Sunday, March 16, 2014

ਗੁਰੂ ਕੇ ਬਾਗ ਛਾਉਣੀ ਨਿਹੰਗ ਸਿੰਘਾਂ ਵਿਖੇ ਦੋ ਰੋਜਾ ਗੱਤਕਾ ਮੁਕਾਬਲੇ ਅਰੰਭ

ਗਿਆਨੀ ਮਹਿੰਦਰ ਸਿੰਘ ਯੂ.ਕੇ. 'ਨਵਾਬ ਕਪੂਰ ਸਿੰਘ' ਐਵਾਰਡ ਨਾਲ ਸਨਮਾਨਿਤ
SGPC ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਅਤੇ ਸ਼੍ਰੋਮਣੀ ਪੰਥ ਅਕਾਲੀ ਬੁਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਗੱਤਕੇ ਮੁਕਾਬਲੇ ਦੀ ਆਰੰਭਤਾ ਕਰਦੇ ਹੋਏ 
ਸ੍ਰੀ ਅਨੰਦਪੁਰ ਸਾਹਿਬ:15 ਮਾਰਚ 2014: (ਰਣਜੀਤ ਸਿੰਘ 'ਖਾਲਸਾ'//ਪੰਜਾਬ ਸਕਰੀਨ): ਹੋਲੇ ਮਹੱਲੇ ਦੇ ਪਾਵਨ ਤਿਉਹਾਰ ਨੂੰ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਮਨਾਉਣ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਵਿਰਾਸਤੀ ਸ਼ਸ਼ਤਰ ਵਿੱਦਿਆ ਤੇ ਅਧਾਰਤ ਸੂਰਬੀਰਤਾ ਨਾਲ ਭਰਪੂਰ ਜੰਗਜੂ ਖੇਡ ਗਤਕੇ ਦਾ ਜੋਰਦਾਰ ਪ੍ਰਦਰਸ਼ਨ ਕਰਨ ਹਿੱਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਘੇ ਸਹਿਯੋਗ ਨਾਲ ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਨਿਹੰਗ ਸਿੰਘਾਂ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਦੋ ਰੋਜਾ ਗੱਤਕੇ ਦੇ ਮੁਕਾਬਲੇ ਅਰੰਭ ਹੋਏ। 
ਭਾਈ ਮਹਿੰਦਰ ਸਿੰਘ ਯੂਕੇ ਵਾਲਿਆਂ ਨਵਾਬ ਕਪੂਰ ਸਿੰਘ ਐਵਾਰਡ ਭੇਂਟ ਕਰਦੇ ਹੋਏ ਜੱਥੇਦਾਰ ਅਵਤਾਰ ਸਿੰਘ, ਗਿਆਨੀ ਮੱਲ ਸਿੰਘ, ਬਾਬਾ ਭਾਗ ਸਿੰਘ ਅਤੇ ਬਾਬਾ ਬਲਬੀਰ ਸਿੰਘ ਨਾਲ
ਇਸ ਮੌਕੇ ਗੱਤਕੇ ਦੇ ਮੁਕਾਬਲਿਆਂ ਦੀ ਅਰੰਭਤਾ ਕਰਵਾਉਣ ਲਈ ਵਿਸ਼ੇਸ਼ ਤੌਰ ਤੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਨਿਰਭਉ ਦੀ ਭਾਵਨਾ ਨੂੰ ਪ੍ਰਚੰਡ ਕਰਨ, ਬੀਰਰਸ ਦਾ ਪ੍ਰਚਾਰ ਕਰਨ ਤੇ ਆਪਣੀ ਸਵੈਰੱਖਿਆ ਲਈ ਖੁਦ ਆਤਮਨਿਰਭਰ ਬਣਨ ਵਾਲੀ ਖੇਡ ਹੈ। ਇਸੇ ਉਦੇਸ਼ ਨੂੰ ਲੈ ਕੇ ਛੇਵੇਂ ਪਾਤਸਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਬਖਸੀ ਹੋਈ ਸ਼ਸ਼ਤਰ ਕਲਾ ਤੇ ਅਧਾਰਤ ਜੰਗਜੂ ਖੇਡ ਕੇਵਲ ਗੁਰੂ ਦੀਆਂ ਲਾਡਲੀਆਂ ਫੌਜਾਂ (ਨਿਹੰਗ ਸਿੰਘ ਜਥੇਬੰਦੀਆਂ) ਤੱਕ ਸੀਮਤ ਨਹੀਂ ਰਹੀ ਬਲਕਿ ਗੱਤਕਾ ਹੁਣ ਕੌਮਾਤਰੀ ਪੱਧਰ ਦੀ ਖੇਡ ਬਣ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਸਰੀਰਕ ਵਿਕਾਸ ਦੇ ਨਾਲ-ਨਾਲ ਆਪਣੀ ਆਤਮ ਰੱਖਿਆ ਲਈ ਸਹਾਈ ਸਿਧ ਹੋਣ ਵਾਲੀ ਖੇਡ ਗੱਤਕੇ ਨੂੰ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਖਾਸ ਕਰਕੇ ਲੜਕੀਆਂ ਨੂੰ ਵੱਧ ਤੋਂ ਵੱਧ ਸਿੱਖਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਰੱਖਿਆ ਖੁਦ ਕਰਨ ਲਈ ਅੱਗੇ ਆ ਸਕਣ। ਇਸ ਦੌਰਾਨ ਜਥੇਦਾਰ ਅਵਤਾਰ ਸਿੰਘ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਕਿਹਾ ਕਿ ਸ਼੍ਰੋਮਣੀ ਕਮੇਟੀ ਗੱਤਕਾ ਖੇਡ ਦੀ ਪ੍ਰਫੁਲਤਾ ਲਈ ਆਪਣੇ ਤੌਰ ਤੇ ਵੱਡੇ ਉਪਰਾਲੇ ਕਰ ਰਹੀ ਹੈ ਅਤੇ ਉਕਤ ਖੇਡ ਨੂੰ ਸ਼੍ਰੋਮਣੀ ਕਮੇਟੀ ਦੇ ਸਾਰੇ ਸਕੂਲਾਂ/ਕਾਲਜਾਂ ਵਿੱਚ ਲਾਜਮੀ ਵਿਸ਼ੇ ਵਜੋਂ ਅਪਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਵੱਲੋਂ ਹੋਲਾ ਮਹੱਲੇ ਦੇ ਪਾਵਨ ਮੌਕੇ ਗੱਤਕਾ ਖੇਡ ਦੇ ਮੁਕਾਬਲੇ ਕਰਵਾਉਣਾ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਦੇ ਲਈ ਬਹੁਤ ਹੀ ਲਾਹੇਵੰਦ ਸਿਧ ਹੋਵੇਗਾ। ਇਸ ਤੋਂ ਪਹਿਲਾਂ ਜੈਕਾਰਿਆਂ ਦੀ ਗੂੰਜ ਵਿੱਚ ਅਰੰਭ ਹੋਏ ਵੱਖ-ਵੱਖ ਗੱਤਕਾ ਮੁਕਾਬਲਿਆਂ ਵਿੱਚ ਗੱਤਕਾ ਖਿਡਾਰੀਆਂ ਨੇ ਬੜੀ ਸੂਰਬੀਰਤਾ ਦੇ ਨਾਲ ਸ਼ਸ਼ਤਰ ਵਿੱਦਿਆ ਦੇ ਜੌਹਰ ਦਿਖਾਏ। ਇਸ ਸਮੇਂ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਬਰਮਿੰਘਮ (ਯੂ.ਕੇ.) ਵਾਲਿਆਂ ਦੀਆਂ ਸਿੱਖ ਕੌਮ ਪ੍ਰਤੀ ਕੀਤੀਆਂ ਵਡਮੁੱਲੀਆਂ ਸੇਵਾਵਾਂ ਦੇ ਸਤਿਕਾਰ ਵਜੋਂ ਬਾਬਾ ਬਲਬੀਰ ਸਿੰਘ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ 'ਨਵਾਬ ਕਪੂਰ ਸਿੰਘ ਐਵਾਰਡ' ਨਾਲ ਸਨਮਾਨਿਤ ਕੀਤਾ। ਸਨਮਾਨ ਦੇਣ ਦੀ ਰਸਮ ਬਾਬਾ ਬਲਬੀਰ ਸਿੰਘ, ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਬਾਬਾ ਭਾਗ ਸਿੰਘ ਅਤੇ ਨਿਹੰਗ ਜਥੇਬੰਦੀਆਂ ਦੇ ਮੁਖੀਆਂ ਨੇ ਸਾਂਝੇ ਤੌਰ ਕੀਤੀ।  
ਇਸ ਮੌਕੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਂਦਾਤੀ, ਸ.ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ.ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਬਾਬਾ ਮੱਖਣ ਸਿੰਘ ਬਾਬਾ ਬਕਾਲਾ, ਬਾਬਾ ਨਾਹਰ ਸਿੰਘ, ਬਾਬਾ ਜੰਗ ਸਿੰਘ ਕਰਨਾਲ ਵਾਲੇ, ਭਾਈ ਇੰਦਰਜੀਤ ਸਿੰਘ, ਭਾਈ ਅਮਰਜੀਤ ਸਿੰਘ ਮੁਖ ਗ੍ਰੰਥੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ, ਡਾਕਟਰ ਮਨਮੋਹਨ ਸਿੰਘ ਭਾਗੋਵਾਲੀਆ, ਸ.ਸੁਖਵਿੰਦਰ ਸਿੰਘ ਮੈਨੇਜਰ, ਸ.ਜਗਜੀਤ ਸਿੰਘ ਬਰਾੜ ਆਦਿ ਹਾਜ਼ਰ ਸਨ।

No comments: