨਾਲ ਐੱਨ ਨਵਰਾਹੀ ਦੀ ਅਗਵਾਈ ਹੇਠ ਚੱਲ ਰਹੇ ਅਦਾਰੇ ਸ਼ਬਦ ਮੰਡਲ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਕਰਾਈ ਗਈ ਇਸ ਵਿਚਾਰ ਗੋਸ਼ਟੀ ਵਿੱਚ ਸ਼ਾਮਲ ਹੋਣ ਲਈ ਸਾਰਿਆਂ ਨੂੰ ਖੁੱਲ੍ਹਾ ਸੱਦਾ ਸੀ ਪਰ ਟਿਕਟਾਂ ਖਰੀਦ ਕੇ ਪ੍ਰੋਗ੍ਰਾਮ ਦੇਖਣ ਵਾਲੇ ਲੋਕ ਅਜਿਹੇ ਖੁੱਲੇ ਸੱਦੇ ਦੀ ਕਦ ਪ੍ਰਵਾਹ ਕਰਦੇ ਹਨ ਸੋ ਜਿਹੜੇ ਨਹੀਂ ਪੁੱਜ ਸਕੇ ਉਹਨਾਂ ਇੱਕ ਅਨਮੋਲ ਵਿਚਾਰ ਚਰਚਾ ਨੂੰ ਗੁਆ ਲਿਆ।  ਸ਼ਾਇਦ ਇਹ ਉਹਨਾਂ ਦੇ ਭਾਗਾਂ ਵਿੱਚ ਹੀ ਨਹੀਂ ਸੀ। ਮੈਡਮ ਸਤਿੰਦਰ ਕੌਰ ਨੇ ਇਸ ਪੁਸਤਕ ਤੇ ਚਰਚਾ ਕਰਦਿਆਂ ਬਹੁਤ ਹੀ ਸਾਦਗੀ ਨਾਲ ਕਈ ਗੰਭੀਰ ਗੱਲਾਂ ਕੀਤੀਆਂ। ਮੰਚ ਸੰਚਾਲਨ ਨਵਰਾਹੀ ਨੇ ਬਹੁਤ ਹੀ ਸਲੀਕੇ ਨਾਲ ਨਿਭਾਇਆ ਅਤੇ ਰੀਤੂ ਸਾਹਿਤਿਕ ਸਮਾਗਮ ਹੋਣ ਦੇ ਬਾਵਜੂਦ ਆਪਣਾ ਪੱਤਰਕਾਰੀ ਵਾਲਾ ਫਰਜ਼ ਨਹੀਂ ਭੁੱਲੀ। ਉਸ ਨੇ ਆਪਣੇ ਕੈਮਰੇ ਵਿੱਚ ਹਰ ਪਲ ਨੂੰ ਕੈਦ ਕੀਤਾ। ਜਲਦੀ ਹੀ ਓਹ ਤਸਵੀਰਾਂ ਵੀ ਤੁਹਾਡੇ ਸਾਹਮਣੇ ਆਉਣਗੀਆਂ।  

No comments: