Saturday, March 15, 2014

ਕ੍ਰਾਂਤੀ ਲਈ ਸ਼ਹੀਦੀ ਨਹੀਂ ਚੇਤਨਾ ਜਰੂਰੀ ਹੈ : ਪ੍ਰੋ. ਹਰੀਸ਼ ਪੁਰੀ

Sat, Mar 15, 2014 at 1:36 PM
ਗ਼ਦਰ ਲਹਿਰ ਦੇ ਸੌ ਸਾਲ ਬੀਤ ਜਾਣ ਬਾਅਦ ਵੀ ਤੀਸਰੇ ਸੰਸਾਰ ਦੇ ਬੰਦੇ ਦੀ ਹੋਣੀ ਨਹੀਂ ਬਦਲੀ-ਪਾਤਰ 
ਚੰੰਡੀਗੜ੍ਹ : 15 ਮਾਰਚ 2014: (ਪੰਜਾਬ ਸਕਰੀਨ ਬਿਊਰੋ):
ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਡਾ. ਕੇਸਰ ਸਿੰਘ ਕੇਸਰ ਯਾਦਗਾਰੀ ਕਮੇਟੀ ਦੇ ਸਹਿਯੋਗ ਨਾਲ ਨੌਵਾਂ ਡਾ. ਕੇਸਰ ਸਿੰਘ ਕੇਸਰ ਮੈਮੋਰੀਅਲ ਲੈਕਚਰ ਇੰਗਲਿਸ਼ ਆਡੀਟੋਰੀਅਮ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਕਰਵਾਇਆ ਗਿਆ|  ਸੁਆਗਤੀ ਸ਼ਬਦ ਕਹਿੰਦਿਆਂ, ਵਿਭਾਗ ਦੇ ਚੇਅਰਮੈਨ ਪ੍ਰੋ. ਸੁਖਦੇਵ ਸਿੰਘ, ਨੇ ਕਿਹਾ ਕਿ ਪਿਛਲਾ ਵਰ੍ਹਾ ਗ਼ਦਰ ਲਹਿਰ ਦੀ ਸ਼ਤਾਬਦੀ ਦਾ ਵਰ੍ਹਾ ਸੀ| ਗ਼ਦਰ ਲਹਿਰ ਹਿੰਦੂਸਤਾਨ ਦੀ ਕੌਮੀ ਸੁਤੰਤਰਤਾ ਸੰਗਰਾਮ ਦੌਰਾਨ ਉਭਰੀ ਇਨਕਲਾਬੀ ਦਿੱਖ ਵਾਲੀ ਪਹਿਲੀ ਕੌਮਾਂਤਰੀ ਲਹਿਰ ਸੀ ਜਿਸ ਵਿੱਚ ਹਿੰਦੋਸਤਾਨ ਦੇ ਸਭ ਧਰਮਾਂ ਅਤੇ ਵੱਖ-ਵੱਖ ਖਿੱਤਿਆਂ ਦੇ ਕ੍ਰਾਂਤੀਕਾਰੀ ਸ਼ਾਮਲ ਸਨ ਪਰ ਬਹੁ-ਗਿਣਤੀ ਪੰਜਾਬੀਆਂ ਦੀ ਸੀ|  ਮਹਾਨ ਆਦਰਸ਼ਾਂ ਨੂੰ ਪ੍ਰਣਾਏ ਹੋਏ ਗ਼ਦਰੀ ਬਾਬੇ ਆਪਣੀਆਂ ਲਾਮਿਸਾਲ ਕੁਰਬਾਨੀਆਂ ਕਰਕੇ ਅੱਜ ਵੀ ਸਾਡੇ ਲਈ ਚਾਨਣ-ਮੁਨਾਰਾ ਹਨ ਅਤੇ ਉਹ ਸਾਡੀ ਸਾਂਝੀ ਕੌਮੀ ਧਰੋਹਰ ਦੇ ਪ੍ਰਤੀਕ ਹਨ|  ਅੱਜ ਅਸੀਂ ਉੱਘੇ ਮਾਰਕਸਵਾਦੀ ਚਿੰਤਕ ਡਾ. ਕੇਸਰ ਅਤੇ ਗ਼ਦਰ ਲਹਿਰ ਦੋਹਾਂ ਨੂੰ ਯਾਦ ਕਰਨ ਲਈ ਇਕੱਠੇ ਹੋਏ ਹਾਂ|  ਡਾ. ਕੇਸਰ ਨੇ ਆਪਣੀਆਂ ਲਿਖਤਾਂ ਰਾਹੀਂ ਗ਼ਦਰੀ ਬਾਬਿਆਂ ਦੇ ਮਿਸ਼ਨ ਨੂੰ ਹੀ ਅੱਗੇ ਤੋਰਿਆ ਹੈ|  ਇਸੇ ਲਈ ਵਿਭਾਗ ਨੇ ਸੋਚ ਸਮਝ ਕੇ ਇਸ ਵਾਰ ਦੇ ਮੈਮੋਰੀਅਲ ਲੈਕਚਰ ਦਾ ਵਿਸ਼ਾ ਗ਼ਦਰ ਲਹਿਰ: ਇਤਿਹਾਸ, ਵਿਚਾਰਧਾਰਾ ਅਤੇ ਸਰੋਕਾਰ ਰੱਖਿਆ ਹੈ ਕਿਉਂਕਿ ਸਿਮਰਤੀ ਸਮਾਰੋਹਾਂ ਦੀ ਵੀ ਇਕ ਸਿਆਸਤ (Politics of Memory) ਹੁੰਦੀ ਹੈ| 
ਪ੍ਰੋ. ਭੁਪਿੰਦਰ ਸਿੰਘ ਬਰਾੜ, ਸਾਬਕਾ ਡੀ.ਯੂ.ਆਈ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ  ਗ਼ਦਰ ਲਹਿਰ ਦੀ ਵਿਚਾਰਧਾਰਾ ਅਤੇ ਗ਼ਦਰੀਆਂ ਦੀਆਂ ਕੁਰਬਾਨੀਆਂ ਅੱਜ ਵੀ ਪ੍ਰਸੰਗਕ ਹਨ|  ਪਿਛਲੀ ਇਕ ਸਦੀ ਵਿਚ ਗ਼ਦਰ ਲਹਿਰ ਨੂੰ ਸਮਝਣ ਲਈ ਅਨੇਕਾਂ ਯਤਨ ਹੋਏ ਹਨ|  ਗ਼ਦਰ ਲਹਿਰ ਕੇਵਲ ਰਾਸ਼ਟਰਵਾਦੀ ਲਹਿਰ ਨਹੀਂ ਸੀ ਸਗੋਂ ਬਸਤੀਵਾਦ ਦੇ ਖਿਲਾਫ਼ ਨਵੀਂ ਚੇਤਨਾ ਪੈਦਾ ਕਰਨ ਵਾਲਾ ਕ੍ਰਾਂਤੀਕਾਰੀ ਅੰਦੋਲਨ ਸੀ| 
ਮੁੱਖ ਵਕਤਾ ਪ੍ਰੋ. ਹਰੀਸ਼ ਕੁਮਾਰ ਪੁਰੀ ਨੇ ਗ਼ਦਰ ਲਹਿਰ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਸ ਲਹਿਰ ਨੂੰ ਰਾਸ਼ਟਰਵਾਦੀ ਅੰਦੋਲਨ, ਕਿਸੇ ਇਕ ਧਰਮ ਦੇ ਸ਼ਹੀਦਾਂ ਦੀ ਲਹਿਰ ਅਤੇ ਇਕ ਖਾਸ ਵਿਚਾਰਧਾਰਾ ਤੱਕ ਸੀਮਤ ਸੰਗਠਨ ਵਜੋਂ ਨਹੀਂ ਵਿਚਾਰਿਆ ਜਾਣਾ ਚਾਹੀਦਾ|  ਇਸ ਲਹਿਰ ਨੂੰ ਸ਼ਹੀਦਾਂ ਦੀ ਲਹਿਰ ਦੇ ਰੋਮਾਂਸ ਤੋਂ ਵੀ ਮੁਕਤ ਕਰਨ ਦੀ ਲੋੜ ਹੈ|  ਕ੍ਰਾਂਤੀ ਲਈ ਸ਼ਹੀਦੀ ਨਹੀਂ ਵਿਚਾਰਾਂ ਦੀ ਸਪਸ਼ਟਤਾ ਜਰੂਰੀ ਹੈ|  ਗ਼ਦਰੀ ਬਾਬਿਆਂ ਵਿੱਚ ਵੱਡੀ ਗਿਣਤੀ ਪੰਜਾਬ ਦੇ ਸਿੱਖ ਕਿਸਾਨਾਂ ਦੀ ਸੀ ਜੋ ਆਪਣੀ ਆਰਥਿਕ ਹਾਲਤ ਸੁਧਾਰਨ ਲਈ ਬਾਹਰਲੇ ਮੁਲਕਾਂ ਵਿੱਚ ਗਏ ਸਨ ਪਰ ਉਥੇ ਹੁੰਦੇ ਵਿਤਕਰੇ ਅਤੇ ਨਵੇਂ ਮਾਹੌਲ ਵਿਚੋਂ ਮਿਲੀ ਚੇਤਨਾ ਕਰਕੇ ਉਹ ਆਜ਼ਾਦੀ ਦੀ ਲਹਿਰ ਵਿੱਚ ਸ਼ਾਮਲ ਹੋਏ|  ਹੌਲੀ ਹੌਲੀ ਗ਼ਦਰੀ ਬਾਬਿਆਂ ਦਾ ਸੰਪਰਕ ਬਾਹਰਲੇ ਮੁਲਕਾਂ 'ਚ ਬੈਠੇ ਹਿੰਦੋਸਤਾਨ ਦੇ ਹਰ ਤਰ੍ਹਾਂ ਦੇ ਇਨਕਾਬੀਆਂ ਅਤੇ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਦੀਆਂ ਇਨਕਲਾਬੀ ਲਹਿਰਾਂ ਨਾਲ ਹੋਇਆ|  ਉਸ ਵੇਲੇ ਸੰਸਾਰ ਵਿੱਚ ਅਰਾਜਕਤਾਵਾਦੀ ਲਹਿਰਾਂ ਦਾ ਬੋਲਬਾਲਾ ਸੀ|  ਸ਼ਿਆਮ ਜੀ ਕ੍ਰਿਸ਼ਨਾ ਵਰਮਾ, ਮੈਡਮ ਕਾਮਾ, ਤਿਲਕ, ਬੋਸ, ਜਤਿੰਦਰ ਨਾਥ ਲਹਿਰੀ, ਲਾਲਾ ਹਰਦਿਆਲ, ਖ਼ਾਨਖੋਜੇ, ਚੇਨਚਈਆ, ਬੰਗਾਲ ਦੀ ਅਨੁਸ਼ੀਲਨ ਸਮਿਤੀ ਦੇ ਕ੍ਰਾਂਤੀਕਾਰੀ, ਮਿਸਰ, ਤੁਰਕੀ, ਅਰਬ, ਆਇਰਲੈਂਡ, ਫਿਨਲੈਂਡ ਅਤੇ ਅਫ਼ਗਾਨਿਸਤਾਨ ਆਦਿ ਦੇ ਕ੍ਰਾਂਤੀਕਾਰੀਆਂ ਨਾਲ ਗ਼ਦਰੀ ਬਾਬਿਆਂ ਨੇ ਸਿੱਧੇ ਸੰਪਰਕ ਸਥਾਪਤ ਕੀਤੇ|  ਗ਼ਦਰੀ ਬਾਬਿਆਂ ਦੀ ਵਿਚਾਰਧਾਰਾ ਅੱਜ ਵੀ ਪ੍ਰਸੰਗਕ ਹੈ ਕਿਉਂਕਿ ਨਵ-ਬਸਤੀਵਾਦ ਪਹਿਲਾਂ ਨਾਲੋਂ ਵੀ ਵੱਧ ਹਿੰਸਕ ਰੂਪ ਵਿਚ ਦੁਨੀਆਂ ਭਰ ਦੇ ਕਿਰਤੀਆਂ ਦੀ ਲੁੱਟ ਕਰ ਰਿਹਾ ਹੈ| 
ਡਾ. ਬਲਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਪ੍ਰੋ. ਕੇਸਰ ਸਿੰਘ ਕੇਸਰ ਮਾਰਕਸਵਾਦੀ ਸਨ ਪਰ ਉਹ ਕੱਟੜ ਸੋਚ ਦੇ ਮਾਲਕ ਨਹੀਂ ਸਨ|  ਉਹਨਾਂ ਨੇ ਗ਼ਦਰ ਲਹਿਰ ਦੀ ਕਵਿਤਾ ਬਾਰੇ ਚਰਚਾ ਕਰਦਿਆਂ ਗ਼ਦਰੀ ਬਾਬਿਆਂ ਦੀ ਵਿਚਾਰਧਾਰਾ ਦੇ ਨਾਲ ਉਹਨਾਂ ਦੇ ਅਵਚੇਤਨ ਨੂੰ ਸਮਝਣ ਉੱਪਰ ਜ਼ੋਰ ਦਿੱਤਾ|  ਡਾ. ਕੇਸਰ ਨੇ ਗ਼ਦਰ ਲਹਿਰ ਦੀ ਕਵਿਤਾ ਦੇ ਕਈ ਅਨੂਠੇ ਪੱਖਾਂ ਦੀ ਨਿਸ਼ਾਨਦੇਹੀ ਕਰਦਿਆਂ ਇਹ ਸਥਾਪਤ ਕੀਤਾ ਕਿ ਗ਼ਦਰੀ ਕਵੀਆਂ ਨੇ ਲੋਕ ਦੀ ਜ਼ੁਬਾਨ ਦਾ ਮੁੱਦਾ ਵੀ ਉਭਾਰਿਆ ਹੈ|  ਡਾ. ਜਗਜੀਤ ਸਿੰਘ ਨੇ ਕਿਹਾ ਕਿ ਡਾ. ਕੇਸਰ ਨਵੀਂ ਚੇਤਨਾ ਪੈਦਾ ਕਰਨ ਵਾਲੇ ਉੱਘੇ ਮਾਰਕਸੀ ਚਿੰਤਕ ਸਨ ਜਿਨ੍ਹਾਂ ਨੇ ਇਨਕਲਾਬੀ ਸਾਹਿਤ ਦੇ ਨਵੇਂ ਪ੍ਰਤਿਮਾਨ ਸਥਾਪਤ ਕੀਤੇ| 
  ਡਾ. ਸੁਰਜੀਤ ਸਿੰਘ (ਪਟਿਆਲਾ) ਨੇ ਕਿਹਾ ਕਿ ਡਾ. ਕੇਸਰ ਨੇ ਸਾਹਿਤ ਅਧਿਐਨ ਦੇ ਖੇਤਰ ਵਿਚ ਤਿੰਨ ਤਰ੍ਹਾਂ ਦਾ ਰੋਲ ਅਦਾ ਕੀਤਾ|  ਪਹਿਲਾ, ਉਹਨਾਂ ਨੇ ਸਾਹਿਤ ਨੂੰ ਹਮੇਸ਼ਾ ਉਸਾਰੂ ਅਤੇ ਅਗਾਂਹਵਧੂ ਨਜ਼ਰੀਏ ਤੋਂ ਦੇਖਿਆ,  ਦੂਜਾ ਉਹਨਾਂ ਨੇ ਵਿਦਿਅਕ ਖੇਤਰ ਵਿਚ ਸਾਹਿਤ ਦੀ ਸਮਾਜਕ ਜਿੰਮੇਵਾਰੀ ਨੂੰ ਸਮਝਣ ਵਾਲੇ ਅਧਿਆਪਕਾਂ ਨੂੰ ਪ੍ਰੋਤਸਾਹਨ ਦਿੱਤਾ, ਤੀਜਾ, ਉਹਨਾਂ ਨੇ ਉਹਨਾਂ ਵਿਦਿਆਰਥੀਆਂ ਨੂੰ ਵੀ ਸੰਭਾਲਿਆਂ ਜੋ ਨਵੀਂ ਚੇਤਨਾ ਨਾਲ ਸਾਹਿਤ ਦੀ ਸਮਾਜਕ ਜਿੰਮੇਵਾਰੀ ਨੂੰ ਦੇਖਣ ਦਾ ਯਤਨ ਕਰ ਰਹੇ ਸਨ| ਉੱਘੇ ਸ਼ਿਵ ਨਾਥ ਨੇ ਆਪਣੀ ਕਵਿਤਾ ਰਾਹੀਂ ਡਾ. ਕੇਸਰ ਨੂੰ ਯਾਦ ਕੀਤਾ|   ਨਾਮਵਰ ਕਥਾਕਾਰ ਮੋਹਨ ਭੰਡਾਰੀ ਨੇ ਡਾ. ਕੇਸਰ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ|    
ਡਾ. ਜਸਬੀਰ ਕੇਸਰ ਨੇ ਕਿਹਾ ਕਿ ਡਾ. ਕੇਸਰ ਦੀਆਂ ਲਿਖਤਾਂ ਸਾਨੂੰ ਉਹਨਾਂ ਦੀ ਹਾਜ਼ਰੀ ਦਾ ਅਹਿਸਾਸ ਕਰਾਉਂਦੀਆਂ ਹਨ|  ਭਾਵੇਂ ਡਾ. ਕੇਸਰ ਸਾਡੇ ਵਿਚਕਾਰ ਨਹੀਂ ਰਹੇ ਪਰ ਉਹਨਾਂ ਦਾ ਤਿਆਰ ਕੀਤਾ ਕਾਰਵਾਂ ਉਹਨਾਂ ਦੇ ਵਿਚਾਰਾਂ ਤੇ ਆਦਰਸ਼ਾਂ ਨੂੰ ਬਾਖ਼ੂਬੀ ਅੱਗੇ ਤੋਰ ਰਿਹਾ ਹੈ|  ਡਾ. ਕੇਸਰ ਸਿੰਘ ਕੇਸਰ ਯਾਦਗਾਰੀ ਕਮੇਟੀ ਵੱਲੋਂ ਇਸ ਵਰ੍ਹੇ ਵਿਭਾਗ ਵਿਚੋਂ ਫ਼ਸਟ ਆਉਣ ਵਾਲੇ ਵਿਦਿਆਰਥੀਆਂ ਹਰਮਨਦੀਪ ਕੌਰ, ਸੁਖਜਿੰਦਰ ਕੌਰ, ਵਨੀਤਾ ਸ਼ਰਮਾ ਨੂੰ ਮੈਰਿਟ ਸਰਟੀਫਿਕੇਟ ਅਤੇ 5100 ਰੁਪਏ ਦੀ ਰਾਸ਼ੀ ਦਿੱਤੀ ਗਈ|  ਸੂਫ਼ੀ ਗਾਇਕ ਨੀਲੇ ਖਾਂ ਅਤੇ ਸਾਥੀਆਂ ਨੇ ਸੂਫ਼ੀ ਕਲਾਮ ਅਤੇ ਸੁਰਜੀਤ ਪਾਤਰ ਦੀਆਂ ਗ਼ਜ਼ਲਾਂ ਦਾ ਗਾਇਨ ਕਰਕੇ ਰੰਗ ਬੰਨ੍ਹਿਆ|  ਪ੍ਰੋ. ਕਮਲਪ੍ਰੀਤ ਕੌਰ ਸਿੱਧੂ ਦਾ ਕਾਵਿ-ਸੰਗ੍ਰਹਿ 'ਹਰਫ਼ ਚੰਦੋਆ' ਪ੍ਰੋ. ਸੁਰਜੀਤ ਪਾਤਰ, ਪ੍ਰੋ. ਹਰੀਸ਼ ਪੁਰੀ, ਪ੍ਰੋ. ਭੁਪਿੰਦਰ ਬਰਾੜ, ਨ੍ਰਿਪਿੰਦਰ ਸਿੰਘ ਰਤਨ, ਡਾ. ਜਸਬੀਰ ਕੇਸਰ ਅਤੇ ਪ੍ਰੋ. ਸੁਖਦੇਵ ਸਿੰਘ ਨੇ ਲੋਕ-ਅਰਪਣ ਕੀਤਾ|  ਪ੍ਰੋ. ਸੁਰਜੀਤ ਪਾਤਰ ਨੇ ਕਿਹਾ ਕਿ ਕਮਲਪ੍ਰੀਤ ਸਿੱਧੂ ਅਸੀਮ ਸੰਭਾਵਨਾਵਾਂ ਵਾਲੀ ਕਵਿੱਤਰੀ ਹੈ ਜਿਸ ਨੇ ਔਰਤ ਦੇ ਦਰਦ ਨੂੰ ਨਵੀਂ ਕਾਵਿ ਭਾਸ਼ਾ ਵਿੱਚ ਬਿਆਨ ਕੀਤਾ ਹੈ|  
ਪ੍ਰੋ. ਸੁਰਜੀਤ ਪਾਤਰ (ਪਦਮਸ਼੍ਰੀ) ਨੇ ਕਿਹਾ ਕਿ ਗ਼ਦਰ ਲਹਿਰ ਦੇ ਸੌ ਸਾਲ ਬੀਤ ਜਾਣ ਬਾਅਦ ਵੀ ਤੀਸਰੇ ਸੰਸਾਰ ਦੇ ਬੰਦੇ ਦੀ ਹੋਣੀ ਨਹੀਂ ਬਦਲੀ|  ਸਭ ਸੰਵੇਦਨਸ਼ੀਲ ਅਤੇ ਸਿਰਜਣਾਤਮਕ ਸੋਚ ਵਾਲੇ ਬੰਦਿਆਂ ਲਈ ਇਹ ਵੱਡੇ ਫ਼ਿਕਰ ਦੀ ਗੱਲ ਹੈ|  ਉਨ੍ਹਾਂ ਨੇ ਕਿਹਾ ਕਿ ਸਾਹਿਤ ਅਤੇ ਸੰਗੀਤ ਸਮਾਜਕ ਬਦਲਾਵ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ, ਇਹਨਾਂ ਨੂੰ ਸਮੇਂ ਦੇ ਹਾਣ ਦਾ ਬਣਨਾ ਚਾਹੀਦਾ ਹੈ|  ਡਾ. ਪਾਤਰ ਨੇ ਪ੍ਰੋ. ਹਰੀਸ਼ ਪੁਰੀ ਦੇ ਭਾਸ਼ਣ ਦੇ ਹਵਾਲੇ ਨਾਲ ਕਿਹਾ ਕਿ ਸਾਨੂੰ ਸਭ ਨੂੰ ਅਹਿਦ ਕਰਨਾ ਚਾਹੀਦਾ ਹੈ ਅਸੀਂ ਗ਼ਦਰ ਲਹਿਰ ਦੀ ਵਿਚਾਰਧਾਰਾ ਅਤੇ ਸਰੋਕਾਰਾਂ ਨੂੰ ਸਮਰਪਣ ਹੋਈਏ| ਉਹਨਾਂ ਨੇ ਆਪਣੀਆਂ ਨਜ਼ਮਾਂ ਅਤੇ ਗ਼ਜ਼ਲਾਂ ਨਾਲ ਮਾਹੌਲ ਨੂੰ ਤਾਜ਼ਗੀ ਅਤੇ ਅਤੇ ਪੁਰਖਲੂਸ ਕੈਫ਼ੀਅਤ ਬਖ਼ਸ਼ੀ|  ਉਹਨਾਂ ਨੇ ਵਿਭਾਗ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਥੋਂ ਦੇ ਵਿਦਿਆਰਥੀ ਸਾਹਿਤ ਅਤੇ ਸੰਗੀਤ ਦੀ ਰੂਹ ਨੂੰ ਸਮਝਣ ਵਾਲੇ ਹਨ|  ਮੰਚ ਸੰਚਾਲਨ ਦੀ ਜਿੰਮੇਵਾਰੀ ਪ੍ਰੋ. ਯੋਗਰਾਜ ਤੇ  ਪ੍ਰੋ. ਉਮਾ ਸੇਠੀ ਨੇ ਨਿਭਾਈ|  ਭਰਮੀ ਹਾਜ਼ਰੀ ਵਾਲੇ ਇਸ ਸਮਾਗਮ ਵਿਚ ਮੋਹਨ ਭੰਡਾਰੀ, ਨ੍ਰਿਪਿੰਦਰ ਸਿੰਘ ਰਤਨ, ਜਸਬੀਰ ਭੁੱਲਰ, ਸ੍ਰੀਰਾਮ ਅਰਸ਼, ਗੋਬਿੰਦ ਠੁਕਰਾਲ, ਸ਼ਿਵ ਨਾਥ, ਆਤਮਾ ਰਾਮ, ਰਮਨਜੀਤ ਜੌਹਲ, ਗੁਰਪ੍ਰੀਤ ਕੌਰ (ਫੈਲੋ) ਸਤਪਾਲ ਸਹਿਗਲ, ਸਰੂਪ ਸਿਆਲਵੀ, ਕਾਨ੍ਹਾ ਸਿੰਘ, ਸ਼ਰਨਜੀਤ ਕੌਰ, ਡਾ. ਅਜਮੇਰ ਸਿੰਘ, ਮਨਮੋਹਨ ਸਿੰਘ ਦਾਊਂ, ਦਲਜੀਤ ਕੌਰ ਦਾਊਂ, ਅਮਰਜੀਤ ਘੁੰਮਣ, ਗੁਰਨਾਮ ਕੰਵਰ, ਅਵਤਾਰ ਸਿੰਘ ਪਾਲ, ਮਿਸਿਜ ਪਾਲ, ਊਸ਼ਾ ਕੰਵਰ, ਬਲਵੰਤ ਸਿੰਘ ਸੰਧੂ, ਗੁਰਮੇਲ ਸਿੰਘ, ਗੁਰਚਰਨ ਸਿੰਘ ਛੀਨਾ, ਮਲਾਗਰ ਸਿੰਘ, ਡਾ. ਕਰਨੈਲ ਸਿੰਘ, ਡਾ. ਅਕਵਿੰਦਰ ਕੌਰ, ਤਰਲੋਚਨ ਸਿੰਘ, ਪ੍ਰੋ. ਮਨਦੀਪ ਕੁਮਾਰ, ਸੁਖਮੀਨ ਕੌਰ, ਦਵਿੰਦਰ ਕੌਰ ਆਦਿ ਸਾਹਿਤਕ ਸਖ਼ਸ਼ੀਅਤਾਂ ਹਾਜ਼ਰ ਸਨ| 
(ਸੁਖਦੇਵ ਸਿੰਘ)
ਚੇਅਰਪਰਸਨ

No comments: